ਭਾਰਤ ਵਿਚ ਇਕ ਸਾਲ ਦੌਰਾਨ ਹਾਦਸਿਆਂ ’ਚ ਮਾਰੇ ਗਏ 4 ਲੱਖ 21 ਹਜ਼ਾਰ ਤੋਂ ਵੱਧ ਲੋਕ

ਮਰਨ ਵਾਲ਼ਿਆਂ ਵਿਚ 81 ਫੀਸਦੀ ਮਰਦ ਅਤੇ 19 ਫੀਸਦੀ ਔਰਤਾਂ ਸ਼ਾਮਿਲ
ਮੌਤ ਦਾ ਸ਼ਿਕਾਰ ਹੋਏ ਲੋਕਾਂ ਵਿਚ 57 ਫੀਸਦੀ 18 ਤੋਂ 45 ਸਾਲ ਦੇ ਨੌਜਵਾਨ
2018 ਦੇ ਮੁਕਾਬਲੇ 2019 ’ਚ ਰੋਜ਼ਾਨਾ 25 ਮੌਤਾਂ ਦਾ ਵਾਧਾ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 19 ਸਤੰਬਰ: ਭਾਰਤ ਵਿਚ ਹਰ ਵਰ੍ਹੇ ਹਾਦਸਿਆਂ ਵਿਚ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਵਧ ਰਹੀ ਹੈ, 2018 ਵਿਚ ਮੌਤਾਂ ਦੀ ਇਹ ਗਿਣਤੀ 4,11,821 ਸੀ, ਜੋ ਕਿ 2019 ਵਿਚ ਵਧ ਕੇ 4,21,104 ਹੋ ਗਈ ਹੈ। ਇਸ ਤਰਾਂ 2018 ਦੇ ਮੁਕਾਬਲੇ 2019 ਵਿਚ 9280 ਮੌਤਾਂ ਵੱਧ ਹੋਈਆਂ ਹਨ, ਭਾਵ ਪਿਛਲੇ ਸਾਲ ਦੇ ਮੁਕਾਬਲੇ ਰੋਜ਼ਾਨਾ 25 ਮੌਤਾਂ ਦਾ ਵਾਧਾ ਹੋ ਗਿਆ ਹੈ।

ਦੁੱਖ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਹਾਦਸਿਆਂ ਵਿਚ ਜਾਨਾਂ ਗੁਆਉਣ ਵਾਲ਼ੇ ਲੋਕਾਂ ਵਿਚੋਂ 57 ਫੀਸਦੀ 18 ਤੋਂ 45 ਸਾਲ ਦੀ ਨੌਜਵਾਨ ਉਮਰ ਦੇ ਸਨ ਅਤੇ ਕੁੱਲ ਮੌਤਾਂ ਵਿਚ 81 ਫੀਸਦੀ ਮਰਦ ਜਦਕਿ 19 ਫੀਸਦੀ ਔਰਤਾਂ ਸਨ। ਕੌਮੀ ਅਪਰਾਧ ਅੰਕੜੇ ਬਿਊਰੋ ਦੀ ਸਾਲਾਨਾ ਰਿਪੋਰਟ ਮੁਤਾਬਕ ਮਰਨ ਵਾਲ਼ਿਆਂ ਵਿਚ ਸਭ ਤੋਂ ਵੱਧ 30.9 ਫੀਸਦੀ ਗਿਣਤੀ 30 ਤੋਂ 45 ਸਾਲ ਦੇ ਲੋਕਾਂ ਦੀ ਹੁੰਦੀ ਹੈ ਤੇ ਇਸ ਤੋਂ ਬਾਅਦ 26 ਫੀਸਦੀ ਮੌਤਾਂ 18 ਤੋਂ 30 ਸਾਲ ਦੇ ਨੌਜਵਾਨਾਂ ਦੀਆਂ ਹੁੰਦੀਆਂ ਹਨ। ਸਾਲ 2019 ਵਿਚ 30 ਤੋਂ 45 ਸਾਲ ਦੇ 1,30,212 ਲੋਕਾਂ ਦੀ ਮੌਤ ਹੋਈ ਜਦਕਿ 18 ਤੋਂ 30 ਸਾਲ ਦੀ ਉਮਰ ਵਿਚ ਜਾਨ ਗੁਆਉਣ ਵਾਲ਼ੇ ਲੋਕਾਂ ਦੀ ਗਿਣਤੀ 1,09,378 ਦੱਸੀ ਗਈ ਹੈ। ਬਿਊਰੋ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਪਿਛਲੇ ਸਾਲ ਕੁੱਲ 7,01,324 ਘਟਨਾਵਾਂ ਦੇ ਮਾਮਲੇ ਵੱਖ-ਵੱਖ ਪੁਲਿਸ ਥਾਣਿਆਂ ਵਿਚ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ 4,21,104 ਲੋਕਾਂ ਦੀ ਮੌਤ ਹੋਈ ਹੈ ਜਦਕਿ 4,46,284 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਘਟਨਾਵਾਂ ਵਿਚ ਸਭ ਤੋਂ ਵੱਡੀ 43.9 ਫੀਸਦੀ ਗਿਣਤੀ ਸੜਕ ਹਾਦਸਿਆਂ ਦੀ ਹੈ, ਇਸ ਤੋਂ ਇਲਾਵਾ ਅਚਾਨਕ ਵਾਪਰੀਆਂ ਹੋਰ ਘਟਨਾਵਾਂ ਵਿਚ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ 11.5 ਫੀਸਦੀ ਹੈ। ਪਾਣੀ ਵਿਚ ਡੁੱਬ ਕੇ ਮਾਰੇ ਗਏ ਲੋਕਾਂ ਦੀ ਗਿਣਤੀ ਕੁੱਲ ਮੌਤਾਂ ਦਾ 7.9 ਫੀਸਦੀ ਜਦਕਿ 5.1 ਫੀਸਦੀ ਮੌਤਾਂ ਜ਼ਹਿਰ ਖਾ ਕੇ ਅਤੇ ਏਨੀਆਂ ਹੀ ਉਚਾਈ ਤੋਂ ਡਿਗਣ ਕਾਰਨ ਹੋਈਆਂ। ਸਾਲ 2019 ਵਿਚ ਭਾਰਤ ਵਿਚ ਅੱਗ ਲੱਗਣ ਦੀਆਂ ਕੁੱਲ 11,037 ਘਟਨਾਵਾਂ ਹੋਈਆਂ ਜਿਨ੍ਹਾਂ ਵਿਚ 10,915 ਲੋਕਾਂ ਦੀ ਮੌਤ ਹੋਈ ਜਦਕਿ ਕੁਦਰਤੀ ਘਟਨਾਵਾਂ ਵਿਚ 8145 ਲੋਕਾਂ ਦੀ ਜਾਨ ਚਲੀ ਗਈ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

ਬਿਊਰੋ ਦੇ ਅੰਕੜਿਆਂ ਮੁਤਾਬਕ ਕੁੱਲ ਹਾਦਸਿਆਂ ਵਿਚੋਂ 437,396 ਸੜਕ ਹਾਦਸੇ ਅਤੇ 29775 ਰੇਲਵੇ ਨਾਲ਼ ਸਬੰਧਿਤ ਹਾਦਸੇ ਸਨ ਅਤੇ ਸੜਕ ਹਾਦਸਿਆਂ ਵਿਚੋਂ ਸਭ ਤੋਂ ਵੱਧ 87,271 ਹਾਦਸੇ ਸ਼ਾਮ 6 ਤੋਂ 9 ਵਜੇ ਦੇ ਸਮੇਂ ਵਿਚਾਲ਼ੇ ਹੋਏ ਹਨ। ਸੜਕ ਹਾਦਸਿਆਂ ਵਿਚ ਮਰਨ ਵਾਲ਼ਿਆਂ ਵਿਚ ਸਭ ਤੋਂ ਵੱਡੀ ਗਿਣਤੀ ਦੋ ਪਹੀਆ (ਸਾਈਕਲ/ਸਕੂਟਰ/ਮੋਟਰ ਸਾਈਕਲ) ਸਵਾਰਾਂ ਦੀ ਹੈ ਜੋ ਕਿ ਕੁੱਲ ਮਰਨ ਵਾਲ਼ਿਆਂ ਵਿਚੋਂ 38 ਫੀਸਦੀ ਦੱਸੇ ਗਏ ਹਨ। ਇਸ ਤੋਂ ਇਲਾਵਾ ਮਰਨ ਵਾਲ਼ਿਆਂ ਵਿਚੋਂ 14.6 ਫੀਸਦੀ ਟਰੱਕ ਸਵਾਰ, 13.7 ਫੀਸਦੀ ਕਾਰ ਸਵਾਰ ਜਦਕਿ 5.9 ਫੀਸਦੀ ਬਸ ਸਵਾਰ ਸ਼ਾਮਿਲ ਸਨ। ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਤੇਜ ਰਫ਼ਤਾਰੀ ਨੂੰ ਦੱਸਿਆ ਗਿਆ ਹੈ ਅਤੇ ਰਿਪੋਰਟ ਮੁਤਾਬਕ 59.6 ਫੀਸਦੀ ਹਾਦਸਿਆਂ ਦੀ ਵਜ੍ਹਾ ਤੇਜ ਰਫ਼ਤਾਰ ਨਾਲ਼ ਗੱਡੀਆਂ ਭਜਾਉਣਾ ਹੀ ਸੀ। ਇਸ ਤੋਂ ਬਾਅਦ 25.7 ਫੀਸਦੀ ਹਾਦਸੇ ਖਤਰਨਾਕ ਤੇ ਅਣਗਹਿਲੀ ਭਰੇ ਤਰੀਕੇ ਨਾਲ਼ ਗੱਡੀ ਚਲਾਉਣ ਤੇ ਮੂਹਰੇ ਜਾ ਰਹੀ ਕਿਸੇ ਗੱਡੀ ਤੋਂ ਗਲਤ ਢੰਗ ਨਾਲ਼ ਅੱਗੇ ਲੰਘਣ ਦੇ ਯਤਨ ਦੌਰਾਨ ਵਾਪਰੇ ਦੱਸੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਆਮ ਤੌਰ ’ਤੇ ਪੰਜਾਬ ਹਰਿਆਣਾ ਵਿਚ ਸਿਆਲਾਂ ਦੇ ਮਹੀਨੇ ਸੰਘਣੀ ਧੁੰਦ ਕਾਰਨ ਵਾਪਰਦੇ ਭਿਆਨਕ ਹਾਦਸਿਆਂ ਦੇ ਬਾਵਜੂਦ ਪੂਰੇ ਭਾਰਤ ਵਿਚ ਖਰਾਬ ਮੌਸਮ ਦੀ ਵਜ੍ਹਾ ਨਾਲ਼ ਵਾਪਰੇ ਹਾਦਸਿਆਂ ਦੀ ਗਿਣਤੀ ਮਹਿਜ 2.6 ਫੀਸਦੀ ਦੱਸੀ ਗਈ ਹੈ। ਇਸ ਦਾ ਮੁੱਖ ਕਾਰਨ ਸ਼ਾਇਦ ਇਹ ਵੀ ਹੈ ਕਿ ਧੁੰਦ ਕੇਵਲ ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਦੇ ਕੁੱਝ ਇਲਾਕਿਆਂ ਵਿਚ ਹੀ ਪੈਂਦੀ ਹੈ। ਸੜਕ ਹਾਦਸਿਆਂ ਵਿਚੋਂ 59.5 ਫੀਸਦੀ ਪੇਂਡੂ ਇਲਾਕੇ ਵਿਚ ਜਦਕਿ 40.5 ਫੀਸਦੀ ਸ਼ਹਿਰੀ ਇਲਾਕਿਆਂ ਵਿਚ ਵਾਪਰੇ ਦੱਸੇ ਗਏ ਹਨ। ਹਾਲਾਂਕਿ ਗੱਡੀਆਂ ਦੀ ਆਵਾਜਾਈ ਤੇ ਭੀੜ-ਭੜੱਕਾ ਪੇਂਡੂ ਇਲਾਕਿਆਂ ਦੇ ਮੁਕਾਬਲੇ ਸ਼ਹਿਰੀ ਇਲਾਕਿਆਂ ਵਿਚ ਕਈ ਗੁਣਾ ਵੱਧ ਹੁੰਦਾ ਹੈ। ਸੜਕ ਹਾਦਸਿਆਂ ਵਿਚੋਂ 30 ਫੀਸਦੀ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਵਾਪਰੇ ਦੱਸੇ ਗਏ ਹਨ।

ਸਾਡਾ ਯੂ ਟਿਊਬ ਚੈਨਲ ਸਬਸਕ੍ਰਾਈਬ ਕਰਨ ਲਈ ਕਲਿਕ ਕਰੋ

ਰੇਲਵੇ ਨਾਲ਼ ਸਬੰਧਿਤ 27,987 ਹਾਦਸਿਆਂ ਵਿਚੋਂ 76 ਫੀਸਦੀ ਜਾਂ ਤਾਂ ਰੇਲ ਗੱਡੀਆਂ ਵਿਚੋਂ ਮੁਸਾਫਰਾਂ ਦੇ ਡਿਗਣ ਜਾਂ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ਼ ਸਬੰਧਿਤ ਹਨ। ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਵਾਪਰੇ ਹਾਦਸਿਆਂ ਵਿਚੋਂ ਸਭ ਤੋਂ ਵੱਧ 47 ਫੀਸਦੀ ਇਕੱਲੇ ਉਤਰ ਪ੍ਰਦੇਸ਼ ਵਿਚ ਵਾਪਰੇ ਹਨ।

ਕੁਦਰਤੀ ਘਟਨਾਵਾਂ ਵਿਚੋਂ ਸਭ ਤੋਂ ਵੱਧ ਮੌਤਾਂ ਅਸਮਾਨੀ ਬਿਜਲੀ ਨਾਲ਼:

ਕੁਦਰਤੀ ਘਟਨਾਵਾਂ ਵਿਚ ਹੋਈਆਂ 8145 ਮੌਤਾਂ ਵਿਚੋਂ ਸਭ ਤੋਂ ਵੱਧ 35.3 ਫੀਸਦੀ ਗਿਣਤੀ ਅਸਮਾਨੀ ਬਿਜਲੀ ਡਿਗਣ ਕਾਰਨ ਹੋਈਆਂ ਅਤੇ ਇਨ੍ਹਾਂ ਮੌਤਾਂ ਵਿਚੋਂ ਵੀ 1455 ਮੌਤਾਂ ਸਿਰਫ਼ ਬਿਹਾਰ (400), ਮੱਧ ਪ੍ਰਦੇਸ਼ (400), ਝਾਰਖੰਡ (324) ਅਤੇ ਉਤਰ ਪ੍ਰਦੇਸ਼ (321) ਵਿਚ ਹੀ ਹੋ ਗਈਆਂ। 15.6 ਫੀਸਦੀ ਮੌਤਾਂ ਲੂਅ ਲੱਗਣ ਕਾਰਨ ਜਦਕਿ 11.6 ਫੀਸਦੀ ਹੜ੍ਹਾਂ ਵਿਚ ਹੋਈਆਂ ਹਨ। ਇਨ੍ਹਾਂ ਕੁਦਰਤੀ ਘਟਨਾਵਾਂ ਵਿਚ ਮਰਨ ਵਾਲ਼ਿਆਂ ਵਿਚੋਂ ਵੀ 51 ਫੀਸਦੀ ਨੌਜਵਾਨ ਸਨ।

ਨੋਟ: ਵੱਖ-ਵੱਖ ਸੂਬਿਆਂ ਬਾਰੇ ਵੇਰਵੇ ਅਗਲੀ ਕਿਸ਼ਤ ਵਿਚ 

Be the first to comment

Leave a Reply

Your email address will not be published.


*