
ਦੇਸ਼ ਦੇ ਮੱਕਾਰ ਕਿਸਮ ਦੇ ਹਾਕਮਾਂ ਨੇ ਸ਼ਾਸ਼ਤਰੀ ਜੀ ਦੀ ਸ਼ਖਸੀਅਤ ਨੂੰ ਘੱਟੇ ਰੋਲ਼ਿਆ
ਅਸ਼ੋਕ ਸੋਨੀ ਫਾਜ਼ਿਲਕਾ
ਫਾਜ਼ਿਲਕਾ, 2 ਅਕਤੂਬਰ: ਲਾਲ ਬਹਾਦੁਰ ਸ਼ਾਸਤਰੀ (Shastri) ਇਕ ਅਸਾਧਾਰਨ ਮਹਾਂ ਨਾਇਕ ਤੇ ‘ਜੈ ਜਵਾਨ, ਜੈ ਕਿਸਾਨ’ (Jai Jwan Jai Kisan) ਦਾ ਨਾਹਰਾ ਦੇ ਕੇ ਧਰਤੀ ਪੁੱਤਰ ‘ਕਿਸਾਨ’ ਨੂੰ ਸਰਹੱਦਾਂ ਦੇ ਰਖਵਾਲੇ ਫੌਜੀਆਂ ਵਾਂਗ ਹੀ ਉਚਾ ਰੁਤਬਾ ਦੇਣ ਵਾਲ਼ੇ ਸ਼ਾਇਦ ਦੁਨੀਆਂ ਦੇ ਪਹਿਲੇ ਰਾਜਸੀ ਆਗੂ ਸਨ। ਅੱਜ 2 ਅਕਤੂਬਰ ਏ, ਇਸ ਦਿਨ ਨੂੰ ‘ਗਾਂਧੀ ਜਯੰਤੀ’ ਭਾਵ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਜਨਮ ਦਿਨ ਵਜੋਂ ਮੁਲਕ ਦਾ ਬੱਚਾ-ਬੱਚਾ ਜਾਣਦਾ ਹੈ। ਪਰ ਕੀ ਤੁਹਾਨੂੰ ਪਤਾ ਏ ਕਿ ਇਸੇ ਦਿਨ ਸ਼ਾਸ਼ਤਰੀ ਜੀ ਦਾ ਵੀ ਜਨਮ ਦਿਨ ਏ ?
ਅਜੋਕੇ ਦੌਰ ਵਿਚ ਭਾਰਤ ਦੇ ਜਿਆਦਾਤਰ ਰਾਜਸੀ ਆਗੂਆਂ ਨੂੰ, ਭ੍ਰਿਸ਼ਟਾਚਾਰ ਦੀ ਅਣਐਲਾਨੀ ਮੂਰਤ ਮੰਨਿਆਂ ਜਾਂਦਾ ਏ। ਇਨ੍ਹਾਂ ਅਖੌਤੀ ਆਗੂਆਂ ਨੇ ਵੀ ਰਾਜਨੀਤੀ ਨੂੰ ਲੋਕ ਸੇਵਾ ਜਾਂ ਦੇਸ਼ ਸੇਵਾ ਦੀ ਬਜਾਏ ਪਿਤਾ ਪੁਰਖੀ ਧੰਦਾ ਈ ਬਣਾ ਲਿਆ ਏ। ਇਹ ਵਰਤਾਰਾ ਇਕ ਦਮ ਨਹੀਂ ਵਾਪਰਿਆ ਬਲਕਿ ਆਜ਼ਾਦ ਆਖੇ ਜਾਂਦੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਪਰ ਲਾਲ ਬਹਾਦਰ ਸ਼ਾਸਤਰੀ ਭ੍ਰਿਸ਼ਟਾਚਾਰ ਦੀ ਇਸ ਦਲਦਲ ’ਚ ਕੰਵਲ ਫੁੱਲ ਵਰਗੇ ਸਨ। ਇੰਨਾਂ ਦੀਆਂ ਅਦੁਤੀਆਂ ਕੁਰਬਾਨੀਆਂ ਤੇ ਨੈਤਿਕਤਾ ਦੀ ਅਮਰ ਕਹਾਣੀ ਜਾਣ ਤੁਹਾਡੀਆਂ ਅੱਖਾਂ ਜਰੂਰ ਨਮ ਹੋ ਜਾਣਗੀਆਂ।
ਬਚਪਨ ਤੋਂ ਹੀ ਮੁਸ਼ਕਿਲਾਂ ਵਿਚ ਘਿਰ ਗਿਆ ਸੀ ਸ਼ਾਸ਼ਤਰੀ (Shastri) ਜੀ ਦਾ ਜੀਵਨ
2 ਅਕਤੂਬਰ 1904 ਨੂੰ, ਉੱਤਰ ਪ੍ਰਦੇਸ਼ ’ਚ, ਬਨਾਰਸ ਅਥਵਾ ਵਾਰਾਣਸੀ (Varanasi) ਦੇ ਕੋਲ, ਛੋਟੇ ਜਿਹੇ ਕਸਬੇ ਮੁਗਲਸਰਾਯ ਵਿਖੇ ਇਕ ਗਰੀਬ ਅਧਿਆਪਕ ਪਿਤਾ ਸ਼ਾਰਦਾ ਪ੍ਰਸਾਦ ਤੇ ਮਾਤਾ ਰਾਮ ਦੁਲਾਰੀ ਦੇ ਘਰ ਇਕ ਆਮ ਦਿਖ ਵਾਲੇ ਪਰ ਅਦਭੁੱਤ ਬਾਲਕ ਨੇ ਜਨਮ ਲਿਆ। ਮਾਪਿਆਂ ਨੇ ਆਪਣੇ ਇਸ ਬਾਲਕ ਦਾ ਨਾਮ ਰੱਖਿਆ ‘ਲਾਲ ਬਹਾਦਰ’। ਲਾਲ ਬਹਾਦਰ ਦਾ ਜੀਵਨ ਬਚਪਨ ਤੋਂ ਹੀ ਵੱਡੀਆਂ ਔਕੜਾਂ ਤੇ ਮੁਸੀਬਤਾਂ ਨਾਲ ਘਿਰ ਗਿਆ ਸੀ। ਇਹ ਔਕੜਾਂ ਤੇ ਮੁਸੀਬਤਾਂ ਸਾਰੀ ਉਮਰ ਈ ਜਾਰੀ ਰਹੀਆਂ। ਪਰ ਇਸ ਸਾਹਸੀ, ਦਲੇਰ ਤੇ ਨਿਡਰ ਯੋਧੇ ਨੇ ਸਾਰੀਆਂ ਔਕੜਾਂ ਦਾ ਡਟ ਕੇ ਤੇ ਦ੍ਰਿੜ੍ਹਤਾ ਨਾਲ਼ ਮੁਕਾਬਲਾ ਕਰਦਿਆਂ ਸਾਰੀ ਉਮਰ ਆਪਣੇ ਸਿਧਾਂਤਾ ਦੀ ਵੀ ਰੱਖਿਆ ਕੀਤੀ। ਹਜੇ ਲਾਲ ਬਹਾਦਰ ਦੋ ਸਾਲ ਦਾ ਵੀ ਨਹੀਂ ਸੀ ਹੋਇਆ ਕਿ ਪਿਤਾ ਦੀ ਅਚਾਨਕ ਮੌਤ ਹੋ ਗਈ। ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਮਾਂ ਤਿੰਨਾਂ ਬੱਚਿਆਂ ਨੂੰ ਲੈ ਕੇ, ਆਪਣੇ ਪੇਕੇ ਘਰ ਆ ਗਈ। ਪਰ ਤ੍ਰਾਸਦੀ ਵੇਖੋ ਥੋੜ੍ਹੇ ਚਿਰ ਬਾਅਦ ਈ ਲਾਲ ਬਹਾਦਰ ਦਾ ਨਾਨਾ ਵੀ ਚੱਲ ਵਸਿਆ। ਇਨ੍ਹਾਂ ਵੱਡੇ ਤੇ ਗਹਿਰੇ ਝਟਕਿਆਂ ਦੇ ਬਾਵਜੂਦ ਮਾਂ ਦੀ ਸਿੱਖਿਆ ਅਤੇ ਸੰਸਕਾਰਾਂ ਨੂੰ ਪੱਲੇ ਬੰਨ੍ਹ ਲਾਲ ਬਹਾਦਰ ਨੇ ਸਿੱਖਿਆ ਹਾਸਲ ਕਰਕੇ ਸਮਾਜ ਵਿਚ ਆਪਣੇ ਪਿਤਾ ਵਾਂਗ ਸਤਿਕਾਰਤ ਰੁਤਬਾ ਹਾਸਲ ਕਰਨ ਦਾ ਤਹਈਆ ਕਰ ਲਿਆ। ਆਪਣੇ ਅਸੂਲਾਂ ’ਤੇ ਕਾਇਮ ਰਹਿੰਦੇ ਹੋਏ, ਉਹ ਨਿਰੰਤਰ ਅੱਗੇ ਵਧਦਾ ਗਿਆ।
ਚੜ੍ਹਦੀ ਉਮਰੇ ਹੀ ਜੰਗ ਏ ਆਜ਼ਾਦੀ ‘ਚ ਸਰਗਰਮ ਹੋ ਗਏ ਸਨ ਸ਼ਾਸ਼ਤਰੀ (Shastri)
ਲਾਲ ਬਹਾਦਰ ਉਰਫ ‘ਨੰਨ੍ਹੇ’ ਦਾ ਸਕੂਲ ਗੰਗਾ ਨਦੀ ਦੇ ਪਾਰ ਸੀ, ਕਿਸ਼ਤੀ ਵਾਲ਼ਾ ਮਲਾਹ ਨਦੀ ਪਾਰ ਕਰਾਉਣ ਦਾ ਕਿਰਾਇਆ ਇਕ ਪੈਸਾ ਲੈਂਦਾ ਸੀ। ਪਰ ਪਿਓ ਵਾਹਰੇ ਲਾਲ ਬਹਾਦਰ ਕੋਲ, ਪੈਸੇ ਨਹੀਂ ਸੀ ਹੁੰਦੇ। ਪਰ ਸਿੱਖਿਆ ਹਾਸਲ ਕਰਨ ਦੀ ਦ੍ਰਿੜ੍ਹਤਾ ਏਨੀ ਕਿ ਛੋਟੀ ਜਿਹੀ ਉਮਰ ਦਾ ਮਾਸੂਮ ਲਾਲ ਬਹਾਦਰ ਰੋਜ ਤੈਰ ਕੇ ਨਦੀ ਪਾਰ ਕਰਦਾ। ਹਾਲਾਂਕਿ ਲਾਲ ਦੇ ਸਾਥੀ ਬਹੁਤ ਵਾਰ ਕਿਰਾਇਆ ਭਰਨ ਦੀ ਪੇਸ਼ਕਸ਼ ਵੀ ਕਰਦੇ ਪਰ ਸਵੈਮਾਣ ਵਾਲ਼ੇ ਲਾਲ ਬਹਾਦਰ ਨੇ ਕਦੇ ਮਨਜ਼ੂਰ ਨਾ ਕੀਤਾ। 16 ਸਾਲ ਦਾ ਹੁੰਦੇ-ਹੁੰਦੇ ਲਾਲ ਬਹਾਦਰ ਦੇਸ਼ ਭਗਤੀ ਦੇ ਰੰਗ ਚ ਪੂਰੀ ਤਰਾਂ ਨਾਲ ਰੰਗਿਆ ਗਿਆ। ਗਾਂਧੀ ਜੀ ਤੋਂ ਜਬਰਦਸਤ ਪ੍ਰਭਾਵਿਤ ਹੋ, ਭਾਰਤ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਵਾਸਤੇ ਸਭ ਕੁੱਝ ਛੱਡ, ਲਾਲ ਬਹਾਦਰ ਜੰਗ-ਏ-ਆਜ਼ਾਦੀ ’ਚ ਸ਼ਾਮਲ ਹੋ ਗਿਆ। ਪਹਿਲੀ ਵਾਰ ਜੇਲ੍ਹ ਗਿਆ ਤਾਂ ਬਾਹਰ ਆ ਕੇ ਸ਼ਾਸ਼ਤਰੀ ਦੀ ਡਿਗਰੀ ਹਾਸਲ ਕੀਤੀ ਤੇ ਉਸੇ ਦਿਨ ਤੋਂ ਆਪਣੇ ਨਾਂ ਦੇ ਨਾਲ ਲੱਗੀ ਆਪਣੇ ਜਾਤੀ/ਗੋਤ ਦੇ ਪ੍ਰਤੀਕ ‘ਸ਼੍ਰੀਵਾਸਤਵ’ ਦਾ ਤਿਆਗ ਕਰਕੇ ‘ਸ਼ਾਸ਼ਤਰੀ’ ਲਾ ਕੇ, ਲਾਲ ਬਹਾਦਰ ਸ਼ਾਸਤਰੀ ਬਣ ਗਏ।
ਸ਼ਾਸ਼ਤਰੀ (Shastri) ਨੇ ਹਮੇਸ਼ਾ ਆਪਣੇ ਟੱਬਰ ਨਾਲ਼ੋਂ ਲੋਕ ਹਿੱਤਾਂ ਨੂੰ ਪਹਿਲ ਦਿੱਤੀ
ਦੂਜੀ ਵਾਰ ਸ਼ਾਸਤਰੀ ਜੀ ਜੇਲ੍ਹ ਗਏ ਤਾਂ ਜੇਲ੍ਹ ਤੋਂ ਹੀ ਆਪਣੀ ਮਾਂ ਨੂੰ ਚਿੱਠੀ ਲਿੱਖ ਪੁਛਿਆ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਦੇਖਭਾਲ਼ ਕਰਨ ਵਾਲ਼ੀ ਸੰਸਥਾ ਵੱਲੋਂ ਪੰਜਾਹ ਰੁਪਈਆ ਮਹੀਨਾ ਖਰਚੇ ਲਈ ਮਿਲਦਾ ਹੈ ਜਾਂ ਨਹੀਂ ਤੇ ਖਰਚਾ ਕਿਵੇਂ ਚੱਲ ਰਿਹਾ ਹੈ ? ਮਾਂ ਨੇ ਜਵਾਬ ਭੇਜਿਆ ਕਿ ਸਾਨੂੰ ਹਰੇਕ ਮਹੀਨੇ ਪੰਜਾਹ ਰੁਪਏ ਮਿਲਦੇ ਹਨ ਤੇ ਅਸੀਂ 40 ਰੁਪਏ ਨਾਲ ਈ ਖਰਚਾ ਲੰਘਾ ਲੈਂਦੇ ਆਂ। ਸ਼ਾਸ਼ਤਰੀ ਜੀ ਨੇ ਤੁਰੰਤ ਸੰਸਥਾ ਨੂੰ ਚਿੱਠੀ ਲਿਖ ਆਖਿਆ ਕਿ ਸਾਡੇ ਘਰ ਸਿਰਫ 40 ਰੁਪਏ ਭੇਜੇ ਜਾਣ ਤੇ ਬਾਕੀ 10 ਰੁਪਏ ਕਿਸੇ ਹੋਰ ਲੋੜਵੰਦ ਨੂੰ ਭੇਜ ਦਿੱਤੇ ਜਾਣ। 1927 ਚ ਮਿਰਜਾਪੁਰ ਦੀ ਲਲਿਤਾ ਨਾਲ ਦਾਜ ਰਹਿਤ ਵਿਆਹ ਕਰਵਾਇਆ ਪਰ ਵਿਆਹ ਤੋਂ ਬਾਅਦ ਉਹ ਆਜ਼ਾਦੀ ਦੀ ਲੜਾਈ ’ਚ ਹੋਰ ਸਰਗਰਮ ਹੋ ਗਏ।
ਸ਼ਾਸ਼ਤਰੀ (Shastri) ਦੇ ਜੇਲ੍ਹ ‘ਚ ਰਹਿੰਦਿਆਂ ਹੀ ਬੇਟਾ ਤੇ ਬੇਟੀ ਦੀ ਛੋਟੀ ਉਮਰ ‘ਚ ਮੌਤ ਹੋ ਗਈ ਸੀ
ਵੱਡੇ ਬਲਿਦਾਨ ਦਾ ਕਿੱਸਾ ਸੁਣੋ, ਸ਼ਾਸਤਰੀ ਜੀ ਜੇਲ ਚ ਸਨ, ਪਿਛੋਂ ਕੁੜੀ ਸਖਤ ਬੀਮਾਰ, ਪਤਨੀ ਸਹਿਤ ਸਾਰੇ ਸ਼ੁਭਚਿੰਤਕਾਂ ਨੇਂ ਪੈਰੋਲ ਲੈ ਕੇ, ਬੇਟੀ ਕੋਲ ਆਉਣ ਲਈ ਕਿਹਾ ਪਰ ਉਸ ਸਮੇਂ ਪੈਰੋਲ ਲਈ ਅੰਗਰੇਜ਼ ਸਰਕਾਰ ਤੋਂ ਲਿਖਤੀ ਮੁਆਫੀ ਤੇ ਦੁਬਾਰਾ ਅਜਾਦੀ ਦੇ ਸੰਘਰਸ਼ ਚ ਸ਼ਾਮਲ ਨਾਂ ਹੋਣ ਦਾ ਲਿਖਤੀ ਵਾਦਾ ਕਰਨਾ ਪੈਂਦਾ ਸੀ। ਸ਼ਾਸਤਰੀ ਜੀ ਨੇਂ ਝੁਕਣਾ ਤਾਂ ਸਿਖਿਆ ਹੀ ਨ੍ਹੀਂ ਸੀ, ਉਨਾਂ ਚ ਦੇਸ਼ ਹਿੱਤ ਲਈ ਨਿੱਜੀ ਹਿੱਤ ਦਾ ਤਿਆਗ ਕਰਨ ਦਾ ਬਾਕਮਾਲ ਗੁਣ ਸੀ। ਅਖੀਰ ਅੰਗਰੇਜ਼ ਸਰਕਾਰ ਨੇ ਬਿਨਾਂ ਸ਼ਰਤ ਸ਼ਾਸਤਰੀ ਜੀ ਨੂੰ ਰਿਹਾ ਕਰ ਦਿੱਤਾ ਪਰ ਜਦੋਂ ਤੱਕ ਇਹ ਤਿਆਗ ਦੀ ਮੂਰਤ ਘਰ ਪੁੱਜੀ, ਤਾਂ ਆਹ ! ਬੇਟੀ ਕਿਸੇ ਹੋਰ ਦੁਨੀਆ ਚ ਜਾ ਚੁੱਕੀ ਸੀ, ਸ਼ਾਸਤਰੀ ਜੀ ਦੁੱਖੀ ਤਾਂ ਬਹੁਤ ਹੋਏ ਪਰ ਹਤਾਸ਼ ਜਾਂ ਨਿਰਾਸ਼ ਨ੍ਹੀਂ ਹੋਏ, ਤੇ ਅਜਾਦੀ ਲਈ ਸੰਘਰਸ਼ ਕਰਦੇ ਫੇਰ ਜੇਲ ਚਲੇ ਗਏ। ਇਸ ਵਾਰ ਮੁੰਡੇ ਨੂੰ ਟਾਈਫਾਈਡ ਨੇ ਘੇਰ ਲਿਆ, ਸ਼ਾਸਤਰੀ ਜੀ ਲਈ ਫੇਰ ਉਹੀ ਸਥਿਤੀ ਪਰ ਇਸ ਦਲੇਰ ਮਹਾਨਾਇਕ ਨੇ ਗੋਡੇ ਨਾਂ ਟੇਕੇ ਤੇ ਅੰਗਰੇਜ਼ ਸਰਕਾਰ ਨੇਂ ਫੇਰ ਇਕ ਹਫਤੇ ਲਈ ਬਿਨਾਂ ਸ਼ਰਤ ਰਿਹਾ ਕੀਤਾ। ਪਰ ਹਫਤੇ ਚ ਬੇਟੇ ਦੀ ਹਾਲਤ ਚ ਕੋਈ ਸੁਧਾਰ ਨਾਂ ਹੋਇਆ, ਸ਼ਾਸਤਰੀ ਜੀ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਦੇਸ਼ ਲਈ ਮੁੰਡੇ ਦੀ ਵੀ ਕੁਰਬਾਨੀ ਤੈਅ ਏ, ਧੰਨ ਸੀ ਸ਼ਾਸਤਰੀ ਜੀ ਤੇ ਮਾਂ ਲਲਿਤਾ, ਮੈਂ ਨਮਨ ਕਰਦਾ ਆਂ ਤੁਹਾਨੂੰ ਕਿ ਤੁਸੀਂ ਦੂਜੀ ਵਾਰ ਔਲਾਦ ਕੁਰਬਾਨ ਕਰ ਦਿੱਤੀ ਪਰ ਅਜਾਦੀ ਦੀ ਲੜਾਈ ਚੋਂ ਪਿੱਛੇ ਨ੍ਹੀਂ ਹੱਟੇ। ਸ਼ਾਸਤਰੀ ਜੀ ਫੇਰ ਜੇਲ ਚੱਲੇ ਗਏ।
ਸ਼ਾਸ਼ਤਰੀ (Shastri) ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇਣ ਵਾਲ਼ੇ ਪਹਿਲੇ ਭਾਰਤੀ ਆਗੂ ਸਨ
1946 ਚ ਕਾਂਗਰਸ ਸਰਕਾਰ ਦਾ ਬਣੀ ਤਾਂ ਸ਼ਾਸਤਰੀ ਜੀ ਨੂੰ ਪਹਿਲਾਂ ਉੱਤਰ ਪ੍ਰਦੇਸ਼ ਦਾ ਸੰਸਦੀ ਸਕੱਤਰ ਤੇ ਫੇਰ ਗ੍ਰਹਿ ਮੰਤਰੀ ਬਣਾਇਆ ਗਿਆ। ਇਮਾਨਦਾਰੀ ਤੇ ਨੈਤਿਕਤਾ ਦੀ ਇਸ ਮਿਸਾਲ ਨੇ ਬਹੁਤ ਹੀ ਵਧੀਆ ਤੇ ਲੋਕ ਭਲਾਈ ਦੇ ਇਨਕਲਾਬੀ ਕੰਮ ਨੇਪਰੇ ਚਾੜ੍ਹੇ। ਇਸੇ ਕਰਕੇ ਇਨ੍ਹਾਂ ਨੂੰ ਨਹਿਰੂ ਜੀ ਕੇਂਦਰ ’ਚ ਲੈ ਗਏ। ਇੰਨਾਂ ਨੂੰ ਕੇਂਦਰੀ ਮੰਤਰੀ ਮੰਡਲ ’ਚ ਰੇਲ, ਟਰਾਂਸਪੋਰਟ, ਸੰਚਾਰ, ਵਣਜ, ਉਦਯੋਗ, ਗ੍ਰਹਿ ਮੰਤਰਾਲਾ ਦਿੱਤਾ ਗਿਆ। ਨਹਿਰੂ ਦੀ ਬੀਮਾਰੀ ਦੌਰਾਨ ਸ਼ਾਸ਼ਤਰੀ ਜੀ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਵੀ ਬਣਾਇਆ ਗਿਆ। ਇਕ ਰੇਲ ਦੁਰਘਟਨਾ ’ਚ ਬਹੁਤ ਜਾਨਾਂ ਚਲੀਆਂ ਗਈਆਂ ਤਾਂ ਇਸ ਸੱਚੇ ਆਗੂ ਨੇ ਨੈਤਿਕਤਾ ਦੇ ਅਧਾਰ ’ਤੇ ਅਸਤੀਫਾ ਦੇ ਕੇ ਮਿਸਾਲ ਕਾਇਮ ਕੀਤੀ ਤਾਂ ਪੂਰੇ ਦੇਸ਼ ਤੇ ਸੰਸਦ ’ਚ ਇਸ ਮਹਾਨ ਆਗੂ ਦਾ ਕੱਦ ਬਹੁਤ ਵਧ ਗਿਆ।
Shastri ਨੂੰ ਕਮਜ਼ੋਰ ਆਗੂ ਸਮਝਣ ਦੀ ਭੁੱਲ ਕਰਨ ਵਾਲ਼ੇ ਪਾਕਿਸਤਾਨ ਨੂੰ ਦਿੱਤਾ ਸੀ ਕਰਾਰਾ ਜਵਾਬ
ਲਾਲ ਬਹਾਦਰ ਸ਼ਾਸਤਰੀ ਜੀ ਦੀ ਲੋਕਪ੍ਰਿਯਤਾ ਤੇ ਇਮਾਨਦਾਰ ਸ਼ਖਸੀਅਤ ਕਾਰਨ ਹੀ, 1964 ’ਚ ਇਸ ਅਸਾਧਾਰਨ ਸਖਸ਼ੀਅਤ ਦੇ ਮਾਲਕ ਆਗੂ ਨੂੰ ਦੇਸ਼ ਦਾ ਦੂਜਾ ਪ੍ਰਧਾਨ ਮੰਤਰੀ ਥਾਪਿਆ ਗਿਆ। ਪਾਕਿਸਤਾਨ ਨੇ ਸ਼ਾਸਤਰੀ ਜੀ ਨੂੰ ਕਮਜੋਰ ਸਮਝਦਿਆਂ, ਇਕਦਮ 1965 ਚ ਭਾਰਤ ’ਤੇ ਹਮਲਾ ਕਰਨ ਦੀ ਗਲਤੀ ਕਰ ਦਿੱਤੀ। ਪਰ ਸ਼ਾਸਤਰੀ ਜੀ ਦੀ ਰਹਿਨੁਮਾਈ ਚ ਭਾਰਤੀ ਫੌਜ ਨੇ ਪਾਕਿਸਤਾਨ ਦੇ ਛੱਕੇ ਈ ਛੁਡਾ ਦਿੱਤੇ। ਪਾਕਿਸਤਾਨ ਬੁਰੀ ਤਰਾਂ ਹਾਰ ਕੇ ਸਮਝੌਤੇ ਲਈ ਅਮਰੀਕਾ ਦੀਆਂ ਲੇਲ੍ਹੜੀਆਂ ਕੱਢਣ ਲੱਗ ਪਿਆ। ਅਮਰੀਕਾ ਨੇ ਪਾਕਿਸਤਾਨ ’ਤੇ ਕਾਰਵਾਈ ਰੋਕਣ ਲਈ ਭਾਰਤ ’ਤੇ ਦਬਾਅ ਬਣਾਉਣ ਹਿੱਤ ਕਣਕ ਭਾਰਤ ਨੂੰ ਭੇਜਣ ’ਤੇ ਰੋਕ ਲਗਾ ਦਿੱਤੀ। ਪਰ ਸ਼ਾਸਤਰੀ ਜੀ ਨੇ ਪਾਕਿਸਤਾਨ ’ਤੇ ਕਾਰਵਾਈ ਨਾ ਰੋਕੀ ਕਿਉਂਕਿ ਉਨ੍ਹਾਂ ਨੂੰ ਇਸ ਤਰਾਂ ਦਬਾਅ ’ਚ ਯੁੱਧ ਰੋਕਣਾ ਦੇਸ਼ ਦੀ ਇੱਜ਼ਤ ਦੇ ਖਿਲਾਫ ਜਾਪਦਾ ਸੀ। ਕਣਕ ਦੀ ਥੁੜ੍ਹ ਦਾ ਸਾਹਮਣਾ ਕਰਨ ਲਈ ਸ਼ਾਸਤਰੀ ਜੀ ਨੇ ਅਨੋਖੀ ਪਹਿਲ ਕੀਤੀ। ਉਨ੍ਹਾਂ ਪਹਿਲਾਂ ਆਪ ਤੇ ਆਪਣੇ ਪਰਿਵਾਰ ਨੂੰ ਇਕ ਦਿਨ ਭੁੱਖਾ ਰੱਖ ਕੇ ਦੇਖਿਆ। ਫੇਰ ਦੂਜੇ ਦਿਨ ਪੂਰੇ ਦੇਸ਼ ਨੂੰ ਸੰਬੋਧਨ ਕਰਦਿਆਂ, ਕਣਕ ਦੀ ਥੁੜ੍ਹ ਦਾ ਹਵਾਲਾ ਦਿੰਦਿਆਂ ਦੇਸ਼ ਲਈ ਹਰ ਭਾਰਤੀ ਨੂੰ ਹਫਤੇ ’ਚ ਇੱਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ। ਲੋਕਾਂ ਨੂੰ ਸ਼ਾਸਤਰੀ ਜੀ ’ਤੇ ਰੱਬ ਜਿੱਡਾ ਯਕੀਨ ਸੀ, ਇਸ ਮਹਾਨ ਆਗੂ ਦੀ ਅਪੀਲ ਨੂੰ ਸਾਰੇ ਭਾਰਤੀਆਂ ਨੇ ਆਦੇਸ਼ ਈ ਮੰਨ੍ਹ ਲਿਆ ਤੇ ਅਖੀਰ ਅਮਰੀਕਾ ਨੇ ਗੋਡੇ ਟੇਕ ਦਿੱਤੇ। ਸ਼ਾਸਤਰੀ ਜੀ ਨੇ, ਇਸੇ ਦੌਰਾਨ ਕਿਸਾਨਾਂ ਨੂੰ ਦੇਸ਼ ਲਈ ਅਨਾਜ ਦੀ ਪੈਦਾਵਾਰ ਵਧਾਉਣ ਦੀ ਅਪੀਲ ਕੀਤੀ ਤੇ ਕਿਸਾਨਾਂ ਨੂੰ ਵੀ ਦੇਸ਼ ਦੀ ਰੱਖਿਆ ਕਰਦੇ ਫੌਜੀਆਂ ਵਾਂਗ ਸਨਮਾਨ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ, ਜਿਸ ਤਰਾਂ ਫੌਜੀ ਬਾਡਰ ਤੇ ਦੇਸ਼ ਲਈ ਖੂਨ ਪਸੀਨਾ ਵਹਾਉਂਦੇ ਨੇਂ, ਇਸੇ ਤਰਾਂ ਕਿਸਾਨ ਵੀ ਦੇਸ਼ ਲਈ ਖੇਤਾਂ ਚ ਖੂਨ ਪਸੀਨਾ ਵਹਾਉਂਦੇ ਨੇ। ਇਸੇ ਸਮੇਂ ਉਹਨਾਂ ‘ਜੈ ਜਵਾਨ, ਜੈ ਕਿਸਾਨ’ ਦਾ ਮਹਾਨ ਨਾਹਰਾ ਦਿੱਤਾ ਸੀ।
ਉਚੇ ਰੁਤਬਿਆਂ ਦੇ ਬਾਵਜੂਦ ਸ਼ਾਸ਼ਤਰੀ (Shastri) ਜੀ ਨੇ ਸਾਦਗੀ ਦਾ ਪੱਲਾ ਨਾ ਛੱਡਿਆ
ਲਾਲ ਬਹਾਦਰ ਸ਼ਾਸਤਰੀ ਜੀ, ਸਾਦਗੀ ਦੀ ਮੂਰਤ ਸਨ। ਉਨਾਂ ਕੋਲ ਦੋ ਹੀ ਧੋਤੀ ਕੁੜਤੇ ਸਨ, ਜਿੰਨਾਂ ਦੇ ਵੀ ਕਈ ਜਗ੍ਹਾ ਟਾਂਕੇ ਲੱਗੇ ਹੁੰਦੇ ਸਨ। ਦੱਸਦੇ ਹਨ ਕਿ ਇਕ ਵਾਰ ਗਰਮੀਆਂ ਦੇ ਮੌਸਮ ਵਿਚ ਸਰਕਾਰੀ ਵਿਭਾਗ ਵੱਲੋਂ ਉਨਾਂ ਦੇ ਘਰੇ ਕੂਲਰ ਲਾ ਦਿੱਤਾ ਗਿਆ। ਪਰ ਦੇਸ਼ ਦੀ ਧਨ ਦੌਲਤ ਨੂੰ ਲੋਕਾਂ ਦਾ ਸਰਮਾਇਆ ਮੰਨਣ ਵਾਲ਼ੇ ਸ਼ਾਸ਼ਤਰੀ ਜੀ ਨੇ ਪਰਿਵਾਰ ਨੂੰ ਕਿਹਾ ਕਿ ਕੂਲਰ ‘ਚ ਰਹਿ ਕੇ ਧੁੱਪ ‘ਚ ਨਹੀਂ ਨਿੱਕਲਿਆ ਜਾਣਾ ਤੇ ਕੂਲਰ ਵਾਪਸ ਭੇਜ ਦਿੱਤਾ। ਇਕ ਵਾਰੀ ਸ਼ਾਸ਼ਤਰੀ ਜੀ ਦੇ ਪੁੱਤ ਨੇ ਸਰਕਾਰੀ ਗੱਡੀ ਆਪਣੇ ਨਿਜੀ ਕੰਮ ਲਈ ਵਰਤ ਲਈ ਤਾਂ ਸ਼ਾਸਤਰੀ ਜੀ ਨੇ ਉਸ 14 ਕਿਲੋਮੀਟਰ ਦਾ ਖਰਚ ਆਪਣੀ ਤਨਖਾਹ ਵਿਚੋਂ ਸਰਕਾਰੀ ਖਜ਼ਾਨੇ ‘ਚ ਜਮ੍ਹਾ ਕਰਵਾਇਆ। ਉਹ ਕਦੇ ਵੀ ਰੇਲ ਗੱਡੀ ਦੇ ਫਸਟ ਕਲਾਸ ਵਿਚ ਸਫਰ ਨਾ ਕਰਦੇ ਜੋ ਕਿ ਬਤੌਰ ਮੰਤਰੀ ਜਾਂ ਪ੍ਰਧਾਨ ਮੰਤਰੀ ਉਨ੍ਹਾਂ ਦਾ ਕਾਨੂੰਨੀ ਹੱਕ ਵੀ ਸੀ। ਹਵਾਈ ਜਹਾਜ ਵਿਚ ਫਾਈਲਾਂ ਪੜ੍ਹਨ ਦੀ ਜਿਹੜੀ ਤਸਵੀਰ ਪਿਛਲੇ ਦਿਨੀਂ ਨਰਿੰਦਰ ਮੋਦੀ ਦੇ ਪ੍ਰਚਾਰ ਤੰਤਰ ਵੱਲੋਂ ਬਹੁਤ ਜ਼ੋਰ ਸ਼ੋਰ ਨਾਲ਼ ਪ੍ਰਚਾਰੀ ਗਈ ਸੀ ਉਹ ਵੀ ਸ਼ਾਸ਼ਤਰੀ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਹੀ ਆਖੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਸ਼ਾਸ਼ਤਰੀ ਜੀ ਹਮੇਸ਼ਾ ਰੇਲ ਗੱਡੀ ਦੇ ਸਫਰ ਦੌਰਾਨ ਸਰਕਾਰੀ ਫਾਈਲਾਂ ਆਪਣੇ ਨਾਲ਼ ਹੀ ਲੈ ਜਾਂਦੇ ਸਨ ਤੇ ਰਸਤੇ ਵਿਚ ਆਪਣੀ ਪਤਨੀ ਨਾਲ਼ ਗੱਪ-ਸ਼ੱਪ ਵਿਚ ਸਮਾਂ ਗੰਵਾਉਣ ਦੀ ਬਜਾਏ ਸਰਕਾਰੀ ਕੰਮ ਨਬੇੜਦੇ ਸਨ।
Shastri ਜੀ ਦੀ ਮੌਤ ਦਾ ਭੇਦ ਹਾਲੇ ਵੀ ਬਰਕਰਾਰ, ਮੱਕਾਰ ਆਗੂਆਂ ਨੇ ਉਨ੍ਹਾਂ ਦੀ ਸ਼ਖਸ਼ੀਅਤ ਰੋਲ਼ੀ
ਪਾਕਿਸਤਾਨ ਨਾਲ ਚੱਲੇ ਲੰਬੇ ਯੁੱਧ ਤੋਂ ਬਾਅਦ 10 ਜਨਵਰੀ 1966 ਨੂੰ ਤਾਸ਼ਕੰਦ ਚ ਸ਼ਾਂਤੀ ਸਮਝੌਤੇ ਲਈ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਂ ਤੇ ਭਾਰਤ ਦੀ ਪ੍ਰਧਾਨਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਪਹੁੰਚ ਗਏ, ਭਾਰਤ ਵੱਲੋਂ ਜਿਤੇ ਇਲਾਕੇ ਵਾਪਸ ਪਾਕਿਸਤਾਨ ਨੂੰ ਦੇਣ ਲਈ ਬਹੁਤ ਜਬਰਦਸਤ ਦਬਾਅ ਦੇ ਕੇ ਸ਼ਾਸਤਰੀ ਜੀ ਤੋਂ ਪਤਾ ਨ੍ਹੀਂ ਕਿਸ ਤਰਾਂ ਸਮਝੋਤੇ ਤੇ ਹਸਤਾਖਰ ਕਰਵਾ ਲਏ ਗਏ ਜਾਂ ਉਨਾਂ ਕਰ ਦਿੱਤੇ, ਇਹ ਰਾਜ ਨ੍ਹੀਂ ਖੁਲ ਸਕਿਆ ਕਿਉਂਕਿ ਉਸੇ ਰਾਤ ਤਾਸ਼ਕੰਦ ਚ ਈ ਇਸ ਮਹਾਨਾਇਕ ਦੀ ਮੌਤ ਹੋ ਗਈ। ਸ਼ਾਸਤਰੀ ਜੀ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਗਈ ਪਰ ਇਨਾਂ ਦੀ ਪਤਨੀ ਲਲਿਤਾ ਜੀ ਨੇਂ ਇਨਾਂ ਦੀ ਮੌਤ ਨੂੰ ਕਤਲ ਕਹਿ ਦਿੱਤਾ ਕਿਉਂਕਿ ਦੱਸਿਆ ਗਿਆ ਕਿ ਸ਼ਾਸਤਰੀ ਜੀ ਨੂੰ ਦਿਲ ਦਾ ਦੌਰਾ ਪਿਆ ਸੀ ਪਰ ਉਨਾਂ ਦਾ ਸ਼ਰੀਰ ਨੀਲਾ ਕਿਉਂ ਪਿਆ ਹੋਇਆ ਸੀ, ਇਹ ਕੋਈ ਨਹੀਂ ਦੱਸ ਸਕਿਆ, ਤੇ ਅੱਜ ਤੱਕ ਵੀ ਇਸ ਗੱਲ ਤੋਂ ਪਰਦਾ ਨ੍ਹੀਂ ਚੁੱਕਿਆ ਜਾ ਸਕਿਆ ਕਿ ਸ਼ਾਸਤਰੀ ਜੀ ਦੀ ਮੌਤ ਹੋਈ ਸੀ ਜਾਂ ਉਨਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਇਸ ਵਰਤਾਰੇ ਲਈ ਮੁਲਕ ਦੇ ਮੱਕਾਰ ਕਿਸਮ ਦੇ ਭ੍ਰਿਸ਼ਟ ਆਗੂ ਵੀ ਜਿੰਮੇਵਾਰ ਹਨ ਜਿਨ੍ਹਾਂ ਨੇ ਲੋਕ ਹਿੱਤਾਂ ਨੂੰ ਪ੍ਰਣਾਏ ਸ਼ਾਸ਼ਤਰੀ ਜੀ ਦੀ ਸ਼ਖਸ਼ੀਅਤ ਨੂੰ ਘੱਟੇ ਰੋਲ਼ਿਆ।
ਇਹ ਵੀਰ, ਅਮਰ, ਬਲਿਦਾਨੀ ਆਪਣੇ ਮਗਰ ਨਾਂ ਤਾਂ ਕੋਈ ਜਾਇਦਾਦ ਛੱਡ ਕੇ ਗਏ ਤੇ ਨਾਂ ਹੀ ਕੋਈ ਰੁਪਈਆ ਪੈਸਾ । ਮਰਨ ਤੋਂ ਬਾਅਦ, ਇੰਨਾਂ ਨੂੰ ਭਾਰਤ ਰਤਨ ਵੀ ਦਿੱਤਾ ਗਿਆ, ਭਾਰਤ ਮਾਂ ਦੇ ਇਸ ਮਹਾਨ ਸਪੂਤ ਦੀ ਅੱਜ ਜਯੰਤੀ ਤੇ ਪੂਰਾ ਦੇਸ਼ ਤੁਹਾਨੂੰ ਹੱਥ ਜੋੜ ਕੇ ਨਮਨ ਕਰਦਾ ਹੈ। ਇਸ ਇਮਾਨਦਾਰ, ਨੈਤਿਕ, ਦੇਸ਼ਭਗਤ, ਸਵਾਭਿਮਾਨੀ ਮਹਾਨਾਇਕ ਦੇ ਜੀਵਨ ਤੋਂ ਪੂਰੇ ਦੇਸ਼ਵਾਸੀਆਂ ਨੂੰ ਪ੍ਰੇਰਣਾ ਲੈਂਦੇ ਹੋਏ, ਕਦੇ ਵੀ ਆਪਣੇ ਪਵਿੱਤਰ ਸਿਧਾਂਤਾ ਤੇ ਨੈਤਿਕਤਾ ਨਾਲ ਸਮਝੌਤਾ ਨਾ ਕਰਨ ਦੀ ਸਹੁੰ ਖਾਣੀ ਚਾਹੀਦੀ ਏ।

Leave a Reply