ਨਸ਼ਾ ਤਸਕਰੀ ਸਿੰਡੀਕੇਟ ਦੀ ਗ੍ਰਿਫ਼ਤਾਰੀ ਨੇ ਮੁੜ ਸਾਬਤ ਕੀਤਾ ਕਿ ਅਕਾਲੀ-ਕਾਂਗਰਸੀ ਦੋਵੇਂ ਕਰਦੇ ਨੇ ਪੁਸ਼ਤਪਨਾਹੀ

ਪਰਮੇਸ਼ਰ ਸਿੰਘ ਬੇੇਰਕਲਾਂ
ਲੁਧਿਆਣਾ, 09 ਨਵੰਬਰ: ਬਾਰਡਰ ਰੇਂਜ ਅਤੇ ਲੁਧਿਆਣਾ ਐਸਟੀਐਫ ਨੇ ਪਾਇਲ਼ ਵਿਧਾਨ ਸਭਾ ਹਲਕੇ ਦੇ ਪਿੰਡ ਰਾਣੋ ਦੇ ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਨੂੰ ਨਾਨਕਸਰ ਦੇ ਬਾਬਾ ਘਾਲ਼ਾ ਸਿੰਘ ਦੇ ਭਾਣਜੇ ਸਮੇਤ ਸਾਧ ਦੇ ਸੈਕਟਰੀ ਦੇ ਘਰੋਂ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਆਸਟਰੇਲੀਆ ਤੋਂ ਪਰਤਿਆ ਇਕ ਨੌਜਵਾਨ ਵੀ ਸ਼ਾਮਲ ਹੈ, ਜੋ ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਵੱਡੇ ਕੌਮਾਂਤਰੀ ਨਸ਼ਾ ਤਸਕਰੀ ਸਿੰਡੀਕੇਟ ਰਾਹੀਂ ਅਫਗਾਨਿਸਤਾਨ ਤੋਂ ਸ੍ਰੀਨਗਰ ਤੇ ਗੁਜਰਾਤ ਦੇ ਰਸਤੇ ਪੰਜਾਬ ਤੇ ਹੋਰ ਸੂਬਿਆਂ ਵਿੱਚ ਨਸ਼ਾ ਤਸਕਰੀ ਦਾ ਕਾਲ਼ਾ ਧੰਦਾ ਚਲਾਉਂਦੇ ਹਨ। ਐਸ ਟੀ ਐਫ ਨੂੰ ਇਨ੍ਹਾਂ ਕੋਲ਼ੋਂ ਅੱਧੀ ਦਰਜ਼ਨ ਲਗਜ਼ਰੀ ਕਾਰਾਂ ਜਿਸ ਵਿਚ ਜੈਗੁਆਰ, 2 ਬੀ ਐਮ ਡਬਲਯੂ, ਮਰਸਡੀਜ਼ ਬੈਂਜ, ਔਡੀ, ਫਾਰਚੂਨਰ ਅਤੇ ਇਨੋਵਾ ਸ਼ਾਮਲ ਹਨ (ਕੀਮਤ ਲਗਭਗ 2 ਕਰੋੜ ਰੁਪਏ), ਤਿੰਨ ਨਵੀਨਤਮ ਹਥਿਆਰ, 21 ਲੱਖ ਰੁਪਏ ਨਕਦ ਅਤੇ 5.392 ਕਿਲੋ ਹੈਰੋਇਨ ਵੀ ਮਿਲੀ ਹੈ। ਗ੍ਰਿਫਤਾਰ ਕੀਤਾ ਗਿਆ ਮੁੱਖ ਮੁਲਜ਼ਮ ਰਵੇਜ਼ ਸਿੰਘ ਨਿਵਾਸੀ ਮਹਾਵੀਰ ਐਨਕਲੇਵ, ਨਨਕਾਸਰ ਦੇ ਬਾਬਾ ਘਾਲਾ ਸਿੰਘ ਦਾ ਭਾਣਜਾ ਦੱਸਿਆ ਜਾਂਦਾ ਹੈ। ਪੰਜਾਬ ਵਿਚ ਥਾਂ ਥਾਂ ਸਿੱਖੀ ਦੇ ਨਾਂਅ ‘ਤੇ ਵਧੇ ਫੁੱਲੇ ਸਾਧਾਂ ਦੇ ਡੇਰਿਆਂ ਵਿਚ ਹੁੰਦੀਆਂ ਗੁਰਮਤਿ ਵਿਰੋਧੀ ਗੱਲਾਂ ਅਤੇ ਕਾਲ਼ੀਆਂ ਕਰਤੂਤਾਂ ਬਾਰੇ ਅਕਸਰ ਚਰਚਾ ਚਲਦੀ ਰਹਿੰਦੀ ਹੈ ਪਰ ਰਾਜਸੀ ਆਗੂਆਂ ਦੀ ਸਰਪ੍ਰਸਤੀ ਕਾਰਨ ਕੋਈ ਵੀ ਇਨ੍ਹਾਂ ਦੇ ਖਿਲਾਫ਼ ਖੁਲ੍ਹ ਕੇ ਨਹੀਂ ਸੀ ਬੋਲਦਾ। ਰਵਾਇਤੀ ਮੀਡੀਆ ਨੂੰ ਇਨ੍ਹਾਂ ਸਾਧਾਂ ਵੱਲੋਂ ਹਰ ਸਾਲ ਦਿੱਤੇ ਜਾਂਦੇ ਹਜ਼ਾਰਾਂ ਰੁਪਏ ਦੇ ਇਸ਼ਤਿਹਾਰਾਂ ਕਾਰਨ ਉਹ ਇਨ੍ਹਾਂ ਦੇ ਵਿਰੁੱਧ ਚੁੱਪ ਵੱਟ ਲੈਂਦੇ ਸੀ। ਪਰ ਜਦੋਂ ਤੋਂ ਫੇਸਬੁੱਕ ਤੇ ਵਟਸਐਪ ਵਰਗੇ ਸ਼ੋਸ਼ਲ ਮੀਡੀਆ ਦੇ ਸਾਧਨ ਆਏ ਨੇ ਤਾਂ ਇਨ੍ਹਾਂ ਡੇਰੇਦਾਰਾਂ ਦੀਆਂ ਕਰਤੂਤਾਂ ਵੀ ਲੋਕਾਂ ਵਿਚ ਨੰਗੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਇਨ੍ਹਾਂ ਦੇ ਵਿਰੁੱਧ ਪ੍ਰਚਾਰ ਵੀ ਵਧਿਆ। ਹਾਲਾਂਕਿ ਰਾਜਸੀ ਸਰਪ੍ਰਸਤੀ ਅਜੇ ਵੀ ਜਿਓਂ ਦੀ ਤਿਓਂ ਬਰਕਰਾਰ ਹੈ। ਤਾਜਾ ਘਟਨਾ ਵਿਚ ਨਾਨਕਸਰ ਡੇਰੇ ਦੇ ਹਮੇਸ਼ਾ ਵਿਵਾਦਾਂ ਵਿਚ ਰਹੇ ਸਾਧ ਘਾਲ਼ਾ ਸਿੰਘ ਦੇ ਭਾਣਜੇ ਤੇ ਉਸ ਦੇ ਨਜਦੀਕੀ ਸਾਥੀਆਂ ਨੂੰ ਐਸ ਟੀ ਐਫ ਨੇ ਨਸ਼ਾ ਤਸਕਰੀ ਦੇ ਇਕ ਕੌਮਾਂਤਰੀ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਹੁਣ ਵਿਚਾਰਨ ਦੀ ਗੱਲ ਇਹ ਹੈ ਕਿ ਜੇਕਰ ਸਾਧ ਦਾ ਭਾਣਜਾ ਇਸ ਕਾਲ਼ੇ ਧੰਦੇ ਵਿਚ ਸ਼ਾਮਿਲ ਹੈ ਤਾਂ ਉਸ ਦੇ ਹੋਰ ਚੇਲੇ ਚਾਟੜੇ ਕੀ ਕੀ ਕਰਤੂਤਾਂ ਕਰਦੇ ਹੋਣਗੇ ?
ਐਸ ਟੀ ਐਫ ਅਧਿਕਾਰੀਆਂ ਮੁਤਾਬਕ ਇਨ੍ਹਾਂ ਦਾ ਸਰਗਨਾ ਬਟਾਲ਼ਾ ਦਾ ਰਹਿਣ ਵਾਲ਼ਾ ਤਰਨਵੀਰ ਸਿੰਘ ਬੇਦੀ ਹੈ ਜੋ ਕਿ ਅੱਜ ਕੱਲ੍ਹ ਆਸਟਰੇਲੀਆ ਰਹਿ ਰਿਹਾ ਹੈ। ਅੰਮ੍ਰਿਤਸਰ ਵਿਚ ਜਨਵਰੀ 2020 ਵਿਚ ਫੜੀ ਗਈ ਹੈਰੋਇਨ ਦੀ ਵੱਡੀ ਖੇਪ ਅਤੇ ਸੋਧ ਫੈਕਟਰੀ ਦਾ ਕਰਤਾ ਧਰਤਾ ਬੇਦੀ ਹੀ ਸੀ, ਜੋ ਕਿ ਡੁਬਈ ਰਹਿੰਦੇ ਪਾਕਿਸਤਾਨੀ ਨਸ਼ਾ ਤਸਕਰ ਹਾਜ਼ੀਜਾਨ ਲਈ ਕੰਮ ਕਰਦਾ ਹੈ। ਸਾਬਕਾ ਸਰਪੰਚ ਗੁਰਦੀਪ ਸਿੰਘ ਜੋ ਕਿ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਵਿਚ ਵੱਡਾ ਅਹੁਦੇਦਾਰ ਹੈ ਅਤੇ ਉਸ ਦੇ ਸਾਥੀਆਂ ਨੇ ਪਿਛਲੇ ਇਕ ਸਾਲ ਦੌਰਾਨ ਕਈ ਲਗਜ਼ਰੀ ਕਾਰਾਂ ਖਰੀਦੀਆਂ ਸਨ ਅਤੇ ਕਾਫਲੇ ਦੇ ਰੂਪ ਵਿਚ ਚਲਾ ਕੇ ਇਨ੍ਹਾਂ ਰਾਹੀਂ ਹੀ ਹੈਰੋਇਨ ਦੀ ਤਸਕਰੀ ਕਰਦੇ ਸਨ। ਐਸ ਟੀ ਐਫ ਮੁਤਾਬਕ ਪਿਛਲੇ ਕੁੱਝ ਮਹੀਨਿਆਂ ਵਿਚ ਹੀ ਇਸ ਗਿਰੋਹ ਨੇ ਪੰਜਾਬ ਅਤੇ ਆਸ ਪਾਸ ਦੇ ਇਲਾਕਿਆਂ ਵਿਚ 50 ਕਿਲੋ ਹੈਰੋਇਨ ਖਪਾ ਦਿੱਤੀ ਹੈ। ਸਾਬਕਾ ਅਕਾਲੀ ਸਰਪੰਚ ਗੁਰਦੀਪ ਸਿੰਘ ਅਤੇ ਰਵੇਜ਼ ਸਿੰਘ ਦੀ ਅਕਾਲੀਆਂ ਦੇ ਨਾਲ਼ ਨਾਲ਼ ਕਾਂਗਰਸੀ ਆਗੂਆਂ ਨਾਲ਼ ਵੀ ਨੇੜਤਾ ਸੀ। ਇਸ ਤੋਂ ਇਲਾਵਾ ਐਸ ਪੀ ਪੱਧਰ ਦੇ ਇਕ ਅਧਿਕਾਰੀ ਦਾ ਸਰਪੰਚ ਦੇ ਘਰ ਅਕਸਰ ਆਉਣ ਜਾਣ ਰਹਿੰਦਾ ਸੀ ਜਿਸ ਕਾਰਨ ਹੇਠਲੇ ਤੇ ਸਥਾਨਕ ਪੁਲਿਸ ਅਧਿਕਾਰੀ ਇਸ ਗਿਰੋਹ ਉਤੇ ਸ਼ੱਕ ਨਹੀਂ ਸੀ ਕਰਦੇ। 
ਪਿੰਡ ਵਾਸੀਆਂ ਮੁਤਾਬਕ ਗੁਰਦੀਪ ਸਿੰਘ ਨੇ ਆਪਣੇ ਚਾਚੇ ਦੇ ਪੁੱਤ ਇਕਬਾਲ ਸਿੰਘ ਨੂੰ ਵੀ ਨਾਲ਼ ਮਿਲ਼ਾ ਲਿਆ ਸੀ ਜੋ ਕਿ ਪਿੰਡ ਵਾਸੀਆਂ ਨੂੰ ਆਪਣਾ ਲੁਧਿਆਣੇ ਸ਼ਹਿਰ ਵਿਚ ਟੈਕਸੀਆਂ ਦਾ ਕਾਰੋਬਾਰ ਦਸਦਾ ਸੀ। ਰਣਦੀਪ ਸਿੰਘ ਨਿਵਾਸੀ ਖੰਨਾ ਵੀ ਇਸ ਗਿਰੋਹ ਦਾ ਮੈਂਬਰ ਦੱਸਿਆ ਗਿਆ ਹੈ। ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਕੈਪਟਨ ਸੰਦੀਪ ਸੰਧੂ, ਅੰਕਿਤ ਬਾਂਸਲ ਅਤੇ ਕਈ ਹੋਰ ਆਗੂਆਂ ਨਾਲ ਫੋਟੋਆਂ ਉਹ ਅਕਸਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਸਨ। ਸਰਪੰਚ ਨੇ ਪਿੰਡ ਰਾਣੋ ਸਮੇਤ ਮੁਕਤਸਰ ਵਿਚ ਵੀ ਕਈ ਏਕੜ ਜ਼ਮੀਨ-ਜਾਇਦਾਦ ਨਸ਼ਿਆਂ ਤੋਂ ਕਮਾਏ ਇਸ ਪੈਸੇ ਨਾਲ਼ ਖਰੀਦੀ ਹੈ, ਜਿਸਦੀ ਹੁਣ ਜਾਂਚ ਕੀਤੀ ਜਾ ਰਹੀ ਹੈ।
ਇਸ ਗਿਰੋਹ ਦੀ ਸੂਹ ਪਿਛਲੇ ਦਿਨੀਂ ਲੁਧਿਆਣਾ ਵਿੱਚ ਫੜੇ ਗਏ ਤਸਕਰਾਂ ਤੋਂ ਮਿਲ਼ੀ ਜਿਨ੍ਹਾਂ ਪਾਸੋਂ 28 ਕਿਲੋ ਹੈਰੋਇਨ, 6 ਕਿਲੋ ਆਈਸ ਅਤੇ 2 ਕਿਲੋ ਕੈਮੀਕਲ (ਹੈਰੋਇਨ ਰਿਫਾਇੰਡ ਵਿੱਚ ਵਰਤੀ ਜਾਂਦੀ) ਫੜਿਆ ਗਿਆ ਸੀ। ਐਸ ਟੀ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 4 ਸਾਲਾਂ ਵਿੱਚ ਇਹ ਡਰੱਗ ਸਿੰਡੀਕੇਟ ਗੁਜਰਾਤ ਦੇ ਬੰਦਰਗਾਹ ਅਤੇ ਸ੍ਰੀਨਗਰ, ਅੰਮ੍ਰਿਤਸਰ ਬਾਘਾ ਬਾਰਡਰ ਰਾਹੀਂ ਇੱਕ ਹਜ਼ਾਰ ਕਿਲੋਗ੍ਰਾਮ ਹੈਰੋਇਨ ਪੰਜਾਬ ਪਹੁੰਚਾ ਚੁੱਕਾ ਹੈ। ਜਿਸ ਵਿੱਚੋਂ ਗੁਜਰਾਤ ਅਤੇ ਅੰਮ੍ਰਿਤਸਰ ਵਿੱਚ 200 ਕਿਲੋ ਹੈਰੋਇਨ ਅਤੇ ਫੈਕਟਰੀ ਫੜੀ ਗਈ ਸੀ। 305 ਕਿਲੋ ਹੈਰੋਇਨ 21 ਅਗਸਤ 2018 ਨੂੰ ਫੜੀ ਗਈ ਸੀ ਜਦਕਿ ਬਾਕੀ ਖੇਪਾਂ ਇਹ ਗਿਰੋਹ ਪੰਜਾਬ ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਖਪਾ ਚੁੱਕਾ ਹੈ। 
ਇਸ ਸਿੰਡੀਕੇਟ ਦਾ ਇਕ ਵੱਡਾ ਸਰਗਨਾ ਸਿਮਰਨ ਸਿੰਘ ਸੰਧੂ, ਜੋ ਅੰਮ੍ਰਿਤਸਰ ਨਿਵਾਸੀ ਹੈ, ਨੂੰ ਇਸ ਸਾਲ ਫਰਵਰੀ ਵਿੱਚ ਇਟਲੀ ਵਿੱਚ ਫੜਿਆ ਗਿਆ ਸੀ ਜਦੋਂ ਗੁਜਰਾਤ ਵਿੱਚ 305 ਕਿਲੋ ਹੈਰੋਇਨ ਫੜੇ ਜਾਣ ਤੋਂ ਬਾਅਦ ਐਸਟੀਐਫ ਵੱਲੋਂ ਇੰਟਰਪੋਲ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਸੰਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੈਂਗ ਦੀ ਕਮਾਨ ਬਟਾਲਾ ਦੇ ਵਸਨੀਕ ਤਰਨਬੀਰ ਸਿੰਘ ਬੇਦੀ ਨੇ ਆਪਣੇ ਕਬਜ਼ੇ ਵਿਚ ਲੈ ਲਈ। ਉਹ ਪਾਕਿਸਤਾਨ ਤੋਂ ਸ਼੍ਰੀਨਗਰ ਵਿਖੇ ਸਰਹੱਦ ਰਾਹੀਂ ਹੁੰਦੇ ਵਪਾਰ ਰਾਹੀਂ ਨਸ਼ੇ ਦੀ ਰੈਕੇਟ ਚਲਾਉਣ ਲਈ ਦੁਬਈ ਵਿਚ ਬੈਠੇ ਇਕ ਪਾਕਿਸਤਾਨੀ ਨਾਗਰਿਕ ਹਾਜੀਜ਼ਾਨ ਨੂੰ ਮਿਲਿਆ। ਹੈਰੋਇਨ ਸੋਧਣ ਵਾਲ਼ੇ ਕੈਮੀਕਲ ਅਤੇ ਮਾਹਰ ਵੀ ਇਸੇ ਹਾਜ਼ੀਜਾਨ ਨੇ ਘੱਲੇ ਸਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਰਨਬੀਰ ਸਿੰਘ ਬੇਦੀ ਨੇ ਸਰਪੰਚ ਗੁਰਦੀਪ ਸਿੰਘ ਨੂੰ ਕਈ ਵਾਰ ਵਿਦੇਸ਼ ਵੀ ਬੁਲਾਇਆ ਅਤੇ ਨਸ਼ਾ ਸਪਲਾਈ ਦੀ ਯੋਜਨਾ ਬਣਾਈ। ਇਨ੍ਹਾਂ ਦਾ ਇਕ ਹੋਰ ਸਾਥੀ ਹਰਵਿੰਦਰ (ਥਾਈਲੈਂਡ ਵਿਚ ਹੈ) ਦੱਸਿਆ ਗਿਆ ਹੈ ਕਿ ਹਰਵਿੰਦਰ ਸਿੰਘ ਉਰਫ ਰੰਧਾਵਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਥਾਈਲੈਂਡ ਵਿਚ ਹੈ। ਇਸਦਾ ਕੰਮ ਸ੍ਰੀਨਗਰ ਤੋਂ ਹੈਰੋਇਨ ਚੁੱਕਣ ਲਈ ਕੋਰੀਅਰ ਪ੍ਰਦਾਨ ਕਰਨਾ ਹੈ. ਇਥੋਂ ਇਹ ਪੰਜਾਬ ਵਿਚ ਆਪਣੇ ਨੈਟਵਰਕ ਨੂੰ ਦੱਸਦਾ ਹੈ ਕਿ ਸ੍ਰੀਨਗਰ ਤੋਂ ਆਉਣ ਵਾਲੀ ਹੈਰੋਇਨ ਕਦੋਂ ਅਤੇ ਕਿਥੇ ਉਤਰੇਗੀ ਅਤੇ ਕਿਥੇ ਪਹੁੰਚਾਈ ਜਾਏਗੀ।
ਇਸ ਵੱਡੇ ਗਿਰੋਹ ਦੀ ਗ੍ਰਿਫ਼ਤਾਰੀ ਨੇ ਇਕ ਵਾਰ ਮੁੜ ਤੋਂ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਕਾਲ਼ੇ ਧੰਦੇ ਨੂੰ ਪੁਸ਼ਤਪਨਾਹੀ ਕਰਨ ਦੇ ਮਾਮਲੇ ਵਿਚ ਅਕਾਲੀ ਅਤੇ ਕਾਂਗਰਸੀ ਦੋਵੇਂ ਬਰਾਬਰ ਦੇ ਜਿੰਮੇਵਾਰ ਹਨ। ਫਰਕ ਸਿਰਫ਼ 19-21 ਦਾ ਹੀ ਹੈ।

 

Be the first to comment

Leave a Reply

Your email address will not be published.


*