ਪੁਲਿਸ ਦੇ ਅੰਨ੍ਹੇ ਜ਼ਬਰ ਦੀ ਘਿਨਾਉਣੀ ਹਕੀਕਤ ਨੂੰ ਪੜ੍ਹ/ਸੁਣ ਕੇ ਹਰ ਕੋਈ ਸੁੰਨ ਹੋ ਜਾਂਦੈ

 ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 8 ਸਤੰਬਰ : ਅੰਮ੍ਰਿਤਸਰ, ਤਰਨਤਾਰਨ ਅਤੇ ਪੱਟੀ ਦੇ ਸਮਸ਼ਾਨਘਾਟਾਂ ਵਿਚੋਂ ਲਗਪਗ 6 ਹਜ਼ਾਰ ਤੋਂ ਵੱਧ ਅਜਿਹੇ ਲੋਕਾਂ ਦਾ ਰਿਕਾਰਡ ਮਿਲ ਚੁੱਕਾ ਸੀ, ਜਿਨ੍ਹਾਂ ਨੂੰ ਬੁੱਚੜ ਬਿਰਤੀ ਦੇ ਜ਼ਾਲਮ ਪੁਲਿਸ ਅਧਿਕਾਰੀਆਂ ਨੇ ਕੋਹ-ਕੋਹ ਕੇ ਮਾਰ ਦੇਣ ਉਪਰੰਤ ਉਨ੍ਹਾਂ ਨੂੰ ਲਾਵਾਰਸ ਦੱਸ ਕੇ ਫੂਕ ਦਿੱਤਾ ਸੀ। ਇਸ ਘਿਨਾਉਣੀ ਹਕੀਕਤ ਨੂੰ ਪੜ੍ਹ/ਸੁਣ ਕੇ ਹਰ ਕੋਈ ਸੁੰਨ ਹੋ ਜਾਂਦਾ ਸੀ ਅਤੇ ਉਸ ਦੇ ਦਿਲੋ-ਦਿਮਾਗ਼ ਵਿਚ ਇਨ੍ਹਾਂ ਜ਼ਾਲਮ ਪੁਲਸੀਆਂ ਦੇ ਖਿਲਾਫ਼ ਰੋਹ ਦੀਆਂ ਤਰੰਗਾਂ ਤੇਜੀ ਨਾਲ਼ ਸਪਾਰਕ ਕਰਕੇ ਭੜਾਕੇ ਮਾਰਨ ਲੱਗ ਜਾਂਦੀਆਂ ਸਨ।

ਸਾਰੇ ਦਸਤਾਵੇਜੀ ਸਬੂਤ ਹੱਥ ਲੱਗਣ ਤੋਂ ਬਾਅਦ ਸ: ਜਸਵੰਤ ਸਿੰਘ ਖਾਲੜਾ ਨੇ ਆਮ ਲੋਕਾਂ ਦੇ ਯਕੀਨ ਮੁਤਾਬਕ ਅਦਾਲਤ ਪਾਸੋਂ ਇਨ੍ਹਾਂ ਲਾਪਤਾ ਕੀਤੇ ਨੌਜਵਾਨਾਂ ਦੇ ਟੱਬਰਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾਇਆ। ਚੰਡੀਗੜ੍ਹ ਦੇ ਸੀਨੀਅਰ ਵਕੀਲਾਂ ਰਾਹੀਂ ਇਕ ਲੋਕ ਹਿੱਤ ਪਟੀਸ਼ਨ ਪਾ ਕੇ ਮੰਗ ਕੀਤੀ ਗਈ ਕਿ ਗੈਰ ਕਾਨੂੰਨੀ ਢੰਗ ਨਾਲ਼ ਹਜ਼ਾਰਾਂ ਲੋਕਾਂ ਨੂੰ ਮਾਰ ਕੇ ਖਪਾਉਣ ਵਾਲ਼ੇ ਪੁਲਿਸ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਪਟੀਸ਼ਨ ਵਿਚ ਇਹ ਵੀ ਅਪੀਲ ਕੀਤੀ ਗਈ ਕਿ ਲਾਪਤਾ ਕੀਤੇ ਗਏ ਇਨ੍ਹਾਂ ਨੌਜਵਾਨਾਂ ਅਤੇ ਹੋਰ ਲੋਕਾਂ ਦੇ ਟੱਬਰਾਂ ਨੂੰ ਘੱਟੋ ਘੱਟ ਏਨੀ ਕੁ ਜਾਣਕਾਰੀ ਤਾਂ ਦੇਣੀ ਹੀ ਬਣਦੀ ਹੈ ਕਿ ਉਨ੍ਹਾਂ ਦੇ ਜੀਆਂ ਦੀ ਮੌਤ ਹੋ ਚੁੱਕੀ ਹੈ। ਪਰ ‘ਇਨਸਾਫ਼ ਦਾ ਮੰਦਿਰ’ ਅਖਵਾਉਂਦੀਆਂ ਇਨ੍ਹਾਂ ਅਦਾਲਤਾਂ ਵਿਚ ਵੀ ਡਾਢਿਆਂ ਦਾ ਹੀ ਜ਼ੋਰ ਚੱਲਦਾ ਸੀ। ਪਹਿਲਾਂ ਤਾਂ ਪੰਜਾਬ ਪੁਲਿਸ ਸਾਫ਼ ਹੀ ਮੁੱਕਰ ਗਈ ਪਰ ਜਦੋਂ ਵਕੀਲਾਂ ਨੇ ਦਸਤਾਵੇਜਾਂ ਦੇ ਅਧਾਰ ਉਪਰ ਇਨ੍ਹਾਂ ਦੇ ਜ਼ਬਰ ਜ਼ੁਲਮ ਦੇ ਪਾਜ ਉਧੇੜੇ ਤਾਂ ਸਰਕਾਰ ਦੀਆਂ ਗੁੱਝੀਆਂ ਹਦਾਇਤਾਂ ਉਪਰ ਹਾਈਕੋਰਟ ਦੇ ਜੱਜਾਂ ਨੇ ਇਸ ਮਾਮਲੇ ਨੂੰ ‘ਲੋਕ ਹਿੱਤ’ ਦਾ ਮਾਮਲਾ ਮੰਨਣ ਤੋਂ ਹੀ ਕੋਰੀ ਨਾਂਹ ਕਰ ਦਿੱਤੀ। ਬੇਹੱਦ ਢੀਠਤਾਈ ਨਾਲ਼ ਉਸ ਵੇਲ਼ੇ ਦੇ ਸੁਣਵਾਈ ਕਰ ਰਹੇ ਜੱਜਾਂ ਨੇ ਆਖਿਆ ਕਿ ਖਾਲੜਾ ਜਾਂ ਉਸ ਦੇ ਸਾਥੀਆਂ ਨੂੰ ਤਾਂ ਇਹ ਰਿੱਟ ਦਾਇਰ ਕਰਨ ਦਾ ਹੀ ਹੱਕ ਨਹੀਂ ਬਣਦਾ ਕਿਉਂਕਿ ਲਾਪਤਾ ਦੱਸੇ ਜਾ ਰਹੇ ਇਨ੍ਹਾਂ ਹਜ਼ਾਰਾਂ ਵਿਚ ਖਾਲੜਾ ਦੇ ਟੱਬਰ ਦਾ ਕੋਈ ਜੀਅ ਤਾਂ ਸ਼ਾਮਿਲ ਹੀ ਨਹੀਂ ਹੈ। ਜੱਜਾਂ ਨੇ ਆਖਿਆ ਕਿ ਜੇਕਰ ਫੇਰ ਵੀ ਤੁਹਾਨੂੰ ਕੋਈ ਜਾਣਕਾਰੀ ਜਾਂ ਤਸਦੀਕ ਚਾਹੀਦੀ ਹੈ ਤਾਂ ਪੀੜਤ ਟੱਬਰਾਂ ਪਾਸੋਂ ਵੱਖਰੀ ਪਟੀਸ਼ਨ ਦਾਖਲ ਕੀਤੀ ਜਾਵੇ। ਪੁਲਿਸ ਅਤੇ ਸਰਕਾਰ ਦੀ ਇਸ ਸਭ ਪਿੱਛੇ ਸੋਚ ਇਹ ਸੀ ਕਿ ਪੀੜਤ ਟੱਬਰਾਂ ਵਿਚੋਂ ਕਿਸੇ ਨੇ ਨਿੱਜੀ ਤੌਰ ਉਤੇ ਅਦਾਲਤ ਵਿਚ ਰਿਟ ਦਾਖਲ ਨਹੀਂ ਕਰਨੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਅਜਿਹਾ ਕਰਨ ਦੀ ਜ਼ੁਅਰਤ ਨਹੀਂ ਕੀਤੀ ਸੀ। ਪਰ ਸ: ਖਾਲੜਾ ਦੀ ਹੱਲਾਸ਼ੇਰੀ ਅਤੇ ਦਸਤਾਵੇਜੀ ਸਬੂਤਾਂ ਦੀ ਮੌਜੂਦਗੀ ਕਾਰਨ 40-50 ਟੱਬਰ ਪਟੀਸ਼ਨਾਂ ਪਾਉਣ ਲਈ ਤਿਆਰ ਹੋ ਗਏ। ਜਦੋਂ ਉਪਰੋਥਲੀ ਏਨੀਆਂ ਪਟੀਸ਼ਨਾਂ ਦੀ ਸੁਣਵਾਈ ਲਈ ਹਾਈਕੋਰਟ ਤੋਂ ਸੰਮਨ ਐਸ. ਐਸ. ਪੀ. ਦਫ਼ਤਰਾਂ ਵਿਚ ਪਹੁੰਚਣੇ ਸ਼ੁਰੂ ਹੋ ਗਏ ਤਾਂ ਥਾਣਿਆਂ ਦੀ ਚਾਰਦੀਵਾਰੀ ਵਿਚ ਬਘਿਆੜਾਂ ਦਾ ਰੂਪ ਅਖਤਿਆਰ ਕਰਕੇ ਨੌਜਵਾਨਾਂ ਦਾ ਮਾਸ ਨੋਚਣ ਵਾਲ਼ੇ ਜ਼ਾਲਮਾਂ ਨੂੰ ਹਵਾਲਾਤਾਂ ਅਤੇ ਜੇਲ੍ਹਾਂ ਦੀਆਂ ਸੀਖਾਂ ਦੇ ਸੁਫ਼ਨੇ ਆਉਣ ਲੱਗ ਪਏ। ਸਭ ਤੋਂ ਵੱਧ ਪਟੀਸ਼ਨਾਂ ਅਜੀਤ ਸਿੰਘ ਸੰਧੂ ਅਤੇ ਉਸ ਦੇ ਮੁਤਹਿਤ ਪੁਲਸੀਆਂ ਦੇ ਖਿਲਾਫ਼ ਸਨ ਜੋ ਉਨ੍ਹਾਂ ਦਿਨਾਂ ਵਿਚ ਤਰਨਤਾਰਨ ਤੋਂ ਬਦਲੀ ਹੋ ਕੇ ਰੋਪੜ ਲਾ ਦਿੱਤਾ ਗਿਆ ਸੀ। ਗਿੱਲ ਵੱਲੋਂ ਸੰਧੂ ਨੂੰ ਤਰਨਤਾਰਨ ਤੋਂ ਰੋਪੜ ਵੀ ਵਿਸ਼ੇਸ਼ ਮਕਸਦ ਨਾਲ਼ ਭੇਜਿਆ ਗਿਆ ਸੀ। ਇਹ ਮਕਸਦ ਸੀ ਰੋਪੜ ਦੇ ਚਰਚਿਤ ਵਕੀਲ ਕੁਲਵੰਤ ਸਿੰਘ ਨੂੰ ਉਸੇ ਤਰਾਂ ਠਿਕਾਣੇ ਲਗਾਉਣਾ ਜਿਵੇਂ ਸੰਧੂ ਨੇ ਤਰਨਤਾਰਨ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਲਾ ਦਿੱਤਾ ਸੀ। ਦਰਅਸਲ ਕੁਲਵੰਤ ਸਿੰਘ ਇਕ ਗੁਰਸਿੱਖ ਵਕੀਲ ਸੀ ਜੋ ਪੁਲਿਸ ਜ਼ਬਰ ਦਾ ਸ਼ਿਕਾਰ ਹੋਏ ਟੱਬਰਾਂ ਅਤੇ ਝੂਠੇ ਪੁਲਿਸ ਮਾਕਬਲਿਆਂ ਵਿਚ ਮਾਰੇ ਗਏ ਬੇਕਸੂਰੇ ਨੌਜਵਾਨਾਂ ਦੇ ਕੇਸ ਬਿਨਾ ਫੀਸ ਲਏ ਲੜਦਾ ਸੀ। ਕੁਲਵੰਤ ਸਿੰਘ ਦੀ ਦ੍ਰਿੜ੍ਹਤਾ ਅਤੇ ਲਗਨ ਸਦਕਾ ਅਜਿਹੇ ਕਈ ਮਾਮਲਿਆਂ ਵਿਚ ਦਰਜ਼ਨ ਦੇ ਕਰੀਬ ਪੁਲਿਸ ਅਧਿਕਾਰੀ ਅਦਾਲਤਾਂ ਵਿਚ ਤਰੀਖਾਂ ਭੁਗਤਣ ਲਈ ਮਜ਼ਬੂਰ ਸਨ। ਸੰਧੂ ਨੇ ਰੋਪੜ ਆਉਣ ਦੇ ਕੁੱਝ ਮਹੀਨਿਆਂ ਅੰਦਰ ਹੀ ਕੁਲਵੰਤ ਸਿੰਘ ਨੂੰ ਉਸ ਦੀ ਪਤਨੀ ਅਤੇ ਢਾਈ-ਤਿੰਨ ਸਾਲ ਦੇ ਮਾਸੂਮ ਬੱਚੇ ਸਮੇਤ ਚੁੱਕ ਕੇ ਭਾਖੜਾ ਨਹਿਰ ਵਿਚ ਰੋੜ੍ਹ ਦਿੱਤਾ ਸੀ। ਪਰ ਜਦੋਂ ਤਰਨਤਾਰਨ ਦੇ ਲਾਪਤਾ ਨੌਜਵਾਨਾਂ ਦੇ ਟੱਬਰਾਂ ਦੀਆਂ ਪਟੀਸ਼ਨਾਂ ਹਾਈਕੋਰਟ ਵਿਚ ਸੁਣਵਾਈ ਲਈ ਦਾਖਲ ਹੋਈਆਂ ਤਾਂ ਗਿੱਲ ਨੇ ਇਹ ਪਟੀਸ਼ਨਾਂ ਦਾਖਲ ਕਰਨ ਵਾਲ਼ੇ ਲੋਕਾਂ ਨੂੰ ਡਰਾਉਣ ਧਮਕਾਉਣ ਤੇ ਪਟੀਸ਼ਨਾਂ ਵਾਪਸ ਲੈਣ ਦਾ ਦਬਾਅ ਬਣਾਉਣ ਲਈ ਸੰਧੂ ਨੂੰ ਤੁਰੰਤ ਰੋਪੜ ਤੋਂ ਵਾਪਸ ਤਰਨਤਾਰਨ ਬਦਲ ਦਿੱਤਾ। ਪਰ ਹੁਣ ਹਾਲਾਤ ਬਦਲ ਚੁੱਕੇ ਸਨ ਅਤੇ ਸੰਧੂ ਦੇ ਪਾਪਾਂ ਦਾ ਘੜਾ ਨੱਕੋ-ਨੱਕ ਭਰ ਚੁੱਕਾ ਸੀ, ਜਿਸ ਨੇ ਆਖਰ ਫੁੱਟਣਾ ਹੀ ਸੀ। ਸੰਧੂ ਦੇ ਜਾਨਲੇਵਾ ਡਰਾਵਿਆਂ ਅਤੇ ਲਾਲਚਾਂ ਦੇ ਬਾਵਜੂਦ ਸ: ਖਾਲੜਾ ਦੀ ਪ੍ਰੇਰਣਾ ਸਦਕਾ ਪੀੜਤ ਟੱਬਰਾਂ ਨੇ ਰਿਟਾਂ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ। ਸੰਧੂ ਨੇ ਸਾਰੀ ਹਕੀਕਤ ਗਿੱਲ ਨੂੰ ਦੱਸੀ ਤਾਂ ਉਸ ਵੇਲ਼ੇ ਤੱਕ ਭਾਰਤੀ ਮੀਡੀਆ ਪਾਸੋਂ ‘ਸੁਪਰਕੌਪ’ ਦਾ ਅਖੌਤੀ ਰੁਤਬਾ ਹਾਸਲ ਕਰਕੇ ਦੇਸ਼ ਭਰ ਵਿਚ ਖਾਸਕਰ ਕੇਂਦਰੀ ਹਾਕਮਾਂ ਤੇ ਏਜੰਸੀਆਂ ਦਾ ਚਹੇਤਾ ਬਣ ਚੁੱਕੇ ਗਿੱਲ ਨੇ ਸੰਧੂ ਨੂੰ ਹੌਸਲਾ ਦਿੰਦਿਆਂ ਆਖਿਆ ਕਿ ਜੇਕਰ ਲੋੜ ਪਈ ਤਾਂ ਖਾਲੜਾ ਨੂੰ ਵੀ ਉਨ੍ਹਾਂ ਨੌਜਵਾਨਾਂ ਵਾਂਗ ਹੀ ਲਾਪਤਾ ਕਰ ਦਿਆਂਗੇ। ਗਿੱਲ ਦੀਆਂ ਹਦਾਇਤਾਂ ’ਤੇ ਹੀ ਸੰਧੂ ਤੇ ਉਸ ਦੇ ਮਤਹਿਤ ਪੁਲਸੀਆਂ ਨੇ ਖਾਲੜਾ ਪਰਿਵਾਰ ਨੂੰ ਇਹ ਧਮਕੀਆਂ ਦਿੱਤੀਆਂ ਕਿ ਜੇਕਰ ਤੁਸੀਂ ਲਾਪਤਾ ਕੀਤੇ ਲੋਕਾਂ ਦੀਆਂ 25000 ਲਾਸ਼ਾਂ ਦਾ ਹਿਸਾਬ ਮੰਗਣੋ ਨਾ ਹਟੇ ਤਾਂ ਅਸੀਂ 25001 ਦਾ ਹਿਸਾਬ ਹੀ ਦੇ ਦਿਆਂਗੇ, ਭਾਵ ਖਾਲੜਾ ਨੂੰ ਵੀ ਓਸੇ ਤਰਾਂ ਲਾਪਤਾ ਕਰ ਦਿੱਤਾ ਜਾਵੇਗਾ। ਪਰ ਪੀੜਤ ਲੋਕਾਂ ਦੀ ਖੁਸ਼ਕਿਸਮਤੀ ਆਖੋ ਜਾਂ ਪੁਲਿਸ ਅਧਿਕਾਰੀਆਂ ਦੀ ਬਦਕਿਸਮਤੀ ਕਿ ਇਨ੍ਹਾਂ ਦਿਨਾਂ ਵਿਚ ਹੀ ਮਨੁੱਖੀ ਹੱਕਾਂ ਲਈ ਕੌਮਾਂਤਰੀ ਪੱਧਰ ’ਤੇ ਕੰਮ ਕਰਨ ਵਾਲ਼ੀ ਕੈਨੇਡਾ ਦੀ ਇਕ ਸੰਸਦ ਮੈਂਬਰ ਨੂੰ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਰਾਹੀਂ ਪੰਜਾਬ ਦੇ ਇਨ੍ਹਾਂ ਹਜ਼ਾਰਾਂ ਲਾਪਤਾ ਨੌਜਵਾਨਾਂ ਦੇ ਮਾਮਲੇ ਅਤੇ ਸ: ਖਾਲੜਾ ਵੱਲੋਂ ਕੀਤੀ ਅਣਥੱਕ ਮਿਹਨਤ ਦੀ ਜਾਣਕਾਰੀ ਮਿਲ ਗਈ। ਇਸ ਬੀਬੀ ਨੇ ਕੈਨੇਡਾ ਸਰਕਾਰ ਰਾਹੀਂ ਸ: ਖਾਲੜਾ ਨੂੰ ਕੌਮਾਂਤਰੀ ਪੱਧਰ ਦੇ ਇਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਕੈਨੇਡਾ ਸੱਦ ਲਿਆ। ਕੈਨੇਡਾ ਦੀ ਪਾਰਲੀਮੈਂਟ ਵਿਚ ਜਦੋਂ ਸ: ਖਾਲੜਾ ਨੇ ਲੂੰ-ਕੰਡੇ ਖੜ੍ਹੇ ਕਰਨ ਵਾਲ਼ੀ ਪੰਜਾਬ ਪੁਲਿਸ ਦੀ ਵਹਿਸ਼ੀਆਨਾ ਜ਼ੁਲਮਾਂ ਦੀ ਦਾਸਤਾਨ ਬਿਆਨ ਕੀਤੀ ਤਾਂ ਕੈਨੇਡਾ ਦੇ ਆਗੂਆਂ ਦੇ ਦੰਦ ਜੁੜ ਗਏ। ਉਨ੍ਹਾਂ ਸ: ਖਾਲੜਾ ਦੇ ਜੀਵਨ ਨੂੰ ਦਰਪੇਸ਼ ਖਤਰੇ ਨੂੰ ਭਾਂਪ ਕੇ ਇਕ ਸੁਰ ਹੁੰਦਿਆਂ ਖਾਲੜਾ ਨੂੰ ਕੈਨੇਡਾ ਵਿਚ ਰਾਜਸੀ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਪਰ ਸ: ਖਾਲੜਾ ਨੇ ਇਹ ਕਹਿ ਕੇ ਨਿਮਰਤਾ ਪੂਰਬਕ ਇਹ ਪੇਸ਼ਕਸ਼ ਠੁਕਰਾ ਦਿੱਤੀ ਕਿ ਜੇਕਰ ਉਹ ਕੈਨੇਡਾ ਰਹਿ ਪਿਆ ਤਾਂ ਪੰਜਾਬ ਦੇ ਉਨ੍ਹਾਂ ਹਜ਼ਾਰਾਂ ਟੱਬਰਾਂ ਦਾ ਮਨੋਬਲ ਟੁੱਟ ਜਾਵੇਗਾ ਜਿਹੜੇ ਉਸ ਦੀ ਹੱਲਾਸ਼ੇਰੀ ਨਾਲ਼ ਹੀ ਜ਼ਾਲਮ ਪੁਲਸੀਆਂ ਦੇ ਖਿਲਾਫ਼ ਖੜ੍ਹਨ ਲਈ ਤਿਆਰ ਹੋਏ ਨੇ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

ਕੌਮਾਂਤਰੀ ਮੀਡੀਆ ਅਤੇ ਵਿਦੇਸ਼ਾਂ ਦੀਆਂ ਸਰਕਾਰਾਂ ਵਿਚ ਹੋਈ ਪੰਜਾਬ ਪੁਲਿਸ ਦੀ ਬਦਨਾਮੀ ਤੋਂ ਤਿਲਮਿਲਾਏ ਗਿੱਲ ਨੇ ਸੰਧੂ ਨੂੰ ਕੈਨੇਡਾ ਤੋਂ ਵਾਪਸ ਆਉਂਦਿਆਂ ਹੀ ਖਾਲੜਾ ਨੂੰ ਖਤਮ ਕਰਨ ਦਾ ਹੁਕਮ ਚਾੜ੍ਹ ਦਿੱਤਾ। ਪਰ ਅਦਾਲਤ ਵਿਚ ਏਨੀਆਂ ਰਿੱਟਾਂ ਦੀ ਸੁਣਵਾਈ ਅਤੇ ਕੌਮਾਂਤਰੀ ਪੱਧਰ ਉਤੇ ਮਾਮਲਾ ਉਛਲਣ ਤੋਂ ਘਬਰਾਏ ਸੰਧੂ ਨੇ ਇਸ ਮਾਮਲੇ ਵਿਚ ਕੁੱਝ ਦਿਨ ਟਾਲ਼ ਮਟੋਲ਼ ਕੀਤੀ ਤਾਂ ਗਿੱਲ ਆਪਣਾ ਲਾਮ ਲਸ਼ਕਰ ਲੈ ਕੇ ਤਰਨਤਾਰਨ ਆ ਧਮਕਿਆ। ਬਾਅਦ ਵਿਚ ਮੌਕੇ ਦੇ ਕੁੱਝ ਸੁਹਿਰਦ ਤੇ ਇਮਾਨਦਾਰ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਇਹ ਗੱਲਾਂ ਨਿੱਕਲ ਕੇ ਸਾਹਮਣੇ ਆਈਆਂ ਕਿ ਗਿੱਲ ਨੇ ਸੰਧੂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ ਉਹ ਓਨੀ ਦੇਰ ਵਾਪਸ ਚੰਡੀਗੜ੍ਹ ਨਹੀਂ ਜਾਵੇਗਾ ਜਿੰਨਾ ਚਿਰ ਪੁਲਿਸ ਖਾਲੜਾ ਨੂੰ ਚੁੱਕ ਕੇ ਲਾਪਤਾ ਨਹੀਂ ਕਰ ਦਿੰਦੀ। ਗਿੱਲ ਦੇ ਦਬਾਅ ਹੇਠ ਹੀ ਸੰਧੂ ਦੀਆਂ ਹਦਾਇਤਾਂ ਉਤੇ ਝਬਾਲ ਥਾਣੇ ਦੇ ਐਸ. ਐਚ. ਓ. ਸਤਨਾਮ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ 6 ਸਤੰਬਰ 1995 ਨੂੰ ਸ: ਖਾਲੜਾ ਨੂੰ ਘਰੋਂ ਚੁੱਕ ਲਿਆ। ਗਿੱਲ ਨੇ ਖੁਦ ਕੋਲ਼ ਬੈਠ ਕੇ ਸ: ਖਾਲੜਾ ਉਪਰ ਅੰਨ੍ਹਾ ਤਸ਼ੱਦਦ ਕਰਵਾਇਆ ਅਤੇ ਪਟੀਸ਼ਨਾਂ ਵਾਪਸ ਲੈਣ ਲਈ ਦਬਾਅ ਪਾਇਆ ਪਰ ਉਹ ਮਰਜੀਵੜਾ ਤਾਂ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਦੀ ਧਰਤੀ ਉਤੇ ‘ਸ਼ਹਾਦਤ ਦਾ ਜਾਮ ਪੀਣ’ ਬਾਰੇ ਸੁਨੇਹਾ ਦੇ ਚੁੱਕਾ ਸੀ। ਜਦੋਂ ਕਈ ਹਫ਼ਤੇ ਦੇ ਅੰਨ੍ਹੇ ਤਸ਼ੱਦਦ ਤੋਂ ਬਾਅਦ ਵੀ ਸ: ਖਾਲੜਾ ਨੇ ਜ਼ਾਲਮਾ ਦੀ ਹਾਂ ਵਿਚ ਹਾਂ ਨਾ ਮਿਲਾਈ ਤਾਂ ਆਖਰ ਇਕ ਦਿਨ ਉਸ ਨੂੰ ਹੱਥ ਪੈਰ ਬੰਨ੍ਹ ਕੇ ਹਰੀਕੇ ਪੱਤਣ ਉਤੇ ਪਾਣੀ ਵਿਚ ਰੋੜ੍ਹ ਦਿੱਤਾ ਗਿਆ। ਇਹ ਸਾਰਾ ਵੇਰਵਾ ਬਾਅਦ ਵਿਚ ਸੀ. ਬੀ. ਆਈ. ਵੱਲੋਂ ਕੀਤੀ ਲੰਮੀ ਜਾਂਚ ਪੜਤਾਲ ਅਤੇ ਕਈ ਸਾਲ ਚੱਲੇ ਕੇਸ ਦੀ ਸੁਣਵਾਈ ਦੌਰਾਨ ਗਵਾਹਾਂ ਦੇ ਬਿਆਨਾਂ ਰਾਹੀਂ ਸਾਹਮਣੇ ਆਇਆ। ਇਸ ਸੁਣਵਾਈ ਦੌਰਾਨ ਹੀ ਇਕ ਹੋਰ ਸਨਸਨੀਖੇਜ਼ ਘਟਨਾ ਵਾਪਰੀ ਜਿਸ ਬਾਰੇ ਅਜੇ ਕਈ ਤਰਾਂ ਦੀਆਂ ਦੰਦ-ਕਥਾਵਾਂ ਜਾਰੀ ਨੇ। 

ਇਸ ਦਾ ਵੇਰਵਾ ਅਗਲੀ ਤੇ ਆਖਰੀ ਕਿਸ਼ਤ ਵਿਚ ਪੇਸ਼ ਕਰਾਂਗੇ।


1 Comment

Leave a Reply

Your email address will not be published.


*