haiti earthquake/ਹੈਤੀ ਵਿਚ ਭਿਆਨਕ ਭੁਚਾਲ਼, 800 ਲੋਕਾਂ ਦੀ ਮੌਤ, ਗਿਣਤੀ ਹੋਰ ਵਧਣ ਦਾ ਖਦਸ਼ਾ

ਹਜ਼ਾਰਾਂ ਘਰ, ਸਕੂਲ, ਹਸਪਤਾਲ ਤੇ ਹੋਰ ਕਾਰੋਬਾਰੀ ਇਮਾਰਤਾਂ ਤਬਾਹ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 15 ਅਗਸਤ: ‘ਹੈਤੀ’ ਦੇਸ਼ ਵਿਚ ਆਏ ਭਿਆਨਕ ਭੁਚਾਲ (haiti earthquake) ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਅਮਰੀਕਾ ਦੇ ਚੜ੍ਹਦੇ ਪਾਸੇ ਕਿਊਬਾ ਅਤੇ ਜਮਾਇਕਾ ਦੇ ਨੇੜੇ ਸਮੁੰਦਰ ਵਿਚ ਸਥਿਤ ਛੋਟੇ ਜਿਹੇ ਟਾਪੂ ਨੁਮਾ ਹੈਤੀ ਦੇਸ਼ (Haiti) ਦੇ ਸਰਕਾਰੀ ਅਧਿਕਾਰੀਆਂ ਵੱਲੋਂ 800 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਅਤੇ ਹਜ਼ਾਰਾਂ ਘਰ, ਸਕੂਲ, ਹਸਪਤਾਲ ਤੇ ਹੋਰ ਕਾਰੋਬਾਰੀ ਇਮਾਰਤਾਂ ਤਬਾਹ ਹੋ ਗਈਆਂ ਹਨ। ਰਿਕਟਰ ਪੈਮਾਨੇ ’ਤੇ 7.2 ਤੀਬਰਤਾ ਨਾਲ਼ ਮਾਪੇ ਗਏ ਇਸ ਭੁਚਾਲ ਦਾ ਕੇਂਦਰ ਬਿੰਦੂ ਹੈਤੀ ਦੀ ਰਾਜਧਾਨੀ ਪੋਰਟ ਓਯੂ ਪ੍ਰਿੰਸ (port-au-prince) ਤੋਂ 125 ਕਿਲੋਮੀਟਰ ਪੱਛਮ ਵੱਲ ਸਥਿਤ ਸਮੁੰਦਰੀ ਕੰਢੇ ਦੇ ਬਿਲਕੁਲ ਨੇੜੇ ਧਰਤੀ ਦੀ 10 ਕਿਲੋਮੀਟਰ ਡੂੰਘਾਈ ਵਿਚ ਸੀ।

ਗੂੜ੍ਹੇ ਲਾਲ ਘੇਰੇ ‘ਚ ਪੀਲ਼ੇ ਰੰਗ ਨਾਲ਼ ਵਿਖਾਇਆ ਥਾਂ ਭੁਚਾਲ਼ ਦਾ ਕੇਂਦਰ ਬਿੰਦੂ ਸੀ

ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਪੂਰੇ ਦੇਸ਼ ਵਿਚ ਇੱਕ ਮਹੀਨੇ ਦੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਅੰਤਰਰਾਸ਼ਟਰੀ ਸਹਾਇਤਾ ਉਦੋਂ ਮੰਗਣਗੇ ਜਦੋਂ ਨੁਕਸਾਨ ਦਾ ਸਹੀ ਪਤਾ ਲੱਗ ਜਾਵੇਗਾ। ਭੁਚਾਲ਼ ਦੇ ਕੇਂਦਰ ਬਿੰਦੂ (epicenter) ਤੋਂ ਸਿਰਫ਼ 7-8 ਕਿਲੋਮੀਟਰ ਦੂਰ ਸਮੁੰਦਰੀ ਕੰਢੇ ਉਤੇ ਵਸਿਆ ਛੋਟਾ ਜਿਹਾ ਕਸਬਾ ਸੈਂਟ ਲੂਈਸ (Saint Luis) ਇਸ ਭੁਚਾਲ਼ ਨਾਲ਼ ਬੁਰੀ ਤਰਾਂ ਤਹਿਸ ਨਹਿਸ ਹੋ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਮੌਤਾਂ ਦੀ ਗਿਣਤੀ ਕਈ ਗੁਣਾ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਹੈ ਕਿਉਂਕਿ ਹਾਲੇ ਹਜ਼ਾਰਾਂ ਦੀ ਗਿਣਤੀ ਵਿਚ ਢਹਿ ਢੇਰੀ ਹੋਈਆਂ ਇਮਾਰਤਾਂ ਹੇਠੋਂ ਮਰਨ ਵਾਲ਼ਿਆਂ ਜਾਂ ਜ਼ਖਮੀਆਂ ਦੀ ਕੱਢਣ ਲਈ ਕਈ ਦਿਨ ਦਾ ਸਮਾਂ ਲੱਗੇਗਾ। ਭੁਚਾਲ ਦਾ ਕੇਂਦਰ ਬਿੰਦੂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ਵਿਚ ਹੋਣ ਕਾਰਨ ਵੀ ਨੁਕਸਾਨ ਵੱਧ ਹੋਇਆ ਹੈ।

ਭੁਚਾਲ਼ ਕਾਰਨ ਤਹਿਸ ਨਹਿਸ ਹੋਈਆਂ ਇਮਾਰਤਾਂ ਦਾ ਮਲ਼ਬਾ

2010 ‘ਚ ਆਏ ਭਿਆਨਕ ਭੁਚਾਲ ਨਾਲ਼ ਮਾਰੇ ਗਏ ਸੀ 3 ਲੱਖ ਦੇ ਕਰੀਬ ਲੋਕ

ਦੱਸਣਯੋਗ ਹੈ ਕਿ 12 ਜਨਵਰੀ 2010 ਨੂੰ ਵੀ ਹੈਤੀ ਦੇਸ਼ ਵਿਚ ਮੌਜੂਦਾ ਭੁਚਾਲ ਦੇ ਕੇਂਦਰ ਬਿੰਦੂ ਤੋਂ 75 ਕਿਲੋਮੀਟਰ ਚੜ੍ਹਦੇ ਪਾਸੇ ਵੱਲ 7 ਤੀਬਰਤਾ ਦਾ ਭੁਚਾਲ ਆਇਆ ਸੀ। ਉਸ ਭੁਚਾਲ (2010 haiti eartquake) ਕਾਰਨ 3 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ। ਇਕ ਦਹਾਕਾ ਪਹਿਲਾਂ ਆਏ ਉਸ ਭਿਆਨਕ ਭੁਚਾਲ਼ ਦੇ ਕੇਂਦਰ ਬਿੰਦੂ ਤੋਂ 50 ਕੁ ਕਿਲੋਮੀਟਰ ਦੂਰ ਚੜ੍ਹਦੇ ਪਾਸੇ ਸਥਿਤ ਹੈਤੀ ਦੀ ਰਾਜਧਾਨੀ ਪੋਰਟ ਓਯੂ ਪ੍ਰਿੰਸ ਵਿਚ ਵੀ ਵੱਡੀ ਤਬਾਹੀ ਹੋਈ ਸੀ। ਹਾਲਾਂਕਿ ਇਸ ਵਾਰ ਭੁਚਾਲ਼ ਦਾ ਕੇਂਦਰ ਬਿੰਦੂ ਰਾਜਧਾਨੀ ਤੋਂ 125 ਕਿਲੋਮੀਟਰ ਦੂਰ ਹੋਣ ਕਾਰਨ ਬਹੁਤਾ ਨੁਕਸਾਨ ਨਹੀਂ ਹੋਇਆ। ਪਰ ਇਹ ਰਾਜਧਾਨੀ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਭੁਚਾਲਾਂ ਨਾਲ਼ ਤਹਿਸ ਨਹਿਸ ਹੋ ਚੁੱਕੀ ਹੈ ਜਿਸ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਹੈਨਰੀ ਨੇ ਮੀਡੀਆ ਨੂੰ ਦੱਸਿਆ ਕਿ ਉਹ 2010 ਦੇ ਭਿਆਨਕ ਭੂਚਾਲ ਦੀ ਤਬਾਹੀ ਤੋਂ ਬਾਅਦ ਪੈਦਾ ਹੋਏ ਭੰਬਲਭੂਸੇ ਵਰਗੇ ਹਾਲਾਤ ਤੋਂ ਬਚਣ ਲਈ ਉਹ ਅਧਿਕਾਰੀਆਂ ਵਿਚਾਲ਼ੇ ਤਾਲਮੇਲ ਯਕੀਨੀ ਬਣਾਉਣਾ ਚਾਹੁੰਦਾ ਹੈ। ਦੱਸਣਯੋਗ ਹੈ ਕਿ 2010 ਦੇ ਜਾਨਲੇਵਾ ਭੁਚਾਲ਼ ਕਾਰਨ ਵੱਡੀ ਪੱਧਰ ’ਤੇ ਹੋਈ ਤਬਾਹੀ ਦੌਰਾਨ ਸਰਕਾਰੀ ਸਹਾਇਤਾ ਲੋਕਾਂ ਤੱਕ ਪਹੁੰਚਣ ਵਿੱਚ ਵੱਡੀ ਦਿੱਕਤ ਆਈ ਸੀ, ਜਿਸ ਕਾਰਨ ਹਜ਼ਾਰਾਂ ਅਜਿਹੇ ਜ਼ਖਮੀ ਮੌਤ ਦੇ ਮੂੰਹ ਜਾ ਪਏ ਸਨ, ਜਿਨ੍ਹਾਂ ਨੂੰ ਸਮੇਂ ਸਿਰ ਸਹਾਇਤਾ ਮਿਲਣ ’ਤੇ ਬਚਾਇਆ ਜਾ ਸਕਦਾ ਸੀ।

Haiti ਵਿਚ ਭਿਆਨਕ ਭੁਚਾਲ ਕਿਉਂ ਆਉਂਦੇ ਹਨ:

ਅਮਰੀਕਾ ਦੇ ਭੌਂ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਖਿੱਤੇ ਵਿਚ ਇਹ ਭੁਚਾਲ਼ ‘ਐਨਰਿਕੁਇਲੋ-ਪਲੈਨਟੇਨ ਗਾਰਡਨ ਫਾਲਟ ਜ਼ੋਨ’ (Enriquillo-Plantain Garden fault zone) ਅਤੇ ਕੈਰੇਬੀਅਨ ਤੇ ਉੱਤਰੀ ਅਮਰੀਕਾ ਦੀਆਂ ਪਲੇਟਾਂ (Caribbean and North America plates) ਵਿਚਾਲ਼ੇ ਹੁੰਦੀ ਕੁਦਰਤੀ ਹਿਲਜੁਲ ਕਾਰਨ ਆਉਂਦੇ ਹਨ। ਵਿਗਿਆਨੀਆਂ ਮੁਤਾਬਕ ਐਨਰਿਕੁਇਲੋ-ਪਲੈਨਟੇਨ ਗਾਰਡਨ ਫਾਲਟ ਜ਼ੋਨ ਦੀਆਂ ਭੁਚਾਲ਼ੀ ਪਲੇਟਾਂ 7 ਮਿਲੀਮੀਟਰ ਜਦਕਿ ਕੈਰੇਬੀਅਨ ਅਤੇ ਉੱਤਰੀ ਅਮਰੀਕਾ ਦੀਆਂ ਪਲੇਟਾਂ 20 ਮਿਲੀਮੀਟਰ ਸਾਲਾਨਾ ਦੀ ਦਰ ਨਾਲ਼ ਖਿਸਕ ਰਹੀਆਂ ਹਨ। ਇਨ੍ਹਾਂ ਪਲੇਟਾਂ ਦੀ ਇਹ ਵੱਡੀ ਹਿਲਜੁਲ ਹੀ ਭਿਆਨਕ ਭੁਚਾਲਾਂ ਨੂੰ ਜਨਮ ਦਿੰਦੀ ਹੈ। ਇਹ ਵੀ ਦੱਸ ਦਈਏ ਕਿ ਭੂ-ਵਿਗਿਆਨੀਆਂ ਮੁਤਾਬਕ ਭਾਰਤ ਅਤੇ ਚੀਨ ਦੀ ਸਰਹੱਦ ਬਣੀ ਹਿਮਾਲੀਆ ਪਹਾੜਾਂ ਦੀ ਵਿਸ਼ਾਲ ਲੜੀ ਵੀ ਏਦਾਂ ਹੀ ਧਰਤੀ ਦੇ ਦੋ ਵਿਸ਼ਾਲ ਟੁਕੜਿਆਂ ਦੇ ਟਕਰਾਉਣ ਤੋਂ ਬਾਅਦ ਹੋਂਦ ਵਿਚ ਆਈ ਸੀ। ਹਾਲੇ ਵੀ ਇਨ੍ਹਾਂ ਦੋਵਾਂ ਟੁਕੜਿਆਂ ਦਾ ਟਕਰਾਅ ਜਾਰੀ ਹੈ ਤੇ ਇਸੇ ਕਾਰਨ ਭਾਰਤ ਦੇ ਕਈ ਸੂਬਿਆਂ ਤੋਂ ਇਲਾਵਾ, ਨੇਪਾਲ, ਤਿੱਬਤ ਅਤੇ ਚੀਨ ਵਿਚ ਵੀ ਅਕਸਰ ਏਦਾਂ ਦੇ ਭੁਚਾਲ਼ ਆਉਂਦੇ ਰਹਿੰਦੇ ਹਨ। ਭੁਚਾਲ ਪੈਦਾ ਕਰਨ ਵਾਲ਼ੀਆਂ ਇਹ ਪਲੇਟਾਂ ਧਰਤੀ ਦੀ ਸਤ੍ਹਾ ਦੇ ਹੇਠਾਂ ਸਿਰਫ਼ 2 ਕਿਲੋਮੀਟਰ ਡੂੰਘਾਈ ਤੋਂ ਲੈ ਕੇ 300 ਕਿਲੋਮੀਟਰ ਡੂੰਘਾਈ ਤੱਕ ਮੌਜੂਦ ਹਨ। ਪਰ ਪਿਛਲੇ ਇਕ ਦਹਾਕੇ ਦੌਰਾਨ 10 ਕਿਲੋਮੀਟਰ ਡੂੰਘਾਈ ਵਾਲ਼ੀਆਂ ਪਲੇਟਾਂ ਦੁਨੀਆਂ ਭਰ ਵਿਚ ਸਭ ਤੋਂ ਵੱਧ ਸਰਗਰਮ ਹਨ। ਇਸ ਦਾ ਅੰਦਾਜਾ ਇਸ ਗੱਲ ਤੋਂ ਸਹਿਜੇ ਲਾਇਆ ਜਾ ਸਕਦਾ ਹੈ ਕਿ ਹੈਤੀ ਵਿਚ ਆਏ ਇਸ ਭੁਚਾਲ (haiti earthquake) ਦੇ ਨਾਲ਼ ਹੀ ਬੀਤੇ 24 ਘੰਟਿਆਂ ਦੌਰਾਨ ਤਾਜਿਕਸਤਾਨ, ਸਾਊਥ ਸੈਂਡਵਿਚ ਟਾਪੂ, ਪੋਰਟੋ ਰੀਕੋ ਸਮੇਤ ਦੁਨੀਆਂ ਭਰ ਵਿਚ ਅੱਧੀ ਦਰਜ਼ਨ ਥਾਵਾਂ ਉਤੇ 10 ਕਿਲੋਮੀਟਰ ਦੀ ਡੂੰਘਾਈ ਵਾਲ਼ੀਆਂ ਪਲੇਟਾਂ ਦੀ ਹਿਲਜੁਲ ਕਾਰਨ ਹਲਕੇ ਤੋਂ ਦਰਮਿਆਨੇ ਭੁਚਾਲ਼ ਦੇ ਝਟਕੇ ਆਏ ਹਨ।

ਲਾਲ ਰੰਗ ਦੀਆਂ ਲਕੀਰਾਂ ਉਹ ਖੇਤਰ (Seismic Zone) ਹਨ ਜਿਥੇ ਅਕਸਰ ਭੁਚਾਲ ਆਉਂਦੇ ਰਹਿੰਦੇ ਹਨ।

300 ਸਾਲਾਂ ਦੌਰਾਨ ਭਿਆਨਕ ਭੂਚਾਲਾਂ ਕਾਰਨ 3 ਵਾਰ ਤਹਿਸ ਨਹਿਸ ਹੋ ਚੁੱਕੀ ਹੈ, ਹੈਤੀ ਦੀ ਰਾਜਧਾਨੀ Port-au-Prince

ਪਿਛਲੇ 300 ਸਾਲਾਂ ਦੌਰਾਨ ਹੈਤੀ ‘ਚ ਆਏ ਭਿਆਨਕ ਭੂਚਾਲਾਂ (haiti earthquake) ਕਾਰਨ ਹੈਤੀ ਦੇਸ਼ ਦੀ ਰਾਜਧਾਨੀ port-au-prince ਤਿੰਨ ਵਾਰ ਤਹਿਸ ਨਹਿਸ ਹੋ ਚੁੱਕੀ ਹੈ। ਦਰਜ ਰਿਕਾਰਡ ਮੁਤਾਬਕ ਹੈਤੀ ਵਿਖੇ ਇਸ ਤੋਂ ਪਹਿਲਾਂ 18 ਅਕਤੂਬਰ 1751 ਅਤੇ 21 ਨਵੰਬਰ 1751 ਨੂੰ ਸਿਰਫ਼ ਇਕ ਮਹੀਨੇ ਦੇ ਵਕਫ਼ੇ ਅੰਦਰ ਹੀ ਹੋ ਭਿਆਨਕ ਭੁਚਾਲ਼ ਆਏ ਸਨ ਜਿਨ੍ਹਾਂ ਨਾਲ਼ ਰਾਜਧਾਨੀ ਪੋਰਟ-ਓਯੂ-ਪ੍ਰਿੰਸ ਬੁਰੀ ਤਰਾਂ ਤਹਿਸ ਨਹਿਸ ਹੋ ਗਈ ਸੀ। ਹਾਲਾਂਕਿ ਇਨ੍ਹਾਂ ਭੁਚਾਲ਼ਾਂ ਵਿਚ ਮਰਨ ਵਾਲ਼ੇ ਲੋਕਾਂ ਬਾਰੇ ਕੋਈ ਅੰਕੜੇ ਮੌਜੂਦ ਨਹੀਂ ਹਨ। ਇਸ ਤੋਂ 19 ਸਾਲਾਂ ਬਾਅਦ ਹੀ 3 ਜੂਨ 1770 ਨੂੰ ਮੁੜ ਇਸੇ ਇਲਾਕੇ ਵਿਚ ਭਿਆਨਕ ਭੁਚਾਲ਼ ਨੇ ਦਸਤਕ ਦਿੱਤੀ ਅਤੇ ਰਾਜਧਾਨੀ ਪੋਰਟ-ਓਯੂ-ਪ੍ਰਿੰਸ (port-au-prince) ਵਿਚ ਮੁੜ ਵੱਡੀ ਤਬਾਹੀ ਮਚਾ ਦਿੱਤੀ। 20 ਸਾਲਾਂ ਵਿਚ ਆਏ ਇਨ੍ਹਾਂ ਤਿੰਨ ਭੁਚਾਲ਼ਾਂ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਲੋਕਾਂ ਨੂੰ ਕੰਕਰੀਟ ਦੀ ਬਜਾਏ ਲੱਕੜੀ ਦੇ ਘਰ ਬਣਾਉਣ ਦੀ ਅਪੀਲ ਕੀਤੀ। ਪਰ ਇਸ ਤੋਂ ਬਾਅਦ 90 ਸਾਲ ਦੇ ਕਰੀਬ ਧਰਤੀ ਲਗਪਗ ਸ਼ਾਂਤ ਰਹੀ। ਪਰ ਇਹ ਸ਼ਾਂਤੀ ਸਥਾਈ ਨਹੀਂ ਸੀ ਅਤੇ 8 ਅਪ੍ਰੈਲ 1860 ਨੂੰ ਮੁੜ ਭਿਆਨਕ ਭੁਚਾਲ਼ ਨੇ ਧਰਤੀ ਨੂੰ ਬੁਰੀ ਤਰਾਂ ਹਿਲਾ ਦਿੱਤਾ। ਇਸ ਭੁਚਾਲ਼ ਨਾਲ਼ ਸਮੁੰਦਰ ਵਿਚ ਵੱਡੀ ਸੁਨਾਮੀ ਲਹਿਰਾਂ ਵੀ ਪੈਦਾ ਹੋਈਆਂ ਜਿਸ ਕਾਰਨ ਧਰਤੀ ’ਤੇ ਵਸੇ ਸ਼ਹਿਰਾਂ ਕਸਬਿਆਂ ਦੇ ਨਾਲ਼ ਨਾਲ਼ ਸਮੁੰਦਰ ਵਿਚ ਮੱਛੀਆਂ ਫੜਨ ਅਤੇ ਢੋਅ-ਢੁਆਈ ਦਾ ਕੰਮ ਕਰਦੇ ਮਛੇਰਿਆਂ ਤੇ ਮਲਾਹਾਂ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ।

ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਸਹਾਇਤਾ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਹੈਤੀ ਦੀ ਮੱਦਦ ਲਈ ਅਮਰੀਕਾ ਵੱਲੋਂ ਭੇਜੀ ਜਾਣ ਵਾਲ਼ੀ ਹਰ ਕਿਸਮ ਦੀ ਸਹਾਇਤਾ ਦੀ ਨਿਗਰਾਨੀ ਲਈ ਇਕ ਉਚ ਪੱਧਰੀ ਹੁਕਮ ਜਾਰੀ ਕਰਦਿਆਂ ਸਾਮੰਥਾ ਪਾਵਰ ਨੂੰ ਤੁਰੰਤ ਕਾਰਵਾਈ ਦਾ ਅਧਿਕਾਰ ਦੇ ਦਿੱਤਾ ਹੈ। ਇਸ ਦੇ ਤੁਰੰਤ ਬਾਅਦ ਸਾਮੰਥਾ ਪਾਵਰ ਨੇ ਐਲਾਨ ਕੀਤਾ ਕਿ ਅਮਰੀਕਾ ਵੱਲੋਂ ਹੈਤੀ ਦੀ ਸਰਕਾਰ ਦੀ ਬੇਨਤੀ ‘ਤੇ ਇੱਕ ਵਿਸ਼ੇਸ਼ ਖੋਜ ਅਤੇ ਬਚਾਅ ਟੀਮ ਭੇਜ ਰਹੀ ਹੈ। ਇਸ 65 ਮੈਂਬਰੀ ਆਫ਼ਤ ਪ੍ਰਬੰਧਨ ਟੀਮ ਕੋਲ਼ ਵਿਸ਼ੇਸ਼ ਕਿਸਮ ਦਾ ਸਾਜੋ ਸਾਮਾਨ ਅਤੇ ਹੰਗਾਮੀ ਹਾਲਤ ਵਿਚ ਕਿਸੇ ਜ਼ਖਮੀ ਨੂੰ ਡਾਕਟਰੀ ਸਹਾਇਤਾ ਦੇ ਢੁਕਵੇਂ ਪ੍ਰਬੰਧ ਹੋਣਗੇ।

ਇਸ ਤੋਂ ਇਲਾਵਾ ਕੈਨੇਡਾ, ਇੰਗਲੈਂਡ, ਯੂਰਪੀਨ ਯੂਨੀਅਨ, ਆਸਟ੍ਰੇਲੀਆ ਦੀਆਂ ਸਰਕਾਰਾਂ, ਯੂਨੀਸੈਫ ਅਤੇ ਕੁੱਝ ਹੋਰ ਕੌਮਾਂਤਰੀ ਸੰਸਥਾਵਾਂ ਵੱਲੋਂ ਵੀ haiti earthquake ਪੀੜਤਾਂ ਲਈ ਮੱਦਦ ਦੇਣ ਦਾ ਐਲਾਨ ਕੀਤਾ ਗਿਆ ਹੈ।

Be the first to comment

Leave a Reply

Your email address will not be published.


*