ਪੰਜਾਬ ਪੁਲਿਸ ਦਾ ਬਰਖਾਸਤ ਸਿਪਾਹੀ ਸੀ ਲੁਧਿਆਣਾ ਬੰਬ ਧਮਾਕੇ ‘ਚ ਮਰਿਆ ਸ਼ੱਕੀ ।

ਨਸ਼ੇ ਦੇ ਕੇਸ ‘ਚ ਗ੍ਰਿਫ਼ਤਾਰੀ ਤੋਂ ਬਾਅਦ ਕੀਤਾ ਸੀ ਬਰਖਾਸਤ, ਸਤੰਬਰ ਮਹੀਨੇ ਜ਼ੇਲ੍ਹ ‘ਚੋਂ ਜ਼ਮਾਨਤ ‘ਤੇ ਹੋਇਆ ਸੀ ਰਿਹਾਅ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 24 ਦਸੰਬਰ: ਲੁਧਿਆਣਾ ਬੰਬ ਧਮਾਕੇ (Ludhiana Bomb Blast) ਵਿਚ ਮਰਨ ਵਾਲ਼ਾ ਅਤੇ ਇਸ ਧਮਾਕੇ ਲਈ ਜਿੰਮੇਵਾਰ ਦੱਸਿਆ ਜਾ ਰਿਹਾ ਸ਼ੱਕੀ ਪੰਜਾਬ ਪੁਲਿਸ (Punjab Police) ਦਾ ਹੀ ਬਰਖਾਸਤ ਮੁਲਾਜ਼ਮ ਨਿੱਕਲਿਆ ਹੈ। ਅਦਾਲਤੀ ਕੰਪਲੈਕਸ ਵਿਚ 23 ਦਸੰਬਰ ਦੇ ਦਿਨ ਹੋਏ ਇਸ ਭਿਆਨਕ ਧਮਾਕੇ ਦੀ ਮੁੱਢਲੀ ਜਾਂਚ ਪੜਤਾਲ਼ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸ਼ੱਕ ਜ਼ਾਹਿਰ ਕੀਤਾ ਸੀ ਕਿ ਮਰਨ ਵਾਲ਼ਾ ਸ਼ੱਕੀ ਹੀ ਇਹ ਧਮਾਕਾਖੇਜ਼ ਬਾਰੂਦ ਇਥੇ ਲਿਆਇਆ ਹੋ ਸਕਦਾ ਹੈ, ਪਰ ਹਾਲੇ ਤੱਕ ਇਸ ਦੀ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ।

ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਨੂੰ 2019 ‘ਚ ਚਿੱਟੇ ਸਮੇਤ ਗ੍ਰਿਫ਼ਤਾਰੀ ਉਪਰੰਤ ਕੀਤਾ ਸੀ ਬਰਖਾਸਤ

ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਗੱਗੀ ਵਜੋਂ ਹੋਈ ਹੈ ਜੋ ਕਿ ਸਾਬਕਾ ਪੁਲਿਸ ਮੁਲਾਜ਼ਮ ਸੀ। ਉਸ ਨੂੰ ਸਾਲ 2019 ਵਿੱਚ ਉਸ ਵੇਲ਼ੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਜਦੋਂ ਐਸ ਟੀ ਐਫ਼ (STF) ਦੀ ਟੀਮ ਨੇ ਉਸ ਨੂੰ 85 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਫੜ ਲਿਆ ਸੀ। ਗ੍ਰਿਫ਼ਤਾਰੀ ਮੌਕੇ ਉਹ ਮਾਛੀਬਾੜਾ ਥਾਣੇ ਵਿਚ ਤਾਇਨਾਤ ਸੀ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਖੰਨਾ ਦੇ ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਸੀ। ਉਸਨੂੰ ਹੈਰੋਇਨ ਸਮੇਤ ਕਾਬੂ ਕਰਕੇ ਮੋਹਾਲੀ ਦੇ STF ਪੁਲਿਸ ਸਟੇਸ਼ਨ ਵਿੱਚ ਉਸਦੇ ਖਿਲਾਫ 11 ਅਗਸਤ 2019 ਨੂੰ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚੋਂ ਉਹ ਲੰਘੇ ਸਤੰਬਰ ਮਹੀਨੇ ਹੀ ਜ਼ਮਾਨਤ ‘ਤੇ ਰਿਹਾਅ ਹੋ ਕੇ ਜ਼ੇਲ੍ਹ ਤੋਂ ਬਾਹਰ ਆਇਆ ਸੀ।

ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਦੀ ਪਛਾਣ ਉਸ ਦੀ ਬਾਂਹ ‘ਤੇ ਉਕਰੇ ਟੈਟੂ ਅਤੇ ਮੋਬਾਈਲ ਸਿਮ ਤੋਂ ਹੋਈ

ਮਿਲ਼ੀ ਜਾਣਕਾਰੀ ਮੁਤਾਬਕ ਇਸ ਘਟਨਾ ਦੀ ਜਾਂਚ ਕਰਨ ਲਈ ਦਿੱਲੀ ਤੋਂ ਪਹੁੰਚੀ ਕੌਮੀ ਜਾਂਚ ਏਜੰਸੀ (NIA) ਦੀ ਟੀਮ ਨੇ ਜਦੋਂ ਘਟਨਾ ਸਥਾਨ ਦੀ ਬਾਰੀਕੀ ਨਾਲ਼ ਜਾਂਚ ਪੜਤਾਲ਼ ਕੀਤੀ ਤਾਂ ਉਨ੍ਹਾਂ ਨੂੰ ਇੱਕ ਸਿਮ ਕਾਰਡ ਅਤੇ ਇੰਟਰਨੈਟ ਚਲਾਉਣ ਵਾਲ਼ਾ ਡੋਂਗਲ ਮਿਲਿਆ। ਇਸ ਡੌਂਗਲ ਬਾਰੇ ਇੰਟਰਨੈਟ ਮੁਹਈਆ ਕਰਾਉਣ ਵਾਲ਼ੀ ਕੰਪਨੀ ਤੋਂ ਪਤਾ ਕੀਤਾ ਤਾਂ ਇਹ ਗਗਨਦੀਪ ਸਿੰਘ ਦੇ ਘਰ ਨੇੜੇ ਰਹਿੰਦੇ ਕਿਸੇ ਬੰਦੇ ਦੇ ਨਾਂਅ ‘ਤੇ ਖਰੀਦਿਆ ਗਿਆ ਸੀ। ਕੌਮੀ ਜਾਂਚ ਏਜੰਸੀ ਦੀ ਟੀਮ ਵੱਲੋਂ ਤੁਰੰਤ ਪੰਜਾਬ ਪੁਲਿਸ ਦੇ ਸਹਿਯੋਗ ਨਾਲ਼ ਨੇ ਉਕਤ ਬੰਦੇ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਜਾਣਕਾਰੀ ਮਿਲ਼ੀ ਕਿ ਇਹ ਡੌਂਗਲ ਗਗਨਦੀਪ ਸਿੰਘ ਇੰਟਰਨੈਟ ਦੀ ਵਰਤੋਂ ਵਾਸਤੇ ਲੈ ਕੇ ਗਿਆ ਸੀ। ਇਸ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰ ਨੇ ਵੀ ਉਸ ਦੀ ਬਾਂਹ ਉੱਤੇ ਬਣੇ ਧਾਰਮਿਕ ਟੈਟੂ (ਖੰਡੇ) ਤੋਂ ਉਸਦੀ ਪਛਾਣ ਕੀਤੀ ਦੱਸੀ ਜਾਂਦੀ ਹੈ।

ਕੌਮੀ ਜਾਂਚ ਏਜੰਸੀ ਦੀ ਟੀਮ ਹੁਣ ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਦੇ ਖਾੜਕੂਆਂ ਨਾਲ਼ ਸਬੰਧਾਂ ਬਾਰੇ ਜਾਂਚ ‘ਚ ਜੁਟੀ

ਇਸ ਧਮਾਕੇ ਦੀ ਜਾਂਚ ਕਰਨ ਪਹੁੰਚੀ ਕੌਮੀ ਜਾਂਚ ਏਜੰਸੀ (NIA) ਦੀ ਟੀਮ ਹੁਣ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਕੀ ਜ਼ੇਲ੍ਹ ਵਿਚ ਗਗਨਦੀਪ ਸਿੰਘ ਗੱਗੀ ਦੇ ਪੰਜਾਬ ਵਿਚ ਸਰਗਰਮ ਰਹੇ ਖਾੜਕੂਆਂ ਵਿਚੋਂ ਕਿਸੇ ਨਾਲ਼ ਸਬੰਧ ਬਣ ਗਏ ਸਨ ਜਾਂ ਉਸ ਨੇ ਇਹ ਧਮਾਕਾ ਕਿਸੇ ਹੋਰ ਇਰਾਦੇ ਨਾਲ਼ ਕੀਤਾ ਹੈ ? ਦੱਸਣਯੋਗ ਹੈ ਕਿ ਪੰਜਾਬ ਪੁਲਿਸ ਪਹਿਲਾਂ ਵੀ ਇਸ ਤਰਾਂ ਦੇ ਕਈ ਮਾਮਲਿਆਂ ਦਾ ਖੁਲਾਸਾ ਕਰ ਚੁੱਕੀ ਹੈ ਕਿ ਪੰਜਾਬ ਦੀਆਂ ਜ਼ੇਲ੍ਹਾਂ ਵਿਚ ਬੰਦ ਵੱਖ ਵੱਖ ਖਾੜਕੂਆਂ ਅਤੇ ਉਨ੍ਹਾਂ ਦੇ ਵਿਦੇਸ਼ਾਂ ਵਿਚ ਰਹਿ ਰਹੇ ਸਾਥੀਆਂ ਵੱਲੋਂ ਪੰਜਾਬ ਦੇ ਇਸ ਤਰਾਂ ਦੇ ਅਪਰਾਧੀਆਂ ਨੂੰ ਆਪਣੇ ਨਾਲ਼ ਮਿਲਾ ਕੇ ਵਾਰਦਾਤਾਂ ਕਰਵਾਈਆਂ ਜਾਂਦੀਆਂ ਹਨ। ਗਗਨਦੀਪ ਗੱਗੀ 2011 ਵਿਚ ਪੰਜਾਬ ਪੁਲਿਸ ਵਿਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਅਤੇ ਕੁੱਝ ਸਾਲਾਂ ਬਾਅਦ ਤਰੱਕੀ ਹਾਸਲ ਕਰਕੇ ਹੌਲਦਾਰ ਬਣ ਚੁੱਕਾ ਸੀ।

ਕੌਮੀ ਜਾਂਚ ਏਜੰਸੀ ਵੱਲੋਂ ਲੁਧਿਆਣਾ ਬੰਬ ਧਮਾਕੇ ਦੇ ਸ਼ੱਕੀ ਦੇ ਖੰਨਾ ਸਥਿਤ ਘਰ ਵਿਚ ਛਾਪਾ

ਘਟਨਾ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ ਨੂੰ ਜਿਓਂ ਹੀ ਗਗਨਦੀਪ ਗੱਗੀ ਬਾਰੇ ਜਾਣਕਾਰੀ ਮਿਲੀ ਤਾਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ਼ ਖੰਨਾ ਸਥਿਤ ਗੱਗੀ ਦੇ ਘਰ ਛਾਪਾ ਮਾਰ ਕੇ ਘਰ ਦੀ ਬਾਰੀਕੀ ਨਾਲ਼ ਤਲਾਸ਼ੀ ਲਈ ਗਈ। ਹਾਲਾਂਕਿ ਕੌਮੀ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ 24 ਦਸੰਬਰ ਦੇਰ ਰਾਤ ਤੱਕ ਇਸ ਸਾਰੇ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਮੀਡੀਆ ਨਾਲ਼ ਸਾਂਝੀ ਨਹੀਂ ਕੀਤੀ ਪਰ ਜਿਓਂ ਹੀ ਕੌਮੀ ਟੀਮ ਦੇ ਖੰਨਾ ਵਿਚ ਛਾਪੇ ਦੀ ਸੂਹ ਮਿਲੀ ਤਾਂ ਵੱਡੀ ਗਿਣਤੀ ਮੀਡੀਆ ਕਰਮੀ ਸ਼ੱਕੀ ਮੁਲਜ਼ਮ ਦੇ ਘਰ ਪਹੁੰਚ ਗਏ। ਦੱਸਿਆ ਗਿਆ ਹੈ ਕਿ ਕੌਮੀ ਜਾਂਚ ਏਜੰਸੀ ਦੀ ਟੀਮ ਗੱਗੀ ਦੇ ਘਰ ਤੋਂ ਉਸ ਦੇ ਕੰਪਿਊਟਰ/ਲੈਪਟਾਪ ਸਮੇਤ ਕੁੱਝ ਹੋਰ ਕਾਗਜਾਤ ਵੀ ਆਪਣੇ ਨਾਲ਼ ਲੈ ਗਈ ਹੈ। ਇਸ ਬਾਰੇ ਹੋਰ ਵੇਰਵੇ ਪੰਜਾਬ ਦੇ ਡੀ ਜੀ ਪੀ ਵੱਲੋਂ 25 ਦਸੰਬਰ ਨੂੰ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਲੁਧਿਆਣਾ ਅਦਾਲਤੀ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਨਾਲ਼ ਹੋਈ ਟੁੱਟ-ਭੱਜ ਦਾ ਦ੍ਰਿਸ਼
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

Be the first to comment

Leave a Reply

Your email address will not be published.


*