ਲਓ ਜੀ ਹੋ ਗਿਆ ਫੈਸਲਾ, ਜੋ ਬਾਈਡਨ 306 ਤੇ ਟਰੰਪ 232

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 13 ਨਵੰਬਰ: ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ 3 ਨਵੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਰੇੜਕਾ ਲਗਪਗ ਮੁੱਕ ਗਿਆ ਹੈ ਤੇ ਅੰਤਿਮ ਨਤੀਜੇ ਮੁਤਾਬਕ ਡੈਮੋਕ੍ਰੈਟਿਕ ਆਗੂ ਜੋ ਬਾਈਡਨ 306 ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਚੁਣੇ ਗਏ ਹਨ। ਹਾਲਾਂਕਿ ਜਾਰਜੀਆ ਸੂਬੇ ਵਿਚ ਵੋਟਾਂ ਦੀ ਗਿਣਤੀ ਦਾ ਕੰਮ ਅਜੇ ਵੀ ਮੁੜ-ਗਿਣਤੀ ਦੇ ਝਮੇਲੇ ਵਿਚ ਉਲਝਿਆ ਹੋਇਆ ਹੈ ਪਰ ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੜ ਗਿਣਤੀ ਨਾਲ਼ ਵੀ ਅੰਤਿਮ ਨਤੀਜੇ ਉਤੇ ਕੋਈ ਅਸਰ ਨਹੀਂ ਪੈਣ ਵਾਲ਼ਾ। ਵੋਟਾਂ ਦੇ ਆਖਰੀ ਦਿਨ ਤੋਂ ਲਗਾਤਾਰ ਕਈ ਦਿਨ ਜਾਰੀ ਰਹੀ ਗਿਣਤੀ ਦੌਰਾਨ ਸ਼ੁੱਕਰਵਾਰ ਸਵੇਰ ਤੱਕ ਅਲਾਸਕਾ ਦੀਆਂ 3 ਵੋਟਾਂ ਹਾਸਲ ਕਰਕੇ ਰਾਸ਼ਟਰਪਤੀ ਟਰੰਪ 214 ਤੋਂ 217 ਵੋਟਾਂ ਤੱਕ ਪਹੁੰਚ ਗਏ ਸਨ ਅਤੇ ਹੁਣ ਤਾਜਾ ਸੂਚਨਾ ਮੁਤਾਬਕ ਨਾਰਥ ਕੈਰੋਲੀਨਾ ਦਾ ਨਤੀਜਾ ਵੀ 73000 ਵੋਟਾਂ ਦੀ ਬੜ੍ਹਤ ਨਾਲ਼ ਸਪਸ਼ਟ ਰੂਪ ਵਿਚ ਟਰੰਪ ਦੇ ਹੱਕ ਵਿਚ ਹੋ ਗਿਆ ਹੈ। ਇਸ ਤਰਾਂ ਨਾਰਥ ਕੈਰੋਲੀਨਾ ਦੀਆਂ 15 ਹੋਰ ਇਲੈਕਟੋਰਲ ਕਾਲਜ ਵੋਟਾਂ ਹਾਸਲ ਕਰਕੇ ਉਹ 232 ਤੱਕ ਪਹੁੰਚ ਗਏ ਹਨ। ਦੂਜੇ ਪਾਸੇ ਜਾਰਜੀਆ ਸੂਬੇ ਵਿਚ ਮਾਮੂਲੀ ਫਰਕ ਨਾਲ਼ ਜਿੱਤ ਤੋਂ ਬਾਅਦ ਜੋ ਬਾਈਡਨ ਦੀਆਂ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ 306 ਤੱਕ ਪਹੁੰਚ ਗਈ ਹੈ। ਜਾਰਜੀਆ ਪੰਜਵਾਂ ਸੂਬਾ ਹੈ ਜੋ ਕਿ ਐਤਕੀਂ ਜੋ ਬਾਈਡਨ ਨੇ ਰਾਸ਼ਟਰਪਤੀ ਟਰੰਪ ਤੋਂ ਹਥਿਆਇਆ ਹੈ। ਇਸ ਤੋਂ ਪਹਿਲਾਂ ਉਹ ਐਰੀਜ਼ੋਨਾ, ਮਿਸ਼ੀਗਨ, ਪੈਨਸਿਲਵੇਨੀਆ ਅਤੇ ਵਿਸਕੌਨਸਿਨ ਵੀ ਟਰੰਪ ਤੋਂ ਹਥਿਆ ਚੁੱਕੇ ਹਨ। ਜਾਰਜੀਆ ਵਿਚ ਜੋ ਬਾਈਡਨ ਨੁੰ 14000 ਵੋਟਾਂ ਦੇ ਮਾਮੂਲੀ ਫਰਕ ਨਾਲ਼ ਜੇਤੂ ਦੱਸਿਆ ਗਿਆ ਹੈ ਪਰ ਰਾਸ਼ਟਰਪਤੀ ਟਰੰਪ ਦੀ ਚੋਣ ਟੀਮ ਵੱਲੋਂ ਦਰਜ ਕਰਵਾਏ ਇਤਰਾਜ਼ ਤੋਂ ਬਾਅਦ ਸੂਬੇ ਦੇ ਰਿਪਬਲਕਿਨ ਸੈਕਟਰੀ ਵੋਟਾਂ ਦੀ ਮੁੜ ਹੱਥੀਂ ਜਾਂਚ ਕੀਤੇ ਜਾਣ ਦੀ ਹਿਦਾਇਤ ਜਾਰੀ ਕੀਤੀ ਗਈ ਸੀ। ਇਸ ਜਾਂਚ ਦਾ ਨਤੀਜਾ ਗਿਣਤੀਕਾਰਾਂ ਨੂੰ ਬੁੱਧਵਾਰ ਤੱਕ ਐਲਾਨਣਾ ਪਵੇਗਾ ਅਤੇ ਜੇਕਰ ਫੇਰ ਵੀ ਜੋ ਬਾਈਡਨ ਅੱਧੇ ਫੀਸਦੀ ਤੋਂ ਘੱਟ ਦੀ ਬੜ੍ਹਤ ਨਾਲ਼ ਜੇਤੂ ਹੋਣ ਤਾਂ ਟਰੰਪ ਤੀਜੀ ਵਾਰ ਗਿਣਤੀ ਲਈ ਅਰਜੀ ਦੇ ਸਕਦੇ ਹਨ। ਪਰ ਇਸ ਨਾਲ਼ ਵੀ ਪੂਰੇ ਮੁਲਕ ਦੇ ਆਖਰੀ ਨਤੀਜੇ ਉਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਜਾਰਜੀਆ ਦੀਆਂ 16 ਵੋਟਾਂ ਘਟਾ ਕੇ ਵੀ ਜੋ ਬਾਈਡਨ ਕੋਲ਼ 290 ਵੋਟਾਂ ਦਾ ਮੁਕੰਮਲ ਬਹੁਮਤ ਮੌਜੂਦ ਹੈ। 2016 ‘ਚ ਰਾਸ਼ਟਰਪਤੀ ਟਰੰਪ ਇਨ੍ਹਾਂ ਪੰਜ ਸੂਬਿਆਂ ਵਿਚ ਹਿਲੇਰੀ ਕਲਿੰਟਨ ਨੂੰ ਮਾਤ ਦੇ ਕੇ ਵਾਈਟ ਹਾਊਸ ਪਹੁੰਚਣ ਵਿਚ ਸਫਲ ਰਹੇ ਸਨ। ਨੌਰਥ ਕੈਰੋਲੀਨਾ 1976 ਤੋਂ ਹੀ ਰਿਪਲਕਿਨ ਸੂਬਾ ਰਿਹਾ ਹੈ ਤੇ ਕੇਵਲ 2008 ਵਿਚ ਬਰਾਕ ਓਬਾਮਾ ਨੇ ਆਪਣੀ ਪਹਿਲੀ ਚੋਣ ਵੇਲ਼ੇ ਮਾਮੂਲੀ ਫਰਕ ਨਾਲ਼ ਇਥੇ ਜਿੱਤ ਹਾਸਲ ਕੀਤੀ ਸੀ ਤੇ 2012 ਦੀ ਚੋਣ ਇਸ ਸੂਬੇ ਵਿਚੋਂ ਮੁੜ ਹਾਰ ਗਏ ਸਨ। ਇਸੇ ਤਰਾਂ ਜਾਰਜੀਆ ਵੀ 1992 ਤੋਂ ਲਗਾਤਾਰ ਰਿਪਲਕਿਨ ਪੱਖੀ ਸੂਬਾ ਰਿਹਾ ਹੈ ਹਾਲਾਂਕਿ 2016 ਵਿਚ ਡੌਨਲਡ ਟਰੰਪ ਨੇ ਇਥੇ ਡੈਮੋਕ੍ਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਤੋਂ ਮਹਿਜ 4 ਫੀਸਦੀ ਵੋਟਾਂ ਨਾਲ਼ ਹੀ ਜਿੱਤ ਹਾਸਲ ਕੀਤੀ ਸੀ।
ਇਸ ਦੌਰਾਨ ਅਮਰੀਕਾ ਦੇ ਖੁਫੀਆ ਏਜੰਸੀਆਂ ਅਤੇ ਰੱਖਿਆ ਮਹਿਕਮੇ ਨਾਲ਼ ਸਬੰਧਿਤ ਚੋਟੀ ਦੇ 160 ਅਧਿਕਾਰੀਆਂ ਨੇ ਮੁਲਕ ਦੇ ‘ਆਮ ਰਾਜ ਪ੍ਰਬੰਧ’ ਮਹਿਕਮੇ ਨੂੰ ਚਿੱਠੀ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਟਰੰਪ ਪ੍ਰਸਾਸ਼ਨ ਵੱਲੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨਾਲ਼ ਤਾਲਮੇਲ ਤੋਂ ਰੋਕਣਾ ਅਮਰੀਕਾ ਦੀ ਸੁਰੱਖਿਆ ਲਈ ਬਹੁਤ ਗੰਭੀਰ ਖਤਰਾ ਬਣ ਸਕਦਾ ਹੈ। ਇਨ੍ਹਾਂ ਵਿਚ ਅਮਰੀਕਾ ਦੇ ਕਈ ਰਾਜਦੂਤ, ਫੌਜ ਦੇ ਜਨਰਲ, ਸੰਸਦ ਦੇ ਮੈਂਬਰਾਂ ਸਮੇਤ ਰਿਪਬਲਿਕਨ ਤੇ ਡੈਮੋਕ੍ਰੈਟਿਕ ਦੋਵਾਂ ਪਾਰਟੀਆਂ ਨਾਲ਼ ਸਬੰਧਿਤ ਹਸਤੀਆਂ ਸ਼ਾਮਿਲ ਹਨ। ਦਿਲਚਸਪ ਤੱਥ ਇਹ ਹੈ ਕਿ ਇਨ੍ਹਾਂ ਵਿਚ ਹਨ ਕਈ ਤਾਂ ਰਾਸ਼ਟਰਪਤੀ ਟਰੰਪ ਨਾਲ਼ ਹੀ ਪਿਛਲੇ ਚਾਰ ਸਾਲਾਂ ਦੌਰਾਨ ਸੇਵਾਵਾਂ ਨਿਭਾਅ ਚੁੱਕੇ ਹਨ। ਇਨ੍ਹਾਂ ਆਗੂਆਂ ਨੇ ‘ਆਮ ਰਾਜ ਪ੍ਰਬੰਧ’ ਮਹਿਕਮੇ ਦੀ ਮੁਖੀ ਏਮਿਲੀ ਡਬਲਿਊ ਮਰਫ਼ੀ ਨੂੰ ਲਿਖੀ ਇਸ ਚਿੱਠੀ ਵਿਚ 9-11 ਹਮਲੇ ਦਾ ਜਿਕਰ ਕਰਦਿਆਂ ਆਖਿਆ ਹੈ ਕਿ ਸਾਲ 2000 ਦੀ ਰਾਸ਼ਟਰਪਤੀ ਚੋਣ ਮੌਕੇ ਵੀ ਇਸੇ ਤਰਾਂ ਦੇ ਹਾਲਾਤ ਸਨ। ਉਸ ਵੇਲ਼ੇ ਨਤੀਜਾ ਐਲਾਨਣ ਵਿਚ ਕੀਤੀ ਦੇਰੀ ਇਸ ਦੇਰੀ ਬਾਰੇ ਅਗਲੇ ਸਾਲ 2001 ਵਿਚ ਅਮਰੀਕਾ ਦੇ ਇਤਿਹਾਸ ਵਿਚ ਹੋਏ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਦੀ ਜਾਂਚ ਕਰਨ ਵਾਲ਼ੇ ਕਮਿਸ਼ਨ ਨੇ ਆਪਣੀ ਜਾਂਚ ਰਿਪੋਰਟ ਵਿਚ ਵਿਸ਼ੇਸ਼ ਤੌਰ ‘ਤੇ ਜਿਕਰ ਕੀਤਾ ਸੀ। ਦੱਸਣਯੋਗ ਹੈ ਕਿ ਏਮਿਲੀ ਡਬਲਿਊ ਮਰਫ਼ੀ ਨੂੰ ਰਾਸ਼ਟਰਪਤੀ ਟਰੰਪ ਨੇ ਨਿਯੁਕਤੀ ਦਿੱਤੀ ਸੀ ਅਤੇ ਟਰੰਪ ਦੇ ਕਹਿਣ ਉਤੇ ਹੀ ਉਸ ਨੇ ”ਸ਼ਕਤੀਆਂ ਦੀ ਤਬਦੀਲੀ” ਲਈ ਲੋੜੀਂਦਾ ਪੱਤਰ ਜੋ ਬਾਈਡਨ ਦੇ ਪੱਖ ਵਿਚ ਜਾਰੀ ਕਰਨ ਤੋਂ ਸਪਸ਼ਟ ਨਾਂਹ ਕਰ ਦਿੱਤੀ ਸੀ। ਇਹ ਪੱਤਰ ਨਵੇਂ ਰਾਸ਼ਟਰਪਤੀ ਦੀ ਚੋਣ ਬਾਰੇ ਅਧਿਕਾਰਿਕ ਪੁਸ਼ਟੀ ਵਜੋਂ ਜਿੱਤ ਦਾ ਸਰਟੀਫਿਕੇਟ ਹੁੰਦਾ ਹੈ ਜੋ ਕਿ ਨਵੇਂ ਰਾਸ਼ਟਰਪਤੀ ਦੀ ਟੀਮ ਨੂੰ ਉਚ ਪੱਧਰੀ ਸਰਕਾਰੀ ਅਧਿਕਾਰੀਆਂ ਨਾਲ਼ ਤਾਲਮੇਲ ਕਰਕੇ ਨਵੇਂ ਬਣਨ ਵਾਲ਼ੇ ਮੰਤਰੀਆਂ ਅਤੇ ਹੋਰ ਅਹਿਮ ਨਿਯੁਕਤੀਆਂ ਦੇ ਅਗੇਤੇ ਪ੍ਰਬੰਧ ਕਰਨ ਲਈ ਚਾਹੀਦਾ ਹੁੰਦਾ ਹੈ।

ਨਾਰਥ ਕੌਰੋਲੀਨਾ ਦੀ ਰਾਜਧਾਨੀ ਵਿਚ ਚੋਣ ਨਤੀਜੇ ਦੀ ਉਡੀਕ ਕਰਦੇ ਹੋਏ

ਟਰੰਪ ਹਿਮਾਇਤੀ

ਜਾਰਜੀਆ ਵਿਚ ਵੋਟਾਂ ਦੀ ਮੁੜ ਹੱਥੀਂ ਜਾਂਚ ਕਰਦੀ ਹੋਈ ਇਕ ਸਰਕਾਰੀ ਮੁਲਾਜ਼ਮ

ਤਸਵੀਰਾਂ: ਨਿਊਯਾਰਕ ਟਾਈਮਜ ਤੋਂ ਧੰਨਵਾਦ ਸਹਿਤ

Be the first to comment

Leave a Reply

Your email address will not be published.


*