”ਸਿੱਖ” ਵਿਰੋਧੀ ਖਿਝ ਜਾਂ ਆਪਣੀਆਂ ਨਿੱਜੀ ਕਿੜ੍ਹਾਂ ਕਿਸੇ ਹੋਰ ਘਟਨਾ ਵਿਚ ਕੱਢ ਲਿਆ ਕਰੋ ਭਾਈ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 23 ਅਕਤੂਬਰ: ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਤੇ ਰਾਜਸਥਾਨ ਆਦਿ ਸੂਬਿਆਂ ਵਿਚ ਅਕਸਰ 5-6 ਸਾਲ ਦੀਆਂ ਮਾਸੂਮ-ਅਣਭੋਲ ਬੱਚੀਆਂ ਨਾਲ਼ ਵਹਿਸ਼ੀ ਤੇ ਕਾਮੀ ਦਰਿੰਦਿਆਂ ਵੱਲੋਂ ਜ਼ਬਰ ਜਿਨਾਹ ਕੀਤੇ ਜਾਣ ਦੀਆਂ ਘਟਨਾਵਾਂ ਬਾਰੇ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਪੜ੍ਹ ਕੇ ਸੋਚੀਦਾ ਸੀ ਕਿ ਇਹ ਕਿਹੋ ਜਿਹੀ ਘਟੀਆ ਮਾਨਸਿਕਤਾ ਦੇ ਲੋਕ ਨੇ ?

ਇਨ੍ਹਾਂ ਘਟਨਾਵਾਂ ਵਿਚ ਸ਼ਾਮਿਲ ਵਹਿਸ਼ੀ ਦਰਿੰਦੇ ਅਕਸਰ ਪੀੜਤ ਬੱਚੀਆਂ ਦੇ ਟੱਬਰਾਂ ਦੇ ਵਿਚੋਂ ਹੀ ਜਾਂ ਆਂਢ-ਗੁਆਂਢ ਦੇ ਕੋਈ ਜਾਣਕਾਰ ਹੀ ਹੁੰਦੇ ਨੇ। ਇਸ ਤੋਂ ਇਲਾਵਾ ਦਲਿਤ ਭਾਈਚਾਰੇ ਦੀਆਂ ਲੜਕੀਆਂ ਨਾਲ਼ ਜਾਤੀ ਹੈਂਕੜ ਵਿਚ ਇਸ ਤਰਾਂ ਦਾ ਜ਼ਬਰ ਜੁ਼ਲਮ ਕਰਨਾ ਵੀ ਇਨ੍ਹਾਂ ਸੂਬਿਆਂ ਵਿਚ ਸਦੀਆਂ ਤੋਂ ਚਲਿਆ ਆ ਆਮ ਵਰਤਾਰਾ ਸਮਝਿਆ ਜਾਂਦਾ ਹੈ। ਜਦੋਂ ਪਿਛਲੇ ਕੁੱਝ ਦਹਾਕਿਆਂ ਦੌਰਾਨ ਯੂ. ਪੀ. ਬਿਹਾਰ ਦੇ ਹਜ਼ਾਰਾਂ ਕਾਮੇ ਰੋਜ਼ੀ ਰੋਟੀ ਖਾਤਰ ਪੰਜਾਬ ਆਏ ਤਾਂ ਪੰਜਾਬ ਦੇ ਸ਼ਹਿਰਾਂ ਕਸਬਿਆਂ ਵਿਚ ਵੀ ਏਦਾਂ ਦੀਆਂ ਘਟਨਾਵਾਂ ਸੁਣਨ ਪੜ੍ਹਨ ਨੂੰ ਮਿਲਣ ਲੱਗੀਆਂ। ਹਾਲਾਂਕਿ ਪਿਛਲੇ ਦਸ ਕੁ ਸਾਲਾਂ ਦੌਰਾਨ ਵਾਪਾਰੀਆਂ ਘਟਨਾਵਾਂ ਦੇ ਅੰਕੜਿਆਂ ਦੀ ਘੋਖ ਪੜਤਾਲ਼ ਕਰਕੇ ਮੀਡੀਆ ਦੇ ਜਿੰਮੇਵਾਰ ਹਿੱਸੇ ਵੱਲੋਂ ਇਨ੍ਹਾਂ ਘਟਨਾਵਾਂ ਬਾਰੇ ਨਿਰਪੱਖਤਾ ਨਾਲ਼ ਅਸਲ ਤੱਥ ਪੇਸ਼ ਕੀਤੇ ਜਾਂਦੇ ਰਹੇ ਨੇ। ਪਰ ਜਾਤੀ ਹੈਂਕੜ, ਛੂਆ-ਛਾਤ ਅਤੇ ਰਾਜਸੀ ਪੈਂਤੜੇਬਾਜ਼ੀ ਹੇਠ ਇਕ ਖਾਸ ਫਿਰਕੇ ਅਤੇ ਭਾਜਪਾ ਦੇ ਆਗੂਆਂ ਵੱਲੋਂ ਇਸ ਤਰਾਂ ਦੀਆਂ ਘਟਨਾਵਾਂ ਵਿਚ ਪੀੜਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਹਮੇਸ਼ਾ ਜ਼ਾਬਰਾਂ ਦੇ ਹੱਕ ਵਿਚ ਡਟ ਕੇ ਆਵਾਜ ਬੁਲੰਦ ਕੀਤੀ ਜਾਂਦੀ ਰਹੀ ਹੈ। ਪੰਜਾਬ ਵਾਸੀ ਇਸ ਪੱਖੋਂ ਹਮੇਸ਼ਾ ਦੂਜੇ ਸੁਬਿਆਂ ਦੇ ਇਨ੍ਹਾਂ ਜਾਤੀਵਾਦੀ ਤੇ ਫਿਰਕੂ ਲੋਕਾਂ ਦੇ ਉਲਟ ਪੀੜਤ ਧਿਰ ਦੇ ਹੱਕ ਵਿਚ ਆਵਾਜ ਬੁਲੰਦ ਕਰਦੇ ਰਹੇ ਨੇ ਅਤੇ ਗੁਰਮਤਿ ਵਿਚਾਰਧਾਰਾ ਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਲੜਕੀਆਂ ਨਾਲ਼ ਜ਼ਬਰ ਕਰਨ ਵਾਲ਼ਿਆਂ ਨੂੰ ਲਾਹਨਤਾਂ ਪਾਉਂਦੇ ਰਹੇ ਹਨ। ਹਾਲਾਂਕਿ ਟਾਂਡਾ ਉੜਮੁੜ ਵਿਚ ਬੀਤੇ ਦਿਨ ਵਾਪਰੀ ਘਟਨਾ ਨੇ ਪੰਜਾਬ ਵਾਸੀਆਂ ਨੂੰ ਵੀ ਹਲੂਣ ਕੇ ਰੱਖ ਦਿੱਤਾ ਹੈ ਤੇ ਆਉਣ ਵਾਲ਼ੇ ਸਮੇਂ ਲਈ ਮੁੜ ਤੋਂ ਸੋਚਣ ਵਾਸਤੇ ਮਜ਼ਬੂਰ ਕਰ ਦਿੱਤਾ ਹੈ। ਦੂਜੇ ਪਾਸੇ ਗੁਰਮਤਿ ਵਿਚਾਰਧਾਰਾ ਤੋਂ ਥਿੜਕੇ ਹੋਏ ਕੁੱਝ ਲੋਕ ਅਤੇ ‘ਸਿੱਖ’ ਲਫਜ ਤੋਂ ਹੀ ਚਿੜ੍ਹ ਰੱਖਣ ਵਾਲ਼ੇ ਲੋਕ ਇਸ ਘਟਨਾ ਦੀ ਆੜ ਵਿਚ ਵੀ ਸਿੱਖ ਧਰਮ ਤੇ ਗੁਰਮਤਿ ਵਿਚਾਰਧਾਰਾ ਲਈ ਆਵਾਜ ਬੁਲੰਦ ਕਰਨ ਵਾਲ਼ੇ ਲੋਕਾਂ ਖਿਲਾਫ਼ ਭੱਦੀਆਂ ਟਿੱਪਣੀਆਂ ਕਰਨ ਤੋਂ ਨਹੀਂ ਝਿਜਕ ਰਹੇ।

ਮੁੱਦੇ ਨਾਲ਼ ਸਬੰਧਿਤ ਵੀਡੀਓ ਵੇਖਣ ਲਈ ਕਲਿਕ ਕਰੋ

ਓ ਭਲੇਮਾਣਸੋ ਇਸ ਘਟਨਾ ਨੂੰ ਯੂ ਪੀ ਦੀ ਹਾਥਰਸ ਵਾਲ਼ੀ ਘਟਨਾ ਜਾਂ ਹੋਰ ਦਲਿਤ ਵਿਰੋਧੀ ਘਟਨਾਵਾਂ ਨਾਲ਼ ਤੁਲਨਾ ਕਰਨ ਤੋਂ ਪਹਿਲਾਂ ਇਹ ਤਾਂ ਦੱਸੋ ਕਿ ਕੀ ਕਿਸੇ ਸਿੱਖ ਆਗੂ ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਜਾਂ ਹੋਰ ਭਾਜਪਾ ਵਿਧਾਇਕਾਂ ਵਾਂਗ ਬੇਸ਼ਰਮੀ ਨਾਲ਼ ਅਤੇ ਬੇਗ਼ੈਰਤਾਂ ਵਾਂਗ ਟਾਂਡਾ ਉੜਮੁੜ ਘਟਨਾ ਦੇ ਮੁਲਜ਼ਮਾਂ ਦਾ ਪੱਖ ਪੂਰਨ ਲਈ ਜਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਬਿਆਨ ਦਿੱਤੈ ? ਕੀ ਕਿਸੇ ਪੁਲਿਸ ਜਾਂ ਸਿਵਲ ਪ੍ਰਸਾਸ਼ਨ ਦੇ ਅਧਿਕਾਰੀ ਨੇ ਹਾਥਰਸ ਘਟਨਾ ਵਾਂਗ ਏਥੇ ਪੀੜਤ ਟੱਬਰ ਨੂੰ ਕਿਸੇ ਤਰਾਂ ਦਬਾਉਣ ਜਾਂ ਜ਼ਾਬਰਾਂ ਦਾ ਪੱਖ ਪੂਰਨ ਦਾ ਯਤਨ ਕੀਤਾ ਹੈ ? 
ਮੇਰੀ ਬੇਨਤੀ ਹੈ ਕਿ ਆਪਣੀ ਸਿੱਖ ਵਿਰੋਧੀ ਖਿਝ ਜਾਂ ਆਪਣੀਆਂ ਨਿੱਜੀ ਕਿੜਾਂ ਕਿਸੇ ਹੋਰ ਘਟਨਾ ਵਿਚ ਕੱਢ ਲਿਆ ਕਰੋ, ਏਦਾਂ ਦੀ ਘਟਨਾ ਵਿਚ ਸਿਰਫ ਜ਼ਾਬਰਾਂ ਨੂੰ ਲਾਹਨਤਾਂ ਪੈਣੀਆਂ ਚਾਹੀਦੀਆਂ ਜਾਂ ਉਨ੍ਹਾਂ ਦਾ ਪੱਖ ਪੂਰਨ ਵਾਲ਼ਿਆਂ ਨੂੰ। ਮੈਂ ਇਸ ਪੀੜਤ ਬੱਚੀ ਦੇ ਟੱਬਰ ਨਾਲ਼ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰਦਾ ਹਾਂ।

 

Be the first to comment

Leave a Reply

Your email address will not be published.


*