‘ਲਹੂ ਭਿੱਜੇ ਬੋਲਾਂ’ ਵਾਲਾ ‘ਕੰਮੀਆਂ ਦੇ ਵਿਹੜੇ ਦਾ ਸੂਰਜ’ ਲੋਕ ਕਵੀ ਸੰਤ ਰਾਮ ਉਦਾਸੀ (Sant Ram Udaasi)

‘ਸਿੱਖ ਇਤਿਹਾਸ’ ਨਾਲ਼ ਸਬੰਧਿਤ ਕਵਿਤਾਵਾਂ ਲਿਖਣ/ਗਾਉਣ ਤੋਂ ਔਖੈ ਖੱਬੇ-ਪੱਖੀਆਂ ਨੇ ਉਦਾਸੀ ਨੂੰ ਵਿਸਾਰਿਆ 
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 20 ਅਪ੍ਰੈਲ: ਕਿਰਤੀਆਂ-ਕਾਮਿਆਂ, ਬੇਜ਼ਮੀਨੇ ਅਤੇ ਮਿਹਨਤਕਸ਼ ਲੋਕਾਂ ਦੀ ਜਿੰਦਗੀ ਸੁਆਰਨ ਤੇ ਜਗੀਰੂ ਸੋਚ ਵਾਲ਼ੇ ਧਨਾਡ ਲੋਕਾਂ ਵੱਲੋਂ ਇਨ੍ਹਾਂ ਮਿਹਨਤਕਸ਼ਾਂ ਦੀ ਹੋ ਰਹੀ ਆਰਥਿਕ ਲੁੱਟ ਨੂੰ ਖਤਮ ਕਰਨ ਦੇ ਟੀਚੇ ਨਾਲ਼ ਬੰਗਾਲ ਦੇ ‘ਨਕਸਲਬਾੜੀ’ ਇਲਾਕੇ ਵਿਚੋਂ ਇਕ ਬਗ਼ਾਵਤ ਦੀ ਚਿਣਗ ਮਘੀ ਜਿਸ ਨੇ ਹਜ਼ਾਰਾਂ ਕਿਲੋਮੀਟਰ ਦੂਰ ਪੰਜਾਬ ਦੇ ਕਿਰਤੀਆਂ, ਬੇਜ਼ਮੀਨੇ ਅਤੇ ਮਿਹਨਤਕਸ਼ ਲੋਕਾਂ ਨੂੰ ਵੀ ਜਲਦੀ ਹੀ ਆਪਣੇ ਕਲਾਵੇ ਵਿਚ ਲੈ ਲਿਆ ਸੀ। ਇਸ ਦੌਰ ਵਿਚ ਚੜ੍ਹਦੀ ਉਮਰ ਦੇ ਸੈਂਕੜੇ ਜਜ਼ਬਾਤੀ ਨੌਜਵਾਨਾਂ ਦੇ ਨਾਲ਼ ਨਾਲ਼ ਕੁੱਝ ਵੱਡੀ ਉਮਰ ਦੇ ਸੂਝਵਾਨ ਬਜ਼ੁਰਗ ਵੀ ਸਰਗਰਮ ਸਨ। ਇਕ ਪਾਸੇ ਜੁਝਾਰੂ ਸੋਚ ਵਾਲ਼ੇ ਨੌਜਵਾਨ ਜ਼ਾਬਰ ਸੋਚ ਵਾਲ਼ੇ ਜਾਗੀਰਦਾਰਾਂ ਤੇ ਇਨ੍ਹਾਂ ਜਾਗੀਰਦਾਰਾਂ ਦਾ ਪੱਖ ਪੂਰ ਰਹੀਆਂ ਸਮੇਂ ਦੀਆਂ ਹਕੂਮਤਾਂ ਦੇ ਖਿਲਾਫ਼ ਹਥਿਆਰ ਚੁੱਕ ਕੇ ਜਾਨ ਤਲੀ ਉਤੇ ਧਰ ਕੇ ਜੂਝ ਰਹੇ ਸਨ। ਦੂਜੇ ਪਾਸੇ ਸਮੇਂ ਦੇ ਕੁੱਝ ‘ਜਿੰਮੇਵਾਰ’ ਲਿਖਾਰੀਆਂ/ਸ਼ਾਇਰਾਂ ਨੇ ਆਪਣੀਆਂ ਲਿਖਤਾਂ/ਕਵਿਤਾਵਾਂ ਰਾਹੀਂ ਇਨ੍ਹਾਂ ਜੁਝਾਰੂਆਂ ਨੂੰ ਹੱਲਾਸ਼ੇਰੀ ਦੇਣ ਅਤੇ ਹੋਰ ਲੋਕਾਂ ਦੀ ਆਤਮਾ ਨੂੰ ਹਲੂਣਾ ਦੇ ਕੇ ਜਾਗਰੂਕ ਕਰਦਿਆਂ ਇਸ ਲਹਿਰ ਨੂੰ ਲੋਕ ਲਹਿਰ ਬਣਾਉਣ ਖਾਤਰ ਆਪਣਾ ਬਣਦਾ ਯੋਗਦਾਨ ਪਾਇਆ। ਅਜਿਹੇ ਕਵੀਆਂ ਵਿਚੋਂ ਹੀ ਇਕ ਸੀ ਪਰਜਾ ਮੰਡਲ ਲਹਿਰ (Praja Mandal Movment in Punjab), ਮੁਜ਼ਾਰਾ ਮੁਕਤੀ ਲਹਿਰ ਅਤੇ ਇਸ ਤਰਾਂ ਦੀਆਂ ਹੋਰ ਇਨਕਲਾਬੀ ਲਹਿਰਾਂ ਦਾ ਗੜ੍ਹ ਰਹੇ ਮਾਲਵਾ ਖਿੱਤੇ ਦੇ ਬਰਨਾਲਾ ਨੇੜਲੇ ਪਿੰਡ ਰਾਏਸਰ ਵਿਖੇ ‘ਕੰਮੀਆਂ ਦੇ ਵਿਹੜੇ’ 20 ਅਪ੍ਰੈਲ 1939 ਨੂੰ ਜੰਮਿਆ ਸੰਤ ਰਾਮ ਉਦਾਸੀ (Sant Ram Udasi)। ਉਦਾਸੀ ਨੂੰ ਸਰੋਦੀ ਆਵਾਜ਼ ਆਪਣੇ ਪੜਦਾਦੇ ਭਾਈ ਕਾਹਲ਼ਾ ਸਿੰਘ ਤੋਂ ਵਿਰਸੇ ਵਿਚ ਮਿਲੀ ਸੀ, ਜੋ ਕਿ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। 
ਪ੍ਰਿੰ: ਸਰਵਣ ਸਿੰਘ ਮੁਤਾਬਕ ਸੰਤ ਰਾਮ ਦੇ ਪੜਦਾਦਾ ਕਾਹਲ਼ਾ ਸਿੰਘ ਨੂੰ ਉਸ ਦੀ ਗਾਇਕੀ ਦੇ ਕੁੱਝ ਕਦਰਦਾਨ ਸਰੋਤੇ ਭਾਈਕੇ ਦਿਆਲਪੁਰੇ ਤੋਂ ਰਾਏਸਰ ਲੈ ਆਏ ਸਨ। ਉਦਾਸੀ ਦੇ ਪਿਤਾ ਮੇਹਰ ਸਿੰਘ ਨੇ ਜ਼ਿੰਮੀਦਾਰਾਂ ਨਾਲ਼ ਸੀਰ ਕੀਤੇ, ਭੇਡਾਂ ਚਾਰੀਆਂ ਤੇ ਵਟਾਈ `ਤੇ ਖੇਤੀ ਵੀ ਕੀਤੀ। ਉਹਦੀ ਮਾਤਾ ਧੰਨ ਕੌਰ ਨੇ ਆਪਣੇ ਅੱਠ ਜੁਆਕਾਂ ਦੀ ਰੋਟੀ ਦਾ ਓਹੜ ਪੋਹੜ ਕਰਨ ਲਈ ਚੱਕੀਆਂ ਪੀਹਣ ਤੋਂ ਲੈ ਕੇ ਜਿ਼ੰਮੀਦਾਰਾਂ ਦਾ ਗੋਹਾ ਕੂੜਾ ਕਰਨ ਵਰਗੇ ਮੁਸ਼ੱਕਤ ਦੇ ਕੰਮ ਕੀਤੇ। ਉਦਾਸੀ ਹੋਰੀਂ ਪੰਜ ਭਰਾ ਸਨ, ਗੁਰਦਾਸ ਸਿੰਘ, ਹਰਦਾਸ ਸਿੰਘ ਭੂਰਾ, ਪ੍ਰਕਾਸ਼ ਸਿੰਘ, ਸੰਤ ਰਾਮ ਉਦਾਸੀ ਤੇ ਗੁਰਦੇਵ ਸਿੰਘ ਕੋਇਲ। ਤਿੰਨ ਭੈਣਾਂ ਸਨ, ਸੱਤਿਆ, ਹਰਬੰਸ ਕੌਰ ਤੇ ਸੁਖਦੇਵ ਕੌਰ। ਭੈਣਾਂ ਦੇ ਨਿੱਕੇ ਨਾਂ ਸਨ ਕਾਕੀ, ਘੁੱਕੋ ਤੇ ਨਿੱਕੀ।
ਉਹ ਲੋਕ-ਕਾਵਿ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ, ਉਨ੍ਹੀਂ ਦਿਨੀਂ ਕਾਲਜਾਂ ਵਿਚ ਉਦਾਸੀ-ਉਦਾਸੀ ਹੁੰਦੀ ਸੀ। ਉਹ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ। ਕਵੀ ਦਰਬਾਰਾਂ ਵਿਚ ਸਿ਼ਵ ਕੁਮਾਰ ਦੀ ਆਪਣੀ ਥਾਂ ਸੀ। ਉਦਾਸੀ ਨੇ ਵਿਦਿਆਰਥੀ ਰੈਲੀਆਂ ਵਿਚ ਆਪਣੀ ਥਾਂ ਬਣਾ ਲਈ। ਸਿ਼ਵ ਕੁਮਾਰ ਪਿਆਰ ਮੁਹੱਬਤ, ਬਿਰਹਾ ਵਿਜੋਗ ਤੇ ਮੌਤ ਦੇ ਨਗ਼ਮੇ ਗਾਉਂਦਾ। ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ। ਦੋਵੇਂ ਆਵਾਜ਼ ਦੇ ਧਨੀ ਸਨ ਜੋ ਬਿਨਾਂ ਸਾਜ਼ਾਂ ਤੋਂ ਤਰੰਨਮ ਵਿਚ ਗਾਉਂਦੇ। ਸਿ਼ਵ ਦਰਦੀਲਾ ਸੀ, ਉਦਾਸੀ ਰੋਹੀਲਾ। ਉਦਾਸੀ ਦੇ ਤੱਤੇ ਸਰੋਤੇ ਸਿ਼ਵ ਕੁਮਾਰ ਦੀਆਂ ਪੈਰੋਡੀਆਂ ਬਣਾ ਕੇ ਉਹਦਾ ਮਜ਼ਾਕ ਉਡਾਉਂਦੇ, ਭਗੌੜਾ ਦੱਸਦੇ।
ਕਵਿਤਾਵਾਂ ਲਿਖਦਾ ਤੇ ਗਾਉਂਦਾ ਕੇਵਲ 47 ਸਾਲ ਦੀ ਉੁਮਰੇ ਚਲਾਣਾ ਕਰ ਗਿਆ। ਉਹਦੀ ਕਾਵਿ-ਬੁਲੰਦੀ ਦਾ ਅੰਦਾਜ਼ਾ ‘ਕੰਮੀਆਂ ਦੇ ਵਿਹੜੇ’ ਵਾਲੇ ਇਸ ਗੀਤ ਤੋਂ ਲਾਇਆ ਜਾ ਸਕਦੈ:
ਮਾਂ ਧਰਤੀਏ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਜਿਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ…
ਗ਼ੁਲਾਮੀ ਕੇਵਲ ਵਿਦੇਸ ਤੋਂ ਧਾੜਵੀ ਬਣ ਕੇ ਜਾਂ ਵਪਾਰ ਦੀ ਆੜ ਵਿਚ ਆ ਕੇ ਕਾਬਜ਼ ਹੋਏ ਹਾਕਮਾਂ ਦੀ ਹੀ ਨਹੀਂ ਹੁੰਦੀ ਬਲਕਿ ਇਸ ਦੇ ਵੱਖੋ-ਵੱਖ ਰੂਪ ਨੇ ਤੇ ਇਹ ਸਾਡੇ ਸਮਾਜ ਵਿਚ ਹਰ ਪੱਧਰ ਉਤੇ ਫੈਲੀ ਹੁੰਦੀ ਹੈ। ਗ਼ੁਲਾਮੀ ਦੇ ਇਸ ਅਹਿਸਾਸ ਨੂੰ ਉਦਾਸੀ ਨੇ ਆਪਣੇ ਲਫ਼ਜਾਂ ਵਿਚ ਇੰਝ ਪੇਸ਼ ਕੀਤੈ:-
ਅਸੀਂ ਤੋੜੀਆਂ ਗ਼ੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁਖੜੇ ਜਰੇ
ਆਖਣਾ ਸਮੇਂ ਦੀ ਸਰਕਾਰ ਨੂੰ, ਉਹ ਗਹਿਣੇ ਸਾਡਾ ਦੇਸ ਨਾ ਧਰੇ…
ਦੇਸ਼ ਹੈ ਪਿਆਰਾ ਸਾਨੂੰ ਜਿ਼ੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ
ਅਸੀਂ ਤੋੜ ਦੇਣੀ, ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ…
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ
ਰੱਜਣਗੇ ਕਿਰਤੀ ਕਿਸਾਨ ਮੁੜ ਕੇ
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ…
ਸੁਣ ਲਵੋ ਕਾਗੋ, ਅਸੀਂ ਕਰ ਦੇਣਾ ਪੁੱਠੇ ਥੋਨੂੰ
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ
ਰੋਟੀ ਬੱਚਿਆਂ ਦੇ, ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ…
ਡਰੋਲੀ ਭਾਈ ਦਾ ਗੁਰਚਰਨ ਸਿੰਘ ਸੰਘਾ ਢੁੱਡੀਕੇ ਕਾਲਜ ਪੜ੍ਹਦਿਆਂ ਉਦਾਸੀ ਦਾ ਦੋਸਤ ਬਣ ਗਿਆ ਸੀ। ਸਮਾਂ ਪਾ ਕੇ ਉਹ ਸ੍ਰੀ ਹਜ਼ੂਰ ਸਾਹਿਬ ਤੋਂ ਨਿਕਲਦੇ ‘ਸੱਚਖੰਡ ਪੱਤਰ’ ਦਾ ਸੰਪਾਦਕ ਬਣਿਆ। ਉਸ ਦਾ ਲਿਖਤੀ ਬਿਆਨ ਹੈ: ਗੱਲ 1972-73 ਦੀ ਹੈ ਜਦ ਸੰਤ ਰਾਮ ਉਦਾਸੀ ਲੋਕਾਂ ਦੇ ਦਿਲ ਦੀ ਆਵਾਜ਼ ਬਣ ਗਿਆ ਸੀ। ਉਸ ਨੇ ਨਾਹਰਾ ਦਿੱਤਾ ਸੀ ‘ਗੁਰੂ ਗੋਬਿੰਦ ਸਿੰਘ ਦਾ ਰਾਹ, ਸਾਡਾ ਰਾਹ’। ਮੈਂ ਉਸ ਸਮੇਂ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਾਲਜ ਦਾ ਵਿਦਿਆਰਥੀ ਸਾਂ। ਉਥੇ ਮੈਂ ਵੀ ਉਹਦੇ ਰਾਹ ਪੈ ਗਿਆ। ਮੇਰੀਆਂ ਕਵਿਤਾਵਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਪੋਸਟਰਾਂ ਦੇ ਹੈਡਿੰਗ ਬਣਨ ਲੱਗੀਆਂ…। ਜਦੋਂ ਉਹ ਰੋਹ ਨਾਲ ਗਾਉਂਦਾ ਤਾਂ ਉਹਦੀ ਰੋਹੀਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ। ਉਹਦੀ ਬਾਗ਼ੀ ਸੁਰ ਹਜ਼ਾਰਾਂ ਸਰੋਤਿਆਂ ਨੂੰ ਝੰਜੋੜ ਦਿੰਦੀ। ਉਨ੍ਹਾਂ ਦੇ ਦਿਲਾਂ ਦਿਮਾਗਾਂ `ਤੇ ਜੰਮਿਆ ਜ਼ੰਗਾਲ ਉੱਤਰ ਜਾਂਦਾ। ਉਹ ਹਿੱਕ ਦੇ ਤਾਣ ਨਾਲ ਗਾਉਂਦਾ:
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ, ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ…
ਉਹ ਵਿਦੇਸ਼ ਗਿਆ ਤਾਂ ‘ਵਿਦੇਸ਼ੀ ਹਵਾਵਾਂ ਦੇ ਨਾਂ’ ਗੀਤ ਗਾਇਆ ਜੀਹਨੂੰ ਸੁਣ ਕੇ ਪਰਵਾਸੀਆਂ ਦੇ ਹੰਝੂ ਵਹਿ ਤੁਰੇ:
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇਕ ਦਰਵੇਸ਼
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ
ਮਿਲੂ ਕਿਹੜੀਆਂ ਵਲੈਤਾਂ `ਚੋਂ ਉਧਾਰ ਨੀ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼…
ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ
ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ
ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼
ਕਰੇ ਜੋਦੜੀ ਨੀ ਇਕ ਦਰਵੇਸ਼…
ਪ੍ਰਿੰ: ਸਰਵਣ ਸਿੰਘ ਲਿਖਦੇ ਹਨ ਕਿ ਲੋਕ ਹਿਤਾਂ ਨੂੰ ਪ੍ਰਣਾਈਆਂ ਨਜ਼ਮਾਂ ਲਿਖਣ ਤੇ ਗਾਉਣ ਬਦਲੇ ਸਮੇਂ ਦੇ ਹਾਕਮਾਂ ਦੀ ਵਹਿਸ਼ੀ ਪੁਲਿਸ ਨੇ 11 ਜਨਵਰੀ 1971 ਨੂੰ ਪੋਹ ਦੀ ਠਰੀ ਰਾਤੇ ਉਸ ਨੂੰ ਚੁੱਕ ਲਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ ਵਿਚ ਲਿਆ ਸੁੱਟਿਆ। ਉਸ ਨੂੰ ਏਨਾ ਕੁੱਟਿਆ ਮਾਰਿਆ ਗਿਆ ਸੀ ਕਿ ਉੱਠ ਨਹੀਂ ਸੀ ਸਕਦਾ। ਰੱਸਿਆਂ ਨਾਲ ਪੁੱਠਾ ਟੰਗ ਕੇ ਸਿਰ ਡੰਡਿਆਂ ਨਾਲ ਭੰਨਿਆਂ ਗਿਆ ਸੀ। ਸਿਰ ਹੇਠਾਂ ਵੱਡੀ ਮੋਮਬੱਤੀ ਬਾਲ ਕੇ ਸੇਕ ਦਿੱਤਾ ਗਿਆ ਸੀ ਤਾਂ ਕਿ ਦਿਮਾਗ ਦੀ ਮਿੱਝ ਢਾਲ ਕੇ ਉਦਾਸੀ ਨੂੰ ਕਮਲ਼ਾ ਕਰ ਦਿੱਤਾ ਜਾਵੇ। ਮੁੜ ਕੇ ਨਾ ਉਹ ਲਿਖ ਸਕੇ ਤੇ ਨਾ ਗਾ ਸਕੇ। ਹੱਥਾਂ ਦੇ ਪੋਟਿਆਂ ਨੂੰ ਸੂਈਆਂ ਮਾਰ ਕੇ ਛਾਣਨੀ ਕੀਤਾ ਹੋਇਆ ਸੀ। ਸਿਰ ਦੇ ਵਾਲ ਪੁੱਟ ਕੇ ਖੋਪੜੀ ਰੋਡੀ ਕੀਤੀ ਪਈ ਸੀ। ਉਤੋਂ ਪੋਹ ਦੀ ਕੱਕਰਮਾਰੀ ਠਾਰੀ। ਉਦਾਸੀ ਦੇ ਪੈਰਾਂ ਦੀਆਂ ਤਲ਼ੀਆਂ ਵਿਚ ਖ਼ੂੰਨ ਜੰਮਿਆ ਹੋਇਆ ਸੀ। ਸਰੀਰ ਦੇ ਸਾਰੇ ਜੋੜ ਡੰਡੇ ਮਾਰ-ਮਾਰ ਸੁਜਾਏ ਪਏ ਸਨ। ਅਜਿਹੇ ਸਮੇਂ ਜਦੋਂ ਉਦਾਸੀ ਦੀ ਮਾਂ ਉਸ ਨੂੰ ਮਿਲਣ ਦੀ ਤਾਂਘ ਨਾਲ਼ ਲੱਡਾ ਕੋਠੀ ਪਹੁੰਚੀ ਤਾਂ ਡੀ. ਐੱਸ. ਪੀ. ਨੇ ਮਾਈ ਨੂੰ ਪੁੱਛਿਆ, “ਜੇ ਉਦਾਸੀ ਨੂੰ ਦੂਰੋਂ ਦਿਖਾ ਦੇਈਏ ਤਾਂ ਕੋਈ ਇਤਰਾਜ਼ ਤਾਂ ਨਹੀਂ?”
ਮਮਤਾ ਦੀ ਮਾਰੀ ਮਾਂ ਨੇ ਕਿਹਾ, “ਵੇ ਵੀਰਾ, ਮੈਂ ਗਰੀਬਣੀ ਨੇ ਕਾਹਦਾ ਇਤਰਾਜ਼ ਕਰਨੈਂ? ਥੋਡੇ ਰਹਿਮ ਨਾਲ ਮੇਰਾ ਪੁੱਤ ਮੈਨੂੰ ਦਿਸ ਜੇ। ਮੈਂ ਸਮਝ ਲੂੰ ਮੇਰਾ ਪੁੱਤ ਜਿਊਂਦੈ! ਪੁਲਿਸ ਨੇ ਮਾਰਿਆ ਨੀ। ਮੈਂ ਤਾਂ ਉਹਨੂੰ ਦੇਖਣਾ ਈ ਚਾਹੁੰਨੀ ਆਂ। ਜੇ ਮੇਰੇ ਨੇੜੇ ਨੀ ਲੈ ਕੇ ਆਉਣਾ ਬੇਸ਼ਕ ਨਾ ਲਿਆਓ। ਮੈਨੂੰ ਦੂਰੋਂ ਈ ਖੜ੍ਹਾ ਦਿਖਾ ਦਿਓ। ਸੰਤ ਰਾਮ ਦੂਰੋਂ ਖੜ੍ਹਾ ਈ ਆਖ ਦੇਵੇ, ਬੇਬੇ ਮੈਂ ਜਿਔਨਾਂ। ਤੂੰ ਜਾਹ ਘਰ ਨੂੰ।”
ਹਵਾਲਦਾਰ ਬੈਰਕ ਵਿਚ ਜਾ ਕੇ ਉਦਾਸੀ ਨੂੰ ਹਲੂਣਨ ਲੱਗਾ, “ਓਏ ਉਦਾਸੀ, ਓਏ ਉਦਾਸੀ। ਉੱਠ ਓਏ, ਤੇਰੀ ਮਾਂ ਤੈਨੂੰ ਮਿਲਣ ਆਈ ਐ। ਬਾਹਰ ਖੜ੍ਹੀ ਐ ਤੇਰੀ ਮਾਂ। ਉੱਠ ਨਹੀਂ ਤਾਂ ਮਰਜੂ ਓਹ ਵੀ।”
‘ਮਾਂ’ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ। ਕਿਤੇ ਉਹ ਸੱਚੀਂ ਨਾ ਸਾਹ ਖਿੱਚਜੇ। ਉਹ ਔਖਾ ਸੌਖਾ ਮਾਂ ਤਕ ਪੁੱਜਾ ਤੇ ਦੂਰ ਸੀ ਸੋਚ ਕੇ ਬੋਲਿਆ, “ਮਾਂ, ਮੈਂ ਠੀਕ ਠਾਕ ਆਂ। ਤੂੰ ਕਿਤੇ ਮਮਤਾ ਦੇ ਪਿਆਰ `ਚ ਸਾਹ ਨਾ ਚੜ੍ਹਾ ਲਈਂ। ਏਥੇ ਫੇਰ ਕੌਣ ਸਾਂਭੂਗਾ ਤੈਨੂੰ?”
ਮਾਂ ਨੇ ਪੀੜਾਂ ਪਰੁੰਨੇ ਘਾਇਲ ਪੁੱਤਰ ਨੂੰ ਬੁਕਲ `ਚ ਲੈ ਕੇ ਪਿਆਰ ਦਿੱਤਾ ਤੇ ਕਿਹਾ, “ਪੁੱਤ ਤੇਰਾ ਰੱਬ ਰਾਖਾ। ਪੁੱਤ ਹੁਣ ਮੇਰਾ ਸਾਹ ਨੀ ਚੜ੍ਹਦਾ। ਤੂੰ ਮੇਰਾ ਫਿਕਰ ਨਾ ਕਰੀਂ।”
ਬੱਸ ਏਨੀ ਹੀ ਹੋ ਸਕੀ ਸੀ ਮੁਲਾਕਾਤ।
ਨਕਸਲਬਾੜੀ ਲਹਿਰ ਨਾਲ ਪਰਨਾਇਆ ਹੋਣ ਕਰਕੇ ਉਹ ਗੁਰਦਵਾਰਿਆਂ ਦੀਆਂ ਸਟੇਜਾਂ ਉਤੇ ਵੀ ਇਨਕਲਾਬੀ ਸਿੱਖ ਵਿਰਸੇ ਦੀਆਂ ਬਾਤਾਂ ਹੀ ਪਾਉਂਦਾ ਸੀ। ਸਰਕਾਰੀ ਕਵੀ ਦਰਬਾਰਾਂ `ਚ ਵੀ ਸਥਾਪਤੀ ਵਿਰੋਧੀ ਕਵਿਤਾਵਾਂ ਪੜ੍ਹਦਾ। ਅਫ਼ਸਰਾਂ ਦੀ ਉਹਨੇ ਕਦੇ ਖ਼ੁਸ਼ਾਮਦ ਨਹੀਂ ਕੀਤੀ ਤੇ ਨਾ ਹੀ ਸਰਕਾਰਾਂ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉਤੇ ਸਥਾਪਤੀ ਵਿਰੁੱਧ ਬੋਲਦਾ। ‘ਦਿੱਲੀਏ ਦਿਆਲਾ ਦੇਖ’ ਕਵਿਤਾ ਉਸ ਨੇ ਲਾਲ ਕਿਲੇ ਦੇ ਸਰਕਾਰੀ ਕਵੀ ਦਰਬਾਰ ਵਿਚ ਪੜ੍ਹੀ ਸੀ।
ਗੁਰਚਰਨ ਸਿੰਘ ਸੰਘਾ ਦੇ ਦੱਸਣ ਮੁਤਾਬਕ ਅਕਤੂਬਰ 1986 `ਚ ਉਦਾਸੀ ਮੈਨੂੰ ਬਾਘੇ ਪੁਰਾਣੇ ਸਾਹਿਤ ਸਭਾ ਦੀ ਮੀਟਿੰਗ ਵਿਚ ਮਿਲਿਆ ਸੀ। ਉਥੇ ਤੈਅ ਹੋਇਆ ਕਿ ਗੁਰਤਾ ਗੱਦੀ ਦਿਹਾੜੇ ਨੰਦੇੜ ਦੇ ਕਵੀ ਦਰਬਾਰ ਵਿਚ ਉਹ ਵੀ ਸ਼ਾਮਲ ਹੋਵੇਗਾ। 1 ਨਵੰਬਰ 1986 ਤੋਂ ਪ੍ਰੋਗਰਾਮ ਸ਼ੁਰੂ ਹੋਏ। ਅਖ਼ੀਰਲੀ ਰਾਤ 5 ਨਵੰਬਰ ਨੂੰ ਉੱਚ ਪਾਏ ਦਾ ਕਵੀ ਦਰਬਾਰ ਹੋਇਆ ਜਿਸ ਵਿਚ ਉਦਾਸੀ ਨੇ ਬਹੁਤ ਉੱਚੀ ਕਿੱਲ੍ਹ-ਕਿੱਲ੍ਹ ਕੇ ਗਾਇਆ ਤੇ ਬਾਜ਼ੀ ਲੈ ਗਿਆ। ਕਵੀ ਦਰਬਾਰ ਤੋਂ ਬਾਅਦ ਮੈਂ ਤੇ ਉਦਾਸੀ ਰਾਤ ਦੇ 2:45 ਵਜੇ ਤੱਕ `ਕੱਠੇ ਬੈਠੇ। ਉਦਾਸੀ ਮੇਰੇ ਗਲ ਲੱਗ ਕੇ ਰੋਣ ਲੱਗਾ…ਸੰਘੇ ਬਾਈ, ਮੈਂ ਜਿ਼ੰਦਗੀ ਤੋਂ ਤੰਗ ਆ ਗਿਆਂ। ਘਰ ਤੋਂ ਸੰਨਿਆਸ ਲੈਣਾ ਚਾਹੁੰਨਾਂ। ਤੂੰ ਥੋੜ੍ਹਾ ਬਹੁਤਾ ਸਾਥ ਦੇਹ। ਮੈਂ ਆਖਿਆ, ਉਦਾਸੀ ਤੂੰ ਘਬਰਾ ਨਾ। ਤੈਨੂੰ ਮੈਂ ਅੱਖਾਂ ਦੀਆਂ ਪੁਤਲੀਆਂ `ਚ ਲੁਕੋ ਸਕਦਾਂ। ਤੂੰ ਕੁੜੀਆਂ ਮੁੰਡੇ ਵਿਆਹ ਲੈ, ਫੇਰ ਜੋ ਕਹੇਂਗਾ ਕਰਾਂਗਾ। ਉੱਦਣ ਅਸੀਂ ਬਹੁਤ ਗੱਲਾਂ ਕੀਤੀਆਂ…।
ਪ੍ਰੋ. ਬਲਕਾਰ ਸਿੰਘ ਤੇ ਉਦਾਸੀ ਦੀਆਂ ਟਿਕਟਾਂ ਬੁੱਕ ਸਨ। ਉਸ ਦੀ ਵਿਗੜੀ ਹਾਲਤ ਦੇਖ ਕੇ ਮੈਂ ਉਹਨੂੰ ਆਪਣੇ ਕੋਲ ਰੱਖਣ ਦਾ ਬੜਾ ਯਤਨ ਕੀਤਾ। ਪਰ ਉਸ ਨੇ ਉੱਕਾ ਨਾਂਹ ਕਰ ਦਿੱਤੀ। ਸਵੇਰੇ ਸਾਜ੍ਹਰੇ ਹੀ ਉਹ ਬਲਕਾਰ ਸਿੰਘ ਨਾਲ ਗੱਡੀ ਚੜ੍ਹ ਗਿਆ। ਗੱਡੀ ਵਿਚ ਸੁੱਤੇ ਪਏ ਦੀ ਉਹਦੀ ਮੌਤ ਹੋ ਗਈ। ਉਹਦਾ ਸਸਕਾਰ ਮਨਵਾੜ ਦੇ ਸਿਵਿਆਂ ਵਿਚ ਕੀਤਾ ਗਿਆ ਤੇ ਹਜ਼ੂਰ ਸਾਹਿਬ ਭੋਗ ਪਾਉਣ ਪਿੱਛੋਂ ਫੁੱਲ ਗੋਦਾਵਰੀ ਨਦੀ ਵਿਚ ਤਾਰੇ ਗਏ।
ਅਜਿਹੀ ਹੋਣੀ ਸੀ ਪੰਜਾਬ ਦੇ ਜਾਏ, ਲੋਕ-ਕਾਵਿ ਦੇ ਮਘਦੇ ਸੂਰਜ, ਕੰਮੀਆਂ ਕਿਰਤੀਆਂ ਦੇ ਲੋਕ ਕਵੀ ਦੀ!
ਉਦਾਸੀ ਦੇ ਇਕ ਨਿੱਜੀ ਦੋਸਤ ਦੀ ਟਿੱਪਣੀ ਕਾਬਲੇ ਗੌ਼ਰ ਹੈ: ਜਦੋਂ ਕੋਈ ਉਦਾਸੀ ਵਰਗਾ ਕਵੀ ਤੁਰ ਜਾਂਦਾ ਹੈ ਤਾਂ ਲੋਕ ਇਸ ਨੂੰ ‘ਬੇਵਕਤੀ ਮੌਤ’ ਆਖ ਕੇ ਸ਼ੋਕ ਜ਼ਾਹਰ ਕਰਦੇ ਹਨ ਪਰ ਮੌਤ ਦੇ ਕਾਰਨਾਂ ਵੱਲ ਧਿਆਨ ਨਹੀਂ ਦਿੰਦੇ। ਉਦਾਸੀ ਦੀ ਮੌਤ ਦੇ ਕਾਰਨਾਂ ਵਿਚ ਨਕਸਲੀਆਂ ਦਾ ਖਿੰਡ ਕੇ ਖੱਖੜੀਆਂ ਕਰੇਲੇ ਹੋ ਜਾਣਾ, ਉਦਾਸੀ ਦਾ ਉਦਾਸ ਹੋ ਜਾਣਾ, ਵੱਖ ਵੱਖ ਗਰੁਪਾਂ ਵੱਲੋਂ ਉਦਾਸੀ ਨੂੰ ਮਾਨਸਿਕ ਢਾਰਸ ਦੇਣ ਦੀ ਬਜਾਏ, ਕਵੀ ਦੀ ਆਪਣੇ ਧੜੇ ਵੱਲ ਖਿੱਚ ਧੂਹ ਕਰਨੀ ਤੇ ਫਿਰ ਉਹਦਾ ਬਾਈਕਾਟ ਕਰ ਦੇਣਾ, ਸ਼ਾਮਲ ਹਨ। ਉਦਾਸੀ ਵੱਲੋਂ ਜਮਾਤੀ ਦੁਸ਼ਮਣਾਂ ਅਤੇ ਜਮਾਤੀ ਦੁਸ਼ਮਣਾਂ ਵੱਲੋਂ ਉਦਾਸੀ ਦਾ ਵਿਰੋਧ ਕਰਨਾ ਤਾਂ ਬਣਦਾ ਹੀ ਸੀ। ਅਫ਼ਸੋਸ ਕਿ ਉਹਦੀ ‘ਆਪਣੀ ਜਮਾਤ’ ਦੇ ਹੀ ਸਾਥੀਆਂ ਨੇ ਉਹਦਾ ਅੰਨ੍ਹਾਂ ਵਿਰੋਧ ਕੀਤਾ ਜਿਨ੍ਹਾਂ ਨੇ ਉਸ ਨੂੰ ਮੌਤ ਦੇ ਅੰਨ੍ਹੇ ਖੂਹ ਵੱਲ ਧੱਕ ਦਿੱਤਾ।
ਕਾਸ਼! ਇਨਕਲਾਬ ਨੂੰ ਪਰਨਾਏ ਇਸ ਲੋਕ ਕਵੀ ਨੂੰ ਉਹਦੇ ਹੀ ਸਾਥੀ ਜੇ ਝੇਡਾਂ ਨਾ ਕਰਦੇ, ਤੋਹਮਤਾਂ ਨਾ ਲਾਉਂਦੇ, ਬਦਖੋਹੀ ਨਾ ਕਰਦੇ ਅਤੇ ‘ਲੋਕ ਕਵੀ’ ਦੀ ਥਾਂ ‘ਨੋਟ ਕਵੀ’ ਤੇ ‘ਲਹੂ ਭਿੱਜੇ ਬੋਲਾਂ’ ਵਾਲਾ ਕਵੀ ਕਹਿਣ ਦੀ ਥਾਂ ‘ਸ਼ਰਾਬ ਭਿੱਜੇ ਬੋਲਾਂ’ ਵਾਲਾ ‘ਵਿਕਿਆ ਕਵੀ’ ਨਾ ਕਹਿੰਦੇ ਤਾਂ ਸੰਭਵ ਸੀ ਉਹ ਵੱਧ ਵਰ੍ਹੇ ਜਿਉਂਦਾ ਅਤੇ ਹੋਰ ਲਿਖਦਾ ਤੇ ਗਾਉਂਦਾ। ਉਦਾਸੀ ਦੇ ਕੁੱਝ ਪ੍ਰਸੰਸਕਾਂ ਦਾ ਇਹ ਵੀ ਵਿਚਾਰ ਹੈ ਕਿ ਪੁਲਿਸ ਤਸ਼ੱਦਦ ਦੇ ਝੰਬੇ ਤੇ ਆਰਥਿਕ ਪੱਖੋਂ ਕੰਗਾਲ ਹੋਏ ਉਦਾਸੀ ਵੱਲੋਂ ਸਿੱਖ ਇਤਿਹਾਸ ਨਾਲ਼ ਸਬੰਧਤ ਕਵਿਤਾਵਾਂ ਲਿਖਣੀਆਂ ਤੇ ਉਨ੍ਹਾਂ ਨੂੰ ਆਪਣੀ ਜਿੰਦਗੀ ਦੇ ਆਖਰੀ ਸਾਲਾਂ ਵਿਚ ਗੁਰਦੁਆਰਿਆਂ ਜਾਂ ਹੋਰ ਧਾਰਮਿਕ ਸਮਾਗਮਾਂ ਵਿਚ ਗਾਉਣ ਕਾਰਨ ਵੀ ਖੱਬੀਆਂ ਧਿਰਾਂ ਨੇ ਉਦਾਸੀ ਨੂੰ ਇਕ ਤਰਾਂ ਨਾਲ਼ ਵਿਸਾਰ ਦਿੱਤਾ ਸੀ। ਹਾਲਾਂਕਿ ਉਦਾਸੀ ਦੇ ਸਾਥੀ ਸੰਘਾ ਮੁਤਾਬਕ ਉਦਾਸੀ ਸ਼ੁਰੂ ਤੋਂ ਹੀ ਗੁਰੂ ਗੋਬਿੰਦ ਸਿੰਘ ਨੂੰ ਸਮਾਜਿਕ ਇਨਕਲਾਬ ਲਈ ਆਪਣਾ ਆਦਰਸ਼ ਮੰਨਦਾ ਸੀ। 
ਪੰਜਾਬੀ ਦੇ ਇਸ ਬਦਕਿਸਮਤ ਕਵੀ ਕੋਲ ਕੋਈ ਦੁਨਿਆਵੀ ਜਾਇਦਾਦ ਨਹੀਂ ਸੀ ਜਿਸ ਦੀ ਉਹ ਵਸੀਅਤ ਕਰਦਾ। ਫਿਰ ਵੀ ਉਸ ਨੇ ‘ਵਸੀਅਤ’ ਲਿਖੀ:
ਮੇਰੀ ਮੌਤ `ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ ਰੇਤੇ `ਚ ਨਾ ਰਲਾਇਓ
ਮੇਰੀ ਜਿ਼ੰਦਗੀ ਵੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ ਤੀਲੀ ਬੇਸ਼ੱਕ ਨਾ ਲਾਇਓ
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ
ਵਲਗਣ `ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ
ਯਾਰਾਂ ਦੇ ਵਾਂਗ ਅਰਥੀ ਸੜਕਾਂ `ਤੇ ਹੀ ਜਲਾਇਓ
ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ
ਜਿਸ ਦਾ ਹੈ ਪੰਧ ਬਿਖੜਾ ਓਸੇ ਹੀ ਰਾਹ ਲਿਜਾਇਓ
ਮੇਰੀ ਮੌਤ `ਤੇ ਨਾ ਰੋਇਓ…

Be the first to comment

Leave a Reply

Your email address will not be published.


*