Silver Medal for Indian women in Tokyo Olympics

ਭਾਰਤ ਦੀ ਸ਼ੇਖੋਮ ਮੀਰਾ ਬਾਈ ਚਾਨੂੰ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

ਲੁਧਿਆਣਾ, 23 ਜੁਲਾਈ 2021: ਔਰਤਾਂ ਦੇ 49 ਕਿਲੋਗ੍ਰਾਮ ਭਾਰ ਸ਼੍ਰੇਣੀ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਦੀ ਸ਼ੇਖੋਮ ਮੀਰਾ ਬਾਈ ਚਾਨੂੰ (Chanu Saikhom MiraBai) ਨੇ ਟੋਕੀਓ ਉਲੰਪਿਕ ਖੇਡਾਂ 2021 (Tokyo Olympics 2021) ਦੇ ਪਹਿਲੇ ਦਿਨ ਹੀ ਚਾਂਦੀ ਦਾ ਤਮਗ਼ਾ (Silver Medal) ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ 2000 ਦੀਆਂ ਸਿਡਨੀ ਉਲੰਪਿਕ ਖੇਡਾਂ ਵਿਚ ਭਾਰਤ ਦੀ ਕਰਨਮ ਮਲੇਸ਼ਵਰੀ (karnam malleswari) ਕਾਂਸੀ ਤਮਗ਼ਾ ਜਿੱਤ ਚੁੱਕੀ ਹੈ, ਪਰ ਕਿਸੇ ਉਲੰਪਿਕ ਵਿਚ ਪਹਿਲੇ ਹੀ ਦਿਨ ਕਿਸੇ ਭਾਰਤੀ ਐਥਲੀਟ ਵੱਲੋਂ ਚਾਂਦੀ ਤਮਗ਼ਾ (ਜਾਂ ਕੋਈ ਵੀ ਤਮਗ਼ਾ) ਜਿੱਤਣ ਦਾ ਇਹ ਪਹਿਲਾ ਮੌਕਾ ਹੈ।

2016 ਵਿਚ ਰੀਓ ਉਲੰਪਿਕ ਸਮੇਂ ਉਹ ਸਨੈਚ ਵਿਚ ਛੇਵੇਂ ਸਥਾਨ ’ਤੇ ਪਹੁੰਚ ਕੇ ਜਰਕ ਦੀਆਂ ਤਿੰਨੋਂ ਕੋਸ਼ਿਸਾਂ ਵਿਚ ਅਸਫਲ ਰਹਿਣ ਕਾਰਨ ਮੁਕਾਬਲੇ ਵਿਚੋਂ ਬਾਹਰ ਹੋ ਗਈ ਸੀ। ਪਰ ਇਸ ਅਸਫ਼ਲਤਾ ਤੋਂ ਨਿਰਾਸ਼ ਨਾ ਹੋ ਕੇ ਹੋਰ ਦ੍ਰਿੜ੍ਹਤਾ ਤੇ ਹੌਸਲੇ ਨਾਲ਼ ਮਿਹਨਤ ਕਰਦਿਆਂ ਮੀਰਾਬਾਈ ਚਾਨੂੰ ਨੇ ਅਗਲੇ ਹੀ ਸਾਲ 2017 ਦੀ ਵਿਸ਼ਵ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਨਵਾਂ ਰਿਕਾਰਡ ਬਣਾਉਂਦਿਆਂ ਸੋਨ ਤਮਗ਼ਾ ਜਿੱਤ ਲਿਆ। ਇਸ ਤੋਂ ਅਗਲੇ ਸਾਲ ਆਸਟ੍ਰੇਲੀਆ (Australia) ਦੇ ਖੂਬਸੂਰਤ ਸ਼ਹਿਰ ਗੋਲਡ ਕੋਸਟ (Gold Coast) ਵਿਖੇ ਹੋਈਆਂ 2018 ਰਾਸ਼ਟਰਮੰਡਲ ਖੇਡਾਂ ਵਿਚ ਚਾਨੂੰ ਨੇ ਮੁੜ ਸੋਨ ਤਮਗ਼ਾ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਉਸ ਨੂੰ ਪਦਮਸ੍ਰੀ (Padam Shri) ਤੋਂ ਇਲਾਵਾ ਦੇਸ਼ ਦੇ ਸਭ ਵੱਡੇ ਖੇਡ ਐਵਾਰਡ ਰਾਜੀਵ ਗਾਂਧੀ ਖੇਡ ਰਤਨ ਐਵਾਰਡ (Rajiv Gandhi Khel Rattan Award) ਨਾਲ਼ ਸਨਮਾਨਿਤ ਕੀਤਾ।

ਚਾਨੂੰ ਦੀ ਇਸ ਇਤਿਹਾਸਕ ਪ੍ਰਾਪਤੀ ’ਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਹੋਰ ਪ੍ਰਮੁੱਖ ਹਸਤੀਆਂ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਹਨ।

ਇਸ ਮੁਕਾਬਲੇ ਵਿਚ ਚੀਨ ਦੀ HOU Zhihui ਨੇ 210 ਕਿਲੋਗ੍ਰਾਮ (94+116) ਵਜ਼ਨ ਚੁੱਕ ਕੇ ਸੋਨੇ ਦਾ ਤਮਗ਼ਾ ਹਾਸਲ ਕਰਨ ਦੇ ਨਾਲ਼ ਹੀ ਨਵਾਂ ਓਲੰਪਿਕ ਰਿਕਾਰਡ ਵੀ ਸਥਾਪਿਤ ਕਰ ਦਿੱਤਾ ਹੈ।

USA Women Water Polo ਟੀਮ ਦਾ ਵਿਲੱਖਣ ਉਲੰਪਿਕ ਰਿਕਾਰਡ:

ਸੰਯੁਕਤ ਰਾਜ ਅਮਰੀਕਾ ਦੀ ਔਰਤਾਂ ਦੀ ਵਾਟਰ ਪੋਲੋ ਟੀਮ (USA Women Water Polo Team) ਨੇ ਵੀ ਬਾਸਕਿਟਬਾਲ ਜਾਂ ਫੁਟਬਾਲ ਟੀਮਾਂ ਵਾਂਗ ਹੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਵਿਖਾਉਂਦਿਆਂ ਵਿਲੱਖਣ ਉਲੰਪਿਕ ਰਿਕਾਰਡ ਕਾਇਮ ਕਰ ਦਿੱਤਾ ਹੈ। ਹਾਲਾਂਕਿ ਇਹ ਰਿਕਾਰਡ ਕੋਈ ਤਮਗ਼ਾ ਜਿੱਤਣ ਵਿਚ ਨਹੀਂ ਬਣਿਆ ਬਲਕਿ ਵਾਟਰ ਪੋਲੋ ਦੇ ਮੁੱਢਲੇ ਗੇੜ ਦੇ ਮੈਚਾਂ ਵਿਚ ਹੀ ਅਮਰੀਕਾ ਦੀਆਂ ਲੜਕੀਆਂ ਨੇ ਮੇਜ਼ਬਾਨ ਜਾਪਾਨ ਨੂੰ 25-04 ਦੇ ਵੱਡੇ ਫਰਕ ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਥਾਪਿਤ ਕੀਤਾ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਇਹ ਵਾਟਰ ਪੋਲੋ ਵਿਚ ਜਿੱਤ-ਹਾਰ ਦਾ ਸਭ ਤੋਂ ਵੱਡਾ ਫਰਕ ਹੈ।

ਸਾਡੇ ਫੇਸਬੁੱਕ ਪੰਨੇ ‘ਤੇ ਜਾਣ ਲਈ ਇਸ ਲਿੰਕ ਨੂੰ ਦੱਬੋ

Tokyo Olympics 2021-Indian women ਦੀ ਜੇਤੂ ਸ਼ੁਰੂਆਤ:

ਟੇਬਲ ਟੈਨਿਸ (Table Tenis) ਅਤੇ ਤੀਰ ਅੰਦਾਜੀ (Archery) ਵਿਚ ਵੀ ਭਾਰਤੀ ਲੜਕੀਆਂ ਵੱਲੋਂ ਮੁੱਢਲੇ ਗੇੜ ਦੇ ਮੈਚ ਜਿੱਤ ਕੇ ਜੇਤੂ ਸ਼ੁਰੂਆਤ ਕੀਤੀ ਗਈ ਹੈ। ਟੇਬਲ ਟੈਨਿਸ ਵਿਚ ਭਾਰਤੀ ਲੜਕੀਆਂ ਨੇ ਜੇਤੂ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਵਿਚੋਂ ਮਨਿਕਾ ਬੱਤਰਾ ਨੇ ਇੰਗਲੈਂਡ ਦੀ ਹੋ ਤਿਨ ਤਿਨ ਨੂੰ ਇਕਪਾਸੜ ਮੁਕਾਬਲੇ ਵਿਚ 4-0 ਨਾਲ਼, ਜਦਕਿ ਐਸ ਮੁਖਰਜੀ ਨੇ ਸਵੀਡਨ ਦੀ ਖਿਡਾਰਨ ਨੂੰ ਫਸਵੇਂ ਮੁਕਾਬਲੇ ਵਿਚ 4-3 ਦੇ ਫਰਕ ਨਾਲ਼ ਆਪੋ ਆਪਣੇ ਪਹਿਲੇ ਮੈਚ ਜਿੱਤ ਲਏ। ਇਸ ਤੋਂ ਇਲਾਵਾ ਭਾਰਤੀ ਤੀਰ ਅੰਦਾਜਾਂ ਵਿਚੋਂ ਦੀਪਿਕਾ ਕੁਮਾਰੀ ਅਤੇ ਯਾਦਵ ਪ੍ਰਵੀਨ ਦੀ ਰਲ਼ਵੀਂ ਟੀਮ ਨੇ ਚੀਨੀ ਤਾਈਪੇ ਦੀ ਟੀਮ ਨੁੰ 5-3 ਅੰਕਾਂ ਦੇ ਫਰਕ ਨਾਲ਼ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ।

1 Comment

Leave a Reply

Your email address will not be published.


*