ਜਾਨਲੇਵਾ ਸਾਬਤ ਹੋ ਸਕਦੇ ਨੇ ਲੰਮੇਂ ਸਮੇਂ ਤੱਕ ਫਰਿਜ ਵਿਚ ਰੱਖੇ ਕੱਚੇ ਜਾਂ ਪਕਾਏ ਹੋਏ ਭੋਜਨ ਪਦਾਰਥ

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 27 ਅਕਤੂਬਰ: ਸਿਹਤ ਮਾਹਿਰਾਂ ਤੇ ਵਿਗਿਆਨੀਆਂ ਦੀ ਰਾਏ ਹੈ ਕਿ ਕੱਚੇ ਤੇ ਪਕਾਏ ਹੋਏ ਭੋਜਨ ਪਦਾਰਥਾਂ, ਖਾਣ-ਪੀਣ ਵਾਲ਼ੀਆਂ ਚੀਜਾਂ ਆਦਿ ਨੂੰ ਫਰਿਜ ਵਿਚ ਰੱਖਣ ਲਈ ਵੀ ਇਕ ਸਮਾਂ ਹੱਦ ਹੁੰਦੀ ਹੈ, ਜਿਸ ਤੋਂ ਬਾਅਦ ਇਹ ਚੀਜਾਂ ਫਰਿਜ ਵਿਚ ਵੀ ਨਾ ਕੇਵਲ ਖਾਣ ਯੋਗ ਨਹੀਂ ਰਹਿੰਦੀਆਂ ਬਲਕਿ ਸਿਹਤ ਲਈ ਘਾਤਕ ਵੀ ਬਣ ਜਾਂਦੀਆਂ ਹਨ। ਅਮਰੀਕਾ, ਕੈਨੇਡਾ, ਯੌਰਪ ਅਤੇ ਹੋਰ ਉਨਤ ਮੁਲਕਾਂ ਵਿਚ ਭੋਜਨ ਪਦਾਰਥਾਂ ਦਾ ਕਾਰੋਬਾਰ ਕਰਨ ਵਾਲ਼ੇ ਵਪਾਰੀ ਭੋਜਨ ਤੇ ਸੁਰੱਖਿਅਤ ਹੋਣ ਅਤੇ ਸਫਾਈ ਦਾ ਬਹੁਤ ਖਿਆਲ ਰਖਦੇ ਹਨ ਪਰ ਏਸ਼ੀਆ ਅਤੇ ਅਫਰੀਕਾ ਦੇ ਬਹੁਤੇ ਮੁਲਕਾਂ ਵਿਚ ਨਾ ਕੇਵਲ ਭੋਜਨ ਪਦਾਰਥਾਂ ਦੇ ਵਪਾਰੀ ਅਕਸਰ ਅਣਗਹਿਲੀ ਕਰਦੇ ਹਨ ਬਲਕਿ ਖੁਦ ਲੋਕ ਵੀ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੰਦੇ। ਇਸ ਕਾਰਨ ਕਈ ਵਾਰ ਬੜੇ ਜਾਨਲੇਵਾ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਤਰਾਂ ਦੀ ਇਕ ਤਾਜਾ ਘਟਨਾ ਚੀਨ ਵਿਚ ਵਾਪਰੀ ਹੈ ਜਿਥੇ ਇਕੋ ਟੱਬਰ ਦੇ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਬਾਰੇ ਵੀਡੀਓ ਵੇਖਣ ਲਈ ਹੇਠ ਲਿਖੇ ਲਿੰਕ ਉਤੇ ਕਲਿਕ ਕਰ ਸਕਦੇ ਹੋ। 
ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਆਪੋ ਆਪਣੇ ਮੁਲਕਾਂ ਦੇ ਮੌਸਮ, ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਮੁਤਾਬਕ ਅਤੇ ਉਨ੍ਹਾਂ ਮੁਲਕਾਂ ਵਿਚ ਭੋਜਨ ਪਦਾਰਥਾਂ ‘ਚ ਪੈਦਾ ਹੋਣ ਵਾਲ਼ੇ ਜ਼ਰਮਾਂ (ਬੈਕਟੀਰੀਆ/ਵਾਇਰਸ) ਦੇ ਸਿਹਤ ਉਤੇ ਪੈਣ ਵਾਲ਼ੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਭੋਜਨ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸਫਾਈ ਪ੍ਰਬੰਧਾਂ ਅਤੇ ਗਾਹਕਾਂ ਨੂੰ ਸੁਰੱਖਿਅਤ ਭੋਜਨ ਪਦਾਰਥ ਪਰੋਸਣਾ ਯਕੀਨੀ ਬਣਾਉਣ ਲਈ ਖਾਣ-ਪੀਣ ਦੇ ਕਾਰੋਬਾਰਾਂ ਲਈ ਵਿਸ਼ੇਸ਼ ਹਦਾਇਤਾਂ ਵੀ ਲਾਗੂ ਕੀਤੀਆਂ ਜਾਂਦੀਆਂ ਹਨ। ਪੁਰਾਣੇ ਸਮਿਆਂ ਦੇ ਲੋਕ ਜਿਆਦਾਤਰ ਤਾਜਾ ਭੋਜਨ ਹੀ ਖਾਂਦੇ ਸਨ ਅਤੇ ਇਕ ਡੰਗ ਤੋਂ ਵੱਧ ਸਮੇਂ ਲਈ ਪਕਾਏ ਭੋਜਨ ਨੂੰ ਰੱਖਿਆ ਨਹੀਂ ਸੀ ਜਾਂਦਾ। ਪਰ ਬਦਲਦੇ ਸਮੇਂ ਦੌਰਾਨ ਕੰਮ-ਕਾਰ ਦੇ ਰੁਝੇਵਿਆਂ, ਵਧ ਰਹੇ ਸ਼ਹਿਰੀਕਰਨ ਅਤੇ ਮੌਸਮ ਦੇ ਲਿਹਾਜ ਨਾਲ਼ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਵਿਗਿਆਨੀਆਂ ਨੇ ਰੈਫਰਿਜ਼ਰੇਟਰ ਅਤੇ ਕੋਲਡ ਸਟੋਰਾਂ ਵਰਗੇ ਅਨੇਕਾਂ ਸਾਧਨ ਬਣਾ ਲਏ ਹਨ। ਹਾਲਾਂਕਿ ਹੁਣ ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਫਰਿਜ ਵਿਚ ਘੱਟ ਤਾਪਮਾਨ ਅਤੇ ਜਮਾਓ ਦਰਜੇ ਦੇ ਤਾਪਮਾਨ ਵਿਚ ਵੀ ਭੋਜਨ ਪਦਾਰਥਾਂ ਨੂੰ ਮਿਥੇ ਹੋਏ ਸਮੇਂ ਤੱਕ ਹੀ ਖਾਣਯੋਗ ਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਹ ਸਮਾਂ ਹੱਦ ਲੰਘਣ ਤੋਂ ਬਾਅਦ ਫਰਿਜ ਜਾਂ ਡੀਪ ਫਰਿਜ਼ਰ ਵਿਚ ਰੱਖਿਆ ਭੋਜਨ ਵੀ ਖਾਣ ਯੋਗ ਨਹੀਂ ਰਹਿੰਦਾ ਬਲਕਿ ਕਈ ਵਾਰ ਬੇਹੱਦ ਜ਼ਹਿਰੀਲਾ ਵੀ ਬਣ ਜਾਂਦਾ ਹੈ। ਅਮਰੀਕਾ ਅਤੇ ਹੋਰ ਉਨਤ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਖੁਰਾਕ ਸੁਰੱਖਿਆ ਦੇ ਨਾਂਅ ਹੇਠ ਆਪਣੇ ਮੁਲਕਾਂ ਦੇ ਲੋਕਾਂ ਨੂੰ ਭੋਜਨ ਦੀ ਸੁਰੱਖਿਆ ਬਾਰੇ ਪੂਰੇ ਵਿਸਥਾਰ ਨਾਲ਼ ਜਾਣਕਾਰੀ ਦੇਣ ਲਈ ਵਿਸ਼ੇਸ਼ ਵੈਬਸਾਈਟਾਂ ਬਣਾਈਆਂ ਹੋਈਆਂ ਹਨ। ਇਨ੍ਹਾਂ ਵਿਚ ਭੋਜਨ ਨੂੰ ਫਰਿਜ ਜਾਂ ਡੀਪ ਫਰੀਜ਼ਰ ਵਿਚ ਰੱਖੇ ਜਾਣ ਦੀ ਸਮਾਂ ਹੱਦ ਬਾਰੇ ਵੀ ਵਿਸਥਾਰ ਨਾਲ਼ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਭੋਜਨ ਵਿਚ ਪੈਦਾ ਹੋਣ ਵਾਲ਼ੇ ਸੰਭਾਵੀ ਸੂਖਮ ਜ਼ਰਮਾਂ ਤੇ ਇਨ੍ਹਾਂ ਤੋਂ ਪੈਦਾ ਹੋਣ ਵਾਲ਼ੀਆਂ ਬਿਮਾਰੀਆਂ ਤੇ ਅਲਾਮਤਾਂ ਬਾਰੇ ਵੀ ਦੱਸਿਆ ਹੁੰਦਾ ਹੈ। 
ਚੀਨ ਅਤੇ ਇਸ ਦੇ ਆਸ ਪਾਸ ਦੇ ਕਈ ਹੋਰ ਮੁਲਕਾਂ ਵਿਚ ਲੋਕ ਆਮ ਭੋਜਨ ਤੋਂ ਇਲਾਵਾ ਹਰ ਤਰਾਂ ਦੇ ਕੀੜੇ ਮਕੌੜੇ ਵੀ ਬੜੇ ਸ਼ੌਕ ਨਾਲ਼ ਖਾ ਜਾਂਦੇ ਹਨ। ਖਾਣ-ਪੀਣ ਦੀਆਂ ਇਹ ਆਦਤਾਂ ਚੀਨ ਜਾਂ ਦੁਨੀਆਂ ਦੇ ਹੋਰ ਮੁਲਕਾਂ ਦੇ ਲੋਕਾਂ ਦੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਹਨ ਤੇ ਹਰ ਖਿੱਤੇ ਵਿਚ ਇਹ ਆਦਤਾਂ ਉਥੋਂ ਦੇ ਹਾਲਾਤ ਅਤੇ ਮੌਸਮ ਮੁਤਾਬਕ ਵੀ ਬਦਲ ਜਾਂਦੀਆਂ ਹਨ। ਹਾਲਾਂਕਿ ਇਨ੍ਹਾਂ ਲੋਕਾਂ ਵੱਲੋਂ ਪਕਾ ਕੇ ਜਾਂ ਕਈ ਵਾਰ ਕੱਚੇ ਹੀ ਖਾਧੇ ਜਾਂਦੇ ਇਹ ਕੀੜੇ ਮਕੌੜੇ ਤੇ ਜੀਵ ਜੰਤੂ ਮਨੁੱਖੀ ਸਿਹਤ ਲਈ ਓਨੇ ਖਤਰਨਾਕ ਨਹੀਂ ਹੁੰਦੇ ਜਿੰਨੇ ਕੁਦਰਤੀ ਤੌਰ ‘ਤੇ ਭੋਜਨ ਪਦਾਰਥਾਂ ਵਿਚ ਪੈਦਾ ਹੋਣ ਵਾਲ਼ੇ ਸੂਖਮ ਜ਼ਰਮ ਹੁੰਦੇ ਨੇ। ਭੋਜਨ ਪਦਾਰਥਾਂ ਨੂੰ ਫਰਿਜ ਵਿਚ ਰੱਖਣ ਲਈ ਸਮਾਂ ਹੱਦ ਬਾਰੇ ਹੇਠਾਂ ਦਿੱਤੀਆਂ ਤਸਵੀਰਾਂ ਤੋਂ ਜਾਣਕਾਰੀ ਲੈ ਸਕਦੇ ਹੋ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

Be the first to comment

Leave a Reply

Your email address will not be published.


*