ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 30 ਅਕਤੂਬਰ: ਝੋਨੇ ਦੀ ਪਰਾਲ਼ੀ ਨੂੰ ਅੱਗ ਲਾਉਣ ਕਾਰਨ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਦੇ ਨਾਲ਼ ਨਾਲ਼ ਸੜਕਾਂ ਉਪਰ ਵਾਪਰਦੇ ਭਿਆਨਕ ਹਾਦਸਿਆਂ ਵਿਚ ਅੰਜਾਈਂ ਜਾ ਰਹੀ ਅਣਮੁੱਲੀਆਂ ਮਨੁੱਖੀ ਜਾਨਾਂ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਚਰਚਾ ਵਿਚ ਹੈ। ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਵੱਲੋਂ ਇਸ ਬਾਰੇ ਪਾਸ ਕੀਤੇ ਗਏ ਨਵੇਂ ਕਾਨੂੰਨ ਨੇ ਇਹ ਚਰਚਾ ਮੁੜ ਤੋਂ ਭਖਾ ਦਿੱਤੀ ਹੈ ਤੇ ਹਰ ਕੋਈ ਆਪੋ ਆਪਣੇ ਹਿਸਾਬ ਅਤੇ ਸੋਚ ਨਾਲ਼ ਇਸ ਬਾਰੇ ਵਿਚਾਰ ਪ੍ਰਗਟ ਕਰ ਰਿਹਾ ਹੈ।
ਪਰਾਲ਼ੀ ਦੇ ਧੂੰਏਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਕ ਨਜ਼ਰ ਉਨ੍ਹਾਂ ਅੰਕੜਿਆਂ ਉਤੇ ਮਾਰ ਲਈਏ ਕਿ ਪ੍ਰਦੂਸ਼ਣ ਕਾਰਨ ਪੈਦਾ ਹੁੰਦੀਆਂ ਬਿਮਾਰੀਆਂ ਕਾਰਨ ਦੁਨੀਆਂ ਭਰ ਵਿਚ ਕਿੰਨੀਆਂ ਮੌਤਾਂ ਹੁੰਦੀਆਂ ਨੇ। ਵਿਸ਼ਵ ਸਿਹਤ ਸੰਸਥਾ ਮੁਤਾਬਕ ਦੁਨੀਆਂ ਵਿਚ ਹਰ ਸਾਲ 70 ਲੱਖ ਦੇ ਕਰੀਬ ਲੋਕ ਵੱਖ ਵੱਖ ਤਰਾਂ ਦੇ ਪ੍ਰਦੂਸ਼ਣ ਤੋਂ ਪੈਦਾ ਹੋਣ ਵਾਲ਼ੀਆਂ ਬਿਮਾਰੀਆਂ ਕਾਰਨ ਮਰਦੇ ਨੇ। ਇਨ੍ਹਾਂ ਵਿਚੋਂ 42 ਲੱਖ ਲੋਕ ਤਾਂ ਘਰਾਂ ਤੋਂ ਬਾਹਰਲੇ ਹਵਾ ਪ੍ਰਦੂਸ਼ਣ ਦੀ ਭੇਟ ਚੜ੍ਹਦੇ ਹਨ ਪਰ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਗਰੀਬ ਮੁਲਕਾਂ ਵਿਚ 38 ਲੱਖ ਲੋਕ ਘਰਾਂ ਅੰਦਰ ਹੀ ਪੈਦਾ ਹੁੰਦੇ ਪ੍ਰਦੂਸ਼ਣ ਦਾ ਸ਼ਿਕਾਰ ਹੋ ਜਾਂਦੇ ਨੇ। ਤਰਾਸਦੀ ਇਹ ਹੈ ਕਿ ਲੋਕ ਇਸ ਮਾਮਲੇ ਦੀ ਗੰਭੀਰਤਾ ਨੂੰ ਕਬੂਲ ਕਰਕੇ ਇਸ ਤੋਂ ਬਚਣ ਦੇ ਪ੍ਰਬੰਧ ਕਰਨ ਜਾਂ ਸਾਵਧਾਨੀਆਂ ਵਰਤਣ ਦੀ ਬਜਾਏ ਇਹ ਜਿੱਦ ਫੜ ਲੈਂਦੇ ਨੇ ਇਹ ਕੋਈ ਮਸਲਾ ਹੀ ਨਹੀਂ ਹੈ ਅਤੇ ਜੇਕਰ ਹੈ ਵੀ ਤਾਂ ਇਸ ਲਈ ਸਰਕਾਰਾਂ ਤੇ ਸਰਕਾਰੀ ਅਧਿਕਾਰੀ ਜਿੰਮੇਵਾਰ ਹਨ। ਜਿਵੇਂ ਕਿ ਹੁਣ ਬਹੁਤੇ ਲੋਕਾਂ ਨੂੰ ਤਾਂ ਘਰਾਂ ਅੰਦਰ ਪੈਦਾ ਹੁੰਦੇ ਪ੍ਰਦੂਸ਼ਣ ਤੋਂ 38 ਲੱਖ ਲੋਕਾਂ ਦੇ ਮਰਨ ਵਾਲ਼ੀ ਗੱਲ ਹੀ ਹਜ਼ਮ ਨਹੀਂ ਹੋਣੀ ਪਰ ਕਿਸੇ ਸਮੱਸਿਆ ਨੂੰ ਅਣਦੇਖਾ ਕਰਕੇ ਅਸੀਂ ਉਸ ਦੀ ਹੋਂਦ ਤੋਂ ਮੁਨਕਰ ਨਹੀਂ ਹੋ ਸਕਦੇ ਤੇ ਨਾ ਹੀ ਉਸ ਦੇ ਖਤਰਿਆਂ ਤੋਂ ਬਚ ਸਕਦੇ ਹਾਂ।ਪਿਛਲੇ 30-40 ਸਾਲਾਂ ਦੌਰਾਨ ਲੋਕਾਂ ਦੀ ਇਸੇ ਜਿੱਦ ਅਤੇ ਬੇਪਰਵਾਹੀ ਨੇ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ। ਬੀਤੇ ਦਿਨ ਹੀ ਬਠਿੰਡਾ ਨੇੜੇ ਕੋਟਸ਼ਮੀਰ ਪਿੰਡ ਕੋਲ਼ ਪਰਾਲ਼ੀ ਦੇ ਧੂੰਏਂ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਇਹ ਮੌਤਾਂ ਹਰ ਵਰ੍ਹੇ ਹੁੰਦੀਆਂ ਨੇ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਦੂਸ਼ਣ ਕੇਵਲ ਪਰਾਲ਼ੀ ਨੂੰ ਅੱਗ ਲਾਉਣ ਨਾਲ਼ ਨਹੀਂ ਹੁੰਦਾ ਬਲਕਿ 95 ਫੀਸਦੀ ਪ੍ਰਦੂਸ਼ਣ ਰੋਜ਼ਾਨਾ ਸੜਕਾਂ ਉਤੇ ਦੌੜਦੀਆਂ ਲੱਖਾਂ ਗੱਡੀਆਂ, ਧੂੰਆਂ ਛੱਡਦੀਆਂ ਕਾਰਖਾਨਿਆਂ ਦੀਆਂ ਚਿਮਨੀਆਂ ਅਤੇ ਟੁੱਟੀਆਂ ਸੜਕਾਂ ਤੋਂ ਉਡਦੀ ਧੂੜ ਸਮੇਤ ਹੋਰ ਅਨੇਕਾਂ ਕਾਰਨਾਂ ਕਰਕੇ ਪੈਦਾ ਹੁੰਦਾ ਹੈ। ਇਨ੍ਹਾਂ ਹਰ ਤਰਾਂ ਦੇ ਪ੍ਰਦੂਸ਼ਣ ਪੈਦਾ ਕਰਨ ਵਾਲ਼ੇ ਸ੍ਰੋਤਾਂ ਦੀ ਰੋਕਥਾਮ ਕਰਨੀ ਸਾਡੀਆਂ ਵੋਟਾਂ ਰਾਹੀਂ ਚੁਣੀਆਂ ਸਰਕਾਰਾਂ ਤੇ ਸਰਕਾਰਾਂ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਜਿੰਮੇਵਾਰੀ ਹੈ। ਪਰ ਅਸੀਂ ਦੂਜਿਆਂ ਨੂੰ ਗਲਤ ਕੰਮ ਤੋਂ ਰੋਕਣ ਲਈ ਉਪਰਾਲੇ ਜਾਂ ਮੰਗ ਕਰਨ ਦੀ ਬਜਾਏ ਖੁਦ ਓਹੀ ਗਲਤ ਕੰਮ ਕਰਨ ਦੀ ਜ਼ਿੱਦ ਕਰਨ ਨੂੰ ਹੀ ਆਪਣੀ ਸੂਰਮਗਤੀ ਸਮਝ ਰਹੇ ਹਾਂ। ਪ੍ਰਾਲ਼ੀ ਨੂੰ ਅੱਗ ਲਾਉਣ ਦੇ ਹੱਕ ਵਿਚ ਦਲੀਲਾਂ ਦੇਣ ਵਾਲ਼ੇ ਕਦੇ ਇਹ ਨਹੀਂ ਸੋਚਦੇ ਕਿ ਜੇਕਰ ਕੋਈ ਅਪਰਾਧੀ ਕਤਲ ਕਰੇ ਜਾਂ ਡਾਕਾ ਮਾਰੇ ਤਾਂ ਦੂਜੇ ਲੋਕਾਂ ਨੂੰ ਇਹ ਹੱਕ ਨਹੀਂ ਮਿਲ ਜਾਂਦਾ ਉਹ ਵੀ ਕਤਲ ਕਰਨ ਜਾਂ ਡਾਕਾ ਮਾਰਨ।
ਸਰਕਾਰਾਂ ਦੀ ਕਾਰਗੁਜ਼ਾਰੀ ਬਾਰੇ ਵੀਡੀਓ ਵੇਖਣ ਲਈ ਕਲਿਕ ਕਰੋ
ਇਕੱਲਾ ਪ੍ਰਦੂਸ਼ਣ ਪੈਦਾ ਕਰਨ ਉਪਰ ਹੀ ਜ਼ੋਰ ਨਹੀਂ ਲੱਗ ਰਿਹਾ ਬਲਕਿ ਹਵਾ ਨੂੰ ਸਾਫ਼ ਰੱਖਣ ਤੇ ਆਕਸੀਜਨ ਪੈਦਾ ਕਰਨ ਲਈ ਪ੍ਰਮੁੱਖ ਸ੍ਰੋਤ ਜੰਗਲਾਂ/ਰੁੱਖਾਂ ਦੀ ਤਬਾਹੀ ਵੀ ਅੰਨ੍ਹੇਵਾਹ ਕੀਤੀ ਜਾ ਰਹੀ ਹੈ। 1980 ਤੋਂ ਪਹਿਲਾਂ ਪੰਜਾਬ ਦੇ ਲਗਪਗ ਹਰ ਕਿਸਾਨ ਦੇ ਖੇਤ ਵਿਚ ਖੂਹ ਦੁਆਲ਼ੇ 10 ਤੋਂ 15 ਛਾਂਅਦਾਰ (ਨਿੰਮ,ਟਾਹਲੀ, ਤੂਤ ਆਦਿ) ਤੇ ਫ਼ਲ਼ਦਾਰ (ਅੰਬ, ਜਾਮਣ, ਨਿੰਬੂ ਮਾਲਟੇ) ਰੁੱਖ ਹੁੰਦੇ ਸਨ। ਝੋਨੇ ਖਾਤਰ ਲਾਈਆਂ ਬਿਜਲੀ ਮੋਟਰਾਂ ਦੇ ਦੌਰ ਵਿਚ ਖੂਹ ਬੰਦ ਹੋਏ ਤਾਂ ਰੁੱਖਾਂ ਦੀ ਇਹ ਗਿਣਤੀ ਘਟ ਕੇ 4-5 ਰਹਿ ਗਈ ਪਰ ਸਬਮਰਸੀਬਲਾਂ ਦੇ ਅਜੋਕੇ ਦੌਰ ਵਿਚ ਉਹ 4-5 ਰੁੱਖ ਵੀ ਵੱਢ ਕੇ ਖਤਮ ਕਰ ਦਿੱਤੇ ਗਏ। ਮੈਨੂੰ ਯਾਦ ਹੈ ਕਿ ਖੇਤਾਂ ਨੂੰ ਜਾਂਦੇ ਪਹਿਆਂ ਦੁਆਲ਼ੇ ਦੋਵੇਂ ਪਾਸੇ ਵੀ ਟਾਹਲੀਆਂ, ਨਿੰਮਾਂ, ਕਿੱਕਰਾਂ ਆਦਿ ਦੇ ਰੁੱਖਾਂ ਦੀ ਇਕ ਇਕ ਪਾਲ਼ ਜਰੂਰ ਹੁੰਦੀ ਸੀ। ਇਸੇ ਤਰਾਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਤੋਂ ਲੈ ਕੇ ਜ਼ਿਲ੍ਹਾ ਸਦਰਮੁਕਾਮ ਵਾਲ਼ੇ ਸ਼ਹਿਰਾਂ ਨੂੰ ਜਾਂਦੀਆਂ ਵੱਡੀਆਂ ਸੂਬਾਈ ਸੜਕਾਂ ਦੁਆਲ਼ੇ ਵੀ ਇਕ-ਦੋ ਕਤਾਰਾਂ ਵਿਚ ਇਹ ਰੁੱਖ ਲਹਿਲਹਾਉਂਦੇ ਨਜ਼ਰ ਆਉਂਦੇ ਸਨ। ਪਰ ਅੱਜ ਸੜਕਾਂ ਚੌੜੀਆਂ ਕਰਨ ਦੇ ਨਾਂਅ ਹੇਠ ਸਰਕਾਰਾਂ ਨੇ ਅਤੇ ਫਸਲਾਂ ਨੂੰ ਛੌੜੇ ਤੋਂ ਬਚਾਉਣ ਦੇ ਬਹਾਨੇ ਨਾਲ਼ ਕਿਸਾਨਾਂ ਨੇ ਇਹ ਸਾਰੇ ਰੁੱਖ ਵੱਢ ਸੁੱਟੇ। ਖੇਤਾਂ ਨੂੰ ਤਾਂ ਛੱਡੋ ਸਾਡੇ ਪੁਰਖਿਆਂ ਦੇ ਰਿਹਾਇਸ਼ੀ ਘਰਾਂ ਵਿਚ ਵੀ ਇਕ ਤੋਂ ਵੱਧ ਰੁੱਖ ਹੁੰਦੇ ਸਨ ਪਰ ਹੁਣ ਆਧੁਨਿਕ ਦੌਰ ਦੀਆਂ ਤੀਵੀਆਂ ਵੱਲੋਂ ‘ਪੱਤੇ ਬਹੁਤ ਝੜਦੇ ਨੇ ਤੇ ਗੰਦ ਪਾਉਂਦੇ ਨੇ’ ਦੀ ਦੁਹਾਈ ਦੇ ਕੇ ਆਪਣੇ ਖਾਵੰਦਾਂ ਹੱਥੋਂ ਇਹ ਇੱਕਾ-ਦੁੱਕਾ ਰੁੱਖ ਵੀ ਬਹੁਤੇ ਘਰਾਂ ਵਿਚੋਂ ਗਾਇਬ ਕਰਵਾ ਦਿੱਤੇ ਗਏ ਹਨ। ਬਲਿਹਾਰੀ ਕੁਦਰਤਿ ਵਸਿਆ ਦਾ ਹੋਕਾ ਕੇ ਕਾਇਨਾਤ ਨਾਲ਼ ਇਕ ਮਿਕ ਸਾਦਾ ਜੀਵਨ ਜਾਚ ਦਾ ਹੋਕਾਂ ਦੇਣ ਵਾਲ਼ੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਇਸ ਪਾਵਨ ਧਰਤੀ ਉਪਰ ਚੱਲ ਰਹੇ ਇਸ ਸਾਰੇ ਵਰਤਾਰੇ ਲਈ ਕੋਈ ਅਮਰੀਕਾ ਕੈਨੇਡਾ ਦਾ ਸਰਮਾਏਦਾਰ ਜਿੰਮੇਵਾਰ ਨਹੀਂ ਹੈ, ਬਲਕਿ ਸਾਡੀ ਸੋਚ ਵਿਚ ਆਇਆ ਨਿਘਾਰ ਤੇ ਬੇਪ੍ਰਵਾਹੀ ਹੀ ਇਸ ਸਾਰੇ ਘਾਣ ਲਈ ਜਿੰਮੇਵਾਰ ਹੈ।
ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿੱਕ ਕਰੋ
ਸਰਮਾਏਦਾਰੀ ਦਾ ਪ੍ਰਦੂਸ਼ਣ ਵਿਚ ਰੋਲ ਤੇ ਦੁਨੀਆਂ ਭਰ ਵਿਚ ਮੀਡੀਆ ਰਾਹੀਂ ਕੀਤੇ ਜਾਂਦੇ ਭਰਮਾਊ ਪ੍ਰਚਾਰ ਬਾਰੇ ਅਗਲੀ ਕਿਸ਼ਤ ਵਿਚ ਚਰਚਾ ਕਰਾਂਗੇ।
Leave a Reply