ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 20 ਅਗਸਤ: ਬੇਅਦਬੀਆਂ ਦੇ ਮਾਮਲੇ ‘ਤੇ ਅਕਾਲੀ ਦਲ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦਾ ਰਵਈਆ ਸਪਸ਼ਟ ਰੂਪ ਵਿਚ ਦੋਗਲਾ ਨਜ਼ਰ ਆ ਰਿਹਾ ਹੈ।
ਜਿਥੇ ਅਕਾਲੀ ਦਲ ਦੇ ਆਗੂ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਤੇ ਜ਼ਵਾਹਰ ਸਿੰਘ ਵਾਲ਼ਾ ਮਾਮਲਿਆਂ ਵਿਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਲੰਮਾਂ ਸਮਾਂ ਸੁੱਤੇ ਰਹੇ, ਉਥੇ ਹੁਣ ਕਾਂਗਰਸ ਸਰਕਾਰ ਵੱਲੋਂ ਵੀ ਇਸ ਮਾਮਲੇ ਨੂੰ ਕਿਸੇ ਕੰਢੇ ਬੰਨੇ ਲਾਉਣ ਦੀ ਥਾਂ ਸਿਰਫ਼ ਸਿਆਸੀ ਲਾਹਾ ਲੈਣ ਖਾਤਰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਹਾਲਾਂਕਿ ਪਟਿਆਲ਼ਾ ਦੇ ਗੁਰਦੁਆਰਾ ਸਾਹਿਬ ਵਿਚੋਂ ਇਕ ਸਰੂਪ ਚੋਰੀ ਹੋਣ ਵਾਲ਼ੀ ਘਟਨਾ ਵੀ ਕਿਸੇ ਤਰਾਂ ਜ਼ਵਾਹਰ ਸਿੰਘ ਵਾਲ਼ਾ ਜਾਂ ਹੋਰ ਬੇਅਦਬੀਆਂ ਦੇ ਮਾਮਲਿਆਂ ਤੋਂ ਘੱਟ ਸ਼ਰਮਨਾਕ ਨਹੀਂ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛਾਪੇਖਾਨੇ ਵਿਚੋਂ 267 ਸਰੂਪ ਗਾਇਬ ਹੋਣ ਦੇ ਮਾਮਲੇ ਉਪਰ ਪਰਦਾ ਪਾਉਣ ਦੇ ਯਤਨ ਤਹਿਤ ਹੁਣ ਅਕਾਲੀ ਦਲ ਬਾਦਲ ਵੱਲੋਂ ਪਟਿਆਲ਼ਾ ਦੇ ਮਾਮਲੇ ਨੂੰ ਸੋਚ ਸਮਝ ਕੇ ਤੂਲ ਦਿੱਤਾ ਜਾ ਰਿਹਾ ਹੈ। ਪਾਠਕਾਂ ਨੂੰ ਯਾਦ ਹੋਏਗਾ ਕਿ ਜਦੋਂ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਜ਼ਵਾਹਰ ਸਿੰਘ ਵਾਲ਼ਾ ਜਾਂ ਹੋਰ ਬੇਅਦਬੀਆਂ ਦੇ ਮਾਮਲੇ ਵਾਪਰੇ ਸਨ ਤਾਂ ਕਿਸੇ ਵੀ ਅਕਾਲੀ ਆਗੂ ਨੇ ਇਨ੍ਹਾਂ ਪ੍ਰਤੀ ਪਟਿਆਲ਼ਾ ਦੀ ਘਟਨਾ ਵਾਂਗ ਨਾ ਤਾਂ ਦੁੱਖ ਜ਼ਾਹਿਰ ਕੀਤੀ ਸੀ ਅਤੇ ਨਾ ਹੀ ਧਰਨੇ ਲਾਏ ਸਨ। ਉਲਟਾ ਇਨ੍ਹਾਂ ਘਟਨਾਵਾਂ ਦੇ ਰੋਸ ਵਜੋਂ ਧਰਨੇ ਮੁਜ਼ਾਹਰੇ ਕਰਨ ਵਾਲ਼ੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਸ਼ਰਧਾਵਾਨ ਸਿੱਖਾਂ ਨੂੰ ਉਸ ਵੇਲ਼ੇ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜੀ ਠੀਢਤਾਈ ਤੇ ਨਿਰਲੱਜਤਾ ਨਾਲ਼ ਇਹ ਆਖਦਾ ਹੁੰਦਾ ਸੀ ਕਿ ਜਿਨ੍ਹਾਂ ਨੂੰ ਕੋਈ ਘਰਾਂ ਵਿਚ ਨਹੀਂ ਪੁੱਛਦਾ ਉਹ ਧਰਨਿਆਂ ਉਪਰ ਆ ਬੈਠਦੇ ਨੇ।
ਦੂਜੇ ਪਾਸੇ ਇਸ ਤਰਾਂ ਗੁਰੂ ਘਰਾਂ ਵਿਚ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਦੇ ਸਬੰਧ ਵਿਚ ਸਮੁੱਚੀ ਸਿੱਖ ਕੌਮ ਨੂੰ ਹੀ ਸਿਰ ਜੋੜ ਕੇ ਡੂੰਘੀ ਵਿਚਾਰ ਚਰਚਾ ਦੀ ਲੋੜ ਹੈ ਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਮਾਮਲੇ ਵਿਚ ਹੋਰ ਸੁਚੇਤ ਹੋਣ ਦੀ ਲੋੜ ਹੈ। ਗੁਰਦੁਆਰਾ ਕਮੇਟੀਆਂ ਦੇ ਮੁਖੀਆਂ ਤੇ ਮੈਂਬਰਾਂ ਦੀ ਵੀ ਅਜਿਹੀਆਂ ਘਟਨਾਵਾਂ ਦੇ ਮਾਮਲੇ ਵਿਚ ਜਿੰਮੇਵਾਰੀ ਤੈਅ ਕਰਨ ਦੀ ਲੋੜ ਹੈ ਤਾਂ ਜੋ ਉਹ ਆਪਣੇ ਫਰਜ਼ਾਂ ਨੂੰ ਹੋਰ ਗੰਭੀਰਤਾ ਨਾਲ਼ ਨਿਭਾਉਣ।
Leave a Reply