ਕਿਸਾਨਾਂ ਦੇ ਜੋਸ਼ ਮੂਹਰੇ ਖੱਟਰ ਸਰਕਾਰ ਦੇ ਪ੍ਰਬੰਧ ਰੂੰਅ ਦੇ ਫੰਬਿਆਂ ਵਾਂਗ ਉਡੇ

ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪੁਲਿਸ ਰੋਕਾਂ ਤੋੜ ਕੇ ਪੰਜਾਬ ਹਰਿਆਣਾ ਸਰਹੱਦ ਲੰਘੇ

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 26 ਨਵੰਬਰ: ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਮੋਦੀ ਸਰਕਾਰ ਵਿਰੁੱਧ ਦੋ ਦਿਨ ਦੇ ਰੋਸ ਪ੍ਰਗਟਾਵੇ ਲਈ ਦਿੱਲੀ ਵੱਲ ਰਵਾਨਾ ਹੋਏ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵਿਚੋਂ ਨਾ ਲੰਘਣ ਦੇਣ ਲਈ ਮਨੋਹਰ ਲਾਲ ਖੱਟਰ ਸਰਕਾਰ ਵੱਲੋਂ ਪੰਜਾਬ ਹਰਿਆਣਾ ਸਰਹੱਦ ਉਤੇ ਕੀਤੇ ਗਏ ਪ੍ਰਬੰਧ ਕਿਸਾਨਾਂ ਦੇ ਜੋਸ਼ ਮੂਹਰੇ ਰੂੰਅ ਦੇ ਫੰਬਿਆਂ ਵਾਂਗ ਉਡ ਗਏ। ਖੱਟਰ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਹਰਿਆਣਾ ਵਿਚ ਵੜਨ ਤੋਂ ਰੋਕਣ ਲਈ ਜੀ ਟੀ ਰੋਡ ਉਤੇ ਸੰਭੂ ਨੇੜੇ ਕੰਕਰੀਟ ਦੇ ਭਾਰੀ ਥਮ੍ਹਲਿਆਂ ਤੋਂ ਇਲਾਵਾ ਲੋਹੇ ਦੇ ਜੰਗਲੇ ਨੁਮਾ ਬੈਰੀਕੇਡਾਂ ਦੇ ਨਾਲ਼ ਨਾਲ਼ ਬੇਹੱਦ ਤਿੱਖੀ ਨੋਕੀਲੀ ਕੰਡਿਆਲ਼ੀ ਤਾਰ ਵੀ ਲਾ ਦਿੱਤੀ ਸੀ। ਇਸ ਤੋਂ ਇਲਾਵਾ ”ਵਾਟਰ ਕੈਨਨ” ਦੇ ਨਾਂਅ ਨਾਲ਼ ਜਾਣੀਆਂ ਜਾਂਦੀਆਂ ਪਾਣੀ ਦੀਆਂ ਬੇਹੱਦ ਤੇਜ ਬੁਛਾਰਾਂ ਛੱਡਣ ਵਾਲ਼ੀ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਸਨ ਤਾਂ ਜੋ ਲੰਘਣ ਰੋਕਾਂ ਤੋੜ ਕੇ ਲੰਘਣ ਦਾ ਯਤਨ ਕਰਨ ਵਾਲ਼ਿਆਂ ਉਤੇ ਪਾਣੀ ਦੀਆ ਬੁਛਾਰਾਂ ਛੱਡ ਕੇ ਉਨ੍ਹਾਂ ਨੂੰ ਰੋਕਿਆ ਜਾ ਸਕੇ। ਪਰ ਕਿਸਾਨਾਂ ਦੇ ਜੋਸ਼ ਮੂਹਰੇ ਇਹ ਸਾਰੇ ਪ੍ਰਬੰਧ ਧਰੇ ਧਰਾਏ ਰਹਿ ਗਏ ਤੇ ਕਈ ਕਈ ਟਨ ਭਾਰੇ ਕੰਕਰੀਟ ਦੇ ਥਮ੍ਹਲਿਆਂ ਨੂੰ ਕਿਸਾਨਾਂ ਨੇ ਕੁੱਝ ਸਕਿੰਟਾਂ ਵਿਚ ਸੜਕ ਤੋਂ ਇਸ ਤਰਾਂ ਲਾਂਭੇ ਕਰ ਦਿੱਤਾ ਜਿਵੇਂ ਹਨੇਰੀ ਦੇ ਬੁੱਲੇ ਨਾਲ਼ ਰੂੰਅ ਦੇ ਫੰਬੇ ਉਡ ਜਾਂਦੇ ਹਨ।
ਇਕ ਨਜ਼ਰ ਜਰਾ ਇਸ ਲਿੰਕ ਉਤੇ ਵੀ ਮਾਰਿਓ 
ਨੌਜਵਾਨ ਕਿਸਾਨ ਨੂੰ ਫੁਰਤੀ ਤੇ ਦਲੇਰੀ ਨੇ ਬਣਾਇਆ ਹੀਰੋ
ਜਦੋਂ ਇਹ ਕੰਕਰੀਟ ਦੇ ਥਮ੍ਹਲੇ ਹਟਾਉਣ ਦਾ ਯਤਨ ਕਰ ਰਹੇ ਕਿਸਾਨਾਂ ਉਪਰ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ ਤਾਂ ਇਕ ਨੌਜਵਾਨ ਕਿਸਾਨ ਨੇ ਚੀਤੇ ਵਰਗੀ ਫੁਰਤੀ ਨਾਲ਼ ਪਾਣੀ ਦੀ ਤੋਪ ਵਾਲ਼ੀ ਗੱਡੀ ਉਪਰ ਚੜ੍ਹ ਕੇ ਪਾਣੀ ਦੀ ਬੁਛਾਰ ਹੀ ਬੰਦ ਕਰ ਦਿੱਤੀ ਤੇ ਕਿਸਾਨਾਂ ਦਾ ਕਾਫ਼ਲਾ ਨਾਹਰੇ ਮਾਰਦਾ ਜੋਸ਼ ਨਾਲ਼ ਅੱਗੇ ਵਧ ਗਿਆ। ਜਦੋਂ ਤੱਕ ਇਸ ਗੱਡੀ ਉਪਰ ਤਾਇਨਾਤ ਮੁਲਾਜ਼ਮ ਜਾਂ ਹੇਠਾਂ ਸੜਕ ਉਤੇ ਖੜ੍ਹੇ ਪੁਲਿਸ ਮੁਲਾਜ਼ਮ ਕੁੱਝ ਸਮਝਦੇ, ਓਨੀ ਦੇਰ ਨੂੰ ਪਾਣੀ ਦੀ ਤੋਪ ਬੰਦ ਕਰਕੇ ਇਹ ਨੌਜਵਾਨ ਕਿਸਨ ਗੱਡੀ ਦੀ ਛੱਤ ਤੋਂ ਛਾਲ਼ ਮਾਰ ਕੇ ਲੰਘ ਰਹੀ ਟਰਾਲੀ ਉਪਰ ਜਾ ਪਹੁੰਚਿਆ। ਇਸ ਨੌਜਵਾਨ ਦੀ ਫੁਰਤੀ ਅਤੇ ਦਲੇਰੀ ਦੀ ਹਰ ਪਾਸੇ ਚਰਚਾ ਹੈ। 
ਪੁਲਿਸ ਮੁਲਾਜ਼ਮਾਂ ਨੇ ਵੀ ਕਿਸਾਨਾਂ ਨਾਲ਼ ਹੱਡ-ਭੰਨਵਾਂ ਵੈਰ ਨਹੀਂ ਕੀਤਾ:
ਹਾਲਾਂਕਿ ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਡਿਊਟੀ ਲਈ ਬੁਲਾਏ ਕੁੱਝ ਰਾਖਵੇਂ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਕਿਸਾਨਾਂ ਉਪਰ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਵੀ ਕੀਤਾ ਪਰ ਬਹੁਗਿਣਤੀ ਪੁਲਿਸ ਮੁਲਾਜ਼ਮਾਂ ਨੇ ਕਿਸਾਨਾਂ ਨਾਲ਼ ਉਲਝਣ ਦੀ ਬਜਾਏ ਥੋੜ੍ਹੇ ਜਿਹੇ ਰਸਮੀ ਵਿਰੋਧ ਤੋਂ ਬਾਅਦ ਹੀ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ।
ਗੋਦੀ ਮੀਡੀਆ ਨੇ ਇਕ ਵਾਰ ਮੁੜ ਨਿਭਾਇਆ ਸ਼ਰਮਨਾਕ ਰੋਲ:
ਜਦੋਂ ਇਹ ਕਾਫਲਾ ਪੁਲਿਸ ਦਾ ਘੇਰਾ ਤੋੜ ਕੇ ਅੱਗੇ ਵਧ ਰਿਹਾ ਸੀ ਤਾਂ ਗੋਦੀ ਮੀਡੀਆ ਦਾ ਇਕ ਕੈਮਰਾਮੈਨ/ਰਿਪੋਰਟਰ ਉਚੀ ਉਚੀ ਚੀਕਦਾ ਸੁਣਾਈ ਦਿੱਤਾ ਕਿ ਕਿਸਾਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਗੱਡੀਆਂ ਹੇਠਾਂ ਦਰੜ ਕੇ ਮਾਰਨ ਦਾ ਯਤਨ ਕੀਤਾ ਹੈ। ਇਸੇ ਚੀਕ ਚਿਹਾੜੇ ਵਿਚ ਉਸ ਵੱਲੋਂ ਪੁਲਿਸ ਮੁਲਾਜ਼ਮਾਂ ਦੁਆਰਾ ਕੁੱਝ ਕਿਸਾਨਾਂ ਉਤੇ ਵਰ੍ਹਾਈਆਂ ਜਾ ਰਹੀਆਂ ਲਾਠੀਆਂ ਬਾਰੇ ਵੀ ਹੱਲਾਸ਼ੇਰੀ ਦੇਣ ਦੇ ਅੰਦਾਜ ਵਿਚ ਜਿਕਰ ਕੀਤਾ ਗਿਆ। ਦੂਜੇ ਪਾਸੇ ਆਜ ਤੱਕ ਦੀ ਬਦਨਾਮ ਐਂਕਰ ਵੱਲੋਂ ਆਪਣੇ ਪ੍ਰੋਗਰਾਮ ਵਿਚ ਦਾਅਵਾ ਕੀਤਾ ਗਿਆ ਕਿ ਖਾਲਿਸਤਾਨ ਹਿਮਾਇਤੀਆਂ ਵੱਲੋਂ ਕਿਸਾਨਾਂ ਨੂੰ ਮੋਹਰਾ ਬਣਾ ਕੇ ਮੁਲਕ ਦਾ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। 
ਮਿਸ਼ਨਰੀ ਕਾਲਜ ਅਤੇ ਹੋਰ ਜਥੇਬੰਦੀਆਂ ਨੇ ਲਾਏ ਲੰਗਰ:
ਦਿੱਲੀ ਵੱਲ ਜਾ ਰਹੇ ਇਨ੍ਹਾਂ ਹਜ਼ਾਰਾਂ ਕਿਸਾਨਾਂ ਲਈ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਦੋਰਾਹਾ ਵਿਖੇ ਜੀ ਟੀ ਰੋਡ ਉਤੇ ਚਾਹ ਦਾ ਲੰਗਰ ਲਾਇਆ ਗਿਆ। ਇਸ ਲੰਗਰ ਵਾਲ਼ੇ ਸਥਾਨ ਦੇ ਆਲ਼ੇ ਦੁਆਲ਼ੇ ਗੁਰਬਾਣੀ ਵਿਚ ਕਿਰਸਾਣ ਅਤੇ ਉਸ ਦੀ ਕਿਰਤ ਨੂੰ ਸਲਾਹੁੰਦੇ ਸ਼ਬਦਾਂ ਵਿਚੋਂ ਕੁੱਝ ਤੁਕਾਂ ਲਿਖੀਆਂ ਵਾਲ਼ੇ ਬੈਨਰ ਟੰਗ ਕੇ ਕਿਸਾਨਾਂ ਨੂੰ ਗੁਰੂ ਬਾਬੇ ਦਾ ਆਸ਼ੀਰਵਾਦ ਵੀ ਉਨ੍ਹਾਂ ਦੇ ਨਾਲ਼ ਹੋਣ ਦੀ ਯਾਦ ਦਿਵਾਈ ਗਈ। ਕੁੱਝ ਹੋਰ ਜਥੇਬੰਦੀਆਂ ਨੇ ਵੀ ਵੱਖੋ ਵੱਖ ਥਾਵਾਂ ਉਤੇ ਲੰਗਰ ਲਾ ਕੇ ਕਿਸਾਨਾਂ ਦੀ ਸੇਵਾ ਕੀਤੀ।

 

Be the first to comment

Leave a Reply

Your email address will not be published.


*