
Taiwan Train Crash Kills dozens
ਤਾਈਪੇ, ਤਾਈਵਾਨ, 2 ਅਪ੍ਰੈਲ:- ਤਾਈਵਾਨ (Taiwan) ਦੇ ਪੂਰਬੀ ਤੱਟ ਦੇ ਨਾਲ਼ ਨਾਲ਼ ਤੇ ਸੈਲਾਨੀਆਂ ਵਿਚ ਬੇਹੱਦ ਹਰਮਨਪਿਆਰੀ ਰੇਲਵੇ ਲਾਈਨ ਉਤੇ ਇਕ ਰੇਲ ਗੱਡੀ ਪਹਾੜੀ ਸੁਰੰਗ ਦੇ ਅੰਦਰ ਵੜਨ ਤੋਂ ਐਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿਚ 50 ਦੇ ਕਰੀਬ ਮੁਸਾਫਰਾਂ ਦੀ ਮੌਤ, 150 ਹੋਰ ਜ਼ਖਮੀ ਹੋਏ ਦੱਸੇ ਜਾਂਦੇ ਹਨ।ਤਾਈਵਾਨ ਦੇ ਰੇਲਵੇ ਅਧਿਕਾਰੀਆਂ ਮੁਤਾਬਕ ਤਾਰੋਕੋ ਐਕਸਪ੍ਰੈਸ (Taroko Express train) ਨਾਂਅ ਦੀ ਇਹ ਰੇਲ ਗੱਡੀ ਲੰਬੀ ਛੁੱਟੀ ਵਾਲੇ ਹਫਤੇ ਦੇ ਪਹਿਲੇ ਦਿਨ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਮਿਲਣ ਦੀ ਤਾਂਘ ਵਿਚ ਸਫ਼ਰ ਕਰ ਰਹੇ ਲੋਕਾਂ ਨਾਲ ਭਰੀ ਹੋਈ ਸੀ। ਤਾਈਪਈ ਤੋਂ ਪੂਰਬੀ ਤੱਟਵਰਤੀ ਸ਼ਹਿਰ ਤਾਈਤੰਗ (Taitung) ਤੱਕ ਜਾ ਰਹੀ 374 ਸੀਟਾਂ ਵਾਲ਼ੀ ਇਸ ਰੇਲ ਗੱਡੀ ਦੀਆਂ ਲਗਪਗ ਸਾਰੀਆਂ ਸੀਟਾਂ ਬੁੱਕ ਸਨ। ਮੌਕੇ ’ਤੇ ਪਹੁੰਚੇ ਰੇਲਵੇ ਅਤੇ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਭਿਆਨ ਰੇਲ ਹਾਦਸਾ ਉਸ ਵੇਲ਼ੇ ਵਾਪਰਿਆ ਜਦੋਂ ਇਕ ਉਸਾਰੀ ਕੰਪਨੀ ਦਾ ਟਰੱਕ ਪਹਾੜੀ ਢਲਾਨ ਤੋਂ ਲੁੜ੍ਹਕ ਕੇ ਰੇਲਵੇ ਲਾਈਨ ਉਤੋਂ ਲੰਘ ਰਹੀ ਰੇਲ ਗੱਡੀ ਨਾਲ਼ ਆ ਟਕਰਾਇਆ। ਟਰੱਕ ਡਰਾਈਵਰ ਨੇ ਸ਼ਾਇਦ ਅਣਗਹਿਲੀ ਨਾਲ਼ ਆਪਣਾ ਟਰੱਕ ਬਿਨਾ ਹੈਂਡ ਬ੍ਰੇਕ ਲਾਏ ਇਸ ਰੇਲਵੇ ਲਾਈਨ ’ਤੇ ਬਣੀ ਸੁਰੰਗ ਦੇ ਐਨ ਉਪਰ ਪਹਾੜੀ ਢਲਾਣ ’ਤੇ ਖੜ੍ਹਾ ਕਰ ਦਿੱਤਾ ਸੀ।
ਇਹ ਟਰੱਕ ਉਸ ਵੇਲ਼ੇ ਲੁੜ੍ਹਕ ਕੇ ਰੇਲ ਗੱਡੀ ਨਾਲ਼ ਆ ਟਕਰਾਇਆ ਜਦੋਂ ਗੱਡੀ ਦਾ ਇੰਜਣ ਛੋਟੀ ਜਿਹੀ ਸੁਰੰਗ ਵਿਚ ਦਾਖਲ ਹੋ ਚੁੱਕਾ ਸੀ ਪਰ ਬਾਕੀ ਗੱਡੀ ਅਜੇ ਸੁਰੰਗ ਦੇ ਬਾਹਰ ਹੀ ਸੀ। ਉਚੀ ਪਹਾੜੀ ਤੋਂ ਲੁੜ੍ਹਕੇ ਟਰੱਕ ਦੀ ਜ਼ੋਰਦਾਰ ਟੱਕਰ ਕਾਰਨ ਰੇਲ ਗੱਡੀ ਦੇ 8 ਡੱਬੇ ਰੇਲਵੇ ਲਾਈਨ ਤੋਂ ਉਤਰ ਗਏ (derailment of the eight-car) ਅਤੇ ਸੁਰੰਗ ਦੀਆਂ ਕੰਧਾਂ ਨਾਲ਼ ਟਕਰਾ ਕੇ ਇਕ ਦੂਜੇ ਵਿਚ ਫਸ ਗਏ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਰੇਲ ਗੱਡੀ ਦਾ ਇੰਜਣ ਹਾਦਸੇ ਵੇਲ਼ੇ ਸੁਰੰਗ ਵਿਚ ਦਾਖਲ ਨਾਲ ਹੋਇਆ ਹੁੰਦਾ ਤਾਂ ਲਗਪਗ ਸਾਰੀ ਗੱਡੀ ਹੀ ਰੇਲਵੇ ਲਾਈਨ ਤੋਂ ਲੁੜ੍ਹਕ ਕੇ ਪਹਾੜੀ ਤੋਂ ਹੇਠਾਂ ਡਿਗ ਸਕਦੀ ਸੀ ਤੇ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਤਾਈਵਾਨ ਵਿਚ ਪਿਛਲੇ ਚਾਰ ਦਹਾਕਿਆਂ ਦੌਰਾਨ ਵਾਪਰਿਆ ਇਹ ਸਭ ਤੋਂ ਭਿਆਨਕ ਰੇਲ ਹਾਦਸਾ ਹੈ। ਇਹ ਹਾਦਸਾ ਸਵੇਰੇ 9:30 ਵਜੇ ਦੇ ਕਰੀਬ ਕਿੰਗਸੂਈ ਕਲਿਫ (Qingshui Cliff) ਨੇੜੇ ਹੁਅਲਿਏਨ (Hualien) ਸ਼ਹਿਰ ਦੇ ਬਿਲਕੁਲ ਉੱਤਰ ਵਿੱਚ ਇੱਕ ਸੁਰੰਗ (Tunnel) ਨੇੜੇ ਵਾਪਰਿਆ, ਜੋ ਇੱਕ ਪਹਾੜੀ ਅਤੇ ਕ੍ਰਿਸਟਲ-ਨੀਲੇ ਪਾਣੀ ਨੂੰ ਦੇਖਣ ਲਈ ਸੈਲਾਨੀਆਂ ਲਈ ਪ੍ਰਸਿੱਧ ਜਗ੍ਹਾ ਹੈ। ਇਸ ਤੋਂ ਪਹਿਲਾਂ ਅਜਿਹਾ ਭਿਆਨਕ ਰੇਲ ਹਾਦਸਾ 1981 ਵਿਚ ਹੋਇਆ ਸੀ,ਜਦੋਂ ਇਸ ਟਾਪੂ ਦੇ ਉੱਤਰ ਪੱਛਮ ਵਿਚ ਇਕ ਰੇਲ ਹਾਦਸੇ ਵਿਚ 31 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਦੋ ਸਾਲ ਪਹਿਲਾਂ 2018 ਵਿੱਚ ਵੀ ਵੱਡੇ ਰੇਲ ਹਾਦਸੇ ਵਿੱਚ ਉੱਤਰ-ਪੂਰਬੀ ਤਾਈਵਾਨ ਦੇ ਯਿਲਨ ਕਾਊਂਟੀ ਵਿੱਚ ਸੈਲਾਨੀਆਂ ਵਿੱਚ ਮਸ਼ਹੂਰ ਸਮੁੰਦਰੀ ਕੰਢੇ ਉੱਤੇ ਇੱਕ ਰੇਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 18 ਮੁਸਾਫਰਾਂ ਦੀ ਮੌਤ ਹੋ ਗਈ ਸੀ ਅਤੇ 170 ਹੋਰ ਜ਼ਖਮੀ ਹੋ ਗਏ।
ਤਸਵੀਰ: ਰਾਈਟਰ (Photo by Reuters)
Leave a Reply