ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਅਜਲਾਸ ਹੋਵੇਗਾ ਹੰਗਾਮੇਦਾਰ

ਭਾਈ ਰਣਜੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ, ਢੀਂਡਸਾ, ਸੇਖਵਾਂ ਤੇ ਹੋਰ ਆਗੂਆਂ ਨਾਲ਼ ਮੀਟਿੰਗ 
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 25 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 28 ਸਤੰਬਰ ਨੂੰ ਹੋਣ ਵਾਲ਼ਾ ਸਾਲਾਨਾ ਅਜਲਾਸ ਇਸ ਵਾਰ ਮੁੜ ਹੰਗਾਮੇਦਾਰ ਹੋਣ ਦੀ ਸੰਭਾਵਨਾ ਬਣ ਗਈ ਹੈ। ਕਮੇਟੀ ਦੇ ਪ੍ਰਕਾਸ਼ਨ ਹਾਊਸ ਤੋਂ ਪਿਛਲੇ ਸਾਲਾਂ ਦੌਰਾਨ ਸ਼ੱਕੀ ਹਾਲਾਤ ਵਿਚ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਮੇਤ ਹੋਰ ਪੰਥਕ ਮੁੱਦਿਆਂ ਉਤੇ ਕਾਬਜ਼ ਧਿਰ ਨੂੰ ਘੇਰਨ ਲਈ ਵੱਖ ਵੱਖ ਆਗੂਆਂ ਵੱਲੋਂ ਸਾਂਝੀ ਮੀਟਿੰਗ ਕਰਕੇ ਰਣਨੀਤੀ ਬਣਾਈ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਦਰਜਨ ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਰਾਜਸੀ ਆਗੂਆਂ ਦੀ ਅਹਿਮ ਮੀਟਿੰਗ ਸ੍ਰੀ ਫਤਹਿਗੜ੍ਹ ਸਾਹਿਬ ਨੇੜੇ ਜੱਥਾ ਰੰਧਾਵਾ ਦੇ ਮੁੱਖ ਅਸਥਾਨ ਵਿਖੇ ਹੋਈ ਹੈ। ਸਾਬਕਾ ਖ਼ਜ਼ਾਨਾ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਪੰਜਾਬ ਸੇਵਾ ਸਿੰਘ ਸੇਖਵਾਂ ਵੀ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਹਾਜ਼ਰ ਆਗੂਆਂ ਨੇ 328 ਸਰੂਪਾਂ ਦੇ ਮਾਮਲੇ ‘ਤੇ ਵਿਚਾਰ ਵਟਾਂਦਰਾ ਕਰਦੇ ਹੋਏ ਅਗਲੀ ਰਣਨੀਤਿ ਬਾਰੇ ਕਈ ਅਹਿਮ ਫ਼ੈਸਲੇ ਲਏ ਗਏ ਹਨ ਅਤੇ ਨਾਲ ਹੀ 28 ਸਤੰਬਰ ਦੇ ਅਜਲਾਸ (ਸ਼ੈਸਨ) ਬਾਰੇ ਵੀ ਚਰਚਾ ਕੀਤੀ ਗਈ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਕੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਪ੍ਰਬੰਧ ਦੇ ਅੰਦਰ ਦੀ ਅਤੇ ਸਿੱਖਾਂ ਕੋਲ ਪਿੰਡ ਪਿੰਡ ਪਹੁੰਚਣ ਦੀ ਧਾਰਮਿਕ ਤੌਰ ‘ਤੇ ਖ਼ਾਸ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਵਿਓਂਤਬੰਦੀ ਮੁਤਾਬਕ ਹੁਣ ਸ਼੍ਰੋਮਣੀ ਕਮੇਟੀ ਉਤੇ ਕਾਬਜ ਧਿਰ ਨੂੰ ਇਸ ਦੇ ਅੰਦਰੋਂ ਅਤੇ ਬਾਹਰੋਂ ਸਖ਼ਤ ਟੱਕਰ ਦਿੱਤੀ ਜਾਵੇਗੀ। ਪਹਿਲਾਂ ਤੋਂ ਹੀ ਪੰਥਕ ਮੁੱਦਿਆਂ ਬਾਰੇ ਸ਼੍ਰੋਮਣੀ ਕਮੇਟੀ ਵਿਚ ਚੰਗਾ ਰੋਲ ਨਿਭਾ ਰਹੇ ਮੈਂਬਰਾਂ ਨੂੰ ਇਸ ਮੀਟਿੰਗ ਨਾਲ਼ ਹੋਰ ਉਤਸ਼ਾਹ ਮਿਲਿਆ ਹੈ ਕਿਉਂਕਿ ਜਥੇਦਾਰ ਸੁਖਦੇਵ ਸਿੰਘ ਭੌਰ, ਅਮਰੀਕ ਸਿੰਘ ਸ਼ਾਹਪੁਰ, ਸੁਰਜੀਤ ਸਿੰਘ ਤੁਗਲਵਾਲ, ਜਗਜੀਤ ਸਿੰਘ ਖਾਲਸਾ, ਹਰਪਾਲ ਸਿੰਘ ਪਾਲੀ ਮਛੋਡਾ, ਅਮਰੀਕ ਸਿੰਘ ਜਨੇਤਪੁਰ ਆਦਿ ਇਕ ਵੱਡਾ ਧੜਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਆਵਾਜ ਨੂੰ ਹੋਰ ਲੋਕਾਂ ਤੇ ਆਗੂਆਂ ਪਾਸੋਂ ਹੁੰਗਾਰਾ ਨਹੀਂ ਸੀ ਮਿਲ ਰਿਹਾ। ਪਰ ਅੱਜ ਦੀ ਮੀਟਿੰਗ ਤੋਂ ਸੰਕੇਤ ਮਿਲ ਰਿਹਾ ਹੈ ਕਿ ਹੁਣ ਭਾਈ ਰਣਜੀਤ ਸਿੰਘ ਦੀ ਧਾਰਮਿਕ ਅਗਵਾਈ ਹੇਠ ਢੀਂਡਸਾ ਧੜੇ ਦੇ ਮੈਂਬਰਾਂ ਦੀ ਹਿਮਾਇਤ ਨਾਲ ਪਹਿਲਾਂ ਹੀ ਜੂਝ ਰਹੇ ਇਨ੍ਹਾਂ ਮੈਂਬਰਾਂ ਨਾਲ਼ ਮਿਲ ਕੇ ਸ਼੍ਰੋਮਣੀ ਕਮੇਟੀ ਦੇ ਅੰਦਰ ਵਿਰੋਧ ਦੀ ਸੁਰ ਹੋਰ ਤਿੱਖੀ ਹੋਵੇਗੀ।
ਇਸ ਮੀਟਿੰਗ ਵਿਚ ਜਸਵੰਤ ਸਿੰਘ ਪੁੜੈਣ, ਮਲਕੀਤ ਸਿੰਘ ਚੰਗਾਲ, ਬਾਬਾ ਗੁਰਮੀਤ ਸਿੰਘ ਤਲੋਕੇਵਾਲ, ਮਹਿੰਦਰ ਸਿੰਘ ਹੁਸੈਨਪੁਰੀ, ਮਿੱਠੂ ਸਿੰਘ ਕਾਹਨੇ ਕੇ ਮਾਨਸਾ, ਸਰਬੰਸ ਸਿੰਘ ਮਾਣਕੀ ਸਮਰਾਲਾ, ਜੈ ਪਾਲ ਸਿੰਘ ਮੰਡੀਆਂ ਮਲੇਰਕੋਟਲਾ, ਹਰਦੇਵ ਸਿੰਘ ਰੋਗਲਾ ਦਿੜਬਾ, ਅਮਰਜੀਤ ਸਿੰਘ ਬੱਬੀਅਲਾ ਤੇ ਧਰਮਪਾਲ ਸਿੰਘ ਬਹਿਣੀਵਾਲ ਸਮੇਤ ਹੋਰ ਮੈਂਬਰ ਅਤੇ ਆਗੂ ਵੀ ਹਾਜ਼ਰ ਸਨ। 

Be the first to comment

Leave a Reply

Your email address will not be published.


*