ਬਠਿੰਡਾ ਕਾਂਡ (Bathinda incident) ਨੇ ਖੜ੍ਹੇ ਕੀਤੇ ਸਰਕਾਰਾਂ ਤੇ ਪੁਲਿਸ ਦੀ ਕਾਰਗੁਜਾਰੀ ਉਤੇ ਕਈ ਸਵਾਲ

ਡਿਜੀਟਲ ਇੰਡੀਆ (Digital India) ਲਈ ਦਿੱਲੀ ਅਜੇ ਦੂਰ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 22 ਅਗਸਤ: ਬਠਿੰਡਾ ਕਾਂਡ (Bathinda incident) ਨੇ ਜਿਥੇ ਸਰਕਾਰਾਂ ਵੱਲੋਂ ਬਹੁ-ਪ੍ਰਚਾਰਿਤ ਡਿਜੀਟਲ ਇੰਡੀਆ (digital India) ਪ੍ਰਾਜੈਕਟਾਂ ਦਾ ਹੀਜ ਪਿਆਜ ਨੰਗਾ ਕੀਤੈ, ਓਥੇ ਪੁਲਿਸ ਖਾਸ ਕਰ ਆਵਾਜਾਈ ਪੁਲਿਸ (Traffic police) ਅਤੇ ਆਵਾਜਾਈ ਮਹਿਕਮੇ (Transport Deptartment) ਦੇ ਅਧਿਕਾਰੀਆਂ ਦੀ ਕਾਰਗੁਜਾਰੀ ਉਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬਠਿੰਡਾ ਵਿਚ ਵਾਪਰੇ ਇਸ ਹੌਲਨਾਕ ਕਾਂਡ ਦੌਰਾਨ ਇਕ ਦਰਜ਼ਨ ਤੋਂ ਵੱਧ ਹਮਲਾਵਰਾਂ ਨੇ ਦਿਨ ਦਿਹਾੜੇ ਤੇ ਸ਼ਰੇ ਬਾਜ਼ਾਰ ਸੜਕ ਉਪਰ ਜਾ ਰਹੀ ਇਕ ਸਕੌਡਾ ਕਾਰ ਦੇ ਸਵਾਰਾਂ ਉਪਰ ਹਮਲਾ ਕਰਕੇ ਇੱਕ ਬੰਦੇ ਨੂੰ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ 36 ਕੁ ਸਾਲ ਦੇ ਲਲਿਤ ਕੁਮਾਰ ਉਰਫ਼ ਬੰਟੀ ਉਰਫ਼ ਲੱਕੀ ਵਜੋਂ ਹੋਈ ਹੈ। ਅੱਖੀਂ ਵੇਖਣ ਵਾਲ਼ੇ ਲੋਕਾਂ ਮੁਤਾਬਕ ਇਸ ਹਮਲੇ ਦੌਰਾਨ ਕਾਰ ਵਿਚ ਲੱਕੀ ਨਾਲ਼ ਦੋ-ਤਿੰਨ ਜਣੇ ਹੋਰ ਵੀ ਸਵਾਰ ਸਨ, ਜਿਹੜੇ ਘਟਨਾ ਦੇ ਤੁਰੰਤ ਬਾਅਦ ਲੱਕੀ ਦੀ ਲਾਸ਼ ਨੂੰ ਓਥੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅਜਿਹੀਆਂ ਵਾਰਦਾਤਾਂ ਤਾਂ ਪਿਛਲੇ ਦੋ ਦਹਾਕੇ ਤੋਂ ਪੰਜਾਬ ਵਿਚ ਆਮ ਹੀ ਵਾਪਰ ਰਹੀਆਂ ਹਨ। ਇਨ੍ਹਾਂ ਵਿਚ ਮਰਨ ਅਤੇ ਮਾਰਨ ਵਾਲ਼ੇ ਵੀ ਅਕਸਰ ਕਿਸੇ ਨਾ ਕਿਸੇ ਅਪਰਾਧੀ ਗਰੋਹ (Gangster) ਦੇ ਮੈਂਬਰ ਹੀ ਹੁੰਦੇ ਨੇ। ਫਿਰ ਇਸ ਤਾਜਾ ਘਟਨਾ ਵਿਚ ਅਣਹੋਣੀ ਗੱਲ ਕਿਹੜੀ ਵਾਪਰੀ ਹੈ ਤੇ ਕਿਹੜੇ ਨਵੇਂ ਸਵਾਲ ਪੈਦਾ ਹੋ ਗਏ ਨੇ ?

ਬਠਿੰਡਾ ਕਾਂਡ (Bathinda incident) ਦਾ ਡਿਜੀਟਲ ਇੰਡੀਆ (Digital India) ਨਾਲ਼ ਸਬੰਧ:

ਦਰਅਸਲ ਇਹ ਸਵਾਲ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ, ਕਰੋੜਾਂ/ਅਰਬਾਂ ਰੁਪਏ ਖਰਚ ਕੇ ਲਾਗੂ ਕੀਤੀਆਂ ਜਾਂਦੀਆਂ ਅਖੌਤੀ ਡਿਜੀਟਲ ਇੰਡੀਆ (Digital India) ਸਕੀਮਾਂ ਅਤੇ ਪੁਲਿਸ/ਸਰਕਾਰੀ ਮਹਿਕਮਿਆਂ ਦੀ ਕਾਰਗੁਜਾਰੀ ਬਾਰੇ ਨੇ। ਬਠਿੰਡਾ ਕਾਂਡ ਵਿਚ ਜਿਸ ਕਾਰ ਉਤੇ ਹਮਲਾ ਕੀਤਾ ਗਿਆ ਹੈ, ਉਸ ਦੀ ਨੰਬਰ ਪਲੇਟ ਉਤੇ ਦਿੱਲੀ ਦਾ ਨੰਬਰ DL08CJ-5159 ਲੱਗਿਆ ਹੋਇਆ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ਦੀ ਰਜਿਸਟ੍ਰੇਸ਼ਨ ਅਥਾਰਟੀ ਵੱਲੋਂ ਇਸ ਨੰਬਰ ਨਾਲ਼ੋਂ ਛੇ ਸਾਲ ਪਹਿਲਾਂ ਹੀ ਆਪਣਾ ਨਾਤਾ ਤੋੜ ਲਿਆ ਗਿਆ ਸੀ, ਭਾਵ ਇਸ ਨੰਬਰ ਨੂੰ ਦਿੱਲੀ ਤੋਂ ਬਦਲ ਕੇ ਕਿਸੇ ਹੋਰ ਸੂਬੇ (ਪੰਜਾਬ) ਵਿਚ ਲਿਜਾਣ ਲਈ ਐਨ ਓ ਸੀ (N. O. C.) ਜਾਰੀ ਕਰ ਦਿੱਤੀ ਗਈ ਸੀ। ਮਨਿਸਟਰੀ ਆਫ਼ ਰੋਡ ਟਰਾਂਸਪੋਰਟ ਐਂਡ ਹਾਈਵੇਜ (Ministry of Road Transport & Highways) ਭਾਰਤ ਸਰਕਾਰ ਦੀ ਗੱਡੀਆਂ ਬਾਰੇ ਵਿਸ਼ੇਸ਼ ਵੈਬਸਾਈਟ ”ਵਾਹਨ” (Vahan) ਉਪਰ ਦਿੱਤੇ ਵੇਰਵਿਆਂ ਮੁਤਾਬਕ ਇਹ ਸਕੌਡਾ ਕਾਰ ਸਾਲ 2003 ਵਿਚ ਕਿਸੇ ਨਰੇਸ਼ ਭਾਟੀਆ ਦੇ ਨਾਂਅ ਉਪਰ ਰਜਿਸਟਰਡ ਕੀਤੀ ਗਈ ਸੀ। ਰਜਿਸਟ੍ਰੇਸ਼ਨ ਤੋਂ 11 ਸਾਲ ਬਾਅਦ 2014 ਵਿਚ ਭਾਵ ਪੂਰੇ 6 ਸਾਲ ਪਹਿਲਾਂ ਇਸ ਗੱਡੀ ਦੀ ਮਾਲਕੀ ਬਦਲਾ (Change of Ownership) ਕੇ ਬਠਿੰਡਾ ਵਿਚ ਇਸ ਨੂੰ ਨਵੇਂ ਸਿਰੇ ਤੋਂ ਰਜਿਸਟਰ ਕਰਾਉਣ ਲਈ ਦਿੱਲੀ ਰਜਿਸਟ੍ਰੇਸ਼ਨ ਅਥਾਰਟੀ (Delhi Transport Registration Authority) ਵੱਲੋਂ ਐਨ ਓ ਸੀ ਜਾਰੀ ਕੀਤੀ ਗਈ ਸੀ। ਜਿਸ ਦਾ ਭਾਵ ਹੈ ਕਿ ਬਠਿੰਡਾ ਇਲਾਕੇ ਦੇ ਕਿਸੇ ਬੰਦੇ ਨੇ ਇਸ ਕਾਰ ਨੂੰ ਖਰੀਦਿਆ ਅਤੇ ਇਸ ਨੂੰ ਬਠਿੰਡਾ ਵਿਖੇ ਆਪਣੇ ਨਾਂਅ ‘ਤੇ ਰਜਿਸਟਰ ਕਰਾਉਣ ਲਈ ਇਹ ਐਨ ਓ ਸੀ ਪ੍ਰਾਪਤ ਕੀਤੀ ਹੋਵੇਗੀ। ਪਰ ਛੇ ਸਾਲਾਂ ਤੋਂ ਇਸ ਖਰੀਦਾਰ ਨੇ ਇਸ ਗੱਡੀ ਨੂੰ ਬਠਿੰਡਾ ਦੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀਆਂ ਪਾਸੋਂ ਆਪਣੇ ਨਾਂਅ ਤਬਦੀਲ ਨਹੀਂ ਕਰਵਾਇਆ। ਜੇਕਰ ਅਜਿਹਾ ਹੁੰਦਾ ਤਾਂ ਮੋਟਰ ਵਹੀਕਲ ਕਾਨੂੰਨ 1989 ਮੁਤਾਬਕ ਉਸ ਨੂੰ ਪੰਜਾਬ ਦਾ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤਾ ਜਾਣਾ ਜਰੂਰੀ ਸੀ।
ਕਾਨੂੰਨ ਮੁਤਾਬਕ ਇਹ ਨਵਾਂ ਨੰਬਰ, ਗੱਡੀ ਦੇ ਪਹਿਲੇ ਨੰਬਰ ਬਾਰੇ ਐਨ ਓ ਸੀ ਜਾਰੀ ਹੋਣ ਦੇ ਛੇ ਮਹੀਨੇ ਦੇ ਸਮੇਂ ਅੰਦਰ ਜਾਰੀ ਕੀਤਾ ਜਾਣਾ ਜਰੂਰੀ ਹੁੰਦਾ ਹੈ। ਕਿਸੇ ਕਾਰਨ ਹੋਈ ਕੁੱਝ ਦੇਰੀ ਲਈ ਜ਼ੁਰਮਾਨੇ ਸਮੇਤ ਫੀਸ ਅਦਾ ਕਰਕੇ ਸਮਾਂ ਵਧ ਸਕਦੈ, ਪਰ ਇਹ ਸਮਾਂ ਇਕ ਸਾਲ ਤੋਂ ਵੱਧ ਨਹੀਂ ਹੋ ਸਕਦਾ। ਨਿਯਮਾਂ ਮੁਤਾਬਕ ਇਕ ਸਾਲ ਦਾ ਸਮਾਂ ਲੰਘ ਜਾਣ ‘ਤੇ ਐਨ ਓ ਸੀ ਰੱਦ ਮੰਨੀ ਜਾਂਦੀ ਹੈ ਅਤੇ ਨਵੇਂ ਸਿਰੇ ਤੋਂ ਸਾਰੀ ਪ੍ਰਕਿਰਿਆ ਕਰਨੀ ਪੈਂਦੀ ਹੈ।

ਆਵਾਜਾਈ ਪੁਲਿਸ (Traffic police) ਅਤੇ ਆਵਾਜਾਈ ਮਹਿਕਮੇ (Transport Deptartment/ DTO/RTA) ਦੇ ਅਧਿਕਾਰੀਆਂ ਦੀ ਬਠਿੰਡਾ ਕਾਂਡ Bathinda Incident ਵਿਚ ਜਿੰਮੇਵਾਰੀ:

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 2014 ਵਿਚ ਜਾਰੀ ਹੋਈ ਐਨ ਓ ਸੀ ਤੋਂ ਬਾਅਦ ਪਿਛਲੇ ਛੇ ਸਾਲਾਂ ਦੌਰਾਨ ਆਮ ਪੁਲਿਸ ਜਾਂ ਆਵਾਜਾਈ ਪੁਲਿਸ ਦੇ ਅਧਿਕਾਰੀਆਂ ਵਿਚੋਂ ਕਿਸੇ ਦਾ ਵੀ ਇਸ ਗੱਡੀ ਦੇ ਮਾਲਕ ਜਾਂ ਡਰਾਈਵਰ ਨਾਲ਼ ਕਦੇ ਆਹਮਣਾ ਸਾਹਮਣਾ ਨਹੀਂ ਹੋਇਆ ? ਆਪਾਂ ਸਾਰੇ ਜਾਣਦੇ ਆਂ ਕਿ ਆਵਾਜਾਈ ਪੁਲਿਸ (Traffic Police) ਦੇ ਅਧਿਕਾਰੀ ਸ਼ਹਿਰਾਂ/ਕਸਬਿਆਂ ਤੋਂ ਇਲਾਵਾ ਲਗਪਗ ਸਾਰੀਆਂ ਸੜਕਾਂ ਉਤੇ ਅਕਸਰ ਸਕੂਟਰ/ਮੋਟਰ ਸਾਈਕਲ ਸਵਾਰਾਂ ਨੂੰ ਹਰ ਛੋਟੀ ਤੋਂ ਛੋਟੀ ਗੱਲ ਦੀ ਢੁੱਚਰ ਡਾਹ ਕੇ ਪਰੇਸ਼ਾਨ ਕਰਦੇ ਆਮ ਵੇਖੇ ਜਾਂਦੇ ਹਨ। ਪਰ ਇਹ ਪੁਲਿਸ ਵਾਲ਼ੇ ਮਹਿੰਗੇ ਮੁੱਲ ਦੀਆਂ ਅਜਿਹੀਆਂ ਲਗਜਰੀ ਗੱਡੀਆਂ ਦੇ ਸਵਾਰਾਂ ਵੱਲੋਂ ਕੀਤੀ ਉਲੰਘਣਾ ਨੂੰ ਜਾਂ ਤਾਂ ਅੱਖੋਂ ਪਰੋਖੇ ਕਰ ਦਿੰਦੇ ਨੇ ਜਾਂ ਫਿਰ ਕੁੱਝ ਭਰਿਸ਼ਟ ਕਿਸਮ ਦੇ ਅਧਿਕਾਰੀ ਮੁੱਠੀ ਗਰਮ ਕਰਕੇ ਅਜਿਹੀ ਉਲੰਘਣਾ ਤੋਂ ਅੱਖਾਂ ਫੇਰ ਲੈਂਦੇ ਹਨ। ਇਸੇ ਕਾਰਨ ਅਪਰਾਧੀ ਕਿਸਮ ਦੇ ਸ਼ਾਤਰ ਲੋਕ ਅਕਸਰ ਏਦਾਂ ਦੀਆਂ ਮਹਿੰਗੀਆਂ ਗੱਡੀਆਂ ਰਾਹੀਂ ਆਪਣੇ ਕਾਲ਼ੇ ਧੰਦੇ ਚਲਾਉਂਦੇ ਰਹਿੰਦੇ ਹਨ। ਇਸ ਘਟਨਾ ਵਿਚ ਵੀ ਮਰਨ ਵਾਲ਼ਾ ਸ਼ੱਕੀ ਕਿਰਦਾਰ ਦਾ ਦੱਸਿਆ ਗਿਆ ਹੈ ਅਤੇ ਉਸ ਦੇ ਕਥਿਤ ਕਾਤਲਾਂ ਦੇ ਵਿਰੁੱਧ ਪਹਿਲਾਂ ਵੀ ਪਹਿਲਾਂ ਕਈ ਮਾਮਲੇ ਦਰਜ ਹਨ।

Be the first to comment

Leave a Reply

Your email address will not be published.


*