ਹਾਦਸੇ ਤੇ ਮੌਤਾਂ : ਮਹਾਂਰਾਸ਼ਟਰ ਸਭ ਤੋਂ ਖਤਰਨਾਕ ਅਤੇ ਨਾਗਾਲੈਂਡ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ

ਚੰਡੀਗੜ੍ਹ ’ਚ ਹਾਦਸਾ ਮੌਤਾਂ ਦੀ ਗਿਣਤੀ 71 ਫੀਸਦੀ ਵਧੀ ਜਦਕਿ ਨਾਗਾਲੈਂਡ ’ਚ 26.7 ਫੀਸਦੀ ਘਟੀ

ਕੁੱਲ ਮੌਤਾਂ ਵਿਚੋਂ 50 ਫੀਸਦੀ ਮੌਤਾਂ ਦੇਸ਼ ਦੇ ਸਿਰਫ਼ ਪੰਜ ਸੂਬਿਆਂ ਵਿਚ ਹੀ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 20 ਸਤੰਬਰ: ਭਾਰਤ ਵਿਚ ਵਾਪਰਦੇ ਹਾਦਸਿਆਂ ਅਤੇ ਇਨ੍ਹਾਂ ਹਾਦਸਿਆਂ ਵਿਚ ਹੋ ਰਹੀਆਂ ਮੌਤਾਂ ਦੇ ਮਾਮਲੇ ਵਿਚ ਮਹਾਂਰਾਸ਼ਟਰ ਸੂਬਾ ਦੇਸ਼ ਵਿਚ ਸਭ ਤੋਂ ਖਤਰਨਾਕ ਨਜ਼ਰ ਆ ਰਿਹਾ ਹੈ ਜਿਥੇ ਸਾਲ 2019 ਵਿਚ ਹਾਦਸਿਆਂ ਦੌਰਾਨ 70,329 ਮੌਤਾਂ ਹੋਈਆਂ ਹਨ। ਇਹ ਦੇਸ਼ ਭਰ ਵਿਚ ਹੋਈਆਂ ਕੁੱਲ ਮੌਤਾਂ ਦਾ 16.7 ਫੀਸਦੀ ਹਿੱਸਾ ਬਣਦਾ ਹੈ। ਨਾਗਾਲੈਂਡ ਇਸ ਮਾਮਲੇ ਵਿਚ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ ਹੈ ਜਿਥੇ ਪਿਛਲੇ ਸਾਲ ਹਾਦਸਿਆਂ ਕਾਰਨ ਸਿਰਫ਼ 63 ਲੋਕਾਂ ਦੀ ਮੌਤ ਹੋਈ।

ਇਸ ਦੇ ਨਾਲ਼ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁੱਲ ਮੌਤਾਂ ਵਿਚੋਂ 50 ਫੀਸਦੀ ਮੌਤਾਂ ਦੇਸ਼ ਦੇ ਸਿਰਫ਼ ਪੰਜ ਸੂਬਿਆਂ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕਾ ਵਿਚ ਹੀ ਹੋ ਗਈਆਂ। ਕੌਮੀ ਅਪਰਾਧ ਅੰਕੜਾ ਬਿਊਰੋ ਦੀ ਸਾਲਾਨਾ ਰਿਪੋਰਟ ਮੁਤਾਬਕ ਮਹਾਂਰਾਸ਼ਟਰ ਤੋਂ ਬਾਅਦ ਭਾਰਤ ਦਾ ਕੇਂਦਰੀ ਸੂਬਾ ਮੱਧ ਪ੍ਰਦੇਸ਼ ਇਸ ਮਾਮਲੇ ਵਿਚ ਦੂਜਾ ਸਭ ਤੋਂ ਵੱਧ ਖਤਰਨਾਕ ਇਲਾਕਾ ਹੈ ਜਿਥੇ 42,431 ਲੋਕਾਂ ਦੀ ਮੌਤ ਹੋਈ ਜੋ ਕਿ ਦੇਸ਼ ਦੀਆਂ ਕੁੱਲ ਮੌਤਾਂ ਦਾ 10.1 ਫੀਸਦੀ ਬਣਦਾ ਹੈ। ਦੇਸ਼ ਵਿਚ ਸਭ ਤੋਂ ਵੱਧ ਆਬਾਦੀ ( ਕੁੱਲ ਆਬਾਦੀ ਦਾ 16.9 ਫੀਸਦੀ) ਵਾਲ਼ੇ ਸੂਬੇ ਉਤਰ ਪ੍ਰਦੇਸ਼ ਵਿਚ 40,696 ਮੌਤਾਂ ਹੋਈਆਂ ਹਨ ਤੇ ਇਸ ਤਰਾਂ 9.6 ਫੀਸਦੀ ਹਿੱਸੇ ਨਾਲ਼ ਇਹ ਤੀਜਾ ਸਭ ਤੋਂ ਖਤਰਨਾਕ ਸੂਬਾ ਸਾਬਤ ਹੋਇਆ ਹੈ। ਰਾਜਸਥਾਨ ਵਿਚ 28697, ਕਰਨਾਟਕਾ ਵਿਚ 25451, ਗੁਜਰਾਤ ਵਿਚ 23910, ਤਾਮਿਲਨਾਡੂ ਵਿਚ 22404, ਛਤੀਸ਼ਗੜ੍ਹ ਵਿਚ 19780, ਆਂਧਰਾ ਪ੍ਰਦੇਸ਼ ਵਿਚ 17938 ਅਤੇ ਉਡੀਸ਼ਾ ਵਿਚ 16459 ਜਦਕਿ ਪੱਛਮੀ ਬੰਗਾਲ ਵਿਚ 15985 ਮੌਤਾਂ ਦਰਜ ਕੀਤੀਆਂ ਗਈਆਂ ਹਨ। ਖੇਤਰਫਲ ਅਤੇ ਆਬਾਦੀ ਪੱਖੋਂ ਛੋਟੇ ਸੂਬਿਆਂ ਵਿਚ ਗਿਣੇ ਜਾਂਦੇ ਹਰਿਆਣਾ ਅਤੇ ਪੰਜਾਬ ਵੀ ਹਾਦਸਿਆਂ ਵਿਚ ਮੌਤਾਂ ਦੇ ਮਾਮਲੇ ਵਿਚ ਘੱਟ ਖਤਰਨਾਕ ਨਹੀਂ ਹਨ। ਹਰਿਆਣਾ ਵਿਚ 15639 ਅਤੇ ਪੰਜਾਬ ਵਿਚ 11048 ਮੌਤਾਂ ਹੋਈਆਂ ਹਨ ਹਾਲਾਂਕਿ ਇਨ੍ਹਾਂ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਪਿਛਲੇ 20-25 ਸਾਲਾਂ ਦੌਰਾਨ ਆਪੋ ਆਪਣੇ ਸੂਬਿਆਂ ਵਿਚ ਸੜਕਾਂ ਅਤੇ ਪੁਲ਼ਾਂ ਦੀ ਉਸਾਰੀ ਦੇ ਮਾਮਲੇ ਵਿਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਰਹੇ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਦੇਸ਼ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਸੂਬਾ ਹੋਣ ਦਾ ਖਿਤਾਬ ਪ੍ਰਾਪਤ ਕੇਰਲਾ ਵੀ ਇਸ ਮਾਮਲੇ ਵਿਚ ਖਤਰਨਾਕ ਸਥਿਤੀ ਵਿਚ ਹੈ ਜਿਥੇ ਪਿਛਲੇ ਸਾਲ 13763 ਲੋਕਾਂ ਦੀ ਹਾਦਸਿਆਂ ਵਿਚ ਜਾਨ ਗਈ ਹੈ। ਦੱਸਣਯੋਗ ਹੈ ਕਿ ਕੇਰਲਾ ਵੀ ਆਬਾਦੀ ਅਤੇ ਰਕਬੇ ਦੇ ਲਿਹਾਜ ਨਾਲ਼ ਦੇਸ਼ ਦੇ ਛੋਟੇ ਸੂਬਿਆਂ ਵਿਚ ਹੀ ਸ਼ਾਮਿਲ ਹੈ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

ਮੈਦਾਨੀ ਸੂਬਿਆਂ ਦੇ ਮੁਕਾਬਲੇ ਪਹਾੜੀ ਇਲਾਕਿਆਂ ਵਾਲ਼ੇ ਸੂਬੇ ਇਸ ਪੱਖੋਂ ਕਾਫੀ ਸੁਰੱਖਿਅਤ ਨਜ਼ਰ ਆ ਰਹੇ ਹਨ ਜਿਨ੍ਹਾਂ ਵਿਚੋਂ ਪੂਰਬੀ ਖਿੱਤੇ ਦੇ 8 ਸੂਬਿਆਂ ਦੀ ਹਾਲਤ ਦੇਸ਼ ਵਿਚ ਸਭ ਤੋਂ ਬਿਹਤਰ ਨਜ਼ਰ ਆ ਰਹੀ ਹੈ। ਹਾਦਸਿਆਂ ਵਿਚ ਮੌਤਾਂ ਦੇ ਮਾਮਲੇ ’ਚ ਨਾਗਾਲੈਂਡ ਦੇਸ਼ ਦਾ ਸਭ ਤੋਂ ਸੁਰੱਖਿਅਤ ਸੂਬਾ ਹੈ ਜਿਥੇ ਪਿਛਲੇ ਸਾਲ ਸਿਰਫ਼ 63 ਲੋਕਾਂ ਦੀ ਮੌਤ ਹੋਈ ਹੈ। ਮਿਜ਼ੋਰਮ ਵਿਚ 171, ਅਰੁਣਾਚਲ ਪ੍ਰਦੇਸ਼ ਵਿਚ 275, ਸਿੱਕਮ ਵਿਚ 295, ਮਨੀਪੁਰ ਵਿਚ 309, ਮੇਘਾਲਿਆ ਵਿਚ 476 ਜਦਕਿ ਤ੍ਰਿਪੁਰਾ ਵਿਚ 707 ਲੋਕਾਂ ਦੀ ਮੌਤ ਹੋਈ ਹੈ। ਇਸੇ ਤਰਾਂ ਉਤਰੀ ਭਾਰਤ ਦੇ ਪਹਾੜੀ ਸੂਬਿਆਂ ਵਿਚੋਂ ਜੰਮੂ ਕਸ਼ਮੀਰ ਵਿਚ 1451, ਉਤਰਾਖੰਡ ਵਿਚ 1886 ਅਤੇ ਹਿਮਾਚਲ ਪ੍ਰਦੇਸ਼ ਵਿਚ 3256 ਲੋਕਾਂ ਦੀ ਜਾਨਲੇਵਾ ਸੜਕ ਹਾਦਸਿਆਂ ਅਤੇ ਹੋਰ ਘਟਨਾਵਾਂ ਵਿਚ ਜਾਨ ਗਈ ਹੈ।

ਚੰਡੀਗੜ੍ਹ ’ਚ 71 ਫੀਸਦੀ ਵਾਧਾ ਜਦਕਿ ਨਾਗਾਲੈਂਡ ਵਿਚ ਮੌਤਾਂ 26.7 ਫੀਸਦੀ ਘਟੀਆਂ:

ਚੰਡੀਗੜ੍ਹ ਨੂੰ ਕਿਸੇ ਸਮੇਂ ਭਾਰਤ ਹੀ ਨਹੀਂ ਬਲਕਿ ਏਸ਼ੀਆ ਦੇ ਖੂਬਸੂਰਤ ਸ਼ਹਿਰਾਂ ਵਿਚ ਗਿਣਿਆ ਜਾਂਦਾ ਸੀ ਅਤੇ ਇਥੋਂ ਦੀਆਂ ਖੁਲ੍ਹੀਆਂ ਤੇ ਸ਼ਾਨਦਾਰ ਵਿਓਂਤਬੰਦੀ ਨਾਲ਼ ਬਣਾਈਆਂ ਸੜਕਾਂ ਨੂੰ ਵੀ ਆਵਾਜਾਈ ਲਈ ਬੇਹੱਦ ਸੁਰੱਖਿਅਤ ਮੰਨਿਆ ਜਾਂਦਾ ਸੀ। ਪਰ ਬਿਊਰੋ ਦੀ ਤਾਜਾ ਰਿਪੋਰਟ ਵਿਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਚੰਡੀਗੜ੍ਹ ਵਿਚ 2018 ਦੇ ਮੁਕਾਬਲੇ 2019 ਵਿਚ ਹਾਦਸਿਆਂ ਕਾਰਨ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਵਿਚ 71 ਫੀਸਦੀ ਵਾਧਾ ਹੋਇਆ ਹੈ ਜੋ ਕਿ ਦੇਸ਼ ਭਰ ਵਿਚ ਸਭ ਤੋਂ ਵੱਧ ਹੈ। ਬਿਹਾਰ ਵਿਚ ਇਹ ਵਾਧਾ 19.6 ਫੀਸਦੀ, ਝਾਰਖੰਡ ਵਿਚ 16.8 ਫੀਸਦੀ, ਹਿਮਾਚਲ ਪ੍ਰਦੇਸ਼ ਵਿਚ 13.6 ਫੀਸਦੀ ਜਦਕਿ ਕੇਰਲਾ ਵਿਚ 11.8 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਨਾਗਾਲੈਂਡ ਵਿਚ ਹਾਦਸਿਆਂ ਕਾਰਨ ਹੋਈਆਂ ਮੌਤਾਂ ਵਿਚ 26.7 ਫੀਸਦੀ ਦੀ ਕਮੀ ਆਈ ਹੈ। ਇਸ ਦੇ ਨਾਲ਼ ਹੀ ਦਾਦਰ ਤੇ ਨਗਰ ਹਵੇਲੀ ਵਿਚ ਇਹ ਕਮੀ 23.9 ਫੀਸਦੀ, ਅਰੁਣਾਚਲ ਪ੍ਰਦੇਸ਼ ਵਿਚ 18.9 ਫੀਸਦੀ ਜਦਕਿ ਲਕਸ਼ਦੀਪ ਸਿੰਘ 16.7 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਨੋਟ: ਹੋਰ ਹੈਰਾਨੀਜਨਕ ਅੰਕੜਿਆਂ ਲਈ ਅਗਲੀ ਕਿਸ਼ਤ ਦੀ ਉਡੀਕ ਕਰੋ।

Be the first to comment

Leave a Reply

Your email address will not be published.


*