Punjab Assembly Elections-2022: ਸੁਖਬੀਰ ਵੱਲੋਂ ਦਲ-ਬਦਲੂਆਂ ਨੂੰ ਗੱਫੇ, ਕੁੱਝ ਨਵੇਂ ਚਿਹਰੇ ਵੀ ਸ਼ਾਮਿਲ

ਸ਼੍ਰੋਮਣੀ ਅਕਾਲੀ ਦਲ ਵੱਲੋਂ 64 ਉਮੀਦਵਾਰਾਂ ਦਾ ਐਲਾਨ

ਪਰਮੇਸ਼ਰ ਸਿੰਘ ਬੇਰਕਲਾਂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections-2022) ਵਿਚ ਭਾਵੇਂ ਹਾਲੇ ਪੰਜ ਮਹੀਨੇ ਦਾ ਸਮਾਂ ਬਾਕੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ (SAD) ਨੇ ਪੁਰਾਣੀ ਰਵਾਇਤ ਤੋੜਦਿਆਂ ਆਪਣੇ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਕੇ ਸੱਤਾਧਾਰੀ ਕਾਂਗਰਸ (Congress) ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (Aam Admi Party) ਸਮੇਤ ਦੂਜੀਆਂ ਰਾਜਸੀ ਧਿਰਾਂ ਲਈ ਚੁਣੌਤੀ ਪੇਸ਼ ਕਰ ਦਿੱਤੀ ਹੈ। ਹਾਲਾਂਕਿ ਇਨ੍ਹਾਂ ਵਿਚੋਂ ਅੱਧੇ ਉਮੀਦਵਾਰਾਂ ਦਾ ਐਲਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਪਿਛਲੇ ਇਕ ਮਹੀਨੇ ਦੌਰਾਨ ਕਰਵਾਈਆਂ ਰੈਲੀਆਂ ਵਿਚ ਪਹਿਲਾਂ ਹੀ ਕਰ ਚੁੱਕੇ ਹਨ। ਚੰਡੀਗੜ੍ਹ ਪਾਰਟੀ ਦਫ਼ਤਰ ਤੋਂ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਚੀਮਾ (Dr. Daljit Singh Cheema) ਵੱਲੋਂ ਜਾਰੀ ਕੀਤੀ ਗਈ ਤਾਜਾ ਸੂਚੀ ਵਿਚ ਖੁਦ ਡਾ: ਚੀਮਾ ਤੋਂ ਇਲਾਵਾ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ (Mahesh Inder Singh Grewal), ਸੁਰਜੀਤ ਸਿੰਘ ਰੱਖੜਾ, ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ (Adesh Partap Singh Kairon) ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ (Chandumajra) ਦੇ ਬੇਟੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਨਾਂਅ ਵੀ ਸ਼ਾਮਿਲ ਹੈ।

Punjab Assembly Elections-2022 ਲਈ ਸੁਖਬੀਰ ਵੱਲੋਂ ਦਲ-ਬਦਲੂਆਂ ਨੂੰ ਗੱਫੇ:

ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 (Punjab Assembly Elections-2022) ਲਈ ਆਪਣੇ ਜਿਹੜੇ 64 ਉਮੀਦਵਾਰਾਂ ਦਾ ਐਲਾਨ ਹੁਣ ਤੱਕ ਕੀਤਾ ਗਿਆ ਹੈ, ਉਨ੍ਹਾਂ ਵਿਚ ਅੱਧੀ ਦਰਜ਼ਨ ਦਲ-ਬਦਲੂ ਆਗੂ ਵੀ ਸ਼ਾਮਿਲ ਹਨ। ਇਨ੍ਹਾਂ ਵਿਚ ਸਭ ਤੋਂ ਚਰਚਿਤ ਨਾਂਅ ਤਿੰਨ ਸਾਲ ਪਹਿਲਾਂ ਤੱਕ ਬਾਦਲ ਪਰਿਵਾਰ (Badal Family) ਦੇ ਕੱਟੜ ਵਿਰੋਧੀ ਰਹੇ ਤੇ ਹੁਣ ਕਾਂਗਰਸ ਛੱਡ ਕੇ ਅਕਾਲੀ ਬਣ ਚੁੱਕੇ ਜਗਮੀਤ ਸਿੰਘ ਬਰਾੜ (Jagmeet Singh Brar) ਦਾ ਹੈ। ਸਿਕੰਦਰ ਸਿੰਘ ਮਲੂਕਾ (Sikandar Singh Maluka) ਦੇ ਵਿਰੋਧ ਨੂੰ ਅਣਦੇਖਾ ਕਰਕੇ ਸੁਖਬੀਰ ਨੇ ਮੌੜ ਹਲਕੇ ਤੋਂ ਬਰਾੜ ਨੂੰ ਟਿਕਟ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾੜ ਨੂੰ ਟਿਕਟ ਦੇਣ ਲਈ ਜ਼ੋਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਾਇਆ ਹੈ। ਕਾਂਗਰਸ ਛੱਡ ਕੇ ਕੁੱਝ ਮਹੀਨੇ ਪਹਿਲਾਂ ਹੀ ਅਕਾਲੀ ਬਣੇ ਹੰਸ ਰਾਜ ਜੋਸਨ ਨੂੰ ਫਾਜ਼ਿਲਕਾ ਤੋਂ, ਜਦਕਿ ਪਰਮਜੀਤ ਸਿੰਘ ਢਿੱਲੋਂ ਨੂੰ ਸਮਰਾਲੇ ਤੋਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਦੱਸਣਯੋਗ ਹੈ ਕਿ ਢਿੱਲੋਂ ਸਮਰਾਲ਼ਾ ਤੋਂ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਸਕਾ ਭਤੀਜਾ ਹੈ ਅਤੇ ਪਿਛਲੇ ਸਮੇਂ ਦੌਰਾਨ ਇਸ ਟੱਬਰ ਉਤੇ ਖਾਦ ਘਪਲ਼ੇ ਦੇ ਦੋਸ਼ ਵੀ ਲੱਗੇ ਸਨ। ਇਸੇ ਤਰਾਂ ਭਾਜਪਾ ਛੱਡ ਕੇ ਅਕਾਲੀ ਬਣੇ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਉਤਰੀ (Amritsar North), ਜੋਸ਼ੀ ਦੇ ਹੀ ਇਕ ਹੋਰ ਸਾਥੀ ਭਾਜਪਾ ਆਗੂ ਰਹੇ ਰਾਜ ਕੁਮਾਰ ਗੁਪਤਾ ਨੂੰ ਸੁਜਾਨਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਅਕਾਲੀ ਦਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਏਨੀ ਵੱਡੀ ਗਿਣਤੀ ਵਿਚ ਦਲ-ਬਦਲੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਨਾਲ਼ ਇਕ ਵਾਰ ਮੁੜ ਪੁਰਾਣੇ ਅਕਾਲੀਆਂ ਵੱਲੋਂ ਸੁਖਬੀਰ-ਮਜੀਠੀਆ ਜੋੜੀ ‘ਤੇ ਕਈ ਕਈ ਪੀੜ੍ਹੀਆਂ ਤੋਂ ਅਕਾਲੀ ਦਲ ਨਾਲ਼ ਜੁੜੇ ਸਮਰਪਿਤ ਆਗੂਆਂ/ਵਰਕਰਾਂ ਨੂੰ ਅਣਦੇਖਾ ਕਰਕੇ ਸਰਮਾਏਦਾਰਾਂ, ਮਾਫ਼ੀਆ ਅਤੇ ਮੌਕਾਪ੍ਰਸਤ ਦਲ-ਬਦਲੂਆਂ ਨੂੰ ਸਰਪ੍ਰਸਤੀ ਦੇਣ ਦੇ ਲਾਏ ਜਾਂਦੇ ਦੋਸ਼ ਸੱਚ ਸਾਬਤ ਹੋ ਰਹੇ ਹਨ। ਇਨ੍ਹਾਂ ਦਲ-ਬਦਲੂਆਂ ਦੇ ਮਾਣ ਸਤਿਕਾਰ ਨੂੰ ਵੇਖਦਿਆਂ ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਆਉਂਦੇ ਸਮੇਂ ਦੌਰਾਨ ਕੁੱਝ ਹੋਰ ਕਾਂਗਰਸ ਜਾਂ ‘ਆਪ’ ਆਗੂਆਂ ਨੂੰ ਵੀ ‘ਅਕਾਲੀ ਬਣਾ ਕੇ’ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ।

ਕਈ ਨਵੇਂ ਚਿਹਰੇ ਵੀ Punjab Assembly Elections-2022 ਦੇ ਚੋਣ ਮੈਦਾਨ ‘ਚ:

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 (Punjab Assembly Elections-2022) ਲਈ ਆਪਣੇ ਜਿਹੜੇ 64 ਉਮੀਦਵਾਰਾਂ ਦਾ ਐਲਾਨ ਹੁਣ ਤੱਕ ਕੀਤਾ ਗਿਆ ਹੈ, ਉਨ੍ਹਾਂ ਵਿਚ ਇਕ ਦਰਜ਼ਨ ਨਵੇਂ ਚਿਹਰੇ ਵੀ ਸ਼ਾਮਿਲ ਹਨ। ਇਨ੍ਹਾਂ ਨਵੇਂ ਚਿਹਰਿਆਂ ਵਿਚ ਸਭ ਤੋਂ ਚਰਚਿਤ ਨਾਂਅ ਲੁਧਿਆਣਾ ਕੇਂਦਰੀ ਹਲਕੇ ਤੋਂ ਪ੍ਰਿਤਪਾਲ ਸਿੰਘ ‘ਪਾਲੀ ਪ੍ਰਧਾਨ’ ਦਾ ਹੈ। ਗੁਰਦੁਆਰਾ ਦੂਖ ਨਿਵਾਰਨ (Gurdwara Dukh Niwaran) ਲੁਧਿਆਣੇ ਦੇ ਮੁੱਖ ਪ੍ਰਬੰਧਕ ‘ਪਾਲੀ ਪ੍ਰਧਾਨ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਧਰਮ ਪ੍ਰਚਾਰ ਕਮੇਟੀ ਦੇ ਮਾਲਵਾ ਜ਼ੋਨ ਦੇ ਇੰਚਾਰਜ ਹਨ। ਜਥੇਦਾਰ ਸੁਰਜਨ ਸਿੰਘ ਠੇਕੇਦਾਰ ਤੋਂ ਬਾਅਦ ਲੁਧਿਆਣੇ ਦੀ ਅਕਾਲੀ ਸਿਆਸਤ ਵਿਚ ਚੰਗਾ ਅਸਰ ਰਸੂਖ ਰੱਖਣ ਵਾਲ਼ੇ ‘ਪਾਲੀ ਪ੍ਰਧਾਨ’ ਅਕਾਲੀ ਦਲ ਦੇ ਸਾਰੇ ਧੜਿਆਂ ਦੇ ਸਰਬਪ੍ਰਵਾਨਿਤ ਆਗੂ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਜਿਹੜੇ ਹੋਰ ਨਵੇਂ ਚਿਹਰੇ ਮੈਦਾਨ ਵਿਚ ਉਤਾਰੇ ਗਏ ਹਨ ਉਨ੍ਹਾਂ ਵਿਚ ਮਾਨਸਾ ਤੋਂ ਪ੍ਰੇਮ ਕੁਮਾਰ ਅਰੋੜਾ, ਦਿੜਬਾ ਤੋਂ ਗੁਲਜ਼ਾਰ ਸਿੰਘ ਗੁਲਜ਼ਾਰੀ, ਭਦੌੜ ਤੋਂ ਸਤਨਾਮ ਸਿੰਘ ਰਾਹੀ, ਜਲੰਧਰ ਕੇਂਦਰੀ ਤੋਂ ਚੰਦਨ ਗਰੇਵਾਲ, ਮੁਕੇਰੀਆਂ ਤੋਂ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਸਾਬੀ, ਖਰੜ ਤੋਂ ਰਣਜੀਤ ਸਿੰਘ ਗਿੱਲ, ਅੰਮ੍ਰਿਤਸਰ ਸਾਊਥ ਤਲਬੀਰ ਸਿੰਘ ਗਿੱਲ, ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ ਸ਼ਾਮਿਲ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ 33 ਹਲਕਿਆਂ ਵਿਚ ਹਾਲੇ ਐਲਾਨ ਹੋਣਾ ਬਾਕੀ ਹੈ, ਓਥੇ ਵੀ ਕੁੱਝ ਨਵੇਂ ਚਿਹਰੇ ਮੈਦਾਨ ਵਿਚ ਉਤਾਰੇ ਜਾ ਸਕਦੇ ਹਨ।

ਅਕਾਲੀ ਦਲ ਵੱਲੋਂ Punjab Assembly Elections-2022 ਲਈ 10 ਹਿੰਦੂ ਉਮੀਦਵਾਰ:

ਪੰਜਾਬ ਵਿਧਾਨ ਸਭਾ ਚੋਣਾਂ-2022 (Punjab Assembly Elections-2022) ਲਈ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਹੁਣ ਤੱਕ ਆਪਣੇ ਜਿਹੜੇ 64 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿਚ 10 ਹਿੰਦੂ ਆਗੂ ਵੀ ਸ਼ਾਮਿਲ ਹਨ। ਇਨ੍ਹਾਂ ਵਿਚ ਅਨਿਲ ਜੋਸ਼ੀ, ਰਾਜ ਕੁਮਾਰ ਗੁਪਤਾ, ਹੰਸ ਰਾਜ ਜੋਸਨ, ਸਰੂਪ ਚੰਦ ਸਿੰਗਲਾ, ਐਨ. ਕੇ. ਸ਼ਰਮਾ, ਪ੍ਰੇਮ ਕੁਮਾਰ ਅਰੋੜਾ, ਹਰੀਸ਼ ਰਾਏ ਢਾਂਡਾ ਆਦਿ ਦੇ ਨਾਂਅ ਸ਼ਾਮਿਲ ਹਨ। ਹਾਲਾਂਕਿ ਸ਼ਰਮਾ ਅਤੇ ਢਾਂਡਾ ਪਹਿਲਾਂ ਵੀ ਅਕਾਲੀ ਸਰਕਾਰ ਵਿਚ ਵਿਧਾਇਕ ਰਹਿ ਚੁੱਕੇ ਹਨ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਦਲੇ ਹੋਏ ਸਰੂਪ ਦਾ ਅਸਰ ਮੰਨਿਆ ਜਾਵੇ ਜਾਂ ਸ਼ਹਿਰੀ/ਵਪਾਰੀ ਲੋਕਾਂ ਦੀ ਪਾਰਟੀ ਭਾਜਪਾ ਨਾਲ਼ੋਂ ਤੋੜ ਵਿਛੋੜੇ ਕਾਰਨ ਹਿੰਦੂ ਵੋਟਰਾਂ ਵਿਚ ਸੰਨ੍ਹ ਲਾਉਣ ਦੀ ਕਵਾਇਦ।

ਕੇਵਲ ਇਕ ਔਰਤ ਨੂੰ Punjab Assembly Elections-2022 ਲਈ ਟਿਕਟ:

ਪੰਜਾਬ ਵਿਧਾਨ ਸਭਾ ਚੋਣਾਂ-2022 ( Punjab Assembly Elections-2022) ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ ਆਪਣੇ ਜਿਹੜੇ 64 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਵਿਚ ਕੇਵਲ ਇਕ ਔਰਤ ਵਰਿੰਦਰ ਕੌਰ ਲੂੰਬਾ (Varinder Kaur Looma) ਸ਼ਾਮਿਲ ਹੈ। ਬੀਬੀ ਲੂੰਬਾ ਸ਼ਤਰਾਣਾ (Shutrana) ਹਲਕੇ ਤੋਂ ਮੌਜੂਦਾ ਵਿਧਾਇਕ ਹੈ ਤੇ ਉਸ ਨੂੰ ਮੁੜ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਿਛਲੇ 25-30 ਸਾਲਾਂ ਦੌਰਾਨ ਅਕਾਲੀ ਦਲ ਵੱਲੋਂ 4-5 ਔਰਤਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਵਿਚੋਂ ਕਪੂਰਥਲਾ ਤੋਂ ਬੀਬੀ ਉਪਿੰਦਰਜੀਤ ਕੌਰ (Upinderjit Kaur), ਭੁਲੱਥ ਤੋਂ ਬੀਬੀ ਜਗੀਰ ਕੌਰ (Bibi Jagir kaur), ਸ਼ਾਮ ਚੁਰਾਸੀ (Sham Churasi) ਤੋਂ ਮਹਿੰਦਰ ਕੌਰ ਜੋਸ਼ (Mohinder Kaur Josh), ਚਮਕੌਰ ਸਾਹਿਬ ਤੋਂ ਬੀਬੀ ਸਤਵੰਤ ਕੌਰ ਸੰਧੂ (Satwant Kaur Sandhu) ਆਦਿ ਦੇ ਨਾਂਅ ਜਿਕਰਯੋਗ ਹਨ, ਜੋ ਕਿ ਅਕਾਲੀ ਸਰਕਾਰ ਵਿਚ ਮੰਤਰੀ ਵੀ ਰਹੀਆਂ। ਸੂਤਰਾਂ ਮੁਤਾਬਕ ਬੀਬੀ ਉਪਿੰਦਰਜੀਤ ਕੌਰ ਨੇ ਉਮਰ ਦੇ ਤਕਾਜੇ ਅਤੇ ਸਿਹਤ ਦੀ ਢਿੱਲ-ਮੱਠ ਕਾਰਨ ਖੁਦ ਹੀ ਚੋਣ ਲੜਨ ਤੋਂ ਨਾਂਹ ਕੀਤੀ ਹੈ ਜਦਕਿ ਬੀਬੀ ਜਗੀਰ ਕੌਰ ਦਾ ਨਾਂਅ ਅਗਲੀ ਸੂਚੀ ਵਿਚ ਵਿਚਾਰਿਆ ਜਾ ਸਕਦਾ ਹੈ। ਭਾਜਪਾ ਤੋਂ ਅਕਾਲੀ ਬਣੇ ਆਗੂਆਂ ਖਾਤਰ ਹੋਈ ਸੀਟਾਂ ਦੀ ਅਦਲਾ ਬਦਲੀ ਵਿਚ ਪੰਥਕ ਮੰਨੀ ਜਾਂਦੀ ਸ਼ਾਮ ਚੁਰਾਸੀ ਦੀ ਸੀਟ ਬਸਪਾ ਨੂੰ ਦੇ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਸਪਾ ਚੜ੍ਹਤ ਮੌਕੇ ਵੀ ਇਥੋਂ ਬਜ਼ੁਰਗ ਅਕਾਲੀ ਅਰਜਨ ਸਿੰਘ ਜੋਸ਼ ਚੋਣ ਜਿੱਤ ਗਏ ਸਨ ਤੇ ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ ਜੋਸ਼ ਦੀ ਬੇਟੀ ਮਹਿੰਦਰ ਕੌਰ ਜੋਸ਼ ਨੂੰ ਟਿਕਟ ਦਿੱਤੀ ਗਈ ਸੀ। ਸੁਖਬੀਰ ਦੇ ਇਸ ਫੈਸਲੇ ਵਿਰੁੱਧ ਸਖਤ ਰੋਸ ਜ਼ਾਹਿਰ ਕਰਦਿਆਂ ਬੀਬੀ ਜੋਸ਼ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਮਰਹੂਮ ਸਤਵੰਤ ਕੌਰ ਸੰਧੂ ਦਾ ਜੱਦੀ ਹਲਕਾ ਚਮਕੌਰ ਸਾਹਿਬ (Chamkour Sahib) ਵੀ ਬਸਪਾ ਨੂੰ ਦੇ ਦਿੱਤਾ ਗਿਆ ਹੈ, ਜਿਥੇ ਪਿਛਲੇ ਕਈ ਸਾਲਾਂ ਤੋਂ ਬੀਬੀ ਸੰਧੂ ਦਾ ਪੁੱਤਰ ਹਰਮੋਹਣ ਸਿੰਘ ਸੰਧੂ ਆਪਣੀ ਡੀ ਐਸ ਪੀ ਦੀ ਨੌਕਰੀ ਛੱਡ ਕੇ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅਕਾਲੀ ਸੀਟ ਸੰਧੂ ਦੀ ਡਾ: ਦਲਜੀਤ ਸਿੰਘ ਚੀਮਾ ਨਾਲ਼ ਟਸਰਬਾਜ਼ੀ ਕਰਕੇ ਹੀ ਬਸਪਾ ਨੂੰ ਦਿੱਤੀ ਗਈ ਹੈ। ਇਸ ਦੇ ਰੋਸ ਵਜੋਂ ਸੰਧੂ ਨੇ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ।

ਕਾਂਗਰਸ ਅਤੇ ਆਪ ਦੇ ਦਿੱਗਜ ਆਗੂਆਂ ਦੇ ਹਲਕਿਆਂ ਵਿਚ ਨਹੀਂ ਐਲਾਨੇ ਉਮੀਦਵਾਰ:

ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੀ ਨੀਤੀ ਦੇ ਬਿਲਕੁਲ ਉਲਟ ਚਲਦਿਆਂ 64 ਉਮੀਦਵਾਰਾਂ ਦਾ ਐਲਾਨ ਵੋਟਾਂ ਤੋਂ ਪੰਜ ਮਹੀਨੇ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਪਰ ਇਸ ਦੇ ਨਾਲ਼ ਹੀ ਸੋਚੀ ਸਮਝੀ ਰਣਨੀਤੀ ਤਹਿਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਵਾਲ਼ੇ ਹਲਕਿਆਂ ਵਿਚ ਹਾਲੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar), ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu), ਮੁੱਖ ਮੰਤਰੀ ਅਮਰਿੰਦਰ ਸਿੰਘ (Captian Amrinder Singh), ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ (Rajinder Kaur Bhathal), ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Randhawa), ਬ੍ਰਹਮ ਮਹਿੰਦਰਾ ਅਤੇ ਰਜੀਆ ਸੁਲਤਾਨਾ ਦੇ ਹਲਕਿਆਂ ਵਿਚ ਹਾਲੇ ਅਕਾਲੀ ਦਲ ਨੇ ਉਮੀਦਵਾਰ ਨਹੀਂ ਐਲਾਨੇ। ਦੂਜੇ ਪਾਸੇ ਸੁਖਬੀਰ ਨੇ ਆਪਣੇ ਜੀਜੇ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੀ ਟਿਕਟ ਤਾਂ ਐਲਾਨ ਦਿੱਤੀ ਹੈ ਪਰ ਸਾਲ਼ੇ ਬਿਕਰਮ ਸਿੰਘ ਮਜੀਠੀਆ ਦਾ ਐਲਾਨ ਹਾਲੇ ਨਹੀਂ ਕੀਤਾ ਜਦਕਿ ਮਜੀਠੀਆ ਦੇ ਹਲਕੇ ਵਿਚ ਕਿਸੇ ਹੋਰ ਆਗੂ ਦੇ ਦਾਅਵੇਦਾਰ ਹੋਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ। ਇਸ ਤੋਂ ਇਹ ਵੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਅਕਾਲੀ ਦਲ ਵੱਲੋਂ ਮਜੀਠੀਆ ਨੂੰ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਮਜੀਠੀਆ ਤੇ ਸਿੱਧੂ ਵਿਚਾਲ਼ੇ ਪਹਿਲਾਂ ਵੀ ਅਕਾਲੀ-ਭਾਜਪਾ ਗੱਠਜੋੜ ਦੀ ਇਕੋ ਕਿਸ਼ਤੀ ਵਿਚ ਸਵਾਰ ਹੋਣ ਦੇ ਬਾਵਜੂਦ ਤਿੱਖੀ ਨੋਕ ਹੁੰਦੀ ਰਹੀ ਹੈ। ਇਸ ਤੋਂ ਇਲਾਵਾ ਵੱਡੇ ਬਾਦਲ ਦੇ ਲੰਬੀ ਹਲਕੇ ਤੋਂ ਵੀ ਐਲਾਨ ਹੋਣਾ ਬਾਕੀ ਹੈ, ਜਿਸ ਬਾਰੇ ਇਹ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਜੇਕਰ ਸੀਨੀਅਰ ਬਾਦਲ ਦੀ ਸਿਹਤ ਨੇ ਇਜਾਜਤ ਨਾ ਦਿੱਤੀ ਤਾਂ ਉਥੋਂ ਬੀਬੀ ਹਰਸਿਮਰਤ ਕੌਰ ਚੋਣ ਲੜ ਸਕਦੇ ਹਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੇ ਜਾਣ ਤੋਂ ਇਹ ਵੀ ਲੱਖਣ ਲਾਇਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਵਿਰੋਧ ਦੇ ਐਲਾਨ ਦੇ ਮੱਦੇਨਜ਼ਰ ਹੁਣ ਸੁਖਬੀਰ ਸਿੰਘ ਬਾਦਲ ”ਗੱਲ ਪੰਜਾਬ ਦੀ” (Gall Punjab Di) ਨਾਂਅ ਹੇਠ ਸ਼ੁਰੂ ਕੀਤੀ ਆਪਣੀ 100 ਦਿਨਾ ਪੰਜਾਬ ਯਾਤਰਾ ਅਤੇ 100 ਵਿਧਾਨ ਸਭਾ ਹਲਕਿਆਂ ਵਿਚ ਰੈਲੀਆਂ ਦੀ ਮੁਹਿੰਮ ਫਿਲਹਾਲ ਮੁਲਤਵੀ ਰੱਖਣਗੇ।

Be the first to comment

Leave a Reply

Your email address will not be published.


*