ਜੇਮਜ਼ ਵੈਬ ਸਪੇਸ ਟੈਲੀਸਕੋਪ : ਵਿਗਿਆਨ ਦੀ ਦੁਨੀਆਂ ’ਚ ਨਵਾਂ ਮੀਲ ਪੱਥਰ। James Webb Space Telescope in Punjabi

ਪਰਮੇਸ਼ਰ ਸਿੰਘ ਬੇਰਕਲਾਂ, ਲੁਧਿਆਣਾ, 25 ਦਸੰਬਰ 2021:

Contents hide
1. ਧਰਤੀ ਤੋਂ ਕਰੀਬ 15 ਲੱਖ ਕਿਲੋਮੀਟਰ ਦੂਰ ਰਹਿ ਕੇ ਕੰਮ ਕਰੇਗੀ ‘ਜੇਮਜ਼ ਵੈਬ ਸਪੇਸ ਟੈਲੀਸਕੋਪ’

ਜੇਮਜ਼ ਵੈਬ ਸਪੇਸ ਟੈਲੀਸਕੋਪ (James Webb Space Telescope) ਨੂੰ ਅਮਰੀਕਾ ਦੀ ਪੁਲਾੜ ਖੋਜ ਸੰਸਥਾ ‘ਨਾਸਾ’ (NASA) ਵੱਲੋਂ ਯੂਰਪੀ ਪੁਲਾੜ ਏਜੰਸੀ (European Space Agency) ਅਤੇ ਕੈਨੇਡੀਅਨ ਪੁਲਾੜ ਏਜੰਸੀ (Canadian Space Agency) ਦੀ ਸਹਾਇਤਾ ਨਾਲ਼ ਸਫਲਤਾ ਪੂਰਬਕ ਲਾਂਚ (Launch) ਕਰ ਦਿੱਤਾ ਗਿਆ ਹੈ। ਇਹ ਹੁਣ ਤੱਕ ਦੀ ਸਭ ਤੋਂ ਸ਼ਕਤੀਸ਼ਾਲੀ, ਅਤਿ ਆਧੁਨਿਕ ਤੇ ਵਿਸ਼ਾਲ ਪੁਲਾੜ ਦੂਰਬੀਨ ਹੈ ਜੋ ਮੌਜੂਦਾ ਸਮੇਂ ਸੇਵਾਵਾਂ ਪ੍ਰਦਾਨ ਕਰ ਰਹੀ ‘ਹੱਬਲ ਦੂਰਬੀਨ’ (Hubble) ਦਾ ਸਥਾਨ ਲਵੇਗੀ। ਹਾਲਾਂਕਿ ਇਸ ਦੂਰਬੀਨ ਨੂੰ ਆਪਣੇ ਸਹੀ ਟਿਕਾਣੇ ’ਤੇ ਪਹੁੰਚ ਕੇ ਵਿਗਿਆਨੀਆਂ ਦੀ ਲੋੜ ਮੁਤਾਬਕ ਕੰਮ ਸ਼ੁਰੂ ਕਰਨ ਲਈ ਹਾਲੇ 6 ਮਹੀਨੇ ਦਾ ਸਮਾਂ ਲੱਗੇਗਾ।

ਧਰਤੀ ਤੋਂ ਕਰੀਬ 15 ਲੱਖ ਕਿਲੋਮੀਟਰ ਦੂਰ ਰਹਿ ਕੇ ਕੰਮ ਕਰੇਗੀ ‘ਜੇਮਜ਼ ਵੈਬ ਸਪੇਸ ਟੈਲੀਸਕੋਪ’

ਨਾਸਾ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਇਹ ਦੂਰਬੀਨ ‘ਹੱਬਲ ਦੂਰਬੀਨ’ ਵਾਂਗ ਧਰਤੀ ਦੁਆਲ਼ੇ ਕਿਸੇ ਵਿਸ਼ੇਸ਼ ਰਾਹ ਉਤੇ ਚੱਕਰ ਕੱਟਣ ਦੀ ਬਜਾਏ ਧਰਤੀ ਤੋਂ ਲਗਭਗ 15,00,000 ਕਿਲੋਮੀਟਰ ਦੂਰ ਸਥਿਤ ਐਲ-2 (L-2) ਨਾਂਅ ਦੇ ਖੇਤਰ ਵਿਚ ਰਹਿ ਕੇ ਇਸ ਅਨੰਤ ਬ੍ਰਹਿਮੰਡ ਦੀ ਖੋਜ ਪੜਤਾਲ਼ ਕਰੇਗੀ। ਨਾਸਾ ਨਾਲ਼ ਜੁੜੇ ਵਿਗਿਆਨੀਆਂ ਨੇ 10 ਬਿਲੀਅਨ ਡਾਲਰ ਦੀ ਮੋਟੀ ਰਕਮ ਨਾਲ਼ ਤਿਆਰ ਇਸ ਦੂਰਬੀਨ ਦੇ ਆਉਂਦੇ 10 ਸਾਲ ਤੱਕ ਕੰਮ ਕਰਨ ਦੀ ਉਮੀਦ ਲਾਈ ਹੈ। ਇਹ ਦੂਰਬੀਨ ਮੁੱਖ ਰੂਪ ਵਿਚ ਇਨਫਰਾਰੈਡ ਕਿਰਨਾਂ ਦੇ ਅਧਾਰ ’ਤੇ ਖੋਜ ਕਰੇਗੀ। ਵਿਗਿਆਨੀਆਂ ਮੁਤਾਬਕ ਰੌਸ਼ਨੀ ਮੁੱਖ ਤੌਰ ’ਤੇ ਚਾਰ ਰੂਪਾਂ ਵਿਚ ਆਉਂਦੀ ਹੈ, ਜੋ ਕਿ ਅਲਟ੍ਰਾ ਵਾਇਲਟ (UV), ਐਕਸ-ਰੇਅ (X-Ray), ਇਨਫਰਾਰੈਡ (Infra Red) ਕਿਰਨਾ ਤੋਂ ਇਲਾਵਾ ਇਨ੍ਹਾਂ ਦੇ ਸੁਮੇਲ ਨਾਲ਼ ਆਮ ਵਿਖਾਈ ਦੇਣ ਵਾਲ਼ੀ ਰੌਸ਼ਨੀ ਦੇ ਰੂਪ ਵਿਚ ਹੁੰਦੀ ਹੈ। ਇਨਫਰਾਰੈਡ ਕਿਰਨਾਂ ਆਪਣੀ ਰੌਸ਼ਨੀ ਫਿੱਕੀ ਹੋਣ ਤੋਂ ਪਹਿਲਾਂ ਸਭ ਤੋਂ ਵੱਧ ਦੂਰੀ ਤੱਕ ਸਫ਼ਰ ਕਰਦੀਆਂ ਹਨ ਇਸ ਕਰਕੇ ਵਿਗਿਆਨੀਆਂ ਨੇ ਇਹ ਨਵੀਂ ਤੇ ਅਤਿ ਆਧੁਨਿਕ ਦੂਰਬੀਨ ਨੂੰ ਇਨ੍ਹਾਂ ਕਿਰਨਾਂ ਦੇ ਅਧਾਰ ’ਤੇ ਹੀ ਖੋਜ ਵਾਸਤੇ ਬਣਾਇਆ ਹੈ।

5 ਮੁੱਖ ਯੰਤਰਾਂ ’ਤੇ ਨਿਰਭਰ ਹੈ ਜੇਮਜ਼ ਵੈਬ ਸਪੇਸ ਟੈਲੀਸਕੋਪ ਦਾ ਕੰਮਕਾਰ

ਇਸ ਦੂਰਬੀਨ ਵਿਚ ਵਿਗਿਆਨੀਆਂ ਨੇ ਮੁੱਖ ਤੌਰ ’ਤੇ ਚਾਰ ਵਿਸ਼ੇਸ਼ ਤਕਨੀਕੀ ਯੰਤਰ ਲਾਏ ਹਨ। ਇਨ੍ਹਾਂ ਵਿਚ ਫਾਈਨ ਗਾਈਡੈਂਸ ਸੈਂਸਰ-ਨੀਅਰ ਇਨਫਰਾਰੈਡ ਇਮੇਜ਼ਰ ਐਂਡ ਸਲਿਟਲੈਸ ਸਪੈਕਟੋਗ੍ਰਾਫ਼ (Fine Guidance Sensor and Near Infrared Imager and Slitless Spectrograph (FGS-NIRISS)), ਦੂਜਾ ਮੀਰੀ (MIRI) ਨਾਂਅ ਦਾ ਮਿਡ ਇਨਫਰਾ ਰੈਡ ਇੰਸਟਰੂਮੈਂਟ MIRI Mid-Infra Red Instrument ਹੈ, ਤੀਜਾ ਐਨ ਆਈ ਆਰ ਕੈਮਰਾ (NIRCam) ਅਤੇ ਚੌਥਾ ਐਨ ਆਈ ਆਰ ਸਪੈਕਟੋਗ੍ਰਾਫ਼ (NIR Spec) ਇਨ੍ਹਾਂ ਚਾਰਾਂ ਦੀ ਵੱਖੋ-ਵੱਖ ਕਾਰਜ ਪ੍ਰਣਾਲ਼ੀ ਹੈ ਤੇ ਇਨ੍ਹਾਂ ਚਾਰਾਂ ਵਿਚ ਵੀ ਅੱਗੇ ਹੋਰ ਵੱਖ ਵੱਖ ਤਰਾਂ ਦੇ ਸੈਂਕੜੇ ਛੋਟੇ ਛੋਟੇ ਕਲ-ਪੁਰਜੇ ਲੱਗੇ ਹੋਏ ਹਨ। ਇਨ੍ਹਾਂ ਚਾਰ ਯੰਤਰਾਂ ਨੂੰ ਦੂਰਬੀਨ ਦੇ ਹੇਠਲੇ ਹਿੱਸੇ ਵਿਚ ਤਪਸ਼ ਤੋਂ ਬਚਾਉਣ ਲਈ ਲਾਏ ਪਰਦਿਆਂ ਦੇ ਵਿਚਾਲ਼ੇ ਬਣੇ ਗੋਲ਼ ਆਕਾਰ ਦੇ ਢਾਂਚੇ ਵਿਚ ਰੱਖਿਆ ਗਿਆ ਹੈ। Integrated_Science_Instrument_Module (ISIM) ਨਾਂਅ ਦਾ ਇਹ ਗੋਲ਼ ਢਾਂਚਾ ਬੌਂਡਡ ਗ੍ਰੇਫਾਈਟ-ਈਪੌਕਸੀ ਕੰਪੋਜਿਟ (Bonded graphite-epoxy composite) ਨਾਲ਼ ਬਣਾਇਆ ਗਿਆ ਹੈ।

ਇਸ ਤੋਂ ਇਲਾਵਾ ਪੰਜਵਾਂ ਮੁੱਖ ਤੇ ਬਾਹਰੀ ਯੰਤਰ ਟੋਕਰੇ ਦੇ ਆਕਾਰ ਦਾ ਇਸ ਦਾ ਵਿਸ਼ਾਲ ਐਨਟੀਨਾ (Antina) ਹੈ ਜਿਹੜਾ ਬ੍ਰਹਿਮੰਡ ਵਿਚੋਂ ਇਨਫਰਾ ਰੈਡ ਕਿਰਨਾਂ ਨੂੰ ਇਕੱਤਰ ਕਰਕੇ ਘੋਖ-ਪੜਤਾਲ਼ ਲਈ ਉਪਰ ਦੱਸੇ ਚਾਰ ਯੰਤਰਾਂ ਨੂੰ ਭੇਜੇਗਾ। ਇਹ ਸਾਰੇ ਹੀ ਇਕਸੁਰਤਾ ਨਾਲ਼ ਮਿਲ ਕੇ ਇਕ ਟੀਮ ਦੇ ਰੂਪ ਵਿਚ ਕੁਸ਼ਲਤਾ ਨਾਲ਼ ਕੰਮ ਕਰਨਗੇ। (ਇਨ੍ਹਾਂ ਮੁੱਖ ਚਾਰ ਤਕਨੀਕੀ ਯੰਤਰਾਂ ਦੀਆਂ ਤਸਵੀਰਾਂ ਵੀ ਇਸ ਲੇਖ ਨਾਲ਼ ਸ਼ਾਮਿਲ ਹਨ।)

FGT_ETU & NIRcam

ਜੇਮਜ਼ ਵੈਬ ਸਪੇਸ ਟੈਲੀਸਕੋਪ ਦੇ ਵਿਸ਼ਾਲ ਐਨਟੀਨਾ ਨੂੰ ਪੁਲਾੜ ਵਿਚ ਭੇਜਣਾ ਸੀ ਵੱਡੀ ਮੁਸ਼ਕਿਲ

ਇਸ ਦੂਰਬੀਨ ਦਾ ਬਾਹਰੀ ਐਨਟੀਨਾ ਟੀ ਵੀ ਚੈਨਲਾਂ ਅਤੇ ਡੀਟੀਐਚ ਸੇਵਾਵਾਂ ਲਈ ਵਰਤੇ ਜਾਂਦੇ ਐਨਟੀਨੇ ਵਰਗੇ ਗੋਲ਼ ਛੱਜੇ ਦੇ ਨਮੂਨੇ ਵਾਂਗ ਹੀ ਬਣਾਇਆ ਗਿਆ ਹੈ। 21.3 ਫੁੱਟ (6.5 ਮੀਟਰ) ਘੇਰੇ ਵਾਲ਼ੇ ਇਸ ਵਿਸ਼ਾਲ ਛੱਜੇ ਨੂੰ ਇਕੋ ਟੁਕੜੇ ਵਿਚ ਬਣਾਉਣਾ ਤਾਂ ਕੋਈ ਮੁਸ਼ਕਿਲ ਨਹੀਂ ਸੀ ਪਰ ਇਸ ਨੂੰ ਪੁਲਾੜ ਵਿਚ ਭੇਜਣਾ ਫਿਲਹਾਲ ਅਸੰਭਵ ਸੀ ਕਿਉਂਕਿ ਏਨੇ ਵਿਸ਼ਾਲ ਆਕਾਰ ਦੇ ਐਨਟੀਨੇ ਨੂੰ ਲਿਜਾਣ ਦੇ ਸਮਰੱਥ ਕੋਈ ਵੀ ਰਾਕਟ ਜਾਂ ਸਪੇਸ ਸ਼ਟਲ ਹਾਲੇ ਤੱਕ ਨਹੀਂ ਬਣ ਸਕੀ। ਇਸ ਮੁਸ਼ਕਿਲ ਦਾ ਹੱਲ ਕਰਨ ਲਈ ਵਿਗਿਆਨੀਆਂ ਨੇ ਇਕ ਵਿਲੱਖਣ ਨਮੂਨਾ ਤਿਆਰ ਕੀਤਾ, ਜਿਸ ਵਿਚ ਬੈਰੀਲੀਅਮ ਨਾਂਅ ਦੀ ਵਿਲੱਖਣ ਧਾਤ ਦੇ ਬਣੇ ਹੋਏ ਤੇ ਸੋਨੇ ਦੀ ਝਾਲ ਚਾੜ੍ਹੇ ਹੋਏ ਛੇ ਕੋਨੇ ਵਾਲ਼ੇ (Hexagonal) 18 ਵੱਖੋ-ਵੱਖ ਸ਼ੀਸ਼ੇ ਜੜੇ ਗਏ ਹਨ। ਇਨ੍ਹਾਂ 18 ਸ਼ੀਸ਼ਿਆਂ ਨੂੰ ਵੀ ਮੋੜ (Fold) ਕੇ ਥੋੜ੍ਹੀ ਥਾਂ ਵਿਚ ਇਕੱਠੇ ਕਰਨ ਲਈ ਇਕ ਦੂਜੇ ਨਾਲ਼ ਜੁੜੇ ਤਿੰਨ ਵੱਖੋ-ਵੱਖ ਢਾਂਚਿਆਂ ਉਤੇ (12+3+3 ਦੀਆਂ ਤਿੰਨ ਕਤਾਰਾਂ ਵਿਚ) ਫਿੱਟ ਕੀਤਾ ਗਿਆ ਹੈ। ਵਿਗਿਆਨੀਆਂ ਨੇ ਇਹ 18 ਸ਼ੀਸ਼ੇ ਅਜਿਹੇ ਸੈਂਸਰਾਂ ਸਮੇਤ ਅਤੇ ਵਿਲੱਖਣ ਤਕਨੀਕ ਨਾਲ਼ ਫਿਟ ਕੀਤੇ ਹਨ ਜੋ ਮਿਥੀ ਥਾਂ ਉਪਰ ਪਹੁੰਚ ਕੇ ਦੂਰਬੀਨ ਦਾ ਛੱਜਾ ਖੁਲ੍ਹਣ ਤੋਂ ਬਾਅਦ ਲੋੜ ਪੈਣ ’ਤੇ ਇਨ੍ਹਾਂ ਸ਼ੀਸ਼ਿਆਂ ਉਪਰ ਪੈਂਦੀ ਰੌਸ਼ਨੀ ਰਾਹੀਂ ਖੁਦ-ਬ-ਖੁਦ ਹੀ ਐਨਟੀਨੇ ਦੇ ਰਸੀਵਰ ਦੀ ਸੇਧ ਵਿਚ ਕੇਂਦਰਿਤ ਹੋ ਜਾਣਗੇ।

JMST Antina

ਸੂਰਜੀ ਤਪਸ਼ ਤੇ ਇਨਫਰਾ ਰੈਡ ਕਿਰਨਾ ਦੇ ਰੇਡੀਏਸ਼ਨ ਤੋਂ ਜੇਮਜ਼ ਵੈਬ ਸਪੇਸ ਟੈਲੀਸਕੋਪ ਦੀ ਸੁਰੱਖਿਆ ਸੀ ਵੱਡੀ ਸਮੱਸਿਆ

ਇਸ ਦੂਰਬੀਨ ਨੇ ਕਿਉਂਕਿ ਮੁੱਖ ਰੂਪ ਵਿਚ ਇਨਫਰਾਰੈਡ ਕਿਰਨਾਂ ਰਾਹੀਂ ਅਨੰਤ ਬ੍ਰਹਿਮੰਡ ਦੇ ਗੁੱਝੇ ਭੇਦਾਂ ਦੀ ਖੋਜ਼ ਕਰਨੀ ਹੈ ਇਸ ਕਰਕੇ ਇਨ੍ਹਾਂ ਕਿਰਨਾਂ ਤੋਂ ਪੈਦਾ ਹੋਣ ਵਾਲ਼ੀ ਗਰਮਾਇਸ਼ ਅਤੇ ਰੇਡੀਏਸ਼ਨ ਤੋਂ ਇਲਾਵਾ ਸੂਰਜੀ ਤਪਸ਼ ਤੋਂ ਇਸ ਨੂੰ ਬਚਾ ਕੇ ਠੰਢਾ ਰੱਖਣਾ ਵਿਗਿਆਨੀਆਂ ਸਾਮਹਣੇ ਮੁੱਖ ਚੁਣੌਤੀ ਸੀ। ਇਸ ਦੂਰਬੀਨ ਨੂੰ -223 ਡਿਗਰੀ ਸੈਂਟੀਗ੍ਰੇਡ (-369 ਡਿਗਰੀ ਫਾਰਨਹੀਟ) ਤੱਕ ਯੱਖ ਠੰਢੀ ਹਾਲਤ ਵਿਚ ਰੱਖਣਾ ਬੇਹੱਦ ਜਰੂਰੀ ਹੈ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਜਿਹੜੀਆਂ ਇਨਫਰਾਰੈਡ ਕਿਰਨਾਂ ਇਸ ਨੇ ਆਪਣੇ ਵਿਸ਼ਾਲ ਲੈਂਜਾਂ ਰਾਹੀਂ ਇਕੱਤਰ ਕਰਨੀਆਂ ਹਨ, ਉਨ੍ਹਾਂ ਤੋਂ ਪੈਦਾ ਹੁੰਦੀ ਲਗਾਤਾਰ ਗਰਮਾਇਸ਼ ਤੇ ਰੇਡੀਏਸ਼ਨ ਨੇ ਹੀ ਇਸ ਨੂੰ ਸਾੜ ਕੇ ਸੁਆਹ ਕਰ ਦੇਣਾ ਹੈ। ਇਸ ਮਕਸਦ ਲਈ ਵਿਗਿਆਨੀਆਂ ਨੇ ਇਸ ਦੇ ਇਕ ਪਾਸੇ ਵਿਸ਼ਾਲ ਆਕਾਰ ਦੇ ਸੁਰੱਖਿਆ ਪਰਦੇ ਤਾਣਨ ਦਾ ਪ੍ਰਬੰਧ ਕੀਤਾ, ਜਿਹੜੇ ਇਸ ਦੂਰਬੀਨ ਨੂੰ ਸੂਰਜੀ ਤਪਸ਼ ਤੋਂ ਬਚਾਉਣ ਦੇ ਨਾਲ਼ ਨਾਲ਼ ਇਸ ਦਾ ਤਾਪਮਾਨ ਕਾਬੂ ਵਿਚ ਰੱਖਣ ਲਈ ਵੀ ਸਹਾਈ ਹੋਣਗੇ।

ਵਿਸ਼ੇਸ਼ ਕਿਸਮ ਦੇ ਪਲਾਸਟਿਕ, ਐਲੂਮੀਨੀਅਮ ਤੇ ਹੋਰ ਧਾਤਾਂ ਦੇ ਮਿਸ਼ਰਣ ਤੋਂ ਬਣੇ ਹਨ ਵਿਸ਼ਾਲ ਸੁਰੱਖਿਆ ਪਰਦੇ

ਜੇਮਜ਼ ਵੈਬ ਸਪੇਸ ਟੈਲੀਸਕੋਪ ਦੀ ਤਪਸ਼ ਤੋਂ ਸੁਰੱਖਿਆ ਲਈ ਬਣਾਏ ਇਹ ਪਰਦੇ ਵਿਸ਼ੇਸ਼ ਕਿਸਮ ਦੇ ਪਲਾਸਟਿਕ (KAPTON E), ਐਲੂਮੀਅਮ ਤੇ ਹੋਰ ਧਾਤਾਂ ਦੇ ਮਿਸ਼ਰਣ ਤੋਂ ਬਣੇ ਹਨ। ਥੋੜ੍ਹੇ ਥੋੜ੍ਹੇ ਫਾਸਲੇ ’ਤੇ ਰੱਖ ਕੇ ਪੰਜ ਵੱਖੋ-ਵੱਖ ਪਰਤਾਂ ਵਿਚ ਫਿੱਟ ਕੀਤੇ ਇਹ ਪਰਦੇ ਮੋਟਾਈ ਪੱਖੋਂ ਮਨੁੱਖੀ ਵਾਲ਼ ਜਿੰਨੇ ਬਾਰੀਕ, ਬੇਹੱਦ ਮੁਲਾਇਮ ਤੇ ਮੁੜਨਸਾਰ ਪਰ ਫਟਣ ਪੱਖੋਂ ਇਹ ਬੇਹੱਦ ਨਾਜੁਕ ਹਨ। ਦੂਰਬੀਨ ਦੇ ਆਪਣੇ ਮਿਥੇ ਟਿਕਾਣੇ ’ਤੇ ਪਹੁੰਚਣ ਉਪਰੰਤ ਜਦੋਂ ਇਹ ਪਰਦੇ ਪੂਰੀ ਤਰਾਂ ਖੋਲ੍ਹੇ ਜਾਣਗੇ ਤਾਂ ਇਨ੍ਹਾਂ ਦਾ ਆਕਾਰ ਦੂਰਬੀਨ ਦੇ ਲੈਨਜ਼ ਵਾਲ਼ੇ ਪਾਸੇ 46.46 ਫੁੱਟ ਚੌੜਾ ਅਤੇ ਲੰਬਾਈ ਵਾਲ਼ੇ ਪਾਸੇ ਨੂੰ 69.54 ਫੁੱਟ ਹੋਵੇਗਾ। ਏਨੇ ਵਿਸ਼ਾਲ ਸੁਰੱਖਿਆ ਪਰਦਿਆਂ ਨੂੰ ਇਸ ਦੂਰਬੀਨ ਨਾਲ਼ ਜੋੜ ਕੇ ਰਾਕਟ ਦੀ ਥੋੜ੍ਹੀ ਜਿਹੀ ਥਾਂ ਵਿਚ ਟਿਕਾਉਣ ਲਈ ਇਨ੍ਹਾਂ ਨੂੰ 12 ਵੱਖ ਵੱਖ ਤੈਹਾਂ ਵਿਚ ਮੋੜ ਕੇ ਇਕੱਠਾ ਕਰਨਾ ਪਿਆ। ਏਨੀਆਂ ਤੈਹਾਂ ਲਾਉਣ ਅਤੇ ਟਿਕਾਣੇ ਪਹੁੰਚ ਕੇ ਇਨ੍ਹਾਂ ਪਰਦਿਆਂ ਨੂੰ ਖੋਲ੍ਹਣ ਦੌਰਾਨ ਹੋਣ ਵਾਲ਼ੇ ਕਿਸੇ ਵੀ ਸੰਭਾਵੀ ਨੁਕਸਾਨ ਦੀ ਰੋਕਥਾਮ ਲਈ ਵਿਗਿਆਨੀਆਂ ਨੇ ਇਨ੍ਹਾਂ ਪਰਦਿਆਂ ਨੂੰ ਦੂਰਬੀਨ ਨਾਲ਼ ਫਿਟ ਕਰਨ ਤੋਂ ਪਹਿਲਾਂ ਸੈਂਕੜੇ ਵਾਰ ਬੰਦ ਕਰਕੇ ਤੇ ਖੋਲ੍ਹ ਕੇ ਵੇਖਿਆ ਪਰਖਿਆ।

Sun Shield of James-Webb-Space-Telescope

ਮੁੱਢਲੇ ਅੰਦਾਜੇ ਤੋਂ 10 ਸਾਲ ਦੇਰੀ ਨਾਲ਼ ਉਡੀ ਜੇਮਜ਼ ਵੈਬ ਸਪੇਸ ਟੈਲੀਸਕੋਪ

ਨਾਸਾ ਵਿਗਿਆਨੀ ਪਿਛਲੇ 25 ਸਾਲ ਤੋਂ ਇਸ ਦੂਰਬੀਨ ਨੂੰ ਪੁਲਾੜ ਵਿਚ ਭੇਜਣ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਸਨ, ਪਰ ਇਹ ਉਨ੍ਹਾਂ ਦੇ ਮੁੱਢਲੇ ਅੰਦਾਜੇ ਤੋਂ 10 ਸਾਲ ਦੇਰੀ ਨਾਲ਼ ਹੀ ਉਡਾਣ ਭਰ ਸਕੀ। ਦਰਅਸਲ ਇਸ ਦੇਰੀ ਦੀ ਮੁੱਖ ਵਜ੍ਹਾ ਇਸ ਦੂਰਬੀਨ ਨੂੰ ਧਰਤੀ ਤੋਂ ਏਨੀ ਜਿਆਦਾ ਦੂਰੀ ’ਤੇ ਸਥਾਪਤ ਕਰਨਾ ਹੀ ਸੀ। ਇਸ ਦੀਆਂ ਵੱਖ ਵੱਖ ਤਰਾਂ ਦੀਆਂ ਪਰਖਾਂ ਨੂੰ ਕਈ ਸਾਲ ਦਾ ਸਮਾਂ ਲੱਗ ਗਿਆ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਕੰਮ ਕਰ ਰਹੀ ਦੁਨੀਆਂ ਦੀ ਸਭ ਤੋਂ ਵੱਡੀ ਪੁਲਾੜ ਦੂਰਬੀਨ ‘ਹੱਬਲ’ ਧਰਤੀ ਤੋਂ ਮਹਿਜ 547 ਕਿਲੋਮੀਟਰ (340 ਮੀਲ) ਦੂਰ ਹੀ ਇਕ ਮਿਥੇ ਪੰਧ ਉਤੇ ਧਰਤੀ ਦੁਆਲ਼ੇ ਚੱਕਰ ਲਾ ਰਹੀ ਹੈ। ਵਿਗਿਆਨੀ ਪਿਛਲੇ 30 ਸਾਲਾਂ ਦੌਰਾਨ ਕਈ ਵਾਰ ਪੁਲਾੜ ਗੱਡੀ ਰਾਹੀਂ ਹੱਬਲ ਦੂਰਬੀਨ ਤੱਕ ਪਹੁੰਚ ਕੇ ਇਸ ਦੀ ਲੋੜੀਂਦੀ ਮੁਰੰਮਤ ਤੇ ਸਾਫ ਸਫਾਈ ਕਰ ਚੁੱਕੇ ਹਨ। ਪਰ ਜੇਮਜ਼ ਵੈਬ ਨੂੰ ਕਿਉਂਕਿ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਸਥਾਪਿਤ ਕੀਤਾ ਜਾਣਾ ਹੈ, ਜਿਥੇ ਇਸ ਵਿਚ ਪੈਣ ਵਾਲ਼ੇ ਕਿਸੇ ਵੀ ਸੰਭਾਵੀ ਨੁਕਸ ਨੂੰ ਦੂਰ ਕਰਨ ਲਈ ਪੁਲਾੜ ਯਾਤਰੀਆਂ ਨੂੰ ਭੇਜਣਾ ਸੰਭਵ ਹੀ ਨਹੀਂ ਸੀ। ਇਸ ਕਰਕੇ ਵਿਗਿਆਨੀ ਇਸ ਨੂੰ ਪੁਲਾੜ ਵਿਚ ਭੇਜਣ ਤੋਂ ਪਹਿਲਾਂ ਹੀ ਹਰ ਸੰਭਾਵੀ ਤਕਨੀਕੀ ਨੁਕਸ ਜਾਂ ਖਤਰੇ ਦੀ ਸੰਭਾਵਨਾ ਨੂੰ ਖਤਮ ਕਰਨਾ ਚਾਹੁੰਦੇ ਸਨ।

ਜੇਮਜ਼ ਵੈਬ ਸਪੇਸ ਟੈਲੀਸਕੋਪ ਦੇ ਸੁਰੱਖਿਆ ਪਰਦੇ ’ਤੇ ਉਭਰੀਆਂ ਦੋ ਪਾਣੀ ਬੂੰਦਾਂ ਨੇ ਕਰਵਾਈ 3 ਸਾਲ ਦੀ ਹੋਰ ਦੇਰੀ

ਵਿਗਿਆਨੀ ਪਿਛਲੇ ਡੇਢ ਦਹਾਕੇ ਤੋਂ ਲਗਾਤਾਰ ਇਸ ਦੂਰਬੀਨ ਦੀ ਵੱਖੋ-ਵੱਖ ਪਹਿਲੂਆਂ ਤੋਂ ਜਾਂਚ ਪਰਖ ਵਿਚ ਲੱਗੇ ਹੋਏ ਸਨ। ਇਹ ਪਰਖਾਂ ਕਿੰਨੀ ਬਾਰੀਕੀ ਨਾਲ਼ ਤੇ ਕਿੰਨੇ ਪਹਿਲੂਆਂ ਤੋਂ ਕੀਤੀਆਂ ਜਾ ਰਹੀਆਂ ਸਨ ਇਸ ਦਾ ਅੰਦਾਜਾ ਇਥੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ 2018 ਵਿਚ ਜਦੋਂ ਇਸ ਨੂੰ ਪੁਲਾੜ ਵਿਚ ਭੇਜਣ ਦੀ ਤਿਆਰੀ ਲਗਪਗ ਅੰਤਿਮ ਗੇੜ ਵਿਚ ਪਹੁੰਚ ਗਈ ਸੀ ਤਾਂ ਆਖਰੀ ਪਰਖਾਂ ਦੌਰਾਨ ਇਸ ਦੇ ਸੁਰੱਖਿਆ ਪਰਦਿਆਂ ਉਤੇ ਅਚਾਨਕ ਉਭਰੀਆਂ ਪਾਣੀ ਦੀਆਂ ਬੂੰਦਾਂ ਨੇ ਵਿਗਿਆਨੀਆਂ ਨੂੰ ਇਸ ਦੀ ਉਡਾਣ ਮੁੜ ਰੋਕਣ ਲਈ ਮਜ਼ਬੂਰ ਕਰ ਦਿੱਤਾ ਸੀ।

ਜੇਮਜ਼ ਵੈਬ ਸਪੇਸ ਟੈਲੀਸਕੋਪ ਦਾ ਨਾਂਅ ਬਦਲਣ ਦੀ ਮੰਗ ਨਾਸਾ ਵੱਲੋਂ ਰੱਦ

ਇਸ ਦੂਰਬੀਨ ਦਾ ਨਾਂਅ ਨਾਸਾ ਦੇ ਮੁੱਖ ਪ੍ਰਬੰਧਕ ਰਹੇ ਜ਼ੇਮਜ ਵੈਬ (James Webb) ਦੇ ਨਾਂਅ ’ਤੇ ਰੱਖਿਆ ਗਿਆ ਹੈ । ਅਮਰੀਕਾ ਸਮੇਤ ਕਈ ਮੁਲਕਾਂ ਦੇ ਪ੍ਰਮੁੱਖ ਵਿਗਿਆਨੀਆਂ, ਨਾਸਾ ਦੇ ਬਹੁਗਿਣਤੀ ਮੁਲਾਜ਼ਮਾਂ ਅਤੇ ਅਮਰੀਕਾ ਦੇ ਹਜ਼ਾਰਾਂ ਲੋਕਾਂ ਵੱਲੋਂ ਰੋਸ ਪ੍ਰਗਟ ਕਰਕੇ ਇਸ ਦਾ ਨਾਂਅ ਬਦਲਣ ਦੀ ਮੰਗ ਕੀਤੀ ਗਈ ਸੀ, ਪਰ ਨਾਸਾ ਦੇ ਮੌਜੂਦਾ ਮੁਖੀ ਵੱਲੋਂ ਇਹ ਮੰਗ ਰੱਦ ਕਰ ਦਿੱਤੀ ਗਈ ਹੈ। ਦਰਅਸਲ ਨਾਸਾ ਦਾ ਮੁਖੀ ਬਣਨ ਤੋਂ ਪਹਿਲਾਂ ਜ਼ੇਮਜ ਵੈਬ 1960-70 ਵਿਚਾਲ਼ੇ ਅਮਰੀਕਾ ਸਰਕਾਰ ਦੇ ਅੰਡਰ ਸੈਕਟਰੀ ਵਜੋਂ ਸੇਵਾਵਾਂ ਦਿੰਦੇ ਰਹੇ ਸਨ। ਉਸ ਦੇ ਕਾਰਜਕਾਲ ਦੌਰਾਨ ਹੀ ਨਾਸਾ ਸਮੇਤ ਅਮਰੀਕਾ ਦੇ ਪ੍ਰਮੁੱਖ ਸਰਕਾਰੀ ਮਹਿਕਮਿਆਂ ਵਿਚੋਂ ਸਮਲਿੰਗੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਕਈ ਸਾਲਾਂ ਦੇ ਲਗਾਤਾਰ ਸੰਘਰਸ਼ ਉਪਰੰਤ ਅਮਰੀਕਾ ਸਮੇਤ ਲਗਪਗ ਸਾਰੇ ਪੱਛਮੀ ਮੁਲਕਾਂ ਵਿਚ ਸਮਲਿੰਗੀਆਂ ਨੂੰ ਵੀ ਆਮ ਨਾਗਰਿਕਾਂ ਵਾਂਗ ਹੀ ਸਰਕਾਰੀ ਨੌਕਰੀ ਸਮੇਤ ਹੋਰ ਵੱਖ ਵੱਖ ਅਧਿਕਾਰ ਦੇਣ ਲਈ ਕਾਨੂੰਨ ਬਣਾ ਦਿੱਤੇ ਗਏ ਹਨ। ਇਸੇ ਵਿਤਕਰੇ ਕਾਰਨ ਦੂਰਬੀਨ ਦਾ ਨਾਂਅ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ।

ਅਰਬਾਂ ਸਾਲ ਪਹਿਲਾਂ ਦੇ ਬ੍ਰਹਿਮੰਡ ਦੇ ਭੇਦਾਂ ਦੀ ਖੋਜ ਕਰੇਗੀ ਜੇਮਜ਼ ਵੈਬ ਸਪੇਸ ਟੈਲੀਸਕੋਪ

ਇਸ ਵਿਲੱਖਣ ਦੂਰਬੀਨ ਰਾਹੀਂ ਵਿਗਿਆਨੀ ਅਨੰਤ ਬ੍ਰਹਿਮੰਡ ਦੀ ਖੋਜ ਕਰਦਿਆਂ ਇਹ ਜਾਣਨ ਦਾ ਯਤਨ ਕਰਨਗੇ ਕਿ ਅਰਬਾਂ ਸਾਲ ਪਹਿਲਾਂ ਸਾਡਾ ਇਹ ਬ੍ਰਹਿਮੰਡ ਕਿਸ ਤਰਾਂ ਦਾ ਵਿਖਾਈ ਦਿੰਦਾ ਸੀ। ਬਿੱਗ ਬੈਂਗ ਨਾਂਅ ਦੇ ਹੁਣ ਤੱਕ ਕਿਆਸ ਕੀਤੇ ਗਏ ਵੱਡੇ ਧਮਾਕੇ ਤੋਂ ਬਾਅਦ ਵੱਖ ਵੱਖ ਸਿਤਾਰੇ, ਗਲੈਕਸੀਆਂ ਤੇ ਗ੍ਰਹਿ ਕਿਵੇਂ ਹੋਂਦ ਵਿਚ ਆਏ ਤੇ ਇਨ੍ਹਾਂ ਵਿਚ ਕਿਸ ਤਰਾਂ ਦੀਆਂ ਤਬਦੀਲੀਆਂ ਆਈਆਂ। ਇਸ ਤੋਂ ਇਲਾਵਾ ਇਸ ਵਿਲੱਖਣ ਦੂਰਬੀਨ ਜਰੀਏ ਇਹ ਜਾਣਨ ਦੀ ਵੀ ਕੋਸ਼ਿਸ਼ ਰਹੇਗੀ ਕਿ ਸਾਡੀ ਧਰਤੀ ਤੋਂ ਦੂਰ ਇਸ ਬ੍ਰਹਿਮੰਡ ਦੇ ਕਿਸੇ ਹੋਰ ਗ੍ਰਹਿ ‘ਤੇ ਵੀ ਕੀ ਜੀਵਨ ਮੌਜੂਦ ਹੈ ?
ਇਨ੍ਹਾਂ ਸਵਾਲਾਂ ਵਿਚੋਂ ਕੁੱਝ ਦਾ ਜਵਾਬ ਤਾਂ ਸ਼ਾਇਦ ਅਗਲੇ ਸਾਲ ਭਾਵ 2022 ਦੇ ਦਸੰਬਰ ਤੱਕ ਹੀ ਮਿਲ ਜਾਵੇ, ਪਰ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਹੱਬਲ ਦੂਰਬੀਨ ਦੀ ਸੀਮਤ ਸਮਰੱਥਾ ਅਤੇ ਧਰਤੀ ਦੇ ਨੇੜੇ ਹੋਣ ਕਰਕੇ ਬ੍ਰਹਿਮੰਡ ਦੇ ਜਿਹੜੇ ਗੁੱਝੇ ਭੇਤਾਂ ਤੱਕ ਉਸ ਦੀ ਪਹੁੰਚ ਨਹੀਂ ਹੋ ਸਕਦੀ ਸ਼ਾਇਦ ਉਨ੍ਹਾਂ ਨੂੰ ਹੱਲ ਕਰਨ ਲਈ ਇਹ ਨਵੀਂ ਦੂਰਬੀਨ ਆਉਣ ਵਾਲ਼ੇ ਸਾਲਾਂ ਦੌਰਾਨ ਕੋਈ ਅਹਿਮ ਤੇ ਸਨਸਨੀਖੇਜ਼ ਖੁਲਾਸੇ ਕਰ ਦੇਵੇ।

James-Webb-Space-Telescope

 

Be the first to comment

Leave a Reply

Your email address will not be published.


*