ਕੇਂਦਰ ਸਰਕਾਰ ਵੱਲੋਂ ਗੰਨੇ ਦੀ ਕੀਮਤ ਵਿਚ 10 ਰੁਪਏ ਦਾ ਨਿਗੂਣਾ ਵਾਧਾ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 20 ਅਗਸਤ: ਕੇਂਦਰ ਸਰਕਾਰ ਵੱਲੋਂ ਗੰਨੇ ਦੀ ਕੀਮਤ ਵਿਚ 10 ਰੁਪਏ ਦਾ ਨਿਗੂਣਾ ਵਾਧਾ ਕਿਸਾਨਾਂ ਨਾਲ਼ ਕੋਝੇ ਮਜਾਕ ਤੋਂ ਵੱਧ ਕੁੱਝ ਵੀ ਨਹੀਂ ਹੈ। ਜਿਥੇ ਗੰਨੇ ਦੀ ਪਿੜਾਈ ਤੋਂ ਬਾਅਦ ਖੰਡ ਮਿੱਲਾਂ ਦੇ ਮਾਲਕ ਖੰਡ, ਸ਼ੀਰਾ, ਇਥੇਨੌਲ ਆਦਿ ਦੀ ਵਿੱਕਰੀ ਰਾਹੀਂ ਅਰਬਾਂ ਰੁਪਏ ਕਮਾਉਂਦੇ ਨੇ, ਉਥੇ ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ 10 ਰੁਪਏ ਦਾ ਛੁਣਛੁਣਾ ਦੇ ਕੇ ਪਰਚਾਉਣਾ ਚਾਹੁੰਦੀ ਹੈ।

ਹਾਲਾਂਕਿ ਗੰਨੇ ਦਾ ਖਰੀਦ ਮੁੱਲ ਵਧਾਉਣ ਦਾ ਹੱਕ ਕੇਂਦਰ ਦੇ ਨਾਲ਼ ਨਾਲ਼ ਸੂਬਿਆਂ ਦੀਆਂ ਸਰਕਾਰਾਂ ਕੋਲ਼ ਵੀ ਹੁੰਦਾ ਹੈ ਪਰ ਗੰਨਾ ਬੀਜਣ ਵਾਲ਼ੇ ਬਹੁਤੇ ਕਿਸਾਨ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ। ਇਸੇ ਅਣਜਾਣਪੁਣੇ ਕਾਰਨ ਅਕਸਰ ਕਿਸਾਨ ਕੀਮਤਾਂ ਦੇ ਮੁੱਦੇ ਉਤੇ ਕਿਸਾਨ ਜਥੇਬੰਦੀਆਂ ਦੇ ਮੌਕਪ੍ਰਸਤ ਕਿਸਮ ਦੇ ਆਗੂਆਂ ਦੇ ਝਾਂਸੇ ਵਿਚ ਆ ਕੇ ਕੇਂਦਰ ਸਰਕਾਰ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ। ਇਸ ਦੇ ਨਾਲ਼ ਹੀ ਨਿੱਜੀ ਖੇਤਰ ਦੀਆਂ ਖੰਡ ਮਿੱਲਾਂ ਦੇ ਬਹੁਤੇ ਮਾਲਕ ਕਿਉਂਕਿ ਕਿਸੇ ਨਾ ਕਿਸੇ ਰਾਜਸੀ ਪਾਰਟੀ ਦੇ ਆਗੂ ਵੀ ਹੁੰਦੇ ਨੇ, ਇਸ ਕਰਕੇ ਉਹ ਸਰਕਾਰਾਂ ਉਪਰ ਦਬਾਅ ਬਣਾ ਕੇ ਆਪਣੇ ਪੱਖ ਦੀਆਂ ਨੀਤੀਆਂ ਲਾਗੂ ਕਰਵਾ ਲੈਂਦੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟ ਸਰਕਾਰੀ ਅਧਿਕਾਰੀ ਵੀ ਇਨ੍ਹਾਂ ਨਿੱਜੀ ਖੰਡ ਮਿੱਲਾਂ ਤੋਂ ਮੋਟੀਆਂ ਰਕਮਾਂ ਲੈ ਕੇ ਸਹਿਕਾਰੀ ਖੰਡ ਮਿੱਲਾਂ ਦਾ ਬੇੜਾ ਡੋਬਣ ਵਿਚ ਲੱਗੇ ਰਹਿੰਦੇ ਨੇ। ਅਸੀਂ ਅਕਸਰ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਖੰਡ ਮਿੱਲਾਂ ਕਿਸਾਨਾਂ ਦਾ ਅਰਬਾਂ ਰੁਪਏ ਕਈ ਕਈ ਮਹੀਨੇ ਅਦਾ ਨਹੀਂ ਕਰਦੀਆਂ ਤੇ ਕਈ ਵਾਰ ਤਾਂ ਇਹ ਸਮਾਂ ਸਾਲਾਂ ਵਿਚ ਵੀ ਪਹੁੰਚ ਜਾਂਦਾ ਹੈ। ਕਿਸਾਨ ਜੇਕਰ ਬੈਂਕਾਂ ਜਾਂ ਹੋਰ ਅਦਾਰਿਆਂ ਪਾਸੋਂ ਲਏ ਫਸਲ ਕਰਜ਼ੇ ਨੂੰ ਸਮੇਂ ਸਿਰ ਵਾਪਸ ਨਾ ਮੋੜੇ ਤਾਂ ਉਸ ਨੂੰ ਝੱਟ ਡਿਫਾਲਟਰ ਐਲਾਨ ਦਿੱਤਾ ਜਾਂਦਾ ਹੈ ਪਰ ਖੰਡ ਮਿੱਲਾਂ ਤੋਂ ਆਪਣੀ ਫਸਲ ਦਾ ਹੀ ਬਕਾਇਆ ਹਾਸਲ ਕਰਨ ਲਈ ਉਨ੍ਹਾਂ ਕਿਸਾਨਾਂ ਨੂੰ ਹੀ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਨੇ। 

Be the first to comment

Leave a Reply

Your email address will not be published.


*