ਜਦੋਂ ਗੋਲ਼ੀ ਬਦਲੇ ਗੋਲ਼ੀ ਦੀ ਨੀਤੀ ਵੀ ਫੇਲ੍ਹ ਹੁੰਦੀ ਜਾਪੀ ਤਾਂ ਬੇਦੋਸ਼ਿਆਂ ਨੂੰ ਵੀ ‘ਲਾਪਤਾ’ ਦੱਸ ਕੇ ਮਾਰ-ਖਪਾਉਣ ਦੀ ਮੁਹਿੰਮ ਵਿੱਢੀ ਗਈ

 ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 6 ਸਤੰਬਰ : ਜਦੋਂ ਪੰਜਾਬ ਵਿਚ ਗੋਲ਼ੀ ਬਦਲੇ ਗੋਲ਼ੀ ਦੀ ਨੀਤੀ ਵੀ ਫੇਲ੍ਹ ਹੁੰਦੀ ਜਾਪੀ ਤਾਂ ਬੇਦੋਸ਼ਿਆਂ ਨੂੰ ਵੀ ‘ਲਾਪਤਾ’ ਦੱਸ ਕੇ ਮਾਰ-ਖਪਾਉਣ ਦੀ ਜ਼ਾਲਮਾਨਾ ਮੁਹਿੰਮ ਵਿੱਢੀ ਗਈ ਸੀ। ਇਸੇ ਅਣਮਨੁੱਖੀ ਕਾਰੇ ਦੇ ਵਿਰੋਧ ਵਿਚ ਆਵਾਜ ਉਠਾਉਣ ਬਦਲੇ ਜਸਵੰਤ ਸਿੰਘ ਖਾਲੜਾ ਨੂੰ ‘ਜਿਥੇ ਏਨੇ ਮਾਰੇ ਓਥੇ ਇਕ ਹੋਰ ਸਹੀ’ ਦੀ ਬਿਰਤੀ ਤਹਿਤ ‘ਲਾਪਤਾ’ ਕਰ ਦਿੱਤਾ ਗਿਆ ਸੀ।

ਦਰਅਸਲ ’84 ਦੇ ਦਰਬਾਰ ਸਾਹਿਬ ਉਪਰ ਹੋਏ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਭਾਰਤੀ ਹਕੂਮਤ ਵਿਰੁੱਧ ਉਪਜੇ ਰੋਹ ਕਾਰਨ ਪੰਜਾਬ ਵਿਚ ਵੱਡੀ ਗਿਣਤੀ ਨੌਜਵਾਨ ਬਾਗ਼ੀ ਹੋ ਗਏ ਅਤੇ ਉਨ੍ਹਾਂ ਨੇ ਆਪੋ ਆਪਣੀ ਸਮਝ ਮੁਤਾਬਕ ਜਥੇਬੰਦੀਆਂ ਬਣਾ ਕੇ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਇਸ ਬਗ਼ਾਵਤ ਨੂੰ ਖਤਮ ਕਰਨ ਲਈ ਇਸ ਪਿਛਲੇ ਅਸਲ ਕਾਰਨਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਉਨ੍ਹਾਂ ਦਾ ਹੱਲ ਕਰਨ ਦੀ ਬਜਾਏ ਹਕੂਮਤ ਨੇ ਇਨ੍ਹਾਂ ਬਾਗ਼ੀ ਬਿਰਤੀ ਦੇ ਨੌਜਵਾਨਾਂ ਨੂੰ ਹੀ ਖਤਮ ਕਰਨ ਦੀ ਮੁਹਿੰਮ ਵਿੱਢ ਦਿੱਤੀ। ਇਸ ਮੁਹਿੰਮ ਉਤੇ ਪਰਦਾ ਪਾ ਕੇ ਰੱਖਣ ਦੀ ਵਿਓਂਤਵੰਦੀ ਤਹਿਤ ਕੇਂਦਰ ਦੀ ਕਾਂਗਰਸ ਸਰਕਾਰ ਨੇ ਇਕ ਪਾਸੇ ਅਕਾਲੀ ਆਗੂਆਂ ਨਾਲ਼ ਗੱਲਬਾਤ ਦਾ ਦੌਰ ਵੀ ਚਲਦਾ ਰੱਖਿਆ। ਇਸੇ ਗੱਲਬਾਤ ਦੇ ਸਿਲਸਿਲੇ ਵਿਚ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਤੇ ਕਾਂਗਰਸ ਨੇ ਪੰਜਾਬ ਦੀ ਹਕੂਮਤ ਹੱਥੀਂ ਪਰੋਸ ਕੇ ਕੁੱਝ ਗੁਪਤਾ ਸ਼ਰਤਾਂ ਸਹਿਤ ਸੁਰਜੀਤ ਸਿੰਘ ਬਰਨਾਲ਼ਾ ਦੇ ਹਵਾਲੇ ਕੀਤੀ। ਇਨ੍ਹਾਂ ਗੁਪਤ ਸ਼ਰਤਾਂ ਤਹਿਤ ਹੀ ਬਰਨਾਲ਼ਾ ਸਰਕਾਰ ਵੱਲੋਂ ਮਹਾਂਰਾਸ਼ਟਰ ਦੇ ਚਰਚਿਤ ਪੁਲਿਸ ਅਧਿਕਾਰੀ ਤੇ ਮੁੰਬਈ ਪੁਲਿਸ ਦੇ ਕਮਿਸ਼ਨਰ ਜੂਲੀਓ ਫਰਾਂਸਿਸ ਰਿਬੈਰੋ ਨੂੰ ਪੰਜਾਬ ਪੁਲਿਸ ਦੀ ਕਮਾਨ ਸੰਭਾਲ਼ੀ ਗਈ। ਮੁੰਬਈ ਦੇ ਸੈਂਕੜੇ ਗੁੰਡੇ-ਬਦਮਾਸ਼ਾਂ ਨੂੰ ਪੁਲਿਸ ਮੁਕਾਬਲਿਆਂ ਵਿਚ ਮਾਰ ਕੇ ਚਰਚਾ ਵਿਚ ਆਏ ਰਿਬੈਰੋ ਨੇ ਪੰਜਾਬ ਵਿਚ ਵੀ ਖਾੜਕੂ ਨੌਜਵਾਨਾਂ ਦੇ ਖਾਤਮੇ ਲਈ ‘ਗੋਲ਼ੀ ਦਾ ਜਵਾਬ ਗੋਲ਼ੀ’ ਦੀ ਨੀਤੀ ਅਪਣਾਈ। ਪਰ 3 ਅਕਤੂਬਰ 1986 ਨੂੰ ਜਦੋਂ ਛੇ ਖਾੜਕੂ ਨੌਜਵਾਨਾਂ ਨੇ ਜਲੰਧਰ ਦੀ ਪੁਲਿਸ ਲਾਈਨ ਦੇ ਅੰਦਰ ਸੈਂਕੜੇ ਪੁਲਿਸ ਮੁਲਾਜ਼ਮਾਂ ਅਤੇ ਉਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਰਿਬੈਰੋ ਉਤੇ ਜਾਨਲੇਵਾ ਹਮਲਾ ਕੀਤਾ ਤਾਂ ਉਸ ਨੂੰ ਮੁੰਬਈ ਤੇ ਪੰਜਾਬ ਵਿਚਲਾ ਫ਼ਰਕ ਮਹਿਸੂਸ ਹੋਇਆ। ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਉਸ ਨੇ ਕੇਂਦਰ ਸਰਕਾਰ ਨੂੰ ਗੋਲ਼ੀ ਦੀ ਨੀਤੀ ਤਿਆਗ ਕੇ ਗੱਲਬਾਤ ਦਾ ਰਸਤਾ ਚੁਣਨ ਦੀ ਸਿਫ਼ਾਰਿਸ਼ ਵੀ ਕੀਤੀ। ਪਰ ਕੇਂਦਰੀ ਹਾਕਮਾਂ ਨੇ ਬਾਗ਼ੀ ਸੁਰਾਂ ਵਾਲ਼ੇ ਇਨ੍ਹਾਂ ਖਾੜਕੂਆਂ ਦੇ ਖਾਤਮੇ ਦੀ ਮੁਹਿੰਮ ਦੀ ਵਾਗਡੋਰ ਰਿਬੈਰੋ ਹੱਥੋਂ ਖੋਹ ਕੇ ਬੁੱਚੜ ਬਿਰਤੀ ਵਾਲ਼ੇ ਕੇ. ਪੀ. ਗਿੱਲ ਦੇ ਹੱਥ ਫੜਾ ਦਿੱਤੀ। ਗਿੱਲ ਨੇ ਵੀ ਇਸ ਬਗ਼ਾਵਤ ਨੂੰ ਕਿਸੇ ਖਾਸ ਮਕਸਦ ਦੀ ਪੂਰਤੀ ਲਈ ਜਾਂ ਹਕੂਮਤ ਦੇ ਜ਼ਬਰ ਤੇ ਬੇਇਨਸਾਫ਼ੀ ਵਿਰੁੱਧ ਪੈਦਾ ਹੋਏ ਰੋਹ ਦਾ ਨਤੀਜਾ ਮੰਨਣ ਦੀ ਥਾਂ ਇਸ ਵਰਤਾਰੇ ਨੂੰ ਪੰਜਾਬ ਵਿਚ ਪੀੜ੍ਹੀ ਦਰ ਪੀੜ੍ਹੀ ਚਲੀਆਂ ਆਉਂਦੀਆਂ ”ਜੱਟਾਂ ਦੀਆਂ ਸ਼ਰੀਕੇਬਾਜ਼ੀ ਦੀਆਂ ਦੁਸ਼ਮਣੀਆਂ” ਦਾ ਹੀ ਬਿਗੜਿਆ ਰੂਪ ਦੱਸਿਆ। ਆਪਣੀ ਇਸੇ ”ਜਟਵੈੜ” ਸੋਚ ਤਹਿਤ ਉਸ ਨੇ ਖਾੜਕੂ ਨੌਜਵਾਨਾਂ ਨੂੰ ਮਾਰਨ ਵਾਲ਼ੇ ਪੁਲਿਸ ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਤਰੱਕੀਆਂ ਤੇ ਨਕਦ ਇਨਾਮ ਦੇਣ ਦੀ ਪ੍ਰਥਾ ਸ਼ੁਰੂ ਕੀਤੀ। ਫਟਾਫਟ ਤਰੱਕੀਆਂ ਲੈਣ ਅਤੇ ਨਿਰਦੋਸ਼ਾਂ ਨੂੰ ਘਰਾਂ ਤੋਂ ਚੁੱਕ ਕੇ ਛੱਡਣ ਬਦਲੇ ਲੱਖਾਂ ਰੁਪਏ ਬਟੋਰਨ ਦੀ ਘਿਨਾਉਣੀ ਸੋਚ ਤਹਿਤ ਦਰਜ਼ਨਾਂ ਅਧਿਕਾਰੀਆਂ ਨੇ ਨੌਜਵਾਨਾਂ ਤੇ ਉਨ੍ਹਾਂ ਦੇ ਟੱਬਰਾਂ ਉਪਰ ਅੰਨ੍ਹੇ ਤਸ਼ੱਦਦ ਦਾ ਦੌਰ ਚਲਾ ਦਿੱਤਾ।  ਪਰ 1989 ਵਿਚ ਕੇਂਦਰ ਵਿਚ ਬਣੀ ਵੀ. ਪੀ. ਸਿੰਘ ਦੀ ਅਗਵਾਈ ਹੇਠਲੀ ਜਨਤਾ ਦਲ ਸਰਕਾਰ ਨੇ ਸਿੱਖ ਕੌਮ ਪ੍ਰਤੀ ਸੁਹਿਰਦਤਾ ਵਿਖਾਉਂਦਿਆਂ ਗਿੱਲ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ 

ਪਰ 1991 ਦੀਆਂ ਮੱਧਕਾਲੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਰਾਜੀਵ ਗਾਂਧੀ ਦਾ ਬੰਬ ਧਮਾਕੇ ਰਾਹੀਂ ਹੋਏ ਕਤਲ ਤੋਂ ਬਾਅਦ ਮਿਲੀ ਹਮਦਰਦੀ ਲਹਿਰ ਕਾਰਨ ਪੂਰੇ ਭਾਰਤ ਵਿਚ ਕਾਂਗਰਸ ਦੇ ਪੱਖ ਵਿਚ ਹਵਾ ਚੱਲ ਗਈ। ਦੂਜੇ ਪਾਸੇ ਇਨ੍ਹਾਂ ਮੱਧਕਾਲੀ ਚੋਣਾਂ ਦੇ ਨਾਲ਼ ਹੀ ਪੰਜਾਬ ਵਿਚ ਵਿਧਾਨ ਸਭਾ ਦੀਆਂ ਕਰਵਾਈਆਂ ਜਾ ਰਹੀਆਂ ਚੋਣਾਂ ਦੌਰਾਨ 1989 ਦੀਆਂ ਲੋਕ ਸਭਾ ਚੋਣਾਂ ਵਾਂਗ ਹੀ ਗਰਮ-ਖਿਆਲੀ ਪ੍ਰਚਾਰੇ ਜਾਂਦੇ ਨੌਜਵਾਨਾਂ ਦੇ ਹਿਮਾਇਤੀ ਆਗੂਆਂ ਦਾ ਬੋਲਬਾਲਾ ਸਪਸ਼ਟ ਨਜ਼ਰ ਆ ਰਿਹਾ ਸੀ। ਕੇਂਦਰ ਵਿਚ ਪੰਜਾਬ ਦੀਆਂ 13 ਸੀਟਾਂ ਤੋਂ ਬਿਨਾ ਹੀ ਸਪਸ਼ਟ ਬਹੁਮਤ ਮਿਲਦਾ ਵੇਖ ਕੇ ਕਾਂਗਰਸ ਆਗੂਆਂ ਨੇ ਏਜੰਸੀਆਂ ਦੀ ਰਾਏ ਮੁਤਾਬਕ ਐਨ ਆਖਰੀ ਸਮੇਂ ਉਤੇ ਪੰਜਾਬ ਦੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ। ਪਰ ਕੁੱਝ ਮਹੀਨਿਆਂ ਬਾਅਦ ਫਰਵਰੀ 1992 ਵਿਚ ਪੰਜਾਬ ਦੀਆਂ ਚੋਣਾਂ ਮੁੜ ਕਰਵਾਉਣ ਦਾ ਐਲਾਨ ਕੀਤਾ ਗਿਆ।  ਕੁੱਝ ਖਾੜਕੂ ਜਥੇਬੰਦੀਆਂ ਦੇ ਨਾਂਅ ਹੇਠ ਪੰਜਾਬੀਆਂ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਅਤੇ 1989 ਦੀਆਂ ਚੋਣਾਂ ਵਿਚ ਸਾਰੇ ਆਪਣੇ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕਰਵਾ ਚੁੱਕੇ ਬਾਦਲ ਦਲ ਨੇ ਵੀ ਆਪਣੇ ਗੁਪਤ ਰਾਜਸੀ ਏਜੰਡੇ ਤਹਿਤ ਬਾਈਕਾਟ ਦੇ ਫੈਸਲੇ ਦੀ ਹਮਾਇਤ ਕਰ ਦਿੱਤੀ। ਇਸ ਤਰਾਂ ਕੁੱਲ 6 ਫੀਸਦੀ ਵੋਟਾਂ ਲੈ ਕੇ ਬੇਅੰਤ ਦੀ ਅਗਵਾਈ ਹੇਠਲੀ ਪੰਜਾਬ ਕਾਂਗਰਸ ਸਰਕਾਰ ਹੋਂਦ ਵਿਚ ਆਈ। ਮੁੱਖ ਮੰਤਰੀ ਬਣਦਿਆਂ ਹੀ ਬੇਅੰਤ ਸਿੰਘ ਨੇ ਸਭ ਤੋਂ ਪਹਿਲਾਂ ਕੇ. ਪੀ. ਗਿੱਲ ਨੂੰ ਮੁੜ ਪੰਜਾਬ ਪੁਲਿਸ ਦੀ ਕਮਾਨ ਸੰਭਾਲਣ ਦਾ ਐਲਾਨ ਕੀਤਾ। ਗਿੱਲ ਨੇ ਇਸ ਬਗ਼ਾਵਤ ਦੇ ਖਾਤਮੇ ਲਈ ਆਪਣੇ ਸਿਆਸੀ ਆਕਾਵਾਂ ਤੋਂ ਪੂਰੀ ਖੁੱਲ੍ਹ ਖੇਡ ਦੇ ਅਖਤਿਆਰ ਮੰਗੇ। ਇਨ੍ਹਾਂ ਅਖਤਿਆਰਾਂ ਵਿਚ ਰਿਬੈਰੋ ਦੀ ‘ਗੋਲ਼ੀ ਦਾ ਜਵਾਬ ਗੋਲ਼ੀ’ ਦੀ ਨੀਤੀ ਤੋਂ ਵੀ ਦੋ ਪੈਰ ਅਗਾਂਹ ਚੱਲ ਕੇ ‘ਅਸਾਲਟਾਂ’ ਚੁੱਕਣ ਵਾਲ਼ੇ ਨੌਜਵਾਨਾਂ ਦੇ ਨਾਲ਼ ਨਾਲ਼ ਉਨ੍ਹਾਂ ਦੇ ਟੱਬਰਾਂ ਤੇ ਜਾਣ-ਪਛਾਣ ਜਾਂ ਮੇਲ ਮਿਲਾਪ ਰੱਖਣ ਵਾ਼ਲਿਆਂ ਨੂੰ ਵੀ ਖਤਮ ਕਰਨਾ ਸ਼ਾਮਿਲ ਸੀ। ਅਮਨ ਸ਼ਾਂਤੀ ਦੀ ਬਹਾਲ਼ੀ ਦੇ ਨਾਂਅ ‘ਤੇ ਕੇਂਦਰੀ ਹਕੂਮਤ ਦੀ ਪ੍ਰਵਾਨਗੀ ਨਾਲ਼ ਬੇਅੰਤ ਸਿੰਘ ਨੇ ਗਿੱਲ ਨੂੰ ਪੂਰੀ ਖੁੱਲ੍ਹੀ ਛੁੱਟੀ ਦੇ ਦਿੱਤੀ। ਇਸੇ ਖੁੱਲ੍ਹ ਹੇਠ ਗਿੱਲ ਨੇ ਆਪਣੇ ਹੇਠਲੇ ਪੁਲਿਸ ਅਧਿਕਾਰੀਆਂ ਨੁੰ ਹਥਿਆਰ ਚੁੱਕਣ ਵਾਲ਼ੇ ਨੌਜਵਾਨਾਂ ਦੇ ਨਾਲ਼ ਨਾਲ਼ ਬੇਕਸੂਰੇ ਸਾਬਤ ਸੂਰਤ ਦਿੱਖ ਤੇ ਅੰਮ੍ਰਿਤਧਾਰੀ ਨੌਜਵਾਨਾਂ, ਉਨ੍ਹਾਂ ਦੇ ਮਾਪਿਆਂ, ਨਜਦੀਕੀ ਰਿਸ਼ਤੇਤਦਾਰਾਂ ਅਤੇ ਇਥੋਂ ਤੱਕ ਕਿ ਗੱਲਬਾਤ ਕਰਨ ਵਾਲ਼ੇ ਜਾਣਕਾਰਾਂ ਨੂੰ ਵੀ ਮਾਰ ਮੁਕਾਉਣ ਦੀ ਖੁੱਲ੍ਹ ਦੇ ਦਿੱਤੀ। ਇਸੇ ਖੁਲ੍ਹ ਕਾਰਨ 1992-93 ਦੇ ਦੋ ਸਾਲਾਂ ਦੌਰਾਨ ਰੋਜ਼ਾਨਾ 8 ਤੋਂ 10 ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਦਾ ਕਹਿਰ ਭਰਿਆ ਦੌਰ ਚੱਲਿਆ। ਇਨ੍ਹਾਂ ਨਿਰਦੋਸ਼ਾਂ ਦੇ ਕਤਲਾਂ ਅਤੇ ਬਾਗ਼ੀ ਨੌਜਵਾਨਾਂ ਦੇ ਟੱਬਰਾਂ ਉਤੇ ਅੰਨ੍ਹੇ ਤੇ ਅਣਮਨੁੱਖੀ ਤਸ਼ੱਦਦ ਦੇ ਵਿਰੁੱਧ ਹੀ ਜਸਵੰਤ ਸਿੰਘ ਖਾਲੜਾ ਵਰਗੇ ਕੁੱਝ ਆਗੂਆਂ ਨੇ ਮਨੁੱਖੀ ਹੱਕਾਂ ਦੇ ਕਾਨੂੰਨ ਤਹਿਤ ਇਨਸਾਫ਼ ਮੰਗਣ ਦੀ ਮੁਹਿੰਮ ਵਿੱਢੀ ਜਿਸ ਤੋਂ ਖਫਾ ਹੋ ਕੇ ਗਿੱਲ ਨੇ ਆਪਣੇ ਖਾਸ ਵਫ਼ਾਦਾਰ ਅਜੀਤ ਸਿੰਘ ਸੰਧੂ ਰਾਹੀਂ ਸ: ਖਾਲੜਾ ਨੂੰ ਘਰੋਂ ਚੁੱਕ ਕੇ ਕਈ ਹਫ਼ਤੇ ਦੇ ਤਸ਼ੱਦਦ ਤੋਂ ਬਾਅਦ ਮਾਰ ਕੇ ਹਰੀਕੇ ਪੱਤਣ ਉਤੇ ਦਰਿਆ ਵਿਚ ਰੋੜ੍ਹ ਦਿੱਤਾ ਸੀ। 
ਨੋਟ: ਖਾਲੜਾ ਦੇ ਸੰਘਰਸ਼ ਦਾ ਵੇਰਵਾ ਅਗਲੀ ਕਿਸ਼ਤ ਵਿਚ

Be the first to comment

Leave a Reply

Your email address will not be published.


*