ਨਾਂਹ ਪੱਖੀ ਵਿਚਾਰਾਂ ਦੇ ਪ੍ਰਚਾਰ ਦੀ ਹਨੇਰੀ ‘ਚ ਉਸਾਰੂ ਲਿਖਤਾਂ/ਵੀਡੀਓ ਲਈ ਕੋਈ ਥਾਂ ਨਹੀਂ
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 6 ਅਗਸਤ: ਅਕਸਰ ਜਦੋਂ ਕਿਤੇ ਸਮਾਜ ਵਿਚ ਫੈਲੀਆਂ ਕੁਰਤੀਆਂ, ਬੁਰਾਈਆਂ ਅਤੇ ਅਪਰਾਧਾਂ ਦੀ ਗੱਲ ਛਿੜਦੀ ਹੈ ਤਾਂ ਲੋਕ ਇਕ ਦੂਜੇ ਨਾਲ਼ ਚਰਚਾ ਵਿਚ ਕਹਿੰਦੇ ਸੁਣੀਂਦੇ ਨੇ ਕਿ ਇਹ ਸਭ ਫ਼ਿਲਮਾਂ ਜਾਂ ਪੱਛਮੀ ਸੱਭਿਆਚਾਰ ਦਾ ਅਸਰ ਹੈ, ਪਰ ਇਸ ਵਿਚ ਅਸੀਂ ਉਸ ਤੋਂ ਵੀ ਵੱਡੇ ਜਿੰਮੇਵਾਰ ਹਾਂ।
ਪਿਛਲੇ ਕੁੱਝ ਸਮੇਂ ਤੋਂ ਮੈਂ ਵੇਖ ਰਿਹਾਂ ਕਿ ਸ਼ੋਸ਼ਲ ਮੀਡੀਆ ਉਤੇ ਖਾਸਕਰ ਯੂ-ਟਿਊਬ ਚੈਨਲ ਚਲਾਉਣ ਵਾਲ਼ੇ ਕੁੱਝ ਲੋਕਾਂ ਵੱਲੋਂ ਆਪਣੀ ਵੀਡੀਓ ਨੂੰ ਸਨਸਨੀਖੇਜ ਬਣਾਉਣ ਲਈ ਅਜਿਹੀਆਂ ਤਸਵੀਰਾਂ ਲਾ ਕੇ ”ਥੰਬਨੇਲ” ਬਣਾਏ ਜਾਂਦੇ ਨੇ ਕਿ ਵੇਖਣ ਵਾਲ਼ਾ ਬਦੋ-ਬਦੀ ਵੀਡੀਓ ਵੇਖਣ ਲਈ ਲਿੰਕ ਖੋਲ੍ਹ ਲੈਂਦਾ ਹੈ। ਹੁਣ ਇਹ ਵਰਤਾਰਾ ਫੇਸਬੁੱਕ ਅਤੇ ਵਟਸਐਪ ਉਪਰ ਵੀ ਚੱਲ ਪਿਆ ਹੈ। ਆਪਣੀ ਕਿਸੇ ਲਿਖਤ ਨੂੰ ਪ੍ਰਚਾਰਨ ਲਈ ਅਜਿਹਾ ਹੀ ਤਰੀਕਾ ਅਪਣਾ ਕੇ ਉਸ ਨਾਲ਼ ਦਿਲ ਨੂੰ ਧੂਅ ਪਾਉਣ ਵਾਲ਼ੀ ਤਸਵੀਰ ਚੇਪ ਦਿੱਤੀ ਜਾਂਦੀ ਹੈ। ਇਨ੍ਹਾਂ ਤਸਵੀਰਾਂ ਵਿਚੋਂ ਅਕਸਰ ਕਈ ਤਸਵੀਰਾਂ ਗਲਤ ਹੁੰਦੀਆਂ ਨੇ। ਪਰ ਇਹ ਮੌਕਾਪ੍ਰਸਤ ਲੋਕ ਇਹ ਨਹੀਂ ਸਮਝ ਰਹੇ ਕਿ ਇਸ ਤਰਾਂ ਦੀਆਂ ਗਲਤ ਤਸਵੀਰਾਂ ਲਾ ਕੇ ਉਹ ਸਮਾਜ ਜਾਂ ਪੀੜਤ ਧਿਰ ਦਾ ਕੋਈ ਭਲਾ ਕਰਨ ਦੀ ਬਜਾਏ ਉਲਟਾ ਦੋਸ਼ੀਆਂ ਨੂੰ ਫਾਇਦਾ ਪਹੁੰਚਾ ਰਹੇ ਨੇ। ਇਸ ਵਿਸ਼ੇ ਬਾਰੇ ਮੈਂ ਪਿਛਲੇ ਦਿਨੀਂ ਇਕ ਵੀਡੀਓ ਬਣਾ ਕੇ ਆਪਣੇ ਯੂ ਟਿਊਬ ਚੈਨਲ ਉਤੇ ਪਾਉਣ ਦੇ ਨਾਲ਼ ਨਾਲ਼ ਫੇਸਬੁੱਕ ਉਤੇ ਵੀ ਪੋਸਟ ਕੀਤੀ ਸੀ ਪਰ ਪਤਾ ਨੀ ਕਿਉਂ ਫੇਸਬੁੱਕ ਉਤੇ ਸਿਰਫ਼ ਤਿੰਨ ਲੋਕਾਂ ਨੇ ਹੀ ਉਸ ਵੀਡੀਓ ਉਤੇ ਪ੍ਰਤੀਕ੍ਰਿਆ ਦਿੱਤੀ, ਉਹ ਵੀ ਸਿਰਫ਼ ਲੈਕ ਆਲ਼ਾ ਗੂਠਾ ਜਿਹਾ ਨੱਪ ਕੇ, ਕੋਈ ਟਿੱਪਣੀ ਨਹੀਂ, ਕੋਈ ਹੁੰਗਾਰਾ ਨਹੀਂ। ਹਾਂ ਯੂ-ਟਿਊਬ ਉਤੇ ਜਰੂਰ 100 ਤੋਂ ਵੱਧ ਲੋਕਾਂ ਨੇ ਵੇਖ ਲਈ ਸੀ ਪਰ ਇਸ ਵਿਚੋਂ ਵੀ ਬਹੁਗਿਣਤੀ ਮੇਰੇ ਕਈ ਸਾਲਾਂ ਤੋਂ ਜਾਣੂ ਲੋਕ ਈ ਸਨ।
ਫੇਰ ਕਹਿਣਗੇ ਪੱਤਰਕਾਰ ਤਾਂ ਜੀ ਬਿਕਾਊ ਨੇ, ਇਹ ਤਾਂ ਪੈਸੇ ਲੈ ਕੇ ਖ਼ਬਰਾਂ ਲਾਉਂਦੇ ਨੇ, ਇਹ ਤਾਂ ਦਾਰੂ ਮੁਰਗੇ ਉਤੇ ਵਿਕ ਜਾਂਦੇ ਨੇ ਤੇ ਹੋਰ ਪਤਾ ਨੀ ਕਿੰਨਾ ਕੁੱਝ। ਹੁਣ ਮੈਨੂੰ ਦੱਸੋ ਕਿ ਜੇ ਤੁਸੀਂ ਕਿਸੇ ਚੰਗੀ ਗੱਲ ਦੀ ਸਲਾਹੁਤਾ ਨੀ ਕਰਨੀ, ਉਸ ਦਾ ਅੱਗੇ ਪ੍ਰਚਾਰ ਤਾਂ ਕੀ ਕਰਨੈ, ਉਸ ਦੀ ਸਲਾਹੁਤਾ ਲਈ 5-7 ਮਿੰਟ ਦਾ ਸਮਾਂ ਕੱਢ ਕੇ ਵੇਖਣਾ ਵੀ ਨਹੀਂ ਤਾਂ ਉਸਾਰੂ ਸੋਚ ਵਾਲ਼ੇ ਪੱਤਰਕਾਰ ਕਿਹੜੇ ਖੂਹ ਖਾਤੇ ਪੈਣ। ਕੋਈ ਸਨਸਨੀ ਫੈਲਾਉਣ ਵਾਲ਼ੀ ਜਾਂ ਕੈਪਟਨ/ਬਾਦਲ/ਮੋਦੀ ਵਰਗਿਆਂ ਨੂੰ ਗਲਤ ਢੰਗ ਨਾਲ਼ ਭੰਡਣ ਵਾਲ਼ੀ ਭਾਵੇਂ ਕੋਈ ਗਲਤ ਜਾਣਕਾਰੀ ਵਾਲ਼ੀ ਹੀ ਵੀਡੀਓ/ਲਿਖਤ ਪਾ ਦਵੇ, ਉਸ ਨੂੰ ਬਿਨਾ ਸੋਚੇ ਸਮਝੇ ਅੱਗੇ ਦੀ ਅੱਗੇ ਵੰਡੀ ਜਾਣਗੇ। ਇਹ ਬਿਲਕੁਲ ਇਸ ਤਰਾਂ ਲਗਦਾ ਹੈ ਜਿਵੇਂ ਸੈਂਕੜੇ ਲੋਕ ਆਪਣੇ ਇਕ ਹੱਥ ਵਿਚ ਤੀਰ-ਤਲਵਾਰਾਂ ਅਤੇ ਬੰਦੂਕਾਂ ਅਤੇ ਦੂਜੇ ਹੱਥ ਵਿਚ ਇਨ੍ਹਾਂ ਹਥਿਆਰਾਂ ਨਾਲ਼ ਕਤਲ ਕੀਤੇ ਪਸ਼ੂ-ਪੰਛੀਆਂ ਤੇ ਮਨੁੱਖਾਂ ਦੇ ਵੱਢੇ-ਟੁੱਕੇ ਅੰਗ ਲਹਿਰਾਉਂਦੇ ਹੋਏ ਗਲ਼ੀਆਂ ਬਾਜ਼ਾਰਾਂ ਵਿਚ ਅਮਨ ਸ਼ਾਂਤੀ ਅਤੇ ਕੁਦਰਤ ਪ੍ਰੇਮ ਦਾ ਸੁਨੇਹਾ ਦਿੰਦੇ ਫਿਰਦੇ ਹੋਣ ਅਤੇ ਕੋਈ ਇਨਸਾਫ਼ ਪਸੰਦ ਅਖਵਾਉਣ ਵਾਲ਼ਾ ਅਮਨ ਸ਼ਾਂਤੀ ਦਾ ਮੁਦਈ ਆਪਣੇ ਘਰ ਦੇ ਦਰਵਾਜੇ ਬੰਦ ਕਰਕੇ ਚੀਨੇ ਕਬੂਤਰਾਂ ਨੂੰ ਦਾਣੇ ਖੁਆ ਕੇ ਸਾਰੇ ਪਾਸੇ ਅਮਨ ਸ਼ਾਂਤੀ ਹੋਣ ਦੇ ਸ਼ੇਖਚਿੱਲੀ ਸੁਪਨੇ ਵੇਖ ਰਿਹਾ ਹੋਵੇ।
ਹੁਣ ਦੱਸੋ ”ਚਿੜੀ ਵਿਚਾਰੀ ਕੀ ਕਰੇ” ਹਾਹਾਹਾਹਾਹਾਹਾਹਾਹਾ
Leave a Reply