Canada Election 2021: ਕੀ ਜਸਟਿਨ ਟਰੂਡੋ (Justin Trudeau) ਲਾ ਸਕਣਗੇ ਹੈਟ੍ਰਿਕ ?

ਮੂਲ ਨਿਵਾਸੀਆਂ ਦੇ ਮੁਕਾਬਲੇ ਪ੍ਰਵਾਸੀ ਪੰਜਾਬੀਆਂ ਦੀ ਦਿਲਚਸਪੀ ਵਧੇਰੇ

Contents hide
2. Canada Election 2021 ‘ਚ ਪੰਜਾਬੀ ਦਾ ਮੁਕਾਬਲਾ ਪੰਜਾਬੀ ਆਗੂ ਨਾਲ ਹੀ:

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 12 ਸਤੰਬਰ: Canadian Prime Minister ਜਸਟਿਨ ਟਰੂਡੋ (Justin Trudeau) ਵੱਲੋਂ ਸਮੇਂ ਤੋਂ ਪਹਿਲਾਂ ਹੀ ਆਪਣੀ ਸਰਕਾਰ ਭੰਗ ਕਰਕੇ ਕਰਵਾਈਆਂ ਜਾ ਰਹੀਆਂ ਕੈਨੇਡਾ ਪਾਰਲੀਮੈਂਟ ਚੋਣਾਂ ( federal election Canada 2021) ਵਾਸਤੇ ਸਿਆਸੀ ਸਰਗਰਮੀਆਂ ਇਸ ਵੇਲੇ ਸਿਖਰ ‘ਤੇ ਹਨ। ਕੈਨੇਡਾ ਦੀ ਫੈਡਰਲ ਸਰਕਾਰ (Federal Govt) ਬਣਾਉਣ ਵਾਸਤੇ ਕੁੱਲ 338 ਐਮ ਪੀ (Member Parliament) ਦੀਆਂ ਸੀਟਾਂ ਲਈ 20 ਸਤੰਬਰ ਨੂੰ ਹੋ ਰਹੀਆਂ ਇਨ੍ਹਾਂ ਮੱਧਕਾਲੀ ਚੋਣਾਂ ਵਾਸਤੇ ਕੈਨੇਡਾ ਦੇ 2 ਕਰੋੜ 75 ਲੱਖ 97 ਹਜ਼ਾਰ 148 ਵੋਟਰ ਵੋਟ ਸੂਚੀ ਵਿਚ ਦਰਜ ਹਨ। ਕੈਨੇਡਾ ਦੀ ਰਵਾਇਤ ਮੁਤਾਬਕ 10 ਸਤੰਬਰ ਤੋਂ ਸ਼ੁਰੂ ਹੋਈ ਐਡਵਾਂਸ ਪੋਲਿੰਗ (ਆਖਰੀ ਤਾਰੀਖ ਤੋਂ ਪਹਿਲਾਂ ਵੋਟ ਪਾਉਣ) ਦਾ ਸਿਲਸਿਲਾ 13 ਸਤੰਬਰ ਸ਼ਾਮ ਤੱਕ ਜਾਰੀ ਰਹੇਗਾ। ਕੈਨੇਡਾ ਦੇ ਮੂਲ ਨਿਵਾਸੀਆਂ ਦੇ ਮੁਕਾਬਲੇ ਇਨ੍ਹਾਂ ਚੋਣਾਂ ਵਿਚ ਪ੍ਰਵਾਸੀ ਪੰਜਾਬੀਆਂ (NRIs) ਦੀ ਦਿਲਚਸਪੀ ਵਧੇਰੇ ਨਜ਼ਰ ਆ ਰਹੀ ਹੈ। ਇਸ ਗੱਲ ਦਾ ਅੰਦਾਜਾ ਇਥੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਐਤਕੀਂ 21 ਔਰਤਾਂ ਸਮੇਤ ਕੁੱਲ 70 ਪੰਜਾਬੀ ਉਮੀਦਵਾਰ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਨਿੱਤਰੇ ਹਨ।

Canada Election 2021 ‘ਚ ਪੰਜਾਬੀ ਦਾ ਮੁਕਾਬਲਾ ਪੰਜਾਬੀ ਆਗੂ ਨਾਲ ਹੀ:

ਪਿਛਲੇ ਕਰੀਬ ਡੇਢ ਦਹਾਕੇ ਤੋਂ ਜਿਆਦਾ ਪੰਜਾਬੀ ਵਸੋਂ ਵਾਲੇ ਬਹੁਤੇ ਹਲਕਿਆਂ ਵਿਚ ਵੱਖੋ ਵੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬੀ ਉਮੀਦਵਾਰ ਦਾ ਮੁਕਾਬਲਾ ਦੂਜੇ ਪੰਜਾਬੀ ਉਮੀਦਵਾਰ ਨਾਲ ਹੀ ਹੋ ਰਿਹਾ ਹੈ। ਐਤਕੀਂ ਵੀ ਬਰੈਂਪਟਨ ਪੂਰਬੀ ਤੋਂ ਤਿੰਨ ਪੰਜਾਬੀ ਚੋਣ ਮੈਦਾਨ ਵਿਚ ਹਨ, ਇਨ੍ਹਾਂ ਵਿਚੋਂ ਲਿਬਰਲ ਪਾਰਟੀ (Liberal Party of Canada) ਵੱਲੋਂ ਮਨਿੰਦਰ ਸੰਧੂ, ਕੰਜਰਵੇਟਿਵ ਪਾਰਟੀ (Conservative Party) ਵੱਲੋਂ ਨਵਲ ਬਜਾਜ ਅਤੇ ਪੀਪਲਜ਼ ਪਾਰਟੀ ਵੱਲੋਂ ਮਨਜੀਤ ਸਿੰਘ ਸ਼ਾਮਿਲ ਹਨ। ਦਿਲਚਸਪ ਤੱਥ ਇਹ ਹੈ ਕਿ ਦੁਮਾਲੇ ਵਾਲੇ ਚਰਚਿਤ ਸਿੱਖ ਆਗੂ ਜਗਮੀਤ ਸਿੰਘ (Jagmeet Singh) ਦੀ ਅਗਵਾਈ ਹੇਠਲੀ ਨਿਊ ਡੈਮੋਕ੍ਰੇਟਿਕ ਪਾਰਟੀ (NDP Canada) ਨੇ ਉਕਤ ਤਿੰਨ ਪੰਜਾਬੀਆਂ ਦੇ ਮੁਕਾਬਲੇ ਇਸ ਸੀਟ ਤੋਂ ਅਫਰੀਕੀ ਮੂਲ ਦੀ ਅਧਿਆਪਕ ਆਗੂ ਬੈਨਿਸਟਰ ਕਲਾਰਕ ਗੇਲ (Bannister Clark Gail) ਨੂੰ ਟਿਕਟ ਦਿੱਤੀ ਹੈ। ਇਸੇ ਤਰਾਂ ਬਰੈਂਪਟਨ ਉਤਰੀ ਤੋਂ ਲਿਬਰਲ ਪਾਰਟੀ ਵੱਲੋਂ ਰੂਬੀ ਸਹੋਤਾ ਦੇ ਮੁਕਾਬਲੇ ਕੰਜਰਵੇਟਿਵ ਵੱਲੋਂ ਮਿਧਾ ਜੋਸ਼ੀ ਜਦਕਿ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਯੇਹ ਟੈਰੇਸਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਬਰੈਂਪਟਨ ਦੱਖਣੀ ਤੋਂ ਲਿਬਰਲ ਵੱਲੋਂ ਸੋਨੀਆ ਸਿੱਧੂ, ਕੰਜਰਵੇਟਿਵ ਵੱਲੋਂ ਰਮਨਦੀਪ ਬਰਾੜ, ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਤੇਜਿੰਦਰ ਸਿੰਘ ਅਤੇ ਪੀਪਲਜ ਪਾਰਟੀ ਵੱਲੋਂ ਕ੍ਰੈਨੌਇਟਸ ਨਿਕੋਲਸ ਚੋਣ ਮੈਦਾਨ ਵਿਚ ਹਨ। ਬਰੈਂਪਟਨ ਕੇਂਦਰੀ ਹਲਕੇ ਵਿਚ ਲਿਬਰਲ ਪਾਰਟੀ ਨੇ ਅਲੀ ਸ਼ਫਕਤ, ਨਿਊ ਡੈਮੋਕ੍ਰੇਟਿਕ ਪਾਰਟੀ ਨੇ ਮੈਕਡਾਵਲ ਜਿਮ ਜਦਕਿ ਕੰਜਰਵੇਟਿਵ ਪਾਰਟੀ ਨੇ ਜਗਦੀਪ ਸਿੰਘ ਨੂੰ ਟਿਕਟ ਦਿੱਤੀ ਹੈ। ਬਰੈਂਪਟਨ ਪੱਛਮੀ ਹਲਕੇ ਤੋਂ ਲਿਬਰਲ ਪਾਰਟੀ ਦੇ ਕਮਲ ਖੇੜਾ ਦਾ ਮੁਕਾਬਲਾ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਗੁਰਪ੍ਰੀਤ ਸਿੰਘ ਗਿੱਲ ਨਾਲ ਹੈ ਜਦਕਿ ਇਥੋਂ ਕੰਜਰਵੇਟਿਵ ਪਾਰਟੀ ਨੇ ਜ਼ਰਮੇਨ ਚੈਂਬਰਜ ਨੂੰ ਮੈਦਾਨ ਵਿਚ ਉਤਾਰਿਆ ਹੈ। ਕੈਲਗਰੀ ਸਕਾਈਵਿਊ ਅਜਿਹਾ ਹਲਕਾ ਹੈ ਜਿਥੇ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬੀ ਆਗੂ ਹੀ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ ਕੰਜਰਵੇਟਿਵ ਪਾਰਟੀ ਵੱਲੋਂ ਐਡਵੋਕੇਟ ਜਗਦੀਪ ਕੌਰ ਜੈਗ, ਲਿਬਰਲ ਪਾਰਟੀ ਵੱਲੋਂ ਜਾਰਜ ਚਾਹਲ, ਐਨ ਡੀ ਪੀ ਵੱਲੋਂ ਗੁਰਿੰਦਰ ਸਿੰਘ ਗਿੱਲ ਜਦਕਿ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਹੈਰੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਫਲੀਟਵੁੱਡ ਪੋਰਟਕੈਲਜ ਹਲਕੇ ਤੋਂ ਵੀ ਤਿੰਨ ਪੰਜਾਬੀ ਆਗੂ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ ਐਨ ਡੀ ਪੀ ਵੱਲੋਂ ਰਾਜਪ੍ਰੀਤ ਕੌਰ ਰਾਜੀ ਤੂਰ ਪਹਿਲੀ ਵਾਰ ਚੋਣ ਲੜ ਰਹੀ ਹੈ। ਇਸੇ ਹਲਕੇ ਤੋਂ ਸਾਬਕਾ ਵਿਧਾਇਕ ਦੇਵ ਹੇਅਰ ਕੰਜਰਵੇਟਿਵ ਪਾਰਟੀ ਜਦਕਿ ਅੰਮ੍ਰਿਤ ਬੜਿੰਗ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਉਮੀਦਵਾਰ ਹਨ। ਇਸ ਤੋਂ ਇਲਾਵਾ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆਂ ਸੂਬਿਆਂ ਵਿਚ ਕਈ ਹੋਰ ਸੀਟਾਂ ਉਤੇ ਵੀ ਪੰਜਾਬੀ ਆਗੂ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ ਟਿਮ ਉਪਲ ਅਤੇ ਸੁਖ ਧਾਲੀਵਾਲ ਦੋ ਬੇਹੱਦ ਚਰਚਿਤ ਆਗੂ ਹਨ ਜਿਹੜੇ ਪਹਿਲਾਂ ਵੀ ਐਮ ਪੀ/ਮੰਤਰੀ ਰਹਿ ਚੁੱਕੇ ਹਨ।

ਵੱਡੀ ਗਿਣਤੀ ਪੰਜਾਬੀ ਔਰਤਾਂ ਵੀ Canada Election 2021 ਦੇ ਮੈਦਾਨ ਵਿਚ:

ਵਿਲੱਖਣ ਗੱਲ ਇਹ ਵੀ ਹੈ ਕਿ ਐਤਕੀਂ 21 ਪੰਜਾਬੀ ਔਰਤਾਂ ਵੀ ਚੋਣ ਮੈਦਾਨ ਹਨ, ਜਿਨ੍ਹਾਂ ਵਿਚੋਂ ਕੁੱਝ ਦਾ ਜਿੱਤ ਕੇ ਪਾਰਲੀਮੈਂਟ ਵਿਚ ਪਹੁੰਚਣਾ ਵੀ ਯਕੀਨੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਔਰਤ ਉਮੀਦਵਾਰਾਂ ਵਿਚੋਂ ਕੁੱਝ ਚਰਚਿਤ ਨਾਂਅ ਰੂਬੀ ਸਹੋਤਾ, ਅਨੀਤਾ ਅਨੰਦ, ਅੰਜੂ ਢਿੱਲੋਂ ਅਤੇ ਸੋਨੀਆ ਸਿੱਧੂ ਹਨ। ਰੂਬੀ ਸਹੋਤਾ 2015 ਤੋਂ ਬਰੈਂਪਟਨ ਉਤਰੀ ਹਲਕੇ ਤੋਂ ਲਿਬਰਲ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਹੈ। 2019 ਵਿਚ ਦੂਜੀ ਵਾਰ ਜਿੱਤਣ ਤੋਂ ਬਾਅਦ ਰੂਬੀ ਸਹੋਤਾ ਨੂੰ ਓਨਟਾਰੀਓ  ਦੇ ਲਿਬਰਲ ਪਾਰਲੀਮੈਂਟ ਮੈਂਬਰਾਂ ਦਾ ਆਗੂ ਚੁਣਿਆ ਗਿਆ ਸੀ ਤੇ ਇਸ ਤੋਂ ਇਲਾਵਾ ਉਹ ਜਸਟਿਨ ਟਰੂਡੋ ਸਰਕਾਰ ਵੱਲੋਂ ਬਣਾਈਆਂ ਦੋ ਮਹੱਤਵਪੂਰਨ ਕਮੇਟੀਆਂ ਦੀ ਮੈਂਬਰ ਵੀ ਰਹੀ ਹੈ। ਓਕਵਿਲ ਹਲਕੇ ਤੋਂ ਲਿਬਰਲ ਉਮੀਦਵਾਰ ਅਨੀਤਾ ਅਨੰਦ ਟਰੂਡੋ ਸਰਕਾਰ ਵਿਚ ਕੈਬਨਿਟ ਮੰਤਰੀ ਰਹੀ ਹੈ ਜਦਕਿ ਕੈਨੇਡਾ ਤੋਂ ਵੱਖ ਹੋਣ ਲਈ ਜੋਰ ਅਜਮਾਈ ਕਰ ਰਹੇ ਸੂਬੇ ਕਿਊਬਕ ਵਿਚੋਂ 2019 ਵਿਚ ਪਹਿਲੀ ਪੰਜਾਬਣ ਸੰਸਦ ਮੈਂਬਰ ਬਣੀ ਅੰਜੂ ਢਿੱਲੋਂ ਲਾਚੀਨ-ਲਾਸਾਲ ਹਲਕੇ ਤੋਂ ਦੁਬਾਰਾ ਚੋਣ ਮੈਦਾਨ ਵਿਚ ਹੈ।

Canada Election 2021: ਸਭ ਤੋਂ ਵੱਧ ਉਮੀਦਵਾਰ ਸੈਂਟ ਬੌਨੀਫੈਸ ਸੀਟ ‘ਤੇ:

ਕੈਨੇਡਾ ਦੇ ਚੋਣ ਕਮਿਸ਼ਨ ਕੋਲ ਕੁੱਲ 22 ਸਿਆਸੀ ਪਾਰਟੀਆਂ ਰਜਿਸਟਰਡ ਹਨ, ਪਰ ਬਹੁਤੇ ਹਲਕਿਆਂ ਵਿਚ ਸਿਰਫ 4-5 ਪਾਰਟੀਆਂ ਵੱਲੋਂ ਹੀ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਹਨ। ਕੈਨੇਡਾ ਪਾਰਲੀਮੈਂਟ ਚੋਣਾਂ ਦੌਰਾਨ ਪਿਛਲੀ ਕਰੀਬ ਇਕ ਸਦੀ ਤੋਂ ਮੁੱਖ ਮੁਕਾਬਲਾ ਲਿਬਰਲ ਪਾਰਟੀ, ਕੰਜਰਵੇਟਿਵ ਪਾਰਟੀ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਵਿਚਾਲੇ ਹੀ ਹੁੰਦਾ ਰਿਹਾ ਹੈ। ਨਿਊ ਡੈਮੋਕ੍ਰੈਟਿਕ ਪਾਰਟੀ ਜੋ ਕਿ ਇਕ ਸਮੇਂ ਰਾਜ ਸੱਤਾ ਉਤੇ ਕਾਬਜ ਸੀ ਆਪਣੇ ਆਗੂਆਂ ਦੀਆਂ ਗਲਤੀਆਂ ਕਾਰਨ ਸੱਤਾ ਤੋਂ ਲਾਂਭੇ ਹੋ ਗਈ ਸੀ, ਜਿਸ ਨੂੰ ਹੁਣ ਸਿੱਖ ਆਗੂ ਜਗਮੀਤ ਸਿੰਘ ਮੁੜ ਤੋਂ ਪੈਰਾਂ ਸਿਰ ਕਰਨ ਲਈ ਯਤਨਸ਼ੀਲ ਹੈ। ਇਸ ਤੋਂ ਇਲਾਵਾ ਕੈਨੇਡਾ ਤੋਂ ਵੱਖ ਹੋਣ ਦੀ ਮੰਗ ਕਰ ਰਹੇ ਕਿਉਬੈਕ ਸੂਬੇ (Cubec) ਦੀ ਖੇਤਰੀ ਪਾਰਟੀ ਬਲੌਕ ਕਿਊਬੈਕਸ (Block Cubec) ਵੀ ਪਿਛਲੇ ਦਹਾਕੇ ਤੋਂ ਕੌਮੀ ਰਾਜਨੀਤੀ ਵਿਚ ਉਭਰ ਕੇ ਸਾਹਮਣੇ ਆਈ ਹੈ। ਆਜ਼ਾਦ ਉਮੀਦਵਾਰ ਵਜੋਂ ਵੀ ਕਈ ਲੋਕ ਇਨ੍ਹਾਂ ਚੋਣਾਂ ਵਿਚ ਆਪਣੀ ਕਿਸਮਤ ਅਜਮਾਉਂਦੇ ਹਨ ਪਰ ਇਨ੍ਹਾਂ ਦੀ ਗਿਣਤੀ ਸੀਮਤ ਹੀ ਹੁੰਦੀ ਹੈ। ਐਤਕੀਂ ਸਭ ਤੋਂ ਵੱਧ ਉਮੀਦਵਾਰ ਮੈਨੀਟੋਬਾ ਸੂਬੇ ਦੀ ਸੈਂਟ ਬੌਨੀਫੈਸ ਸੀਟ ਤੋਂ ਚੋਣ ਮੈਦਾਨ ਵਿਚ ਨਿੱਤਰੇ ਹਨ। ਇਥੇ ਕੁੱਲ 21 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 14 ਆਜ਼ਾਦ ਉਮੀਦਵਾਰ ਵੀ ਸ਼ਾਮਿਲ ਹਨ। ਕੁੱਲ 338 ਸੀਟਾਂ ਵਿਚੋਂ ਸਿਰਫ 40 ਸੀਟਾਂ ਉਤੇ ਹੀ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਹਨ। 

4 ਸਾਲ ਲਈ ਚੁਣੇ ਜਾਂਦੇ ਹਨ ਕੈਨੇਡਾ ਪਾਰਲੀਮੈਂਟ ਦੇ ਮੈਂਬਰ:

ਹਾਊਸ ਆਫ ਕਾਮਨਜ (House of commons) ਦੇ ਨਾਂਅ ਨਾਲ ਜਾਣੇ ਜਾਂਦੇ ਕੈਨੇਡਾ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਚੋਣ 4 ਸਾਲ ਲਈ ਕੀਤੀ ਜਾਂਦੀ ਹੈ। ਪਰ ਜੇਕਰ ਘੱਟ ਗਿਣਤੀ ਵਾਲੀ ਕੋਈ ਸਰਕਾਰ ਕਿਸੇ ਅਹਿਮ ਮੁੱਦੇ ਕਾਰਨ ਵਿਰੋਧੀ ਪਾਰਟੀ ਵੱਲੋਂ ਪੇਸ਼ ਬੇਭਰੋਸਗੀ ਮਤੇ ਕਰਕੇ ਭੰਗ ਹੋ ਜਾਵੇ ਤਾਂ ਸਮੇਂ ਤੋਂ ਪਹਿਲਾਂ ਦੁਬਾਰਾ ਚੋਣਾਂ ਕਰਵਾਈਆਂ ਜਾਂਦੀਆਂ ਹਨ। ਹਾਲਾਂਕਿ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਲਿਬਰਲ ਪਾਰਟੀ ਦੀ ਘੱਟ ਗਿਣਤੀ ਵਾਲੀ ਸਰਕਾਰ ਨੂੰ ਇਸ ਸਮੇਂ ਕਿਸੇ ਵੀ ਵਿਰੋਧੀ ਸਿਆਸੀ ਪਾਰਟੀ ਵੱਲੋਂ ਕੋਈ ਚੁਣੌਤੀ ਜਾਂ ਸਰਕਾਰ ਡੇਗਣ ਦਾ ਖਤਰਾ ਨਹੀਂ ਸੀ, ਪਰ ਕਰੋਨਾ ਮਹਾਂਮਾਰੀ ਦੇ ਦੌਰ ਵਿਚ ਦਿੱਤੀਆਂ ਆਪਣੀਆਂ ਸੇਵਾਵਾਂ ਦਾ ਲਾਹਾ ਲੈਣ ਖਾਤਰ ਟਰੂਡੋ ਨੇ ਖੁਦ ਹੀ ਆਪਣੀ ਸਰਕਾਰ ਨੂੰ ਭੰਗ ਕਰਕੇ ਲੰਘੀ 13 ਅਗਸਤ ਨੂੰ ਮੱਧਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਹੇਠ ਲਿਬਰਲ ਸਰਕਾਰ ਨੇ ਕਰੋਨਾ ਮਹਾਂਮਾਰੀ ਦੌਰਾਨ ਤਿੰਨ ਟ੍ਰਿਲੀਅਨ ਕੈਨੇਡੀਅਨ ਡਾਲਰ ਆਮ ਲੋਕਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਵਿੱਤੀ ਮੱਦਦ ਵਜੋਂ ਵੰਡੇ ਹਨ।

Canada Election 2021 ਥੋਪੇ ਜਾਣ ਦੇ ਵਿਰੋਧ ਦੇ ਬਾਵਜੂਦ ਜਸਟਿਨ ਟਰੂਡੋ ਹੈਟ੍ਰਿਕ ਵੱਲ:

ਪਿਛਲੇ ਮਹੀਨੇ ਵੱਖ ਵੱਖ ਅਦਾਰਿਆਂ ਵੱਲੋਂ ਕਰਵਾਏ ਗਏ ਚੋਣ ਸਰਵੇਖਣਾਂ ਵਿਚ ਜਸਟਿਨ ਟਰੂਡੋ ਨੂੰ ਮੁੱਖ ਵਿਰੋਧੀ ਧਿਰ ਕੰਜਰਵੇਟਿਵ ਪਾਰਟੀ ਦੇ ਮੁਖੀ ਐਰਿਨ ਓ ਨੀਲ ਅਤੇ ਬਾਹਰੋਂ ਰਹਿ ਕੇ ਸਰਕਾਰ ਦੀ ਹਿਮਾਇਤ ਕਰ ਰਹੀ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਤੋਂ ਕਾਫੀ ਅੱਗੇ ਵਿਖਾਇਆ ਗਿਆ ਸੀ। ਰਾਜਸੀ ਮਾਹਰਾਂ ਦਾ ਮੰਨਣਾ ਹੈ ਕਿ ਇਸੇ ਕਾਰਨ ਹੀ ਟਰੂਡੋ ਨੇ ਰਾਜਸੀ ਹਾਲਾਤ ਨੂੰ ਆਪਣੇ ਅਨੂਕੂਲ ਮੰਨਦਿਆਂ ਇਹ ਮੱਧਕਾਲੀ ਚੋਣ ਕਰਾਉਣ ਦਾ ਫੈਸਲਾ ਲੈ ਲਿਆ।

ਹਾਲਾਂਕਿ ਚੋਣਾਂ ਦੇ ਐਲਾਨ ਦੇ ਤੁਰੰਤ ਬਾਅਦ ਚੋਣ ਮੁਹਿੰਮ ਉਤੇ ਨਿੱਕਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕਈ ਥਾਵਾਂ ਉਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਸ ਵਿਰੋਧ ਦੀ ਇਕ ਵਜ੍ਹਾ ਕਤਲੋਗਾਰਤ ਦਾ ਸ਼ਿਕਾਰ ਸੀਰੀਆ ਤੋਂ ਬਾਅਦ ਹੁਣ ਅਫਗਾਨਿਸਤਾਨ ਵਿਚੋਂ ਵੀ ਹਜਾਰਾਂ ਲੋਕਾਂ ਨੂੰ ਸ਼ਰਨਾਰਥੀਆਂ ਵਜੋਂ ਕੈਨੇਡਾ ਬੁਲਾਉਣਾ ਵੀ ਹੈ। ਕੈਨੇਡਾ ਦੇ ਵਸਨੀਕ ਇਹ ਦੋਸ਼ ਲਾ ਰਹੇ ਹਨ ਕਿ ਅਜਿਹੇ ਸਰਨਾਰਥੀ ਕੈਨੇਡਾ ਆ ਕੇ ਕੋਈ ਕੰਮ ਧੰਦਾ ਨਹੀਂ ਕਰਦੇ ਬਲਕਿ ਵਿਹਲੇ ਬਹਿ ਕੇ ਕੈਨੇਡਾ ਦੇ ਨਾਗਰਿਕਾਂ ਦੇ ਟੈਕਸਾਂ ਵਜੋਂ ਦਿੱਤੀਆਂ ਰਕਮਾਂ ਵਿਚੋਂ ਗੁਜਾਰਾ ਭੱਤਾ ਲੈਂਦੇ ਹਨ। ਵਿਰੋਧ ਕਰਨ ਵਾਲੇ ਇਹ ਵੀ ਦਲੀਲ ਦਿੰਦੇ ਹਨ ਕਿ ਜਦੋਂ ਸਰਕਾਰ ਨੂੰ ਵਿਰੋਧੀ ਪਾਰਟੀਆਂ ਪਾਸੋਂ ਕੋਈ ਚੁਣੌਤੀ ਹੀ ਨਹੀਂ ਸੀ ਤਾਂ ਮੱਧਕਾਲੀ ਪਾਰਲੀਮੈਂਟ ਚੋਣਾਂ ਦੇ ਰੂਪ ਵਿਚ ਅਰਬਾਂ ਡਾਲਰ ਦਾ ਵਿੱਤੀ ਬੋਝ ਲੋਕਾਂ ਸਿਰ ਕਿਉਂ ਪਾ ਦਿੱਤਾ ਗਿਆ ਹੈ।

ਆਏ ਦਿਨ ਹੋ ਰਹੇ ਚੋਣ ਸਰਵੇਖਣਾਂ ਨਾਲ਼ ਬਦਲ ਰਹੀ ਹੈ Canada Election 2021 ਦੀ ਫਿਜਾ:

ਚੋਣਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਹਰਮਨਪਿਆਰਤਾ ਬਾਰੇ ਅੰਕੜਿਆਂ ਦੇ ਮਾਮਲੇ ਵਿਚ ਕੰਜਰਵੇਟਿਵ ਪਾਰਟੀ ਦੇ ਆਗੂ ਐਰਨ ਓ ਨੀਲ ਨਾਲੋਂ 7 ਤੋਂ 10 ਅੰਕਾਂ ਨਾਲ ਅੱਗੇ ਦੱਸਿਆ ਜਾ ਰਿਹਾ ਸੀ। ਚੋਣ ਮੁਹਿੰਮ ਸ਼ੁਰੂ ਹੁੰਦਿਆਂ ਹੀ ਟਰੂਡੋ ਦੇ ਖਿਲਾਫ਼ ਹੋਏ ਰੋਸ ਮੁਜ਼ਾਹਰਿਆਂ ਤੋਂ ਤੁਰੰਤ ਬਾਅਦ ਨਵੇਂ ਚੋਣ ਸਰਵੇਖਣਾਂ ਵਿਚ ਲੋਕ ਰਾਏ 35.6 ਫੀਸਦੀ ਕੰਜਰਵੇਟਿਵ ਪਾਰਟੀ ਜਦਕਿ 35.3 ਫੀਸਦੀ ਲਿਬਰਲ ਪਾਰਟੀ ਦੇ ਪੱਖ ਵਿਚ ਦੱਸੀ ਗਈ ਸੀ। ਪਰ ਕੈਨੇਡਾ ਦੀ ਚੋਣ ਵਿਚ ਅਹਿਮ ਮੰਨੇ ਜਾਂਦੇ ਨੈਸ਼ਨਲ ਸਰਵੇ ਵਿਚ ਮੁੜ ਤੋਂ ਟਰੂਡੋ ਨੂੰ ਅੱਗੇ ਵਿਖਾਇਆ ਗਿਆ ਹੈ ਅਤੇ ਐਨ ਡੀ ਪੀ ਨੂੰ ਇਨ੍ਹਾਂ ਸਾਰੇ ਸਰਵੇਖਣਾਂ ਵਿਚ ਤੀਜੀ ਥਾਂ ਉਤੇ ਵਿਖਾਇਆ ਜਾ ਰਿਹਾ ਹੈ। ਕੈਨੇਡਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਪਾਰਲੀਮੈਂਟ ਸੀਟਾਂ ਵਾਲ਼ੇ ਓਨਟਾਰੀਓ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲ਼ੇ ਇਲਾਕਿਆਂ ਬਰੈਂਪਟਨ ਅਤੇ ਮਿਸੀਸਾਗਾ ਵਿਚ ਟਰੂਡੋ ਦੀ ਲਿਬਰਲ ਪਾਰਟੀ ਨੂੰ 48 ਫੀਸਦੀ ਅਤੇ ਕੰਜਰਵੇਟਿਵ ਪਾਰਟੀ ਨੂੰ 38 ਫੀਸਦੀ ਹਿਮਾਇਤ ਮਿਲਦੀ ਵਿਖਾਈ ਗਈ ਹੈ। ਦਿਲਚਸਪ ਤੱਥ ਇਹ ਹੈ ਕਿ ਸਿੱਖ ਆਗੂ ਜਗਮੀਤ ਸਿੰਘ ਦੀ ਅਗਵਾਈ ਹੇਠਲੀ ਐਨ ਡੀ ਪੀ ਪੰਜਾਬੀਆਂ ਦੇ ਇਸ ਗੜ੍ਹ ਵਿਚ ਵੀ 19 ਫੀਸਦੀ ਨਾਲ਼ ਤੀਜੇ ਸਥਾਨ ਉਤੇ ਹੈ।

ਬੀਤੇ ਦਿਨ ਨਸ਼ਰ ਕੀਤੇ ਗਏ ਤਾਜਾ ਚੋਣ ਸਰਵੇਖਣ ਵਿਚ ਟਰੂਡੋ ਦੀ ਲਿਬਰਲ ਪਾਰਟੀ ਨੂੰ 34 ਫੀਸਦੀ ਵੋਟਰਾਂ ਦੀ ਹਿਮਾਇਤ ਨਾਲ਼ 152 ਤੋਂ 165 ਸੀਟਾਂ ਜਿੱਤਣ ਦੇ ਸਮਰੱਥ ਦੱਸਿਆ ਗਿਆ ਹੈ। ਕੰਜਰਵੇਟਿਵ ਪਾਰਟੀ ਨੂੰ 30 ਫੀਸਦੀ ਹਿਮਾਇਤ ਨਾਲ਼ 131 ਤੋਂ 142 ਸੀਟਾਂ ਜਦਕਿ ਐਨ ਡੀ ਪੀ ਨੂੰ 18 ਫੀਸਦੀ ਹਿਮਾਇਤ ਨਾਲ਼ 24 ਸੀਟਾਂ ਮਿਲਣ ਦੀ ਸੰਭਾਵਨਾਂ ਦੱਸੀ ਗਈ ਹੈ। ਇਨ੍ਹਾਂ ਨਵੇਂ ਸਰਵੇਖਣਾਂ ਤੋਂ ਮੁੜ ਸਪਸ਼ਟ ਹੋ ਗਿਆ ਹੈ ਕਿ ਭਾਵੇਂ ਪੂਰਨ ਬਹੁਮਤ ਨਾ ਮਿਲੇ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਟ੍ਰਿਕ ਲਾਉਣ ਵੱਲ ਵਧ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕੈਨੇਡਾ ਦੇ ਡੇਢ ਸਦੀ ਦੇ ਰਾਜਸੀ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ।

 ਮੰਤਰੀਆਂ ਸਮੇਤ 29 ਮੌਜੂਦਾ ਐਮ ਪੀ Canada Election 2021 ਦੇ ਚੋਣ ਮੈਦਾਨ ਤੋਂ ਹੋਏ ਲਾਂਭੇ:

ਇਥੇ ਇਹ ਵੀ ਦੱਸਣਯੋਗ ਹੈ ਕਿ ਜਿਥੇ ਭਾਰਤ-ਪਾਕਿਸਤਾਨ ਵਰਗੇ ਮੁਲਕਾਂ ਵਿਚ ਰਾਜਸੀ ਆਗੂ ਮਰਨ ਤੱਕ ਕੁਰਸੀ ਦਾ ਮੋਹ ਨਹੀਂ ਛੱਡਦੇ ਓਥੇ ਕੈਨੇਡਾ ਵਿਚ ਦੋ ਵਾਰ ਜਿੱਤਣ ਤੋਂ ਬਾਅਦ ਹੀ ਦਰਜ਼ਨਾਂ ਨੌਜਵਾਨ ਆਗੂ ਵੀ ਸਵੈਇੱਛਾ ਨਾਲ਼ ਚੋਣ ਮੈਦਾਨ ਵਿਚੋਂ ਹਟ ਜਾਂਦੇ ਹਨ। ਐਤਕੀਂ ਵੀ ਲਿਬਰਲ ਦਾ ਸਾਬਕਾ ਮੰਤਰੀ ਨਵਦੀਪ ਸਿੰਘ ਬੈਂਸ, ਐਮ ਪੀ ਗਗਨ ਸਿਕੰਦ ਅਤੇ ਰਮੇਸ਼ ਸੰਘਾ ਸਮੇਤ 29 ਮੌਜੂਦਾ ਸੰਸਦ ਮੈਂਬਰ ਸਵੈਇੱਛਾ ਨਾਲ ਚੋਣ ਮੈਦਾਨ ਵਿਚੋਂ ਪਿਛੇ ਹਟ ਗਏ ਹਨ। ਇਸ ਤੋਂ ਇਲਾਵਾ ਚੱਲ ਰਹੀ ਚੋਣ ਮੁਹਿੰਮ ਦੌਰਾਨ ਵੀ ਜੇਕਰ ਕਿਸੇ ਪਾਰਟੀ ਦੇ ਉਮੀਦਵਾਰ ਦੇ ਵਿਰੁੱਧ ਕੋਈ ਗੰਭੀਰ ਦੋਸ਼ (ਭ੍ਰਿਸ਼ਟਾਚਾਰ, ਘਪਲਾ, ਅਨੈਤਿਕ ਕੰਮ ਆਦਿ) ਸਾਹਮਣੇ ਆ ਜਾਣ ਤਾਂ ਉਮੀਦਵਾਰ ਆਪਣੀ ਪਾਰਟੀ ਵੱਲੋਂ ਨਾ ਕਹਿਣ ਦੇ ਬਾਵਜੂਦ ਖੁਦ ਹੀ ਚੋਣ ਮੈਦਾਨ ਵਿਚ ਲਾਂਭੇ ਹੋ ਜਾਂਦਾ ਹੈ।

ਕੈਨੇਡਾ ਪਾਰਲੀਮੈਂਟ ਚੋਣਾਂ ਵਿਚ ਹਰ ਹਲਕੇ ਲਈ ਵੱਖਰੀ ਹੁੰਦੀ ਹੈ ਚੋਣ ਖਰਚਾ ਹੱਦ:

ਭਾਰਤ ਵਰਗੇ ਮੁਲਕ ਵਿਚ ਜਿਥੇ ਵੱਖੋ-ਵੱਖ ਭੂਗੋਲਿਕ ਹਾਲਾਤ, ਆਕਾਰ ਪੱਖੋਂ ਵੱਡੇ ਛੋਟੇ ਅਤੇ ਵੋਟਰਾਂ ਦੀ ਗਿਣਤੀ ਪੱਖੋਂ ਵੀ ਲੱਖਾਂ ਦੇ ਫਰਕ ਦੇ ਬਾਵਜੂਦ ਹਰ ਲੋਕ ਸਭਾ ਹਲਕੇ ਲਈ ਇਕੋ ਜਿਹਾ ਚੋਣ ਖਰਚਾ ਕਰਨ ਦੀ ਹੱਦ ਮਿਥੀ ਹੋਈ ਹੈ। ਓਥੇ ਕੈਨੇਡਾ ਦੇ ਹਰ ਹਲਕੇ ਲਈ ਚੋਣ ਖਰਚੇ ਦੀ ਹੱਦ ਵੀ ਵੱਖੋ ਵੱਖ ਹੁੰਦੀ ਹੈ। ਮਿਸਾਲ ਵਜੋਂ ਇਕ ਹਲਕੇ ਲਈ ਉਮੀਦਵਾਰ ਵਾਸਤੇ ਚੋਣ ਖਰਚੇ ਦੀ ਹੱਦ 1 ਲੱਖ ਡਾਲਰ ਹੈ ਤਾਂ ਸਭ ਤੋਂ ਮਹਿੰਗੇ ਮੰਨੇ ਜਾਣ ਵਾਲ਼ੇ ਹਲਕੇ ਲਈ ਇਹ ਖਰਚਾ ਹੱਦ 1 ਲੱਖ 52 ਹਜ਼ਾਰ ਡਾਲਰ ਤੱਕ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਕੂਟਨੇਈ ਕੋਲੰਬੀਆ  ਹਲਕਾ ਕੈਨੇਡਾ ਦਾ ਸਭ ਤੋਂ ਮਹਿੰਗਾ ਲੋਕ ਸਭਾ ਹਲਕਾ ਹੈ ਜਿਥੇ ਉਮੀਦਵਾਰ ਲਈ ਚੋਣ ਖਰਚੇ ਦੀ ਹੱਦ 1ਲੱਖ 52 ਹਜ਼ਾਰ 201 ਰੁਪਏ ਹੈ। ਅਲਬਰਟਾ ਦਾ ਐਡਮੰਟਨ ਹਲਕਾ ਵੀ ਇਸ ਦੇ ਲਗਪਗ ਬਰਾਬਰ ਹੀ ਹੈ ਜਿਥੇ ਚੋਣ ਖਰਚੇ ਦੀ ਹੱਦ 1ਲੱਖ 51 ਹਜ਼ਾਰ 979 ਰੁਪਏ ਹੈ।

Canada Election 2021: 36 ਫੀਸਦੀ ਲੋਕ ਸਭਾ ਹਲਕੇ ਸਿਰਫ਼ ਓਂਟਰਾਈਓ ਸੂਬੇ ਵਿਚ ਹੀ:

ਭਾਰਤ ਦੇ ਉਤਰ ਪ੍ਰਦੇਸ਼ ਸੂਬੇ ਵਾਂਗ ਹੀ ਕੈਨੇਡਾ ਦਾ ਓਂਟਾਰੀਓ ਸੂਬਾ ਵੀ ਕੈਨੇਡਾ ਦੀ ਰਾਜਨੀਤੀ ਵਿਚ ਬੇਹੱਦ ਅਹਿਮ ਰੋਲ ਅਦਾ ਕਰਦਾ ਹੈ ਕਿਉਂਕਿ ਯੂ ਪੀ ਵਾਂਗ ਹੀ ਕੈਨੇਡਾ ਦੀ ਪਾਰਲੀਮੈਂਟ ਦੇ 338 ਹਲਕਿਆਂ ਵਿਚੋਂ ਵੀ 121 ਹਲਕੇ (ਭਾਵ 36 ਫੀਸਦੀ) ਇਕੱਲੇ ਓਂਟਾਰੀਓ ਸੂਬੇ ਵਿਚ ਹੀ ਹਨ। ਇਸ ਤੋਂ ਇਲਾਵਾ 78 ਪਾਰਲੀਮੈਂਟ ਹਲਕੇ ਕਿਊਬਕ ਸੂਬੇ ਵਿਚ ਪੈਂਦੇ ਹਨ, ਜਿਥੋਂ ਦੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਕੈਨੈਡਾ ਤੋਂ ਵੱਖ ਹੋ ਕੇ ਆਜ਼ਾਦ ਮੁਲਕ ਬਣਾਉਣ ਲਈ ਜੱਦੋ ਜਹਿਦ ਕਰ ਰਹੇ ਹਨ। 42 ਲੋਕ ਸਭਾ ਸੀਟਾਂ ਬ੍ਰਿਟਿਸ਼ ਕੋਲੰਬੀਆ ਅਤੇ 34 ਅਲਬਰਟਾ ਵਿਚ ਪੈਂਦੀਆਂ ਹਨ। ਇਸ ਤਰਾਂ ਇਨ੍ਹਾਂ ਚਾਰਾਂ ਸੂਬਿਆਂ ਦੀਆਂ ਕੁੱਲ ਲੋਕ ਸਭਾ ਸੀਟਾਂ ਦੀ ਗਿਣਤੀ ਪਾਰਲੀਮੈਂਟ ਦੀਆਂ ਕੁੱਲ 338 ਸੀਟਾਂ ਦਾ 81 ਫੀਸਦੀ ਬਣ ਜਾਂਦੀ ਹੈ।

ਦਿਲਚਸਪ ਤੱਥ ਇਹ ਵੀ ਹੈ ਕਿ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਕੁੱਲ ਰਕਬੇ ਤੋਂ ਵੀ ਵੱਧ ਇਲਾਕੇ ਵਿਚ ਫੈਲੇ ਕੈਨੇਡਾ ਤੇ ਤਿੰਨ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਯੂਕੌਨ, ਨੌਰਥ-ਵੈਸਟ, ਨੂਨਾਵਟ ਵਿਚ ਸਿਰਫ਼ 1-1 ਹੀ ਲੋਕ ਸਭਾ ਹਲਕਾ ਹੈ। ਦੱਸਣਯੋਗ ਹੈ ਕਿ ਇਹ ਤਿੰਨੋ ਕੇਂਦਰ ਸ਼ਾਸ਼ਿਤ ਪ੍ਰਦੇਸ਼ ਕੈਨੇਡਾ ਦੀ ਉਤਰੀ ਸਰਹੱਦ ਦੇ ਨਾਲ਼ ਨਾਲ਼ ਬੇਹੱਦ ਔਖੇ ਬਰਫਾਨੀ ਤੇ ਪਹਾੜੀ ਇਲਾਕਿਆਂ ਵਿਚ ਸਥਿਤ ਹਨ। ਇਨ੍ਹਾਂ ਤਿੰਨਾਂ ਪ੍ਰਦੇਸ਼ਾਂ ਕੁੱਲ ਵਸੋਂ ਦੋ ਲੱਖ ਤੋਂ ਵੀ ਘੱਟ ਹੈ।

ਆਰ ਐਸ ਐਸ-ਭਾਜਪਾ, ਮੋਦੀ, ਬਾਦਲ ਅਤੇ ਕੈਪਟਨ ਦੀ ਵੀ Canada Election 2021: ਵਿਚ ਡੂੰਘੀ ਦਿਲਚਸਪੀ:

ਹਰਜੀਤ ਸਿੰਘ ਸੱਜਣ ਨੂੰ ਰੱਖਿਆ ਮੰਤਰੀ ਬਣਾਉਣ ਸਮੇਤ ਕਈ ਹੋਰ ਸਿੱਖ ਆਗੂਆਂ ਨੂੰ ਕੈਨੇਡਾ ਸਰਕਾਰ ਵਿਚ ਮੰਤਰੀ ਬਣਾਏ ਜਾਣ ਤੋਂ ਔਖੇ ਭਾਰਤ ਦੇ ਹਿੰਦੂ ਕੱਟੜਪੰਥੀਆਂ ਤੋਂ ਇਲਾਵਾ ਆਰ ਐਸ ਐਸ, ਭਾਜਪਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਦੀ ਵੀ ਕੈਨੇਡਾ ਦੀਆਂ ਇਨ੍ਹਾਂ ਚੋਣਾਂ ਵਿਚ ਡੂੰਘੀ ਦਿਲਚਸਪੀ ਹੈ। ਭਾਰਤ ਸਰਕਾਰ ਹਰ ਹਰਬਾ ਵਰਤ ਕੇ ਜਸਟਿਨ ਟਰੂਡੋ ਨੂੰ ਗੱਦੀ ਤੋਂ ਲਾਂਭੇ ਕਰਨ ਦਾ ਯਤਨ ਕਰੇਗੀ। ਇਸ ਤੋਂ ਇਲਾਵਾ ਪੰਜਾਬ ਵਿਚ ਪਿਛਲੇ 25 ਸਾਲ ਤੋਂ ਵਾਰੋ ਵਾਰੀ ਰਾਜ ਭਾਗ ਦਾ ਆਨੰਦ ਮਾਣ ਰਹੇ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ (Badal-Captain) ਦੀ ਵੀ ਡੂੰਘੀ ਦਿਲਚਸਪੀ ਹੈ ਕਿਉਂਕਿ ਕੈਨੇਡਾ ਵਸਦੇ ਲੱਖਾਂ ਪੰਜਾਬੀ ਪੰਜਾਬ ਦੀ ਰਾਜਨੀਤੀ ਨੂੰ ਸਿੱਧੇ ਰੂਪ ਵਿਚ ਪ੍ਰਭਾਵਿਤ ਕਰਦੇ ਹਨ।

ਜਸਟਿਨ ਟਰੂਡੋ ਐਰਨ ਓ ਨੀਲ ਜਗਮੀਤ ਸਿੰਘ

  

1 Comment

  1. ਹੁਨ ਤਕ ਮੋਦੀ ਨੇ ਜਿਹਦੀ ਵੀ ਮਦਦ ਕਰਨੀ ਚਾਹੀ ਉਹ ਹਾਰ ਹੀ ਗਿਆ ਮਤਲਬ ਟਰੂਡੋ ਦੀ ਹੈਟਰਿਕ ਪੱਕੀ

Leave a Reply

Your email address will not be published.


*