ABOUT US

ਸਤਿ ਸ੍ਰੀ ਅਕਾਲ ਦੋਸਤੋ

ਪੰਜਾਬੀ ਟ੍ਰਿਬਿਊਨ ਤੋਂ ਪੰਜ ਪਾਣੀ ਐਕਸਪ੍ਰੈਸ ਤੱਕ ਮੇਰਾ ਸਫ਼ਰ

ਮੇਰਾ ਨਾਂਅ ਪਰਮੇਸ਼ਰ ਸਿੰਘ ਬੇਰਕਲਾਂ ਹੈ। ਪੰਜ ਪਾਣੀ ਐਕਸਪ੍ਰੈਸ (punj pani express) ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਿਛਲੇ ਤਕਰੀਬਨ ਦੋ ਦਹਾਕੇ ਤੋਂ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਦੇ ਰਿਹਾ ਹਾਂ। ਇਨ੍ਹਾਂ 22 ਸਾਲਾਂ ਦੌਰਾਨ ਮੈਂ ਪਹਿਲਾਂ 8 ਸਾਲ ਪੰਜਾਬੀ ਟ੍ਰਿਬਿਊਨ ਲਈ ਕੰਮ ਕਰਦਾ ਰਿਹਾ ਹਾਂ ਅਤੇ ਬਾਅਦ ਵਿਚ ਲਗਪਗ 10 ਸਾਲ ਰੋਜ਼ਾਨਾ ਅਜੀਤ ਵਾਸਤੇ ਲੁਧਿਆਣਾ ਤੋਂ ਬਤੌਰ ਪੱਤਰਕਾਰ ਸੇਵਾਵਾਂ ਦਿੱਤੀਆਂ ਹਨ। ਜਿਵੇਂ ਕਿ ਮੇਰੇ ਨਾਂਅ ਵਿਚ ਵੀ ਸ਼ਾਮਿਲ ਹੈ ਮੇਰੇ ਪਿੰਡ ਦਾ ਨਾਂਅ ਬੇਰਕਲਾਂ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ਵਿਚ ਮਲੌਦ ਕਸਬੇ ਦੇ ਨੇੜੇ ਸਥਿਤ ਹੈ। ਪਰ ਮੈਂ ਪਿਛਲੇ ਲੰਮੇਂ ਸਮੇਂ ਤੋਂ ਲੁਧਿਆਣਾ ਸ਼ਹਿਰ ਵਿਚ ਹੀ ਰਹਿ ਰਿਹਾ ਹਾਂ।

ਪੰਜਾਬੀ ਅਧਿਆਪਕ ਦੇ ਸਵਾਲ ਨੇ ਬਣਾਇਆ ਪੱਤਰਕਾਰ

ਸਕੂਲ ਕਾਲਜ ਦੇ ਦਿਨਾਂ ਵਿਚ ਮੈਂ ਕਦੇ ਪੱਤਰਕਾਰਤਾ ਵਿਚ ਆਉਣ ਬਾਰੇ ਪਹਿਲਾਂ ਤੋਂ ਵਿਓਂਤਬੰਦੀ ਨਹੀਂ ਸੀ ਕੀਤੀ, ਪਰ ਕਿਤਾਬਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਰਿਹਾ ਹੈ। ਕਿਤਾਬਾਂ ਤੋਂ ਇਲਾਵਾ ਅਖ਼ਬਾਰਾਂ ਦੇ ਐਤਵਾਰ ਵਾਲ਼ੇ ਮੈਗਜ਼ੀਨ ਪੰਨੇ ਅਤੇ ਹਫਤੇ ਦੇ ਬਾਕੀ ਦਿਨਾਂ ਵਿਚ ਛਪਦੇ ਵੱਖੋ-ਵੱਖ ਵਿਸ਼ਿਆਂ ਦੇ ਵਿਸ਼ੇਸ਼ ਅੰਕ ਵੀ ਸ਼ੌਕ ਨਾਲ਼ ਪੜ੍ਹਦਾ ਰਿਹਾ ਹਾਂ। ਪੰਜਾਬੀ ਦੇ ਅਧਿਆਪਕ ਗਿਆਨੀ ਗੁਰਦੇਵ ਸਿੰਘ ਲਹਿਲ ਵੱਲੋਂ ਕੀਤਾ ਸਵਾਲ ਹੀ ਅਸਲ ਵਿਚ ਅੱਗੇ ਚੱਲ ਕੇ ਮੈਨੂੰ ਪੱਤਰਕਾਰਤਾ ਵਿਚ ਖਿੱਚ ਲਿਆਇਆ। ਗਿਆਨੀ ਜੀ ਨੇ ਇਕ ਦਿਨ ਪੜ੍ਹਾਉਂਦਿਆਂ ਅਚਾਨਕ ਪੁੱਛਿਆ ਕਿ ਅਖ਼ਬਾਰ ਵਿਚ ਕੀ ਪੜ੍ਹਦੇ ਹੁੰਨੇ ਓ ? ਸਭ ਨੇ ਆਪੋ ਆਪਣੇ ਸ਼ੌਕ ਮੁਤਾਬਕ ਜੁਆਬ ਦੇ ਦਿੱਤੇ ਤਾਂ ਗਿਆਨੀ ਜੀ ਨੇ ਸਾਨੂੰ ਤਾਕੀਦ ਕੀਤੀ ਕਿ ਜੇਕਰ ਕੋਈ ਗਿਆਨ ਦੀ ਗੱਲ ਸਿੱਖਣੀ ਹੈ ਤਾਂ ਅਖਬਾਰ ਦਾ ਸੰਪਾਦਕੀ ਲੇਖਾਂ ਵਾਲ਼ਾ ਪੰਨਾ ਜਰੂਰ ਪੜ੍ਹਿਆ ਕਰੋ। ਇਤਫਾਕ ਨਾਲ਼ ਉਸੇ ਸਾਲ ਪੰਜਾਬੀ ਟ੍ਰਿਬਿਊਨ ਅਖ਼ਬਾਰ ਸ਼ੁਰੂ ਹੋਇਆ ਸੀ। ਗਿਆਨੀ ਜੀ ਦੀ ਤਾਕੀਦ ਮੁਤਾਬਕ ਮੈਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕੀ ਪੰਨਾ ਪੜ੍ਹਨਾ ਸ਼ੁਰੂ ਕਰ ਦਿੱਤਾ। ਡਾ: ਬਰਜਿੰਦਰ ਸਿੰਘ ਹਮਦਰਦ ਤੇ ਉਸ ਤੋਂ ਬਾਅਦ ਹਰਭਜਨ ਹਲਵਾਰਵੀ ਦੇ ਸੰਪਾਦਕੀ ਲੇਖਾਂ ਤੋਂ ਇਲਾਵਾ ਹੋਰ ਨਾਮਵਰ ਲੇਖਕਾਂ ਦੇ ਲੇਖ ਪੜ੍ਹਦਿਆਂ ਹੀ ਲਿਖਣ ਦੀ ਚੇਟਕ ਵੀ ਲੱਗ ਗਈ। ਏਹੀ ਚੇਟਕ ਬਾਅਦ ਵਿਚ ਮੈਨੂੰ ਪੱਤਰਕਾਰਤਾ ਵਿਚ ਖਿੱਚ ਲਿਆਈ।

Click on Image to Buy

ਨਿਰਪੱਖਤਾ ਤੇ ਇਮਾਨਦਾਰੀ ਨਾਲ਼ ਕੋਸ਼ਿਸ਼ ਜਾਰੀ

ਮੈਂ ਆਪਣੇ ਵੱਲੋਂ ਪੂਰੀ ਨਿਰਪੱਖਤਾ ਤੇ ਇਮਾਨਦਾਰੀ ਨਾਲ਼ ਕੋਸ਼ਿਸ਼ ਕਰਦਿਆਂ ਪੰਜਾਬੀ ਪੱਤਰਕਾਰੀ ਵਿਚ ਇਕ ਵਿਸ਼ੇਸ਼ ਸਥਾਨ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਦੌਰਾਨ ਪਹਿਲਾਂ ਉਤਰਾਖੰਡ ਦੇ ਹੇਮਕੁੰਟ ਸਾਹਿਬ/ਕੇਦਾਰਨਾਥ ਇਲਾਕੇ ਵਿਚ ਆਏ ਭਿਆਨਕ ਹੜ੍ਹਾਂ ਮੌਕੇ ਉਤਰਾਖੰਡ ਅਤੇ ਬਾਅਦ ਵਿਚ ਨੇਪਾਲ ਵਿਚ ਆਏ ਭਿਆਨਕ ਭੁਚਾਲ ਦੀ ਕਵਰੇਜ ਕਰਨ ਲਈ ਰੋਜ਼ਾਨਾ ਅਜੀਤ ਵੱਲੋਂ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਮੈਨੂੰ ਵਿਸ਼ੇਸ਼ ਤੌਰ ‘ਤੇ ਨੇਪਾਲ ਭੇਜਿਆ ਸੀ। ਇਨ੍ਹਾਂ ਦੋ ਕੁਦਰਤੀ ਆਫਤਾਂ ਮੌਕੇ ਮੇਰੇ ਵੱਲੋਂ ਮੌਕੇ ‘ਤੇ ਜਾ ਕੇ ਕੀਤੀ ਕਵਰੇਜ ਨੂੰ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੇ ਖੂਬ ਸਲਾਹਿਆ। ਕੁੱਝ ਸ਼ੁਭਚਿੰਤਕਾਂ ਵੱਲੋਂ ਉਚੇਚੇ ਤੌਰ ‘ਤੇ ਫੋਨ ਕਰਕੇ ਮੇਰੀ ਸੁਰੱਖਿਆ ਅਤੇ ਸਿਹਤ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਹੀ ਸਲਾਮਤ ਵਾਪਸ ਮੁੜਨ ਦੀ ਦੁਆ ਵੀ ਕੀਤੀ ਗਈ। ਡਾ: ਹਮਦਰਦ ਵੱਲੋਂ ਦਿੱਤੀ ਸਰਪ੍ਰਸਤੀ ਅਤੇ ਵਿਖਾਏ ਗਏ ਭਰੋਸੇ ਲਈ ਮੈਂ ਹਮੇਸ਼ਾ ਉਨ੍ਹਾਂ ਦਾ ਰਿਣੀ ਰਹਾਂਗਾ। ਪਰ ਆਪਣੇ ਕੁੱਝ ਨਿੱਜੀ ਕਾਰਨਾਂ ਕਰਕੇ ਮੈਂ 2019 ਵਿਚ ਰੋਜ਼ਾਨਾ ਅਜੀਤ ਛੱਡ ਦਿੱਤਾ ਸੀ।

ਪੱਤਰਕਾਰਤਾ ਕੇਵਲ ਰੋਜੀ ਰੋਟੀ ਦਾ ਜੁਗਾੜ ਨਹੀਂ

ਮੈਂ ਹਮੇਸ਼ਾ ਇਸ ਗੱਲ ਦਾ ਮੁਦਈ ਰਿਹਾ ਹਾਂ ਕਿ ਪੱਤਰਕਾਰੀ ਵਰਗੇ ਕਿੱਤੇ ਨੂੰ ਕੇਵਲ ਰੋਜ਼ੀ ਰੋਟੀ ਦਾ ਜਰੀਆ ਨਾ ਬਣਾ ਕੇ ਪੱਤਰਕਾਰ ਵੱਲੋਂ ਸਮੇਂ ਦੇ ਹਾਕਮਾਂ ਨੂੰ ਉਨ੍ਹਾਂ ਦੀਆਂ ਨਾਲਾਇਕੀਆਂ, ਬੇਈਮਾਨੀਆਂ ਅਤੇ ਮੱਕਾਰੀਆਂ ਬਾਰੇ ਆਪਣੀਆਂ ਲਿਖਤਾਂ ਰਾਹੀਂ ਵੰਗਾਰ ਪਾਈ ਜਾਵੇ। ਇਸ ਦੇ ਨਾਲ਼ ਹੀ ਆਮ ਲੋਕਾਂ ਦੀ ਆਵਾਜ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਦੁਸ਼ਵਾਰੀਆਂ ਦਾ ਹੱਲ ਕਰਾਉਣ ਦਾ ਯਤਨ ਕਰਨਾ ਵੀ ਪੱਤਰਕਾਰ ਦੀਆਂ ਜਿੰਮੇਵਾਰੀਆਂ ਵਿਚ ਸ਼ੁਮਾਰ ਹੁੰਦਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਪੱਤਰਕਾਰਤਾ ਦੇ ਖੇਤਰ ਵਿਚ ਵੱਡੀਆਂ ਅਤੇ ਤਕਨੀਕੀ ਤਬਦੀਲੀਆਂ ਆਈਆਂ ਹਨ, ਜਿਨ੍ਹਾਂ ਵਿਚ ਸ਼ੋਸ਼ਲ ਮੀਡੀਆ ਦਾ ਪ੍ਰਭਾਵ ਕਾਫੀ ਵਧ ਗਿਆ ਹੈ। ਹੁਣ ਸਮੇਂ ਦੇ ਚੱਲ ਰਹੇ ਇਸ ਰੁਝਾਨ ਮੁਤਾਬਕ ਮੈਂ ਵੀ ਸ਼ੋਸ਼ਲ ਮੀਡੀਆ ਉਤੇ ਸਰਗਰਮ ਹੋਣ ਦਾ ਫੈਸਲਾ ਕੀਤਾ ਹੈ। 

Click On Image to Buy

ਇਸ ਮਕਸਦ ਲਈ ਮੈਂ ਯੂ-ਟਿਊਬ ਉਤੇ ਆਪਣਾ ਚੈਨਲ (Punj Pani Express) ਸ਼ੁਰੂ ਕਰਨ ਦੇ ਨਾਲ਼ ਨਾਲ਼ ਇਹ ਬਲੌਗ (Punj Pani Express) ਵੀ ਸ਼ੁਰੂ ਕੀਤਾ ਹੈ, ਜਿਥੇ ਵੱਖ-ਵੱਖ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਾ ਹਾਂ। ਇਸ ਤੋਂ ਇਲਾਵਾ ਤੁਸੀਂ ਹੇਠਾਂ ਦਿੱਤੇ ਲਿੰਕਾਂ ਉਤੇ ਕਲਿਕ ਕਰਕੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਲਿੰਕਡਇਨ ਆਦਿ ਸ਼ੋਸ਼ਲ ਮੀਡੀਆ ਉਪਰ ਵੀ ਮੇਰੇ ਨਾਲ਼ ਜੁੜ ਸਕਦੇ ਹੋ।

Facebook

Twitter

Instagram

Linkedin

ਅਸੀਂ ਆਪਣੇ ਇਨ੍ਹਾਂ ਪ੍ਰਚਾਰ ਸਾਧਨਾਂ ਰਾਹੀਂ ਸਮਾਜਿਕ, ਰਾਜਨੀਤਿਕ, ਧਾਰਮਿਕ, ਵਿਦਿਅਕ ਅਤੇ ਖੇਡ ਪ੍ਰੋਗਰਾਮਾਂ ਦੀ ਕਵਰੇਜ ਕਰਨ ਦੇ ਨਾਲ਼ ਨਾਲ਼ ਇਨ੍ਹਾਂ ਖੇਤਰਾਂ ਵਿਚ ਪ੍ਰਬੰਧਕੀ ਖਾਮੀਆਂ, ਕੁਰੀਤੀਆਂ, ਮਾੜੇ ਰੁਝਾਨਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸੰਭਾਵੀ ਸੁਧਾਰਾਂ ਬਾਰੇ ਲੋਕ ਰਾਏ ਬਣਾਉਣ ਲਈ ਯਤਨਸ਼ੀਲ ਹਾਂ। ਪਰ ਇਸ ਰਸਤੇ ਉਤੇ ਚੱਲਣ ਵਾਲ਼ਿਆਂ ਲਈ ਹਾਲਾਤ ਅਤੇ ਚੁਣੌਤੀਆਂ ਹਮੇਸ਼ਾ ਔਖੇ ਹੁੰਦੇ ਨੇ ਜਿਵੇਂ ਇਨਕਲਾਬੀ ਸ਼ਾਇਰ ਜਨਾਬ ਜਹੂਰ ਹੁਸੈਨ ਜ਼ਹੂਰ ਨੇ ਆਖਿਆ ਸੀ ਕਿ :

ਸੋਚਾਂ ਦੀ ਮਈਯਤ ਨੂੰ ਲੈ ਕੇ ਹੁਣ ਮੈਂ ਕਿਹੜੇ ਦਰ ਜਾਵਾਂਗਾ,

ਜੇ ਬੋਲਾਂ ਤਾਂ ਮਾਰ ਦੇਣਗੇ, ਨਾ ਬੋਲਿਆ ਤਾਂ ਮਰ ਜਾਵਾਂਗਾ।

ਜਨਾਬ ਜਹੂਰ ਹੁਸੈਨ ਦੇ ਇਨ੍ਹਾਂ ਬੋਲਾਂ ਮੁਤਾਬਕ ਅਸੀਂ ਹਮੇਸ਼ਾਂ ਲੋਕ ਹਿੱਤ ਵਿਚ ਆਮ ਲੋਕਾਂ ਦੀ ਆਵਾਜ ਬੁਲੰਦ ਕਰਨ ਅਤੇ ਸੱਤਾ ਉਤੇ ਬਿਰਾਜਮਾਨ ਸਮੇਂ ਦੇ ਹਾਕਮਾਂ ਨੂੰ ਉਨ੍ਹਾਂ ਦੀਆਂ ਖਾਮੀਆਂ ਤੇ ਨਾਲਾਇਕੀਆਂ ਬਾਰੇ ਵੰਗਾਰਨ ਦਾ ਯਤਨ ਪੰਜ ਪਾਣੀ ਐਕਸਪ੍ਰੈਸ (punj pani express) ਰਾਹੀਂ ਵੀ ਜਾਰੀ ਰੱਖਾਂਗੇ।

ਸਨਮਾਨਿਤ ਸਹਿਯੋਗੀਆਂ ਲਈ ਸੇਵਾਵਾਂ:

ਸਾਡੇ ਕੋਲ ਇਸ ਖੇਤਰ ਵਿੱਚ ਕੰਮ ਕਰਨ ਦਾ ਦੋ ਦਹਾਕੇ ਦਾ ਤਜਰਬਾ ਹੈ। ਅਸੀਂ ਪ੍ਰਿੰਟ ਦੇ ਨਾਲ ਨਾਲ ਵੀਡੀਓ/ਵਿਜ਼ੂਅਲ ਕਵਰੇਜ ਦੀ ਸੇਵਾ ਵੀ ਦਿੰਦੇ ਹਾਂ। ਇਸ ਦੇ ਨਾਲ਼ ਹੀ ਅਸੀਂ ਆਪਣੇ ਸਨਮਾਨਿਤ ਸਹਿਯੋਗੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਵਿਚ ਵਾਧਾ ਕਰਨ ਤੋਂ ਇਲਾਵਾ ਰਾਜਸੀ, ਸਮਾਜਿਕ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੀ ਸਮਾਜ ਵਿਚ ਪਹੁੰਚ ਹੋਰ ਵਿਆਪਕ ਬਣਾਉਣ ਵਿਚ ਮੱਦਦ ਕਰਨ ਦਾ ਯਤਨ ਕਰ ਸਕਦੇ ਹਾਂ।

ਪਿਛਲੇ ਸਮੇਂ ਦੌਰਾਨ ਪਾਠਕਾਂ ਵੱਲੋਂ ਮਿਲੇ ਮਾਣ ਸਤਿਕਾਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜਾਰ ਹੁੰਦਿਆਂ ਉਮੀਦ ਕਰਦਾ ਹਾਂ ਕਿ ਆਉਣ ਵਾਲ਼ੇ ਸਮੇਂ ਵਿਚ ਵੀ ਸਹਿਯੋਗ ਜਾਰੀ ਰੱਖੋਗੇ।

ਤੁਹਾਡੇ ਭਰਵੇਂ ਹੁੰਗਾਰੇ ਦੀ ਉਡੀਕ ਵਿਚ।

ਪਰਮੇਸ਼ਰ ਸਿੰਘ ਬੇਰਕਲਾਂ