ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 4 ਜੁਲਾਈ 2021: ਯੂਨਾਨ ਦੀ ਰਾਜਧਾਨੀ ਏਥਨਜ਼ ਵਿਖੇ 1896 ’ਚ ਹੋਈਆਂ ਪਹਿਲੀਆਂ ਖੇਡਾਂ ਦੇ ਕੁੱਝ ਤੱਥ ਬੇਹੱਦ ਹੈਰਾਨੀਜਨਕ ਅਤੇ ਖਿਡਾਰੀਆਂ ਨਾਲ਼ ਜੁੜੇ ਕਿੱਸੇ ਬਹੁਤ ਦਿਲਚਸਪ (Surprising stories and facts about the Athens Olympics 1896) ਹਨ। ਇਨ੍ਹਾਂ ਖੇਡਾਂ ਵਿਚ ਕੁੱਲ 13 ਮੁਲਕਾਂ ਦੇ 250 ਖਿਡਾਰੀਆਂ ਨੇ ਹਿੱਸਾ ਲਿਆ ਸੀ, ਇਨ੍ਹਾਂ ਵਿਚੋਂ ਵੀ ਸਭ ਤੋਂ ਵੱਧ 150 ਦੇ ਕਰੀਬ ਖਿਡਾਰੀ ਇਕੱਲੇ ਮੇਜ਼ਬਾਨ ਮੁਲਕ ਯੂਨਾਨ ਦੇ ਹੀ ਸਨ।
ਇਨ੍ਹਾਂ ਉਲੰਪਿਕ ਖੇਡਾਂ ਵਿਚ ਕੋਈ ਵੀ ਔਰਤ ਖਿਡਾਰੀ ਸ਼ਾਮਿਲ ਨਹੀਂ ਸੀ ਅਤੇ ਅਮਰੀਕਾ ਨੇ ਸਿਰਫ਼ 14 ਖਿਡਾਰੀਆ ਦੇ ਦਮ ’ਤੇ ਹੀ 11 ਸੋਨ ਤਮਗ਼ੇ ਜਿੱਤ ਕੇ ਖੇਡਾਂ ਵਿਚ ਆਪਣੇ ਮੁਲਕ ਦੀ ਸਰਦਾਰੀ ਕਾਇਮ ਕਰਨ ਦਾ ਸੁਨੇਹਾ ਦੇ ਦਿੱਤਾ ਸੀ। ਅਮਰੀਕਾ ਦੀ ਇਹ ਸਰਦਾਰੀ ਪਿਛਲੀ ਸਵਾ ਸਦੀ ਤੋਂ ਕਾਇਮ ਹੈ। ਸਿਰਫ਼ 2008 ਵਿਚ ਬੀਜਿੰਗ ਵਿਖੇ ਹੋਈਆਂ ਉਲੰਪਿਕ ਦੌਰਾਨ ਮੇਜ਼ਬਾਨ ਚੀਨ ਦੇ ਖਿਡਾਰੀਆਂ ਨੇ ਅਮਰੀਕਾ ਤੋਂ ਵੱਧ ਸੋਨ ਤਮਗ਼ੇ ਜਿੱਤੇ ਸਨ।
ਜਿਮਨਾਸਟਿਕਸ ਦੇ ਬਹਤੇ ਮੁਕਾਬਲਿਆਂ ’ਚ ਸਿਰਫ਼ ਜਰਮਨੀ ਦੀਆਂ ਟੀਮਾਂ ਸਨ:
ਜਿਮਨਾਸਟਿਕਸ ਦੇ ਆਰਟਿਸਟਿਕ ਰਿੰਗਜ਼ ਮੁਕਾਬਲੇ ਵਿਚ ਕੇਵਲ ਜਰਮਨੀ ਦੇ 7-8 ਖਿਡਾਰੀ ਸ਼ਾਮਿਲ ਸਨ। ਇਸੇ ਤਰਾਂ ਜਿਮਨਾਸਟਿਕਸ ਦੇ ਹੌਰੀਜੌਂਟਲ ਬਾਰ, ਪੈਰੇਲਲ ਬਾਰ ਅਤੇ ਵਾਲਟ ਮੁਕਾਬਲਿਆਂ ਵਿਚ ਵੀ ਕੇਵਲ ਜਰਮਨੀ ਦੀਆਂ ਟੀਮਾਂ ਨੇ ਹੀ ਹਿੱਸਾ ਲਿਆ। ਹਾਲਾਂਕਿ ਬਾਕੀ ਮੁਕਾਬਲਿਆਂ ਵਿਚ ਮੇਜ਼ਬਾਨ ਯੂਨਾਨ ਤੇ ਕੁੱਝ ਹੋਰ ਮੁਲਕਾਂ ਦੀਆਂ ਟੀਮਾਂ ਵੀ ਸ਼ਾਮਿਲ ਸਨ। ਦੂਜੇ ਪਾਸੇ ਤੈਰਾਕੀ ਦੇ 100 ਮੀਟਰ ਫਰੀ ਸਟਾਈਲ ਫਾਰ ਸੇਲਰ ਮੁਕਾਬਲੇ ਵਿਚ ਕੇਵਲ ਮੇਜ਼ਬਾਨ ਗਰੀਸ ਦੇ ਖਿਡਾਰੀ ਹੀ ਸ਼ਾਮਿਲ ਹੋਏ।
ਐਥਲੈਟਿਕਸ ਮੁਕਾਬਲਿਆਂ ਵਿਚ ਅਮਰੀਕਾ ਦਾ ਦਬਦਬਾ ਰਿਹਾ
ਐਥਲੈਟਿਕਸ ਮੁਕਾਬਲਿਆਂ ਦੌਰਾਨ ਅਮਰੀਕਾ ਦਾ ਥੌਮਸ ਬੁਰਕੇ 100 ਮੀਟਰ ਅਤੇ 400 ਮੀਟਰ ਦੀਆਂ ਦੌੜਾਂ ਜਿੱਤ ਤੇ ਉਨ੍ਹੀਵੀਂ ਸਦੀ ਦਾ ਪਹਿਲਾ ਸਭ ਤੋਂ ਤੇਜ ਦੌੜਾਕ ਬਣਿਆ। 110 ਮੀਟਰ ਅੜਿੱਕਾ ਦੌੜ ਵੀ ਅਮਰੀਕਾ ਦੇ ਟੌਮ ਕੁਰਟਿਸ ਨੇ ਜਿੱਤੀ। ਇਸੇ ਤਰਾਂ 1500 ਮੀਟਰ ਦੌੜ ਵਿਚ ਵੀ ਅਮਰੀਕਾ ਦੇ ਐਡਵਿਨ ਫਲੇਕ ਅਤੇ ਆਰਥਰ ਬਲੈਕ ਪਹਿਲੇ ਤੇ ਦੂਜੇ ਸਥਾਨ ’ਤੇ ਰਹੇ। ਡਿਸਕਸ ਥ੍ਰੋਅ ਦਾ ਖਿਤਾਬ ਵੀ ਅਮਰੀਕਾ ਦੇ ਬੌਬ ਗੈਰੇਟ ਦੇ ਨਾਂਅ ਹੋਇਆ। ਉਚੀ ਛਾਲ਼ ਅਤੇ ਲੰਮੀ ਛਾਲ਼ ਦੇ ਦੋਵਾਂ ਮੁਕਾਬਲਿਆਂ ਵਿਚ ਅਮਰੀਕਾ ਦੇ ਐਲਰੀ ਕਲਾਰਕ ਅਤੇ ਬੌਬ ਗੈਰੇਟ ਜੇਤੂ ਅਤੇ ਉਪ ਜੇਤੂ ਰਹੇ।
ਪੋਲ ਵਾਲਟ ਮੁਕਾਬਲੇ ਵਿਚ ਵੀ ਅਮਰੀਕਾ ਦੇ ਅਥਲੀਟਾਂ ਦਾ ਹੀ ਦਬਦਬਾ ਸੀ ਜਿਸ ਵਿਚ ਵਿਲੀਅਮ ਵੈਲੇਸ ਤੇ ਅਲਬਰਟ ਟਾਇਲਰ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਿਚ ਸਫਲ ਰਹੇ। ਗੋਲ਼ਾ ਸੁੱਟਣ ਦਾ ਮੁਕਾਬਲਾ ਵੀ ਅਮਰੀਕਾ ਦੇ ਹੀ ਬੌਬ ਗੈਰੇਟ ਨੇ ਜਿੱਤਿਆ ਜਦਕਿ ਤੀਹਰੀ ਛਾਲ਼ ਦੇ ਮੁਕਾਬਲੇ ਵਿਚ ਵੀ ਅਮਰੀਕਾ ਦਾ ਹੀ ਜੇਮਜ਼ ਬੀ ਕਨੌਲੀ ਅੱਵਲ ਰਿਹਾ।
ਮੈਰਾਥਨ ਵਿਚ ਮੇਜ਼ਬਾਨ ਯੂਨਾਨ ਦਾ ਸਪੈਰੀਡਨ ਲੂਈਸ ਜੇਤੂ ਰਿਹਾ:
25 ਮੀਲ ਦੀ ਦੂਰੀ ਵਾਲ਼ੀ ਸਭ ਤੋਂ ਲੰਮੀ ਦੌੜ ਮੈਰਾਥਨ ਵਿਚ ਮੇਜ਼ਬਾਨ ਯੂਨਾਨ ਦੇ ਸਪੈਰੀਡਨ ਲੂਈਸ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮੁਲਕ ਦੇ ਮਹਾਨ ਦੌੜਾਕ ਨੂੰ ਸ਼ਰਧਾਂਜ਼ਲੀ ਦਿੱਤੀ। ਦੱਸਣਯੋਗ ਹੈ ਕਿ ਮੈਰਾਥਨ ਦੌੜ ਯੂਨਾਨ ਦੇ ਉਸ ਫੌਜੀ ਯੋਧੇ ਦੀ ਯਾਦ ਵਿਚ ਸ਼ੁਰੂ ਕੀਤੀ ਗਈ ਸੀ, ਜੋ 490 ਈ: ਪੂ: ਵਿੱਚ ਫਾਰਸੀਆ ‘ਤੇ ਐਥਨੀਆਈ ਯੋਧਿਆਂ ਦੀ ਜਿੱਤ ਦੀ ਖ਼ਬਰ ‘ਆਪਣੇ ਲੋਕਾਂ’ ਤੱਕ ਪਹੁੰਚਾਉਣ ਲਈ ਮੈਰਾਥਨ ਸ਼ਹਿਰ ਤੋਂ ਏਥਨਜ਼ ਤੱਕ ਲਗਪਗ 40 ਕਿਲੋਮੀਟਰ (25 ਮੀਲ) ਦੀ ਦੂਰੀ ਦੌੜ ਕੇ ਪਹੁੰਚਿਆ ਸੀ। ਕਈ ਦਿਨਾਂ ਦੀ ਖੂਨੀ ਜੰਗ ਦੌਰਾਨ ਜੂਝਦੇ ਰਹਿਣ ਤੋਂ ਬਾਅਦ ਲਗਾਤਾਰ 40 ਕਿਲੋਮੀਟਰ ਦੌੜ ਕੇ ਜਦੋਂ ਉਹ ਆਪਣੇ ਸ਼ਹਿਰ ਪਹੁੰਚਿਆ ਤਾਂ ਜਿੱਤ ਦੀ ਖ਼ਬਰ ਸੁਣਾਉਣ ਤੋਂ ਤੁਰੰਤ ਬਾਅਦ ਉਹ ਬੇਦਮ ਹੋ ਕੇ ਡਿਗ ਪਿਆ ਸੀ ਤੇ ਉਥੇ ਹੀ ਉਸ ਦੇ ਪ੍ਰਾਣ ਪੰਖੇਰੂ ਉਡ ਗਏ ਸਨ।
ਸਾਈਕਲਿੰਗ ਵਿਚ ਫਰਾਂਸ ਦੇ ਸਾਈਕਲਿਸਟ ਛਾਏ ਹੋਏ ਸਨ:
ਸਾਈਕਲਿੰਗ ਵਿਚ ਫਰਾਂਸ ਦੇ ਸਾਈਕਲਿਸਟ ਛਾਏ ਹੋਏ ਸਨ, ਜਿਨ੍ਹਾਂ ਵਿਚੋਂ ਇਕ ਕਿਲੋਮੀਟਰ ਅਤੇ 10 ਕਿਲੋਮੀਟਰ ਤੋਂ ਇਲਾਵਾ ਸਪਰਿੰਟ ਵਿਅਕਤੀਗਤ ਮੁਕਾਬਲੇ ’ਚ ਫਰਾਂਸ ਦੇ ਪਾਲ ਮੈਸਨ ਨੇ ਤਿੰਨ ਤਮਗ਼ੇ ਜਿੱਤ ਲਏ। ਜਦਕਿ 100 ਕਿਲੋਮੀਟਰ ਸਾਈਕਲ ਦੌੜ ਦਾ ਮੁਕਾਬਲਾ ਵੀ ਫਰਾਂਸ ਦੇ ਲਿਓਨ ਫਲੇਮਿੰਗ ਨੇ ਜਿੱਤਿਆ। ਦਿਲਚਸਪ ਤੱਥ ਇਹ ਹੈ ਕਿ 10 ਕਿਲੋਮੀਟਰ ਵਿਚ ਫਲੇਮਿੰਗ ਦੂਜੇ ਅਤੇ ਇੱਕ (1) ਕਿਲੋਮੀਟਰ ਟਾਈਮ ਟ੍ਰਾਇਲ ਮੁਕਾਬਲੇ ਉਹ ਪੰਜਵੇਂ ਸਥਾਨ ’ਤੇ ਰਿਹਾ ਸੀ।
ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿਚ ਮੇਜ਼ਬਾਨ ਯੂਨਾਨ ਦੀ ਝੰਡੀ ਰਹੀ:
ਤਲਵਾਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚ ਮੇਜ਼ਬਾਨ ਯੂਨਾਨ ਦੇ ਖਿਡਾਰੀਆਂ ਦੀ ਝੰਡੀ ਰਹੀ। ਤਲਵਾਰਬਾਜ਼ੀ ਦੇ ਦੋ ਮੁਕਾਬਲਿਆਂ ਵਿਚ ਮੇਜ਼ਬਾਨ ਯੂਨਾਨ ਅਤੇ ਇਕ ਵਿਚ ਫਰਾਂਸ ਦੇ ਖਿਡਾਰੀ ਅੱਵਲ ਰਹੇ। ਨਿਸ਼ਾਨੇਬਾਜ਼ੀ ਦੇ 25 ਮੀਟਰ ਫਾਇਰ ਪਿਸਟਲ 60 ਰੌਂਦ, 200 ਮੀਟਰ ਅਤੇ 300 ਮੀਟਰ ਆਰਮੀ ਰਾਈਫਲ ਮੁਕਾਬਲੇ ’ਚ ਸਾਰੇ ਇਨਾਮ ਗਰੀਸ ਦੇ ਨਿਸ਼ਾਨੇਬਾਜ਼ਾਂ ਨੇ ਜਿੱਤੇ। ਜਦਕਿ 25 ਮੀਟਰ ਆਰਮੀ ਪਿਸਟਲ ਮੁਕਾਬਲੇ ਵਿਚ ਅਮਰੀਕਾ ਦੇ ਦੋ ਭਰਾ ਜੌਹਨ ਪੇਨੇ ਅਤੇ ਸਮਨਰ ਪੇਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਹੇ। (ਇਨ੍ਹਾਂ ਦੋਵਾਂ ਭਰਾਵਾਂ ਦਾ ਕਿੱਸਾ ਵੀ ਬੇਹੱਦ ਦਿਲਚਸਪ ਤੇ ਹੈਰਾਨ ਕਰਨ ਵਾਲ਼ਾ ਹੈ ਜੋ ਕਿ ਅਗਲੀ ਕਿਸ਼ਤ ਵਿਚ ਸਾਂਝਾ ਕਰਾਂਗੇ।)
ਪਹਿਲੀਆਂ ਉਲੰਪਿਕ ਖੇਡਾਂ ਵਿਚ ਨਹੀਂ ਸੀ ਕੋਈ ਵੀ ਔਰਤ ਖਿਡਾਰੀ:
ਉਸ ਵੇਲ਼ੇ ਔਰਤਾਂ ਨੂੰ ਅਜਿਹੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਇਜਾਜਤ ਨਹੀਂ ਸੀ ਹੁੰਦੀ ਕਿਉਂਕਿ ਜੰਗ-ਯੁੱਧ ਵਿਚ ਕੇਵਲ ਮਰਦ ਸਿਪਾਹੀ ਹੀ ਲੜਾਈ ਦੇ ਮੈਦਾਨ ਵਿਚ ਦੁਸ਼ਮਣ ਫੌਜਾਂ ਨਾਲ਼ ਜੂਝਦੇ ਸਨ। ਸ਼ਾਇਦ ਏਹੀ ਵਜ੍ਹਾ ਸੀ ਕਿ ਮਾਡਰਨ ਉਲੰਪਿਕ ਵਜੋਂ ਜਾਣੀਆਂ ਜਾਂਦੀਆਂ ਇਹ ਖੇਡਾਂ ਜਦੋਂ 1500 ਸਾਲ ਦੇ ਵੱਡੇ ਵਕਫ਼ੇ ਬਾਅਦ ਮੁੜ ਤੋਂ ਸ਼ੁਰੂ ਹੋਈਆਂ ਤਾਂ ਸਾਲ 1896 ’ਚ 6 ਤੋਂ 15 ਅਪ੍ਰੈਲ ਤੱਕ ਏਥਨਜ ਵਿਖੇ ਹੋਈਆਂ ਪਹਿਲੀਆਂ ਉਲੰਪਿਕ ਖੇਡਾਂ ਵਿਚ ਸ਼ਾਮਿਲ ਹੋਏ 13 ਮੁਲਕਾਂ ਦੇ 280 ਦੇ ਕਰੀਬ ਖਿਡਾਰੀਆਂ ਵਿਚ ਇਕ ਵੀ ਔਰਤ ਸ਼ਾਮਿਲ ਨਹੀਂ ਸੀ।

ਪਹਿਲੀਆਂ ਦੋ ਖੇਡਾਂ ’ਚ ਜੇਤੂ ਖਿਡਾਰੀਆਂ ਨੂੰ ਮਿਲਦਾ ਸੀ ਸਿਰਫ਼ ਚਾਂਦੀ ਦਾ ਤਮਗ਼ਾ
ਏਥਨਜ਼ ਵਿਖੇ ਹੋਈਆਂ 1896 ਦੀਆਂ ਪਹਿਲੀਆਂ ਅਤੇ 1900 ਵਿਚ ਪੈਰਿਸ ਵਿਖੇ ਹੋਈਆਂ ਦੂਜੀਆਂ ਉਲੰਪਿਕ ਖੇਡਾਂ ਦੌਰਾਨ ਪਹਿਲੇ ਸਥਾਨ ’ਤੇ ਰਹਿਣ ਵਾਲ਼ੇ ਜੇਤੂ ਖਿਡਾਰੀ ਨੂੰ ਵੀ ਸਿਰਫ਼ ਚਾਂਦੀ ਦਾ ਤਮਗ਼ਾ ਹੀ ਮਿਲਦਾ ਸੀ। ਦੂਜੇ ਸਥਾਨ ਵਾਲ਼ੇ ਖਿਡਾਰੀ ਨੂੰ ਕਾਂਸੀ ਦਾ ਤਮਗ਼ਾ ਦਿੱਤਾ ਜਾਂਦਾ ਸੀ ਅਤੇ ਤੀਜੇ ਸਥਾਨ ਵਾਲ਼ੇ ਨੂੰ ਸਿਰਫ ਮਾਣ-ਪੱਤਰ। ਸੋਨ ਤਮਗ਼ੇ ਦੀ ਸ਼ੁਰੂਆਤ 1904 ਵਿਚ ਸੈਂਟ ਲੂਈਸ ਵਿਖੇ ਹੋਈਆਂ ਤੀਜੀਆਂ ਉਲੰਪਿਕ ਖੇਡਾਂ ਤੋਂ ਹੋਈ ਸੀ। ਉਲੰਪਿਕ ਤਮਗ਼ਿਆਂ ਬਾਰੇ ਦਿਲਚਸਪ ਤੱਥ ਵੀ ਆਉਂਦੇ ਦਿਨਾਂ ਵਿਚ ਵੱਖਰੇ ਲੇਖ ਵਿਚ ਸਾਂਝੇ ਕਰਾਂਗੇ।
ਇਸ ਤਰਾਂ ਦੇ ਕੁੱਝ ਬੇਹੱਦ ਦਿਲਚਸਪ ਤੱਥ ਅਤੇ ਹੋਰ ਕਿੱਸੇ ਇਸ ਲੇਖ ਲੜੀ ਤਹਿਤ ਆਪਣੇ ਪਾਠਕਾਂ/ਦਰਸ਼ਕਾਂ ਦੀ ਜਾਣਕਾਰੀ ਲਈ ਪੇਸ਼ ਕਰ ਰਹੇ ਹਾਂ। ਉਮੀਦ ਹੈ ਤੁਸੀਂ ਪਸੰਦ ਕਰੋਗੇ ਅਤੇ ਜੇਕਰ ਲਿਖਤ ਚੰਗੀ ਲੱਗੇ ਤਾਂ ਆਪਣੇ ਹੋਰ ਜਾਣਕਾਰਾਂ ਨਾਲ਼ ਵੀ ਜਰੂਰ ਸਾਂਝੀ ਕਰ ਦੇਣਾ।
Leave a Reply