ਕਾਂਗਰਸ (CONGRESS)ਉਮੀਦਵਾਰਾਂ ਦੀ ਪਹਿਲੀ ਸੂਚੀ-2022: ਨਵਜੋਤ ਸਿੰਘ ਸਿੱਧੂ ਲਈ ਸਥਿਤੀ ਮੁੜ ਕਸੂਤੀ ਬਣੇਗੀ

ਬਹੁਗਿਣਤੀ ਓਹੀ ਭ੍ਰਿਸ਼ਟ ਤੇ ਬਦਨਾਮ ਪੁਰਾਣੇ ਆਗੂ ਸ਼ਾਮਿਲ, ਦਲ-ਬਦਲੂਆਂ ਤੇ ਨਵੇਂ ਬਣੇ ਕਾਂਗਰਸੀਆਂ ਨੂੰ ਵੀ ਟਿਕਟਾਂ

ਪਰਮੇਸ਼ਰ ਸਿੰਘ ਬੇਰਕਲਾਂ, ਲੁਧਿਆਣਾ, 15 ਜਨਵਰੀ:

ਕਾਂਗਰਸ (CONGRESS) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 86 ਉਮੀਦਵਾਰਾਂ ਦੀ ਪਹਿਲੀ ਸੂਚੀ (CONGRESS Candidates List for Punjab) ਵਿਚ ਬਹੁਗਿਣਤੀ ਓਹੀ ਕਥਿਤ ਤੌਰ ’ਤੇ ਭ੍ਰਿਸ਼ਟ ਅਤੇ ਬਦਨਾਮ ਪੁਰਾਣੇ ਆਗੂ ਸ਼ਾਮਿਲ ਹਨ। ਹਾਲਾਂਕਿ ਕੁੱਝ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਹਨ ਤੇ ਕੁੱਝ ਹਲਕਿਆਂ ਵਿਚ ਦਲ-ਬਦਲੂਆਂ ਤੇ ਨਵੇਂ ਬਣੇ ਕਾਂਗਰਸੀਆਂ ਨੂੰ ਵੀ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ। ਇਸ ਸੂਚੀ ਨੇ ਬੜਬੋਲੇ ਆਗੂ ਵਜੋਂ ਜਾਣੇ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ‘ਪੰਜਾਬ ਪ੍ਰਤੀ ਹੇਜ’ ਦੀ ਪੋਲ ਖੋਲ੍ਹ ਦਿੱਤੀ ਹੈ।

ਕਾਂਗਰਸ (CONGRESS Candidates List) ਦੀ ਸੂਚੀ ਨਾਲ਼ ਸਿੱਧੂ ਲਈ ਸਥਿਤੀ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲ਼ੀ ਬਣੀ:

ਇਸ ਸੂਚੀ ਵਿਚ ਸ਼ਾਮਿਲ ਬਹੁਗਿਣਤੀ ਬਦਨਾਮ ਆਗੂਆਂ ਕਾਰਨ ਹੁਣ ਇਕ ਵਾਰ ਮੁੜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਸਥਿਤੀ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ’ ਵਾਲ਼ੀ ਬਣ ਗਈ ਹੈ। ਸੂਚੀ ਉਤੇ ਸਰਸਰੀ ਨਜ਼ਰ ਮਾਰਿਆਂ ਹੀ ਇਹ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਪੰਜਾਬ ਕਾਂਗਰਸ ਦੇ ਮੌਜੂਦਾ ਤਾਣੇ ਬਾਣੇ ਵਿਚ ਕੋਈ ਵੱਡਾ ਫੇਰ ਬਦਲ ਕਰਨ ਦੀ ਸਥਿਤੀ ਵਿਚ ਨਹੀਂ ਹੈ। ਕਾਂਗਰਸ ਦੇ ‘ਦਿੱਲੀ ਦਰਬਾਰ’ ਵੱਲੋਂ ਪ੍ਰਵਾਨ ਕੀਤੀ ਗਈ ਇਸ ਸੂਚੀ ਵਿਚ ਮੌਜੂਦਾ ਕਾਂਗਰਸ ਸਰਕਾਰ ਦੇ ਕਈ ਅਜਿਹੇ ਮੰਤਰੀ ਤੇ ਵਿਧਾਇਕ ਸ਼ਾਮਿਲ ਹਨ ਜਿਨ੍ਹਾਂ ਉਤੇ ਪਿਛਲੇ ਸਾਲਾਂ ਦੌਰਾਨ ਆਪੋ ਆਪਣੇ ਮਹਿਕਮਿਆਂ ਵਿਚ ਕਰੋੜਾਂ ਦੀ ਘਪਲੇਬਾਜ਼ੀ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਰੇਤਾ ਬਜ਼ਰੀ ਮਾਫੀਆ, ਨਸ਼ਾ ਤਸਕਰੀ ਆਦਿ ਨੂੰ ਸਰਪ੍ਰਸਤੀ ਦੇਣ ਦੇ ਗੰਭੀਰ ਦੋਸ਼ ਲੱਗਦੇ ਰਹੇ ਹਨ। ਇਨ੍ਹਾਂ ਦਾਗੀ ਆਗੂਆਂ ਨੂੰ ਟਿਕਟਾਂ ਦਿੱਤੇ ਜਾਣ ਤੋਂ ਰੋਕਣ ਲਈ ਸਿੱਧੂ ਨੇ ਕਿੰਨੇ ਕੁ ਯਤਨ ਕੀਤੇ, ਇਹ ਤਾਂ ਆਉਣ ਵਾਲ਼ੇ ਦਿਨਾਂ ਵਿਚ ਸਪਸ਼ਟ ਹੋ ਹੀ ਜਾਵੇਗਾ, ਪਰ ਹੁਣ ਪੰਜਾਬ ਦੇ ਭਵਿੱਖ ਪ੍ਰਤੀ ਫਿਕਰਮੰਦ ਲੋਕ ਸਿੱਧੂ ਤੋਂ ਇਹ ਸਵਾਲ ਜਰੂਰ ਪੁੱਛਣਗੇ ਕਿ ਪੰਜਾਬ ਪ੍ਰਤੀ ਉਸ ਦਾ ਹੇਜ ਕੀ ਕੇਵਲ ਬਿਆਨਬਾਜ਼ੀ ਤੱਕ ਹੀ ਸੀਮਤ ਹੈ ? ਜਿਕਰਯੋਗ ਹੈ ਕਿ ਸਿੱਧੂ ਪਿਛਲੇ ਕਰੀਬ ਡੇਢ ਸਾਲ ਤੋਂ ‘ਜਿੱਤੇਗਾ ਪੰਜਾਬ’ ਦਾ ਨਾਹਰਾ ਲਾ ਕੇ ਆਏ ਦਿਨ ‘‘ਆਪਣੇ ਮੂੰਹੋਂ ਮੀਆਂ ਮਿੱਠੂ’’ ਬਣਦਿਆਂ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ਬਣਨ ’ਤੇ ਸਾਫ਼ ਸੁਥਰਾ ਪ੍ਰਸਾਸ਼ਨ ਦੇਣ ਅਤੇ ਭ੍ਰਿਸ਼ਟ ਆਗੂਆਂ ਦਾ ਕਿਸੇ ਵੀ ਹਾਲਤ ਵਿਚ ਸਾਥ ਨਾ ਦੇਣ ਦੇ ਦਾਅਵੇ ਕਰਦਾ ਆ ਰਿਹਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਹੜੇ ਆਗੂ 5 ਸਾਲ ਮੌਜਾਂ ਮਾਣਦੇ ਤੇ ਮਲ਼ਾਈਆਂ ਛਕਦੇ ਰਹੇ ਹਨ, ਉਨ੍ਹਾਂ ਹੀ ਆਗੂਆਂ ਨਾਲ਼ ਸਿੱਧੂ ਕਿਹੜੇ ਪੰਜਾਬ ਨੂੰ ਜਿਤਾਏਗਾ ਇਹ ਵੱਡਾ ਸਵਾਲ ਹੈ ?

ਕਾਂਗਰਸ (CONGRESS) ਵੱਲੋਂ ਦਲ-ਬਦਲੂਆਂ ਤੇ ਨਵੇਂ ਬਣੇ ਕਾਂਗਰਸੀਆਂ ਨੂੰ ਵੀ ਟਿਕਟਾਂ:

ਕਾਂਗਰਸ ਵੱਲੋਂ ਜਾਰੀ ਕੀਤੀ ਇਸ ਸੂਚੀ ਵਿਚ ਮੋਗਾ ਤੋਂ ਮੌਜੂਦਾ ਵਿਧਾਇਕ ਹਰਜੋਤ ਕਮਲ ਦੀ ਥਾਂ ਫਿਲਮੀ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ, ਮਾਨਸਾ ਤੋਂ ਵਿਵਾਦਗ੍ਰਸਤ ਗਾਇਕ ਸਿੱਧੂ ਮੂਸੇਵਾਲ਼ਾ, ਮਲੋਟ (ਰਾਖਵਾਂ) ਤੋਂ ਅਜੈਬ ਸਿੰਘ ਭੱਟੀ ਦੀ ਥਾਂ ‘ਆਪ’ ਵਿਚੋਂ ਆਈ ਬਠਿੰਡਾ ਦਿਹਾਤੀ ਦੀ ਵਿਧਾਇਕ ਰੁਪਿੰਦਰ ਰੂਬੀ ਅਤੇ ਆਦਮਪੁਰ (ਰਾਖਵਾਂ) ਹਲਕੇ ਵਿਚ ਬਸਪਾ ਤੋਂ ਦਲ ਬਦਲੀ ਕਰਕੇ ਆਏ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। 2017 ਵਿਚ ਆਦਮਪੁਰ ਤੋਂ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਚੋਣ ਲੜਿਆ ਸੀ। ਇਹ ਸਾਰੇ ਆਗੂ ਹਾਲੇ ਕੁੱਝ ਦਿਨ ਪਹਿਲਾਂ ਹੀ ਕਾਂਗਰਸੀ ਬਣੇ ਹਨ, ਮਾਨਸਾ ਅਤੇ ਮੋਗਾ ਦੋਵਾਂ ਹਲਕਿਆਂ ਵਿਚ ਤਾਂ ਟਿਕਟਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਨ੍ਹਾਂ ਨਵੇਂ ਕਾਂਗਰਸੀਆਂ ਦੇ ਵਿਰੁੱਧ ਵੱਡੀ ਬਗ਼ਾਵਤ ਉਠ ਖੜ੍ਹੀ ਹੋਈ ਸੀ।

ਕਾਂਗਰਸ (CONGRESS) ਨੇ ਇਕ ਦਰਜ਼ਨ ਹਲਕਿਆਂ ਵਿਚ ਬਦਲੇ ਉਮੀਦਵਾਰ :   

ਇਸ ਤੋਂ ਇਲਾਵਾ ਜਿਹੜੇ ਹਲਕਿਆਂ ਵਿਚ ਨਵੇਂ ਆਗੂਆਂ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਵਿਚ ਮਜੀਠਾ ਤੋਂ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ (2017 ਦਾ ਉਮੀਦਾਰ ਲਾਲੀ ਮਜੀਠੀਆ ਆਪ ਵਿਚ ਚਲਿਆ ਗਿਆ), ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ (ਮੌਜੂਦਾ ਕਾਂਗਰਸ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਭਾਜਪਾ ਵਿਚ ਚਲਿਆ ਗਿਆ ਹੈ), ਸ੍ਰੀ ਹਰਗੋਬਿੰਦਪੁਰ ਤੋਂ ਮਨਦੀਪ ਸਿੰਘ ਰੰਘੜ ਨੰਗਲ (ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਕੁੱਝ ਦਿਨ ਪਹਿਲਾਂ ਈ ਬਾਜਵਾ ਨਾਲ਼ ਭਾਜਪਾ ਵਿਚ ਸ਼ਾਮਿਲ ਹੋ ਕੇ ਹਫਤੇ ਬਾਅਦ ਹੀ ਕਾਂਗਰਸ ਵਿਚ ਮੁੜ ਆਇਆ ਸੀ), ਪਟਿਆਲ਼ਾ ਦਿਹਾਤੀ ਤੋਂ ਮੋਹਿਤ ਮਹਿੰਦਰਾ (ਬ੍ਰਹਮ ਮਹਿੰਦਰਾ ਦਾ ਬੇਟਾ), ਮੌੜ ਮੰਡੀ ਤੋਂ ਹਰਮਿੰਦਰ ਸਿੰਘ ਜੱਸੀ ਦੀ ਥਾਂ ਡਾ: ਮਨੋਜ ਬਾਲਾ ਬਾਂਸਲ (ਪਿਛਲੀ ਵਾਰ ਉਹ ਮਾਨਸਾ ਤੋਂ ਉਮੀਦਵਾਰ ਸੀ), ਬੁਢਲਾਡਾ (ਰਾਖਵਾਂ) ਰਣਜੀਤ ਕੌਰ ਭੱਟੀ ਦੀ ਥਾਂ ਰਨਵੀਰ ਕੌਰ, ਗੜ੍ਹਸ਼ੰਕਰ ਅਮਰਪ੍ਰੀਤ ਸਿੰਘ ਲਾਲੀ (2017-ਲਵ ਕੁਮਾਰ ਗੋਲਡੀ) ਰਾਏਕੋਟ ਤੋਂ ਕਾਮਿਲ ਅਮਰ ਸਿੰਘ (ਸੰਸਦ ਮੈਂਬਰ ਡਾ: ਅਮਰ ਸਿੰਘ ਦਾ ਬੇਟਾ), ਨਿਹਾਲ ਸਿੰਘ ਵਾਲ਼ਾ ਤੋਂ ਭੁਪੇਂਦਰ ਸਾਹੋਕੇ (2017-ਰਾਜਵਿੰਦਰ ਕੌਰ), ਅਬੋਹਰ ਤੋਂ ਸੰਦੀਪ ਜਾਖੜ, ਲੰਬੀ ਤੋਂ ਜਗਪਾਲ ਸਿੰਘ ਅਬੁਲਖੁਰਾਣਾ (2017 ’ਚ ਅਮਰਿੰਦਰ ਸਿੰਘ) ਨਵੇਂ ਚਿਹਰੇ ਸ਼ਾਮਿਲ ਹਨ।

ਕਾਂਗਰਸ ਲਈ ਟੇਢੀ ਖੀਰ ਬਣੇ ਕਈ ਅਹਿਮ ਹਲਕੇ

ਕੁੱਝ ਅਹਿਮ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਲਈ ਉਮੀਦਵਾਰ ਦੀ ਚੋਣ ਕਰਨਾ ਟੇਢੀ ਖੀਰ ਸਾਬਤ ਹੋ ਰਿਹੈ। ਇਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਹਲਕਾ ਪਟਿਆਲ਼ਾ ਸ਼ਹਿਰੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਲਕਾ ਜਲਾਲਾਬਾਦ (ਜਿਥੋਂ ਮੌਜੂਦਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੂੰ ਗੁਰੂ ਹਰ ਸਹਾਏ ਭੇਜੇ ਜਾਣ ਦੀ ਚਰਚਾ ਹੈ), ਗੁਰੂ ਹਰਸਹਾਏ (ਜਿਥੋਂ ਕੈਪਟਨ ਦੇ ਖਾਸਮ-ਖਾਸ ਅਤੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਰਾਣਾ ਸੋਢੀ ਭਾਜਪਾ ’ਚ ਸ਼ਾਮਿਲ ਹੋ ਚੁੱਕੇ ਹਨ)। ਹਾਲਾਂਕਿ ਸਵਾ ਸੌ ਸਾਲ ਪੁਰਾਣੀ ਪਾਰਟੀ ਅਤੇ ਮੌਜੂਦਾ ਸਰਕਾਰ ਹੋਣ ਕਾਰਨ ਇਨ੍ਹਾਂ ਹਲਕਿਆਂ ਵਿਚ ਵੀ ਟਿਕਟਾਂ ਦੇ ਕਈ ਦਾਅਵੇਦਾਰ ਹਨ ਪਰ ਲੰਮੇਂ ਸਮੇਂ ਤੋਂ ਕਾਬਜ ਇਨ੍ਹਾਂ ਵੱਡੇ ਆਗੂਆਂ ਦਾ ਸਾਹਮਣਾ ਕਰਨਾ ਨਵੇਂ ਆਗੂ ਲਈ ਚੁਣੌਤੀ ਹੋਵੇਗਾ।

ਇਸ ਤੋਂ ਇਲਾਵਾ ਜਿਹੜੇ ਹਲਕਿਆਂ ਵਿਚ ਹਾਲੇ ਉਮੀਦਵਾਰ ਨਹੀਂ ਐਲਾਨੇ ਗਏ ਉਨ੍ਹਾਂ ਵਿਚ ਬਰਨਾਲ਼ਾ (2017-ਕੇਵਲ ਸਿੰਘ ਢਿੱਲੋਂ), ਭੋਆ (2017-ਜੋਗਿੰਦਰ ਪਾਲ), ਖੇਮਕਰਨ (2017-ਸੁਖਪਾਲ ਸਿੰਘ ਭੁੱਲਰ), ਅਟਾਰੀ (2017-ਤਰਸੇਮ ਸਿੰਘ ਡੀਸੀ), ਖਡੂਰ ਸਾਹਿਬ (2017-ਰਮਨਜੀਤ ਸਿੰਘ ਸਿੱਕੀ), ਨਕੋਦਰ (2017-ਜਗਬੀਰ ਸਿੰਘ ਬਰਾੜ ਹੁਣ ਅਕਾਲੀ ਦਲ ’ਚ) ਬੰਗਾ (2017-ਸਤਨਾਮ ਸਿੰਘ ਕੈਂਥ ਮੌਤ ਹੋ ਗਈ ਸੀ), ਨਵਾਂ ਸ਼ਹਿਰ (ਜਿਥੇ ਮੌਜੂਦਾ ਵਿਧਾਇਕ ਅੰਗਦ ਸਿੰਘ ਸੈਣੀ ਦੀ ਪਤਨੀ ਅਤੇ ਬਰੇਲੀ ਤੋਂ ਆਜ਼ਾਦ ਵਿਧਾਇਕਾ ਹੁਣ ਭਾਜਪਾ ਵਿਚ ਸ਼ਾਮਿਲ ਹੋ ਗਈ ਹੈ), ਖਰੜ (2017-ਜਗਮੋਹਨ ਸਿੰਘ ਕੰਗ) ਡੇਰਾ ਬਸੀ (2017-ਦੀਪਇੰਦਰ ਸਿੰਘ ਢਿੱਲੋਂ), ਲੁਧਿਆਣਾ ਦੱਖਣੀ (ਖੰਗੂੜਾ ਪਰਿਵਾਰ ਦਾ ਨਜਦੀਕ ਪ੍ਰਵਾਸੀ ਪੰਜਾਬੀ ਭੁਪਿੰਦਰ ਸਿੰਘ ਸਿੱਧੂ), ਸਾਹਨੇਵਾਲ਼ (2017-ਸਤਵਿੰਦਰ ਕੌਰ ਬਿੱਟੀ), ਸਮਰਾਲ਼ਾ (ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਆਪਣੇ ਪੋਤੇ ਲਈ ਮੰਗ ਰਿਹਾ ਹੈ), ਗਿੱਲ (ਮੌਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ), ਜਗਰਾਂਓਂ (2017-ਮਲਕੀਤ ਸਿੰਘ ਦਾਖਾ), ਮੁਕਤਸਰ ਸਾਹਿਬ (2017-ਕਰਨ ਕੌਰ ਬਰਾੜ), ਕੋਟਕਪੂਰਾ (2017- ਭਾਈ ਹਰਨਿਰਪਾਲ ਸਿੰਘ ਕੁੱਕੂ) ਜੈਤੋ (2017 ਮੁਹੰਮਦ ਸਦੀਕ) ਸਰਦੂਲ ਗੜ੍ਹ (2017-ਅਜੀਤ ਇੰਦਰ ਸਿੰਘ ਮੋਫ਼ਰ), ਫਾਜ਼ਿਲਕਾ (ਮੌਜੂਦਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ), ਬੱਲੂਆਣਾ (ਨੱਥੂ ਰਾਮ) ਦਿੜ੍ਹਬਾ (2017 ਅਜੈਬ ਸਿੰਘ ਰਟੌਲਾਂ), ਸੁਨਾਮ (2017-ਦਮਨ ਥਿੰਦ ਬਾਜਵਾ), ਮਹਿਲ ਕਲਾਂ (2017 ਹਰਚੰਦ ਕੌਰ ਘਨੌਰੀ), ਅਮਰਗੜ੍ਹ (ਮੌਜੂਦਾ ਵਿਧਾਇਕ ਸੁਰਜੀਤ ਸਿੰਘ ਧੀਮਾਨ), ਭਦੌੜ (2017 ਜੋਗਿੰਦਰ ਸਿੰਘ) ਸ਼ਾਮਿਲ ਹਨ। ਇਨ੍ਹਾਂ 31 ਵਿਚੋਂ ਵੀ ਇਕ ਦਰਜ਼ਨ ਦੇ ਕਰੀਬ ਹਲਕਿਆਂ ਵਿਚ ਨਵੇਂ ਆਗੂਆਂ ਨੂੰ ਟਿਕਟਾਂ ਮਿਲਣ ਦੀ ਸੰਭਾਵਨਾ ਹੈ।

ਨਵਜੋਤ ਸਿੰਘ ਸਿੱਧੂ/Navjot Singh Sidhu

 

2 Comments

  1. My brother recommended I might like this blog. He was totally right.
    This post actually made my day. You cann’t imagine
    just how much time I had spent for this information!
    Thanks!

Leave a Reply

Your email address will not be published.


*