ਕਿਹੋ ਜਿਹੀ ਸੀ 84 ਦੇ ਦੌਰ ਵਿਚ ਪੰਜਾਬ ਦੀ ਪੱਤਰਕਾਰਤਾ ? ਕੁੱਝ ਮੌਕਾਪ੍ਰਸਤ ਪੱਤਰਕਾਰਾਂ ਨੇ ਕਿਵੇਂ ਕੀਤੀ ਮੋਟੀ ਕਮਾਈ ?

ਪੱਤਰਕਾਰ ਹਰਬੀਰ ਸਿੰਘ ਭੰਬਰ ਦੀ ਕਿਤਾਬ ‘ਤੀਜਾ ਘੱਲੂਘਾਰਾ’ ਵਿਚੋਂ ਕੁੱਝ ਅਹਿਮ ਅੰਸ਼

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 1 ਜੂਨ 2021, ਪੰਜਾਬ ਮਸਲੇ ਦੇ ਜੇਕਰ ਸਹੀ ਕਾਰਨਾਂ ਦੀ ਪੜਤਾਲ ਕੀਤੀ ਜਾਏ ਤਾਂ ਪੰਜਾਬੀ ਭਾਸ਼ਾ (Punjabi Language) ਨਾਲ ਵਿਤਕਰਾ ਅਤੇ ਕੁੱਝ ਮੀਡੀਆ ਅਦਾਰਿਆਂ ਦੇ ਪ੍ਰਬੰਧਕਾਂ ਦੀ ‘ਸਿੱਖ ਵਿਰੋਧੀ’ ਸੋਚ ਦੋ ਬਹੁਤ ਵੱਡੇ ਕਾਰਨ ਜਾਪਦੇ ਹਨ। ਜੇ ਪੰਜਾਬ ਦੇ ਹਿੰਦੂ (Hindus) ਵੀਰ ਆਪਣੀ ਹੀ ਮਾਤਭਾਸ਼ਾ ਪੰਜਾਬੀ ਨੂੰ ਨਾ ਦੁਰਕਾਰਦੇ ਤਾਂ ਸ਼ਾਇਦ ਪੰਜਾਬੀ ਸੂਬੇ ਦੀ ਮੰਗ (Punjabi Suba movement) ਹੀ ਨਾ ਉਠਦੀ ਅਤੇ ਬਾਅਦ ਵਿਚ ਧਰਮਯੁਧ ਵਰਗਾ ਵਿਸ਼ਾਲ ਮੋਰਚਾ ਵੀ ਨਾ ਲਗਦਾ।
ਇਤਿਹਾਸ ਇਸ ਤੱਥ ਬਾਰੇ ਹੈਰਾਨ ਹੋਇਆ ਕਰੇਗਾ ਅਤੇ ਅਜਿਹੇ ਫ਼ਿਰਕਾਪ੍ਰਸਤਾਂ ਕੋਲ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਕਿ ਜੇ ਬੰਗਾਲ (West Bengal), ਆਸਾਮ (Asam), ਕੇਰਲਾ (Kerla), ਤਾਮਿਲਨਾਡੂ (Tamilnadu), ਕਰਨਾਟਕਾ (Karnatka) ਅਤੇ ਉਡੀਸ਼ਾ(Odisha) ਵਿਚ ਵਸਦੇ ਕਰੋੜਾਂ ਹਿੰਦੂਆਂ ਦੀ ਜ਼ੁਬਾਨ ਬੰਗਾਲੀ, ਅਸਾਮੀ, ਮਲਿਆਲਮ, ਤਮਿਲ, ਕੱਨੜ, ਉੜੀਆ ਆਦਿ ਦੀ ਬਜਾਏ ਹਿੰਦੀ (Hindi) ਨਹੀਂ ਸੀ, ਤਾਂ ਪੰਜਾਬ ਵਿਚ ਵਸਦੇ ਪੰਜਾਬੀ ਹਿੰਦੂ ਦੀ ਜ਼ੁਬਾਨ ਕੇਵਲ ”ਹਿੰਦੂ ਹੋਣ ਕਰਕੇ” ਹੀ ਹਿੰਦੀ ਕਿਵੇਂ ਤੇ ਕਿਉਂ ਹੋ ਗਈ ?
ਆਪਣੇ ਕਾਰੋਬਾਰੀ ਹਿੱਤਾਂ ਲਈ ਮੀਡੀਆ ਅਦਾਰਿਆਂ ਦੀ ਮੱਕਾਰੀ:
ਜਲੰਧਰ ਦੇ ਇਕ ਉਰਦੂ ਅਖ਼ਬਾਰ ਦਾ ਸੰਪਾਦਕ ਨੂੰ ਸਾਰੇ ਸਰਕਾਰੀ ਭੇਦਾਂ ਦਾ ਪਤਾ ਸੀ, ਉਸ ਨੇ ਆਪਣੇ ਅਖ਼ਬਾਰ ਵਿਚ ਇਹ ਬਹੁਤ ਵੱਡੀ ਖ਼ਬਰ ਦਿੱਤੀ ਕਿ ਤਹਿਸੀਲ ਊਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਕੂਲਾਂ ਦੇ ਸਟਾਫ਼ ਨੂੰ ਕਿਉਂਕਿ ਪਹਾੜੀ ਭੱਤਾ ਮਿਲਦਾ ਹੈ, ਇਸ ਆਧਾਰ ‘ਤੇ ਊਨਾ ਤਹਿਸੀਲ ਨੂੰ ਹਿਮਾਚਲ ਪ੍ਰਦੇਸ਼ ਵਿਚ ਸ਼ਾਮਲ ਕਰ ਦਿੱਤਾ ਜਾਣਾ ਬਿਲਕੁਲ ਸਹੀ ਹੈ। ਹਾਲਾਂਕਿ ਇਸ ਤਹਿਸੀਲ ਦਾ ਬਹੁਤਾ ਹਿੱਸਾ ਮੈਦਾਨੀ ਇਲਾਕਾ ਹੈ ਅਤੇ ਬੋਲੀ ਅਤੇ ਸਭਿਆਚਾਰ ਦੇ ਪੱਖੋਂ ਵੀ ਠੇਠ ਪੰਜਾਬੀ ਹੈ। ਦਿਲਚਸਪ ਤੱਥ ਇਹ ਸੀ ਕਿ ਹਿਮਾਚਲ ਦੇ ਬਾਕੀ ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਊਨਾ ਦੇ ਰਹਿਣ ਵਾਲੇ ਲੋਕਾਂ ਨੂੰ ਡੇਢ ਦੋ ਦਹਾਕਿਆਂ ਤੱਕ ਪੰਜਾਬੀ ਹੀ ਕਿਹਾ ਜਾਂਦਾ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਪਾਕਿਸਤਾਨ ਖੂਨੀ ਵੰਡ ਤੋਂ ਬਾਅਦ ਕਈ ਸਾਲਾਂ ਤੱਕ ਪੰਜਾਬ ਵਿਚ ਕੋਈ ਵੀ ਹਿੰਦੀ ਅਖ਼ਬਾਰ ਨਹੀਂ ਸੀ ਅਤੇ ਸ਼ਹਿਰੀ ਖੇਤਰ ਦੇ ਲਗਪਗ ਸਾਰੇ ਹਿੰਦੂ ਵੀ ਜਾਂ ਤਾਂ ਉਰਦੂ ਅਖ਼ਬਾਰ ਪੜ੍ਹਦੇ ਸਨ ਜਾਂ ਪੰਜਾਬੀ। ਪਰ ਇਸ ਦੇ ਬਾਵਜੂਦ ਜਲੰਧਰ ਦੇ ਇਕ ਉਰਦੂ ਅਖ਼ਬਾਰ ਦੇ ਸੰਪਾਦਕ ਨੇ ਫਿਰਕੂ ਤੇ ਜ਼ਹਿਰੀਲਾ ਪ੍ਰਚਾਰ ਕਰਕੇ ਸ਼ਹਿਰੀ ਹਿੰਦੂਆਂ ਨੂੰ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਉਕਸਾਇਆ। ਕੁੱਝ ਹਿੰਦੂ ਜਥੇਬੰਦੀਆਂ ਵੱਲੋਂ ਵੀ ਆਪੋ ਆਪਣੇ ਇਲਾਕਿਆਂ ਵਿਚ ਏਹੀ ਪ੍ਰਚਾਰ ਕੀਤਾ ਗਿਆ ਅਤੇ ਇਸੇ ਪ੍ਰਚਾਰ ਦੇ ਅਸਰ ਹੇਠ ਲੱਖਾਂ ਹਿੰਦੂ ਟੱਬਰਾਂ ਵੱਲੋਂ 1951 ਅਤੇ 1961 ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ ਗਈ।
ਪੰਜਾਬ ਦੇ ਕੁਝ ਅਖ਼ਬਾਰਾਂ ਦੇ ਐਡੀਟਰ ਕਿਸੇ ਨਾ ਕਿਸੇ ਧਾਰਮਿਕ ਸਥਾਨ ਦੀ ਪ੍ਰਬੰਧਕ ਕਮੇਟੀ ਜਾਂ ਜਥੇਬੰਦੀ ਦੇ ਮੁਖੀ ਜਾਂ ਪ੍ਰਮੁੱਖ ਅਹੁਦੇਦਾਰ ਵੀ ਹਨ ਜਾਂ ਰਹੇ ਹਨ। ਆਪਣੀ ਲੀਡਰੀ ਚਮਕਾਉਣ ਲਈ ਅਤੇ ਆਪਣੇ ਅਖ਼ਬਾਰ ਦੀ ਗਿਣਤੀ ਵਧਾਉਣ ਲਈ ਉਨ੍ਹਾਂ ਆਪਣੇ ਫਿਰਕੇ ਦੇ ਜਜ਼ਬਾਤ ਭੜਕਾਉਣ ਤੋਂ ਗੁਰੇਜ਼ ਨਹੀਂ ਕੀਤਾ। ਕੁਝ ਅਖ਼ਬਾਰਾਂ ਵਿਚ ‘ਪੰਥਕ ਜਾਂ ਹਿੰਦੂਆਂ ਦਾ ਤਰਜਮਾਨ’ ਬਨਣ ਦੀ ਦੌੜ ਲਗੀ ਰਹੀ ਹੈ ਜਿਸ ਕਾਰਨ ਪੰਜਾਬ ਦੀ ਵਰਤਮਾਨ ਸਮੱਸਿਆ ਹੋਰ ਗੁੰਝਲਦਾਰ ਹੁੰਦੀ ਗਈ ਹੈ।
ਫਿਰਕੂ ਲੀਹਾਂ ‘ਤੇ ਵੰਡੇ ਹੋਏ ਸਨ ਬਹੁਗਿਣਤੀ ਪੱਤਰਕਾਰ:
ਅੰਮ੍ਰਿਤਸਰ ਦਾ ਤਾਂ ਇਹ ਹਾਲ ਸੀ ਕਿ ਸਿਵਾਏ ਪੰਜ-ਸੱਤ ਪੱਤਰਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਪੱਤਰਕਾਰ ਫਿਰਕੂ ਲੀਹਾਂ ‘ਤੇ ਵੰਡੇ ਹੋਏ ਸਨ, ਉਹ ਅੱਗੇ ਫਿਰ ਛੋਟੇ ਛੋਟੇ ਗੁਟਾਂ ਵਿਚ ਵੰਡੇ ਹੋਏ ਹਨ । ਕਈ ਤਾਂ ਆਪਸ ਵਿਚ ਬੋਲਦੇ ਵੀ ਨਹੀਂ ਸਨ। ਕਈ ਪ੍ਰੈਸ ਕਾਨਫਰੰਸਾਂ ਵਿਚ ਸਬੰਧਤ ਲੀਡਰ ਜਾਂ ਅਧਿਕਾਰੀਆਂ ਤੋਂ ਅਜਿਹੇ ਸਵਾਲ ਪੁਛਦੇ ਹਨ, ਜਿਸ ਨੂੰ ਵੇਖ ਕੇ ਇਉਂ ਲਗਦਾ ਹੈ ਕਿ ਉਹ ਇਥੇ ਆਪਣੇ ਸਮਾਚਾਰ ਪੱਤਰ ਜਾਂ ਸਮਾਚਾਰ ਏਜੰਸੀ ਦੀ ਪ੍ਰਤੀਨਿਧਤਾ ਨਹੀਂ ਕਰ ਰਹੇ ਸਗੋਂ ਆਪਣੇ ਫਿਰਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ। ਪੱਤਰਕਾਰ ਫਿਰਕੂ ਆਧਾਰ ਤੋਂ ਅਗੇ ਹੋਰ ਵੀ ਧੜੇਬੰਦੀਆਂ ਵਿਚ ਵੰਡੇ ਹੋਏ ਸਨ। ਜਿਵੇਂ ਕਈ ਸਿੱਖ ਪੱਤਰਕਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮਰਥਕ ਸਨ ਜਦਕਿ ਕਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Sant Jarnail Singh Bhindrawala) ਤੇ ਬਾਅਦ ਵਿਚ ਉਨ੍ਹਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਆਦਿ ਦੇ ਹਾਮੀ ਰਹੇ ਅਤੇ ਉਨ੍ਹਾਂ ਦੇ ਹੱਕ ਵਿਚ ਅਤੇ ਦੂਜੇ ਦੇ ਵਿਰੁੱਧ ਖ਼ਬਰਾਂ ਘੜਨ ਜਾਂ ਲਗਵਾਉਣ ਵਿਚ ਸਰਗਰਮ ਰਹਿੰਦੇ ਸਨ। ਇਸੇ ਤਰ੍ਹਾਂ ਕਈ ਹਿੰਦੂ ਪੱਤਰਕਾਰ ਕਾਂਗਰਸ, ਬੀ. ਜੇ. ਪੀ., ਆਰ ਐਸ ਐਸ., ਸ਼ਿਵ ਸੈਨਾ, ਆਰੀਆ ਸਮਾਜ (Arya Smaj) ਜਾਂ ਕਿਸੇ ਹੋਰ ਹਿੰਦੂ ਜਥੇਬੰਦੀ ਦੇ ਸਮਰਥਕ ਸਨ। ਇਸ ਦੇ ਨਾਲ਼ ਹੀ ਜਿਥੇ ਕਈ ਸਿੱਖ ਪੱਤਰਕਾਰ ਇਨ੍ਹਾਂ ਸਾਰੇ ਹਾਲਤ ਨੂੰ ‘ਠੀਕ ਠਾਕ’ ਸਾਬਤ ਕਰਨ ਦਾ ਯਤਨ ਕਰਦੇ ਸਨ, ਓਥੇ ਕਈ ਹਿੰਦੂ ਪੱਤਰਕਾਰ ਦਰਬਾਰ ਸਾਹਿਬ ਕੰਪਲੈਕਸ ਨੂੰ “ਕਾਤਲਾਂ, ਡਾਕੂਆਂ, ਦੇਸ਼ ਧਰੋਹੀਆਂ ਅਤੇ ਅਤਿਵਾਦੀਆਂ ਦੀ ਪਨਾਹਗਾਹ” ਸਾਬਤ ਕਰਨ ਲਈ ਸਾਰਾ ਜ਼ੋਰ ਲਗਾਉਂਦੇ ਰਹੇ।
ਪੰਜਾਬੀ ਸੂਬਾ ਹੋਂਦ ਵਿਚ ਆ ਜਾਣ ’ਤੇ ਵੀ ਕੁਝ ਪੱਤਰਕਾਰਾਂ ਅਤੇ ਅਖ਼ਬਾਰਾਂ ਨੇ ਇਸ ਨੂੰ ਦੋ-ਭਾਸ਼ੀ ਬਣਾਉਣ ਦਾ ਯਤਨ ਕੀਤਾ ਅਤੇ ਹਾਲੇ ਵੀ ਇਹ ਯਤਨ ਜਾਰੀ ਹਨ। ਇਨ੍ਹਾਂ ਅਖ਼ਬਾਰਾਂ ਨੇ ਪੰਜਾਬੀ ਹਿੰਦੂਆਂ ਵਿਸ਼ੇਸ਼ ਕਰਕੇ ਸ਼ਹਿਰੀ ਹਿੰਦੂਆਂ ਨੂੰ ਪੰਜਾਬ ਵਿਚ ਅਜਨਬੀ ਬਣਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਹਿੰਦੂ ਸਿੱਖਾਂ, ਜੋ ਸਦੀਆਂ ਤੋਂ ਇਕ ਸਾਂਝੇ ਪਰਿਵਾਰ ਵਾਂਗ ਰਹਿੰਦੇ ਆਏ ਹਨ, ਦੇ ਆਪਸੀ ਸਬੰਧਾਂ ਵਿਚ ਤਰੇੜਾਂ ਪਈਆਂ ਹਨ।
ਖ਼ਬਰਾਂ ਤੇ ਆਗੂਆਂ ਦੇ ਬਿਆਨਾਂ ਦੀ ਭੰਨਤੋੜ ਦੇ ਭਿਆਨਕ ਨਤੀਜੇ:
ਫਿਰਕੂ ਸੋਚ ਅਤੇ ਕਈ ਵਾਰ ਕੇਂਦਰੀ ਹਾਕਮਾਂ ਨੂੰ ਖੁਸ਼ ਕਰਨ ਖਾਤਰ ਵੀ ਕੁੱਝ ਪੱਤਰਕਾਰ ਖ਼ਬਰਾਂ ਦੀ ਜਾਣਬੁੱਝ ਕੇ ਭੰਨਤੋੜ ਕਰ ਦਿੰਦੇ ਸਨ ਜਿਸ ਨਾਲ਼ ਪੂਰੇ ਮੁਲਕ ਵਿਚ ਸਿੱਖਾਂ ਵਿਰੁੱਧ ਭਿਆਨਕ ਮਾਹੌਲ ਬਣਦਾ ਜਾ ਰਿਹਾ ਸੀ। ਕੁੱਝ ਇਸੇ ਤਰਾਂ ਦੀ ਘਟਨਾ 1982 ਦੀਆਂ ਏਸ਼ੀਆਈ ਖੇਡਾਂ (Asian Games) ਮੌਕੇ ਵੀ ਵਾਪਰੀ ਜਦੋਂ ਕੇਂਦਰ ਸਰਕਾਰ ਨਾਲ਼ ਮੁੱਢਲੇ ਗੇੜ ਦੀ ਗੱਲਬਾਤ ਨਾਕਾਮ ਹੋਣ ਤੋਂ ਬਾਅਦ ਧਰਮਯੁਧ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਅਕਾਲੀ ਆਗੂਆਂ ਵੱਲੋਂ ਮੀਡੀਆ ਨੂੰ ਕਿਸੇ ਅਹਿਮ ਐਲਾਨ ਲਈ ਪ੍ਰੈਸ ਕਾਨਫਰੰਸ ਦਾ ਸੱਦਾ ਦਿੱਤਾ ਗਿਆ। ਅਜਿਹੇ ਮੌਕੇ ਮੀਡੀਆ ਅਦਾਰਿਆਂ ਵੱਲੋਂ ਅਕਸਰ ਆਪਣੇ ਸੀਨੀਅਰ ਨੁਮਾਇੰਦੇ ਕਵਰੇਜ ਲਈ ਭੇਜੇ ਜਾਂਦੇ ਹਨ। ਉਸ ਦਿਨ ਵੀ ਵੱਖ ਵੱਖ ਅਖ਼ਬਾਰਾਂ ਤੋਂ ਇਲਾਵਾ ਦੋਵੇਂ ਪਮੁੱਖ ਖ਼ਬਰ ਏਜੰਸੀਆਂ ਪੀ ਟੀ ਆਈ ਅਤੇ ਯੂ ਐਨ ਆਈ ਵੱਲੋਂ ਚੰਡੀਗੜ੍ਹੋਂ ਆਪਣੇ ਸੀਨੀਅਰ ਨੁਮਾਇੰਦੇ ਘੱਲੇ ਗਏ। ਯੂ ਐਨ ਆਈ ਦੇ ਨੁਮਾਇੰਦੇ ਨੂੰ ਸਿਗਰਟਾਂ ਪੀਣ ਦੀ ਲਤ ਲੱਗੀ ਹੋਈ ਸੀ ਇਸ ਕਰਕੇ ਉਹ ਬਹੁਤਾ ਸਮਾਂ ਮੰਜੀ ਸਾਹਿਬ ਹਾਲ ਵਿਚ ਨਾ ਠਹਿਰਿਆ ਤੇ ਏਜੰਸੀ ਦੇ ਦਫ਼ਤਰ ਜਾ ਬੈਠਿਆ। ਸੰਤ ਲੌਂਗੋਵਾਲ ਨੇ ਐਲਾਨ ਕੀਤਾ ਕਿ ਕੌਮਾਂਤਰੀ ਪੱਧਰ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਅਕਾਲੀ ਦਲ ਵੱਲੋਂ ਏਸ਼ੀਆਈ ਖੇਡਾਂ ਦੌਰਾਨ ਰੋਜ਼ਾਨਾ ਇਕ ਜੱਥਾ ਦਿੱਲੀ ਜਾ ਕੇ ਸ਼ਾਂਤਮਈ ਰੋਸ ਧਰਨਾ ਦੇਵੇਗਾ। ਪਰ ਯੂ ਐਨ ਆਈ ਦੇ ਉਸ ਸੀਨੀਅਰ ਨੁਮਾਇੰਦੇ ਨੇ ਦਫ਼ਤਰ ਬੈਠੇ ਨੇ ਹੀ ਸੁਣ ਸੁਣਾ ਕੇ ਜਾਂ ਜਾਣਬੁੱਝ ਕੇ ਇਹ ਖ਼ਬਰ ਭੇਜ ਦਿੱਤੀ ਕਿ ਅਕਾਲੀ ਦਲ ਏਸ਼ੀਆਈ ਖੇਡਾਂ ਨਹੀਂ ਹੋਣ ਦੇਵੇਗਾ। ਅਖ਼ਬਾਰਾਂ ਦੇ ਦਫਤਰ ਵਿਚ ਸਭ ਤੋਂ ਪਹਿਲਾਂ ਪਹੁੰਚਣ ਕਾਰਨ ਅਤੇ ‘ਤਿੱਖੀ ਸੁਰ’ ਵਾਲ਼ੀ ਹੋਣ ਕਾਰਨ ਇਸ ਖ਼ਬਰ ਨੂੰ ਮੁਲਕ ਦੇ ਲਗਪਗ ਸਾਰੇ ਪ੍ਰਮੁੱਖ ਅਖ਼ਬਾਰਾਂ ਨੇ ਪ੍ਰਮੁੱਖਤਾ ਨਾਲ਼ ਛਾਪ ਦਿੱਤਾ ਤੇ ਕੁੱਝ ਅਖ਼ਬਾਰਾਂ ਨੇ ਇਸ ਨੂੰ ਮੁਲਕ ਦੀ ਇੱਜਤ ਦਾ ਸਵਾਲ ਦਸਦਿਆਂ ਅਕਾਲੀ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਵੱਡੀ ਚੁਣੌਤੀ ਵਾਂਗ ਪੇਸ਼ ਕੀਤਾ। ਸਮੇਂ ਦਾ ਲਾਹਾ ਲੈਂਦਿਆਂ ਆਪਣੇ ਨੰਬਰ ਬਣਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਕਿਸੇ ਵੀ ਸਿੱਖ ਨੂੰ ਹਰਿਆਣਾ ਵਿਚੋਂ ਲੰਘਣ ਹੀ ਨਹੀਂ ਦੇਵੇਗਾ। ਇੰਦਰਾ ਗਾਂਧੀ ਦੀ ਖੁਸ਼ਨੂਦੀ ਹਾਸਲ ਕਰਨ ਲਈ ਭਜਨ ਲਾਲ ਨੇ ਆਪਣੇ ਜਰੂਰੀ ਕੰਮ ਕਾਰ ਲਈ ਵੀ ਹਰਿਆਣਾ ਵਿਚੋਂ ਲੰਘਣ ਵਾਲ਼ੇ ਸਿੱਖਾਂ ਉਪਰ ਬੇਲੋੜਾ ਪੁਲਿਸ ਤਸ਼ੱਦਦ ਕਰਵਾਇਆ। ਇਹ ਸਾਰਾ ਕੁੱਝ ਵਾਪਰਨ ਪਿੱਛੇ ਉਸ ਪੱਤਰਕਾਰ ਵੱਲੋਂ ਤੋੜ ਮਰੋੜ ਕੇ ਭੇਜੀ ਖ਼ਬਰ ਦਾ ਵੀ ਵੱਡਾ ਹੱਥ ਸੀ।
ਪੰਜਾਬ ਦੇ ਇਤਿਹਾਸ ਤੋਂ ਕੋਰੇ ਪੱਤਰਕਾਰਾਂ ਦੀ ਨਾਲਾਇਕੀ:
ਪੰਜਾਬ ਦੀ ਕਵਰੇਜ ਕਰਨ ਵਾਲੇ ਮੀਡੀਆ ਦਾ ਇਕ ਹੋਰ ਦੁਖਾਂਤ ਇਹ ਵੀ ਹੈ ਕਿ ਮੁਲਕ ਦੇ ਕੌਮੀ ਪੱਧਰ ਦੇ ਅਖ਼ਬਾਰਾਂ ਲਈ ਪੰਜਾਬ ਵਿਚ ਕੰਮ ਕਰਦੇ ਬਹੁਤੇ ਪੱਤਰਕਾਰਾਂ ਨੂੰ ਪੰਜਾਬ ਦੇ ਇਤਿਹਾਸ ਦੀ ਹੀ ਜਾਣਕਾਰੀ ਨਹੀਂ। ਪੰਜਾਬ ਦੀ ਸਿਆਸਤ ਮੁੱਖ ਤੌਰ ਤੇ ‘ਸਿੱਖ ਸਿਆਸਤ’ ਤੋਂ ਬਿਨਾਂ ਸਿਫਰ ਹੈ ਇਸ ਲਈ ਪੰਜਾਬ ਵਿਚ ਮੀਡੀਆ ਕਵਰੇਜ ਕਰਨ ਵਾਲ਼ਿਆਂ ਲਈ ਇਹ ਨੁਕਤਾ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਉਹ ‘ਸਿੱਖ ਇਤਿਹਾਸ’ (Sikh History) ਤੋਂ ਵੀ ਜਾਣੂ ਹੋਣ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਰਾਜਸੀ ਆਗੂਆਂ, ਸਰਕਾਰੀ ਅਧਿਕਾਰੀਆਂ ਅਤੇ ਹੋਰ ਅਹਿਮ ਹਸਤੀਆਂ ਨੂੰ ਆਪਣੇ ਤਿੱਖੇ ਸਵਾਲਾਂ ਰਾਹੀਂ ਘੇਰਨ ਦਾ ਯਤਨ ਕਰਨ ਵਾਲ਼ੇ ਇਨ੍ਹਾਂ ਪੱਤਰਕਾਰਾਂ ਵਿਚੋਂ ਬਹੁਤੇ ਸਿੱਖ ਇਤਿਹਾਸ ਤਾਂ ਦੂਰ ਦੀ ਗੱਲ ਬਲਕਿ ਸਿੱਖਾਂ ਦੇ ਰਾਜਸੀ ਆਗੂਆਂ ਅਤੇ ਧਾਰਮਿਕ ਹਸਤੀਆਂ ਬਾਰੇ ਮੁੱਢਲੀ ਜਾਣਕਾਰੀ ਤੋਂ ਵੀ ਕੋਰੇ ਹੁੰਦੇ ਸਨ। 29 ਸਤੰਬਰ 1984 ਨੂੰ ਜਦੋਂ ਸਰਕਾਰ ਵੱਲੋਂ ਦਰਬਾਰੇ ਸਾਹਿਬ ਤੋਂ ਫੌਜ ਮੁਕੰਮਲ ਤੌਰ ’ਤੇ ਵਾਪਸ ਬੁਲਾ ਕੇ ਸਾਰਾ ਪ੍ਰਬੰਧ ਸਿੰਘ ਸਾਹਿਬਾਨ ਨੂੰ ਸੌਂਪਿਆ ਜਾ ਰਿਹਾ ਸੀ ਤਾਂ ਕਈ ਸਥਾਨਕ ਪੱਤਰਕਾਰ (ਜਿਨ੍ਹਾਂ ਵਿਚ ਦੋ ਤਿੰਨ ਤਾਂ ਪਿਛਲੇ 15-20 ਸਾਲਾਂ ਤੋਂ ਅੰਮ੍ਰਿਤਸਰ ਰਹਿ ਰਹੇ ਸਨ) ਲੇਖਕ ਪਾਸੋਂ ਪੰਜ ਸਿੰਘ ਸਾਹਿਬਾਨ  ਦੇ ਨਾਂ ਪੁੱਛਣ ਲਗੇ। ਇਹ ਨਾਂ ਲਿਖਵਾਉਂਦਿਆਂ ਮੈਂ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਦਾ ਇਕ ਦੁਖਾਂਤ ਇਹ ਵੀ ਹੈ ਕਿ ਇਸ ਨੂੰ ਕਵਰ ਕਰ ਰਹੇ ਬਹੁਤੇ ਪੱਤਰਕਾਰਾਂ ਨੂੰ ਇਸ ਦੇ ਇਤਿਹਾਸ ਬਾਰੇ ਉਕਾ ਹੀ ਵਾਕਫ਼ੀਅਤ ਨਹੀਂ ਹੈ।
ਪੰਜਾਬ ਦੇ ਹਾਲਾਤ ਤੇ ਮੋਰਚੇ ਦੇ ਕਾਰਨਾਂ ਦੀ ਘੋਖ ਪੜਤਾਲ਼ ਦੇ ਨਾ ਹੋਏ ਯਤਨ:
ਦੂਜੇ ਪਾਸੇ ਸਚਾਈ ਇਹ ਸੀ ਕਿ ਧਰਮਯੁਧ ਮੋਰਚੇ ਦੌਰਾਨ ਚੰਡੀਗੜ੍ਹ ਤੋਂ ਇਲਾਵਾ ਦਿੱਲੀ, ਕਲਕੱਤਾ, ਬੰਬਈ ਅਤੇ ਦੇਸ਼ ਦੇ ਹੋਰ ਭਾਗਾਂ ਤੋਂ ਅਨੇਕਾਂ ਹੀ ਪੱਤਰਕਾਰ ਅੰਮ੍ਰਿਤਸਰ ਆਏ ਪਰ ਉਹ ਕੇਵਲ ਦੋ ਚਰਚਿਤ ਸੰਤਾਂ (ਸੰਤ ਲੌਂਗੋਵਾਲ ਅਤੇ ਸੰਤ ਭਿੰਡਰਾਂਵਾਲੇ) ਦਾ ਇੰਟਰਵਿਊ ਲੈ ਕੇ ਹੀ ਮੁੜਦੇ ਰਹੇ, ਕਿਸੇ ਨੇ ਇਹ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਮੋਰਚੇ ਵਿਚ ਸ਼ਾਮਲ ਹੋਣ ਲਈ ਆਮ ਸਿੱਖਾਂ ਵਿਚ ਇਤਨਾ ਉਤਸ਼ਾਹ ਕਿਉਂ ਹੈ ? ਮੋਰਚੇ ਦਾ ਅੰਮ੍ਰਿਤਸਰ ਅਤੇ ਪੰਜਾਬ ਦੀ ਆਰਥਿਕ, ਧਾਰਮਿਕ, ਸਮਾਜਿਕ ਅਤੇ ਰਾਜਸੀ ਜ਼ਿੰਦਗੀ ’ਤੇ ਕੀ ਅਸਰ ਪੈ ਰਿਹਾ ਹੈ ? ਸਿੱਖਾਂ ਵਿਚ ਇਹ ਭਾਵਨਾ ਕਿਉਂ ਆ ਗਈ ਹੈ ਕਿ ਭਾਰਤ ਵਿਚ ਉਨ੍ਹਾਂ ਨਾਲ ਹਰ ਖੇਤਰ ਵਿਚ ਵਿਤਕਰਾ ਹੋ ਰਿਹਾ ਹੈ ? ਇਹ ਭਾਵਨਾ ਠੀਕ ਹੈ ਜਾਂ ਗਲਤ ? ਮੋਰਚੇ ਕਾਰਨ ਪੰਜਾਬ ਦੇ ਹਿੰਦੂ ਅਤੇ ਪੰਜਾਬ ਤੋਂ ਬਾਹਰਲੇ ਸਿੱਖਾਂ ‘ਤੇ ਕੀ ਅਸਰ ਪੈ ਰਿਹਾ ਹੈ ਅਤੇ ਉਹ ਕੀ ਸੋਚਦੇ ਹਨ ? ਪੰਜਾਬ ਦੇ ਹਿੰਦੂ ਅਤੇ ਪੰਜਾਬ ਤੋਂ ਬਾਹਰਲੇ ਸਿਖ ਕਿਉਂ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦੇ ? ਮੋਰਚੇ ਦੀ ਆੜ ਵਿਚ ਕਿਸ ਤਰ੍ਹਾਂ ਦੇ ਲੋਕ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਆ ਗਏ ਹਨ , ਉਹ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਹਨ ਅਤੇ ਉਸ ਦਾ ਕੀ ਪ੍ਰਭਾਵ ਪਿਆ ਹੈ ? ਕੀ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਘਟੀ ਹੈ ਜਾਂ ਨਹੀਂ, ਕਿਉਂ ਕਈ ਸਿੱਖ ਵੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਤੋਂ ਡਰਦੇ ਹਨ ? ਇਨ੍ਹਾਂ ਅਹਿਮ ਮਾਮਲਿਆਂ ਦੇ ਜ਼ਰੂਰੀ ਪਹਿਲੂਆਂ ਸਬੰਧੀ ਆਮ ਪੱਤਰਕਾਰਾਂ ਨੇ ਖੋਜ ਪੜਤਾਲ ਕਰਨ ਦੀ ਕਦੇ ਖੇਚਲ ਹੀ ਨਹੀਂ ਸੀ ਕੀਤੀ।
ਕਈ ਚਰਚਿਤ ਪੱਤਰਕਾਰਾਂ ਦਾ ਕਤਲ:-
ਤਰਨ ਤਾਰਨ ਦੇ ਨਰਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਚੇਤ ਸਿੰਘ ਦੇ ਵੱਡੇ ਪੁੱਤਰ ਗਿਆਨੀ ਜਗਜੀਤ ਸਿੰਘ, ਜੋ ਗੁਰਦਾਸਪੁਰ ਵਿਖੇ ਹਿੰਦ ਸਮਾਚਾਰ ਗਰੁਪ ਲਈ ਕੰਮ ਕਰ ਰਹੇ ਸਨ, ਹੁਸ਼ਿਆਰਪੁਰ ਤੋਂ ਇਸੇ ਸਮੂਹ ਦੇ ਪੱਤਰਕਾਰ ਪਰਦੁਮਨ ਸਿੰਘ, ਅੰਮ੍ਰਿਤਸਰ ਤੋਂ ਅਮਰ ਨਾਥ ਵਰਮਾ ਅਤੇ ਨਵਾਂ ਜ਼ਮਾਨਾ ਲਈ ਕੰਮ ਕਰ ਰਹੇ ਬਲਬੀਰ ਸਿੰਘ ਸੱਗੂ ਕਤਲ ਕਰ ਦਿੱਤੇ ਗਏ। ਸਾਕਾ ਨੀਲਾ ਤਾਰਾ ਪਿਛੋਂ ਇਕ ਵਿਦੇਸ਼ੀ ਖ਼ਬਰ ਏਜੰਸੀ ਲਈ ਕੰਮ ਕਰਦੇ ਪੱਤਰਕਾਰ ਮਾ ਚੇਲਾਨੀ, ਜਿਸ ਨੇ ਸ਼ਿਮਲੇ ਜਾ ਕੇ ਖ਼ਬਰਾਂ ਭੇਜੀਆਂ, ਨੂੰ ਫ਼ੌਜੀ ਪ੍ਰਸ਼ਾਸ਼ਨ ਨੇ ਬਹੁਤ ਪ੍ਰੇਸ਼ਾਨ ਕੀਤਾ ਸੀ। ਪੰਜਾਬ ਪੁਲਿਸ ਨੇ ਵੀ ਰਾਮ ਸਿੰਘ ਬਨਿੰਗ ਸਮੇਤ ਤਿੰਨ ਪੱਤਰਕਾਰਾਂ ਨੂੰ ਗਾਇਬ ਹੀ ਕਰ ਦਿੱਤਾ ਸੀ। ਅੰਮ੍ਰਿਤਸਰ ਵਿਖੇ ਅਕਾਲੀ ਪਤ੍ਰਿਕਾ ਲਈ ਲੰਬੇ ਸਮੇਂ ਤੋਂ ਕੰਮ ਕਰਦੇ ਸੀਨੀਅਰ ਪੱਤਰਕਾਰ ਮਹਿੰਦਰ ਸਿੰਘ ਨੂੰ ਐਨ.ਐਸ.ਏ. ਅਧੀਨ ਨਜ਼ਰਬੰਦ ਕਰ ਦਿੱਤਾ ਸੀ ਤੇ ਕੁਲਦੀਪ ਸਿੰਘ ਅਰੋੜਾ (ਯੂ ਐਨ ਆਈ.) ਨੂੰ ਵੀ ਪਰੇਸ਼ਾਨ ਕੀਤਾ ਗਿਆ, ਜਿਸ ਕਾਰਨ ਅਦਾਰੇ ਵਲੋਂ ਉਨ੍ਹਾਂ ਦੀ ਬਦਲੀ ਦਿੱਲੀ ਦੀ ਕਰ ਦਿੱਤੀ ਗਈ। ਤਿੰਨ ਹੋਰ ਪੱਤਰਕਾਰਾਂ ਨੂੰ ਕੌਮੀ ਸੁਰੱਖਿਆ ਅਧੀਨ ਨਜ਼ਰਬੰਦ ਵੀ ਕੀਤਾ ਗਿਆ ਸੀ।
ਪੁਲਿਸ ਦੇ ਪਿੱਠੂ ਬਣੇ ਮੌਕਾਪ੍ਰਸਤ ਬਰਸਾਤੀ ਪੱਤਰਕਾਰ:
ਅਜੇਹੇ ਮਾਹੌਲ ਵਿਚ ਕਈ ਬਰਸਾਤੀ ਪੱਤਰਕਾਰ ਪੁਲਿਸ ਲਈ ਹੀ ਕੰਮ ਕਰਨ ਲਗੇ ਸਨ ਤੇ ‘ਕਥਿਤ ਪੁਲਿਸ ਮੁਕਾਬਲਿਆਂ’ ਦੀਆਂ ਖ਼ਬਰਾਂ ਪੁਲਿਸ ਦੇ ਦੱਸੇ ਮੁਤਾਬਕ ਇੰਨ ਬਿੰਨ ਛਾਪਣ ਬਦਲੇ ਪੁਲਿਸ ਅਧਿਕਾਰੀਆਂ ਤੋਂ ਮੋਟੇ ਪੈਸੇ ਵਸੂਲਦੇ ਰਹੇ। ਅੰਮ੍ਰਿਤਸਰ ਦੇ ਇਕ ਇਸੇ ਤਰਾਂ ਦੇ ਨਵੇਂ ਬਣੇ ਬਰਸਾਤੀ ਪੱਤਰਕਾਰ ਨੇ ਇਸ ਕਾਲੇ ਦੌਰ ਵਿਚ ਲੱਖਾਂ ਰੁਪਏ ਇਕੱਠੇ ਕਰ ਪੌਸ਼ ਕਲੋਨੀ ਗਰੀਨ ਐਵਨਿਊ ਵਿਚ ਇਕ ਮਕਾਨ ਖਰੀਦਿਆ, ਪਰ ਬਾਅਦ ਵਿਚ 1994-95 ਪਿਛੋਂ ਉਸ ਨੇ ਕਦੀ ਕਿਸੇ ਅਖ਼ਬਾਰ ਨੂੰ ਇਕ ਖ਼ਬਰ ਵੀ ਨਹੀਂ ਭੇਜੀ। ਇਸ ਤਰਾਂ ਦੇ ਹੋਰ ਵੀ ਦਰਜ਼ਨਾਂ ਬਰਸਾਤੀ ਪੱਤਰਕਾਰ ਵੱਖ ਵੱਖ ਜ਼ਿਲ੍ਹਿਆਂ ਅਤੇ ਵੱਡੇ ਮੀਡੀਆ ਅਦਾਰਿਆਂ ਵਿਚ ਕਈ ਵਰ੍ਹੇ ਸਰਗਰਮ ਰਹੇ ਤੇ ਪੂਰੀ ਤਰਾਂ ਪੁਲਿਸ ਦਾ ਪੱਖ ਪੂਰਦੇ ਰਹੇ।
ਇਸ ਸਾਰੇ ਵਰਤਾਰੇ ਨੂੰ ਵੇਖਦਿਆਂ ਉਰਦੂ ਦੇ ਮਸ਼ਹੂਰ ਸ਼ਾਇਰ ਦਾ ਸ਼ੇਅਰ
‘ਲਮਹੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜ਼ਾ ਪਾਈ’ 
ਪੰਜਾਬ ਦੇ ਅਜੋਕੇ ਹਾਲਾਤ ਉਤੇ ਪੂਰੀ ਤਰਾਂ ਢੁਕਦਾ ਹੈ।

Be the first to comment

Leave a Reply

Your email address will not be published.


*