ਮੁੰਬਈ ਵਿਚ ਤਿੰਨ ਮੰਜ਼ਿਲਾ ਇਮਾਰਤ ਡਿਗਣ ਨਾਲ਼ 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ

ਪੰਜ ਪਾਣੀ ਐਕਸਪ੍ਰੈਸ

ਮੁੰਬਈ, 21 ਸਤੰਬਰ: ਮੁੰਬਈ ਨਾਲ ਲਗਦੇ ਥਾਣੇ ਜ਼ਿਲ੍ਹੇ ਦੇ ਭਿਵੰਡੀ ਇਲਾਕੇ ਵਿਚ ਪਟੇਲ ਕੰਪਾਉਂਡ ਦੀ ਤਿੰਨ ਮੰਜ਼ਿਲਾ ਇਮਾਰਤ ਵੱਡੇ ਤੜਕੇ ਅਚਾਨਕ ਡਿਗ ਗਈ, ਜਿਸ ਨਾਲ਼ 10 ਲੋਕਾਂ ਦੀ ਮੌਤ ਹੋ ਗਈ ਹੈ, ਮਰਨ ਵਾਲ਼ਿਆਂ ਵਿਚ 8 ਬੱਚੇ ਸ਼ਾਮਿਲ ਦੱਸੇ ਗਏ ਹਨ। 

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ 21 ਸਤੰਬਰ ਨੂੰ ਸਵੇਰੇ ਵਾਪਰਿਆ ਅਤੇ ਨੇੜੇ ਰਹਿਣ ਵਾਲ਼ੇ ਲੋਕਾਂ ਦੇ ਦੱਸਣ ਮੁਤਾਬਕ 35 ਤੋਂ 40 ਲੋਕ ਇਸ ਢਹਿ-ਢੇਰੀ ਹੋਈ ਇਮਾਰਤ ਦੇ ਮਲਬੇ ਵਿੱਚ ਫਸੇ ਹੋ ਸਕਦੇ ਹਨ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜਾਣਕਾਰੀ ਅਨੁਸਾਰ ਬਚਾਓ ਟੀਮਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਘੱਟੋ ਘੱਟ 20 ਲੋਕਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਹੈ। ਮਲਬੇ ਹੇਠ ਦੱਬੇ ਬਾਕੀ ਲੋਕਾਂ ਦੀ ਭਾਲ਼ ਲਈ ਬਚਾਅ ਕਾਰਜ ਜਾਰੀ ਸਨ। ਅਧਿਕਾਰੀਆਂ ਨੇ ਇਸ ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।
ਬਚਾਅ ਕੰਮਾਂ ਦੀ ਵੀਡੀਓ ਏ ਐਨ ਆਈ ਵੱਲੋਂ
ਇਹ ਹਾਦਸਾ ਸਵੇਰੇ ਕਰੀਬ 3.45 ਵਜੇ ਵਾਪਰਿਆ ਅਤੇ ਉਸ ਵੇਲ਼ੇ ਲਗਪਗ ਸਾਰੇ ਲੋਕ ਆਪੋ ਆਪਣੇ ਘਰਾਂ ਵਿਚ ਸੁੱਤੇ ਪਏ ਸਨ। ਇਮਾਰਤ ਢਹਿ-ਢੇਰੀ ਹੋਣ ਦੀ ਜ਼ੋਰਦਾਰ ਆਵਾਜ ਅਤੇ ਧਮਕ ਨਾਲ਼ ਆਲ਼ੇ ਦੁਆਲ਼ੇ ਦੇ ਲੋਕ ਵੀ ਜਾਗ ਗਏ ਅਤੇ ਮੌਕੇ ਉਤੇ ਪਹੁੰਚੇ ਲੋਕਾਂ ਦੁਆਰਾ ਹਿੰਮਤ ਕਰਕੇ ਲਗਪਗ 20 ਲੋਕਾਂ ਨੂੰ ਮਲਬੇ ਹੇਠੋਂ ਕੱਢ ਕੇ ਬਚਾ ਲਿਆ ਗਿਆ। ਮਲਬੇ ਵਿਚੋਂ ਕੱਢੇ ਇਨ੍ਹਾਂ ਲੋਕਾਂ ਵਿਚ ਛੋਟੇ ਬੱਚੇ ਵੀ ਸ਼ਾਮਿਲ ਹਨ। ਹਾਲਾਂਕਿ ਉਨ੍ਹਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ। ਭਿਵੰਡੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਸ ਇਮਾਰਤ ਵਿਚ ਰਹਿਣ ਵਾਲ਼ੇ ਲੋਕਾਂ ਨੂੰ ਦੋ ਵਾਰ ਇਹ ਇਮਾਰਤ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਸਨ। ਇਸ ਤਿੰਨ ਮੰਜ਼ਿਲਾ ਇਮਾਰਤ ਵਿਚ ਲਗਪਗ 25 ਟੱਬਰ ਰਹਿੰਦੇ ਦੱਸੇ ਗਏ ਹਨ ਅਤੇ ਇਹ ਸਾਰੇ ਗਰੀਬ ਮਜ਼ਦੂਰ ਜਾਂ ਹੋਰ ਛੋਟੇ ਮੋਟੇ ਕੰਮ ਕਰਕੇ ਆਪਣਾ ਗੁਜਾਰਾ ਚਲਾਉਣ ਵਾਲ਼ੇ ਸਨ। 

ਗੁਰਦੁਆਰੇ ਮੱਥਾ ਟੇਕਣ ਜਾਂਦੇ ਪੰਚ ਦਾ ਕਤਲ

ਜਲੰਧਰ, 21 ਸਤੰਬਰ: ਜਲੰਧਰ ਦੇ ਦਿਹਾਤੀ ਇਲਾਕੇ ਵਿੱਚ ਇੱਕ ਸਾਬਕਾ ਪੰਚਾਇਤ ਮੈਂਬਰ ਬਜ਼ੁਰਗ ਨੂੰ ਬਦਮਾਸ਼ਾਂ ਨੇ ਉਸ ਵੇਲ਼ੇ ਗੋਲੀ ਮਾਰ ਦਿੱਤੀ ਜਦੋਂ ਉਹ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਵੱਲ ਜਾ ਰਿਹਾ ਸੀ। ਇਹ ਸਨਸਨੀਖੇਜ਼ ਘਟਨਾ 21 ਸਤੰਬਰ ਸਵੇਰੇ ਜਲੰਧਰ ਦੇ ਜੰਡਿਆਲਾ ਮੰਜਕੀ ਪਿੰਡ ਵਿਖੇ ਵਾਪਰੀ ਜਿਥੇ ਕੁਝ ਅਣਪਛਾਤੇ ਹਮਲਾਵਰਾਂ ਨੇ 65 ਸਾਲਾ ਮਾਨ ਸਿੰਘ ਨੂੰ ਰਸਤੇ ਵਿਚ ਘੇਰ ਕੇ ਗੋਲੀ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਉਸ ਵੇਲ਼ੇ ਉਹ ਪਿੰਡ ਦੀ ਮੁੱਖ ਸੜਕ ’ਤੇ ਗੁਰੂਘਰ ਵਿਚ ਮੱਥਾ ਟੇਕਣ ਜਾ ਰਿਹਾ ਸੀ। ਇਸ ਦੌਰਾਨ ਮੋਟਰ ਸਾਈਕਲ ਸਵਾਰ 3 ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮਾਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸ਼ਰਾਬ ਦੇ ਠੇਕੇਦਾਰ ਦੀ ਕਰੋਨਾ ਵਾਇਰਸ ਨਾਲ਼ ਮੌਤ

ਲੁਧਿਆਣਾ, 21 ਸਤੰਬਰ: ਲੁਧਿਆਣਾ ਦੇ ਸ਼ਰਾਬ ਦੇ ਮਸ਼ਹੂਰ ਠੇਕੇਦਾਰ ਦਰਸ਼ਨ ਸਿੰਘ ਵਿਰਕ ਦੀ ਕਰੋਨਾ ਵਾਇਰਸ ਨਾਲ਼ ਮੌਤ ਹੋਣ ਦੀ ਸੁਚਨਾ ਮਿਲੀ ਹੈ। ਵਿਰਕ ਕਈ ਦਿਨ ਤੋਂ ਇਸ ਜਾਨਲੇਵਾ ਬਿਮਾਰੀ ਦੀ ਲਾਗ ਤੋਂ ਪੀੜਤ ਸਨ ਅਤੇ ਹਾਲਤ ਗੰਭੀਰ ਹੋਣ ‘ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

  

Be the first to comment

Leave a Reply

Your email address will not be published.


*