ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 20 ਅਗਸਤ : ਜਿਸ ਤਰਾਂ ਜੈਪੁਰ ਵਿਖੇ ਪਏ ਭਿਆਨਕ ਮੀਂਹ ਦੇ ਪਾਣੀ ਨਾਲ਼ ਰੁੜ੍ਹ ਕੇ ਆਏ ਮਿੱਟੀ ਗਾਰੇ ਨਾਲ਼ ਹਜ਼ਾਰਾਂ ਗੱਡੀਆਂ ਤਬਾਹ ਹੋ ਗਈਆਂ ਨੇ, ਉਹ ਕੁਦਰਤ ਵੱਲੋਂ ਵਾਤਾਵਰਣ ਤਬਦੀਲੀਆਂ ਦੇ ਬੇਹੱਦ ਭਿਆਨਕ ਨਤੀਜਿਆਂ ਦੀ ਚਿਤਾਵਨੀ ਦੇ ਰਹੀਆਂ ਪ੍ਰਤੀਤ ਹੁੰਦੀਆਂ ਨੇ।
ਆਪਾਂ ਸਾਰੇ ਜਾਣਦੇ ਹਾਂ ਪਿਛਲੇ ਕੁੱਝ ਸਾਲਾਂ ਤੋਂ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ ਰਾਜਸੀ ਸਰਪ੍ਰਸਤੀ ਹੇਠ ਰੇਤਾ ਬਜ਼ਰੀ ਮਾਫੀਆ ਨੇ ਬਿਨਾ ਕਿਸੇ ਰੋਕ ਟੋਕ ਦੇ ਅੰਨ੍ਹੇਵਾਹ ਨੀਮ ਪਹਾੜੀ ਚੋਟੀਆਂ, ਦਰਿਆਵਾਂ ਅਤੇ ਹੋਰ ਸਰਕਾਰੀ ਤੇ ਗੈਰ ਸਰਕਾਰੀ ਜ਼ਮੀਨਾਂ ਵਿਚੋਂ ਪੁੱਟ ਪੁਟਾਈ ਕੀਤੀ ਹੈ। ਇਸ ਪੁਟਾਈ ਨਾਲ ਧਰਤੀ ਦੀ ਸਤ੍ਹਾ ਦਾ ਤਵਾਜਨ ਤਾਂ ਵਿਗੜਿਆ ਹੀ ਹੈ ਵਾਤਾਵਰਣ ਉਤੇ ਵੀ ਮਾਰੂ ਪ੍ਰਭਾਵ ਪਿਆ ਹੈ। ਰੇਤਾ ਬਜ਼ਰੀ ਮਾਫੀਆ ਨੇ ਆਪਣੇ ਮੁਨਾਫ਼ੇ ਲਈ ਨੀਮ ਪਹਾੜੀ ਇਲਾਕਿਆਂ ਵਿਚੋਂ ਛੋਟੇ ਦਰਖਤਾਂ, ਝਾੜੀਆਂ ਅਤੇ ਹੋਰ ਕੁਦਤਰੀ ਬਨਸਪਤੀ ਨੂੰ ਵੀ ਬੇਦਰਦੀ ਨਾਲ਼ ਤਬਾਹ ਕਰ ਦਿੱਤਾ ਜੋ ਧਰਤੀ ਦੀ ਸਤ੍ਹਾ ਨੂੰ ਖੋਰਾ ਲੱਗਣ ਤੋਂ ਰੋਕਦੇ ਸਨ। ਹੇਠਾਂ ਦਿੱਤੀ ਤਸਵੀਰ ਦੇ ਪਿਛੋਕੜ ਵਿਚ ਵੀ ਨੀਮ ਪਹਾੜੀ ਟਿੱਲੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਟਿੱਲੇ ਹਰਿਆਵਲ ਨਾਲ਼ ਢਕੇ ਨਜ਼ਰ ਆ ਰਹੇ ਨੇ ਪਰ ਯਕੀਨਨ ਰੇਤਾ ਬਜ਼ਰੀ ਮਾਫੀਆ ਅਤੇ ਮੂਰਖ ਕਿਸਮ ਦੇ ਲੋਕਾਂ ਵੱਲੋਂ ਇਸ ਸ਼ਹਿਰ ਦੇ ਨੇੜੇ ਤੇੜੇ ਅਜਿਹੇ ਹੋਰ ਟਿੱਲਿਆਂ ਨੂੰ ਪਿਛਲੇ ਸਮੇਂ ਦੌਰਾਨ ਪੁੱਟਿਆ ਗਿਆ ਹੋਵੇਗਾ। ਅਜਿਹੇ ਉਜਾੜੇ ਹੋਏ ਟਿੱਲਿਆਂ ਵਿਚੋਂ ਹੀ ਇਹ ਮਿੱਟੀ/ਰੇਤਾ ਭਾਰੀ ਮੀਂਹ ਨਾਲ਼ ਖੁਰ ਕੇ ਤੇ ਪਾਣੀ ਨਾਲ਼ ਰੁੜ੍ਹ ਕੇ ਨੀਵੇਂ ਇਲਾਕਿਆਂ ਵੱਲ ਆ ਗਿਆ ਹੈ।
ਇਸ ਆਪੇ ਸਹੇੜੀ ਕੁਦਰਤੀ ਆਫ਼ਤ ਨੇ ਹਜ਼ਾਰਾਂ ਲੋਕਾਂ ਦਾ ਅਰਬਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ ਅਤੇ ਆਟੋ ਰਿਕਸ਼ਾ ਚਲਾ ਕੇ ਟੱਬਰ ਪਾਲ਼ ਰਹੇ ਸੈਂਕੜੇ ਆਟੋ ਚਾਲਕਾਂ ਦੇ ਪਰਿਵਾਰਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲ਼ੇ ਸਮੇਂ ਵਿਚ ਇਸ ਤਰਾਂ ਦੀਆਂ ਘਟਨਾਵਾਂ ਮੁਲਕ ਦੇ ਹੋਰ ਸੂਬਿਆਂ ਅਤੇ ਸ਼ਹਿਰਾਂ ਵਿਚ ਵੀ ਵਾਪਰਨਗੀਆਂ।
Leave a Reply