ਔਰਤ-ਮਰਦ ਬਰਾਬਰਤਾ: 190 ਮੁਲਕਾਂ ’ਚੋਂ ਭਾਰਤ 123ਵੇਂ ਸਥਾਨ ’ਤੇ/Gender equality: India ranks 123rd out of 190 countries

ਵਿਸ਼ਵ ਬੈਂਕ ਦੀ ਰਿਪੋਰਟ ’ਚ ਖੁਲਾਸਾ, ਬਿਨਾਂ ਤਨਖਾਹ ਸਭ ਤੋਂ ਵੱਧ ਕੰਮ ਔਰਤਾਂ ਦੇ ਹੀ ਜਿੰਮੇ

ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 8 ਮਾਰਚ: ਔਰਤ-ਮਰਦ ਬਰਾਬਰਤਾ ਦੇ ਮਾਮਲੇ ਵਿਚ ‘ਚ ਭਾਰਤ ਦੁਨੀਆਂ ਦੇ 190 ਮੁਲਕਾਂ ਵਿਚੋਂ 123ਵੇਂ ਸਥਾਨ ਉਤੇ ਹੈ। ਹਾਲਾਂਕਿ ਭਾਰਤ ਵਿਚ ਔਰਤ ਨੂੰ ਦੇਵੀ ਦਾ ਰੂਪ ਵਿਖਾਉਣ ਤੇ ਕੰਜਕਾਂ ਦੇ ਰੂਪ ਵਿਚ ਪੂਜਣ ਦਾ ਖੇਖਣ ਦੁਨੀਆਂ ਭਰ ਵਿਚੋਂ ਸਭ ਤੋਂ ਵੱਧ ਜ਼ੋਰ ਸ਼ੋਰ ਨਾਲ਼ ਕੀਤਾ ਜਾਂਦਾ ਹੈ। ਵਿਸ਼ਵ ਬੈਂਕ (World Bank) ਨੇ ‘ਵੂਮਨ ਬਿਜਨਸ ਐਂਡ ਲਾਅ’ (Women, Business and Law) ਨਾਂਅ ਦੀ 2021 ਦੀ ਜਾਰੀ ਕੀਤੀ ਆਪਣੀ ਤਾਜਾ ਰਿਪੋਰਟ ਵਿਚ ਇਹ ਦੱਸਿਆ ਹੈ ਕਿ ਕੈਨੇਡਾ, ਡੈਨਮਾਰਕ, ਫਰਾਂਸ, ਬੈਲਜੀਅਮ, ਆਈਸਲੈਂਡ, ਆਇਰਲੈਂਡ, ਲਾਤਵੀਆ, ਲਕਸਮਬਰਗ, ਪੁਰਤਗਾਲ ਅਤੇ ਸਵੀਡਨ ਨੇ ਔਰਤਾਂ ਦੇ ਹੱਕਾਂ ਦੀ ਸੁਰੱਖਿਆ ਅਤੇ ਮਰਦਾਂ ਨਾਲ਼ ਬਰਾਬਰੀ ਦੇ ਮਾਮਲੇ ਵਿਚ 100 ਵਿਚੋਂ 100 ਅੰਕ ਹਾਸਲ ਕਰਕੇ ਦੁਨੀਆਂ ਸਾਹਮਣੇ ਮਿਸਾਲ ਪੇਸ਼ ਕੀਤੀ ਹੈ।
ਪਰ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ (USA), ਮਹਾਂਸ਼ਕਤੀ ਬਣਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਚੀਨ (CHINA) ਅਤੇ ਔਰਤ ਨੂੰ ਦੇਵੀ ਵਜੋਂ ਪੂਜਣ ਦਾ ਢੌਂਗ ਕਰਨ ਵਾਲ਼ੇ ਭਾਰਤ ਵਿਚ ਵੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਤਨਖਾਹ ਭੱਤੇ ਨਹੀਂ ਦਿੱਤੇ ਜਾਂਦੇ। ਇਸ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆਂ ਦੇ 90 ਮੁਲਕਾਂ ਵਿਚ ਹੀ ਵੱਖ-ਵੱਖ ਕੰਮਾਂ ਬਦਲੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੀ ਤਨਖਾਹਾਂ ਜਾਂ ਭੱਤੇ ਮਿਲਦੇ ਨੇ।

ਔਰਤ-ਮਰਦ ਬਰਾਬਰਤਾ ‘ਚ ਅਫਰੀਕੀ (African) ਮੁਲਕਾਂ ਤੋਂ ਵੀ ਪਿੱਛੇ ਹੈ ਭਾਰਤ

ਦੁਨੀਆਂ ਦੇ 190 ਮੁਲਕਾਂ ਵਿਚੋਂ ਅਕਤੂਬਰ 2020 ਤੱਕ ਇਕੱਠੇ ਕੀਤੇ ਅੰਕੜਿਆਂ ’ਤੇ ਆਧਾਰਿਤ ਇਸ ਰਿਪੋਰਟ ਵਿਚ ਭਾਰਤ (INDIA) ਦਾ 123ਵਾਂ ਸਥਾਨ ਹੈ, ਜੋ ਕਿ ਅਫਰੀਕਾ (Africa) ਦੇ ਕੀਨੀਆ, ਯੂਗਾਂਡਾ, ਜਾਂਬੀਆ, ਬੁਰਕੀਨਾ ਫਾਸੋ ਤੋਂ ਇਲਾਵਾ ਆਪਣੇ ਗੁਆਂਢੀ ਮੁਲਕ ਨੇਪਾਲ ਤੋਂ ਵੀ ਕਾਫੀ ਪਿੱਛੇ ਹੈ। ਇਹ ਰਿਪੋਰਟ ਔਰਤਾਂ ਨੂੰ ਆਪਣੀ ਮਰਜੀ ਮੁਤਾਬਕ ਘੁੰਮਣ-ਫਿਰਨ ਦੀ ਆਜ਼ਾਦੀ (Freedom of movement), ਕੰਮ ਵਾਲ਼ੀਆਂ ਥਾਵਾਂ ਉਤੇ ਹੁੰਦੇ ਸਰੀਰਕ ਜਾਂ ਮਾਨਸਿਕ ਸ਼ੋਸ਼ਣ (Physical or mental abuse), ਮਿਲਦੀਆਂ ਤਨਖਾਹਾਂ ਤੇ ਭੱਤੇ (Salaries and allowances), ਮਰਜੀ ਨਾਲ਼ ਵਿਆਹ ਕਰਾਉਣ ਦਾ ਹੱਕ, ਬੱਚੇ ਪੈਦਾ ਹੋਣ ਤੋਂ ਬਾਅਦ ਨੌਕਰੀ ਦੇ ਬਦਲੇ ਹਾਲਾਤ, ਆਪਣਾ ਕੰਮ ਕਾਰ ਸ਼ੁਰੂ ਕਰਨ, ਜ਼ਮੀਨ ਜਾਇਦਾਦ ਵਿਚ ਹੱਕ (Rights in property), ਪੈਨਸ਼ਨ (pension) ਆਦਿ ਅੱਠ ਮੁੱਦਿਆਂ ਬਾਰੇ 35 ਸਵਾਲਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ। 

ਔਰਤਾਂ ਦੇ ਪ੍ਰਬੰਧ ਹੇਠਲੀਆਂ ਕੰਪਨੀਆਂ ਵੱਧ ਮੁਨਾਫ਼ੇ ‘ਚ ਪਰ ਤਾਂ ਵੀ ਔਰਤ-ਮਰਦ ਬਰਾਬਰਤਾ ਨਹੀਂ..

ਦੁਨੀਆਂ ਦੀਆਂ ਚੋਟੀ ਦੀਆਂ 2400 ਕੰਪਨੀਆਂ ਬਾਰੇ ਵਿਸ਼ਵ ਬੈਂਕ ਵੱਲੋਂ ਕੀਤੇ ਗਏ ਇਕ ਸਰਵੇ ਵਿਚ ਇਹ ਹੈਰਾਨੀਜਨਕ ਗੱਲ ਸਾਹਮਣੇ ਆਈ ਸੀ ਕਿ ਜਿਹੜੀਆਂ ਕੰਪਨੀਆਂ ਦੇ ਬੋਰਡ ਆਫ਼ ਡਾਇਰੈਕਟਰਜ਼ (Board of Directors) ਵਿਚ ਔਰਤਾਂ ਸ਼ਾਮਿਲ ਹੋਣ, ਉਨ੍ਹਾਂ ਦੇ ਸ਼ੇਅਰ ਸਿਰਫ਼ ਮਰਦਾਂ ਵਾਲੇ ਬੋਰਡ ਆਫ ਡਾਇਰੈਕਟਰਜ਼ ਵਾਲੀਆਂ ਕੰਪਨੀਆਂ ਨਾਲੋਂ 26 ਫੀਸਦੀ ਵੱਧ ਮੁੱਲ ਹਾਸਿਲ ਕਰਨ ‘ਚ ਕਾਮਯਾਬ ਰਹੇ। ਪਰ ਇਸ ਦੇ ਬਾਵਜੂਦ ਦੁਨੀਆਂ ਭਰ ਵਿਚ ਔਰਤਾਂ ਦੀ ਹਾਲਤ ਹਾਲੇ ਮਰਦਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ।

42 ਮੁਲਕਾਂ ‘ਚ ਸਿਰਫ਼ 2 ਫੀਸਦੀ ਕੰਪਨੀਆਂ ਨੌਕਰੀ ਲਈ ਦਿੰਦੀਆਂ ਨੇ ਔਰਤਾਂ ਨੂੰ ਪਹਿਲ

ਦੁਨੀਆਂ ਦੇ 49 ਮੁਲਕਾਂ ਵਿਚ ਅਜੇ ਵੀ ਔਰਤਾਂ ਨੂੰ ਕੰਮ/ਨੌਕਰੀਆਂ ਤੋਂ ਮਰਦਾਂ ਦੇ ਮੁਕਾਬਲੇ ਜਲਦੀ ਸੇਵਾ ਮੁਕਤ ਹੋਣਾ ਪੈਂਦਾ ਹੈ। ਇਸ ਰਿਪੋਰਟ ਵਿਚ ਦੱਸਿਆ ਗਿਐ ਕਿ ਦੁਨੀਆਂ ਦੇ 42 ਪ੍ਰਮੁੱਖ ਮੁਲਕਾਂ ਵਿਚ ਸਿਰਫ਼ 2 ਫੀਸਦੀ ਕਾਰੋਬਾਰੀ ਕੰਪਨੀਆਂ ਔਰਤਾਂ ਨੂੰ ਪਹਿਲ ਦੇ ਅਧਾਰ ‘ਤੇ ਨੌਕਰੀਆਂ ਦਿੰਦੀਆਂ ਹਨ ਤੇ 98 ਫੀਸਦੀ ਕੰਪਨੀਆਂ ਵਿਚ ਮਰਦਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।

ਕੁੱਲ ਘਰੇਲੂ ਕਾਮਿਆਂ ‘ਚ 83 ਫੀਸਦੀ ਸਿਰਫ਼ ਔਰਤਾਂ, ਪਰ ਮਰਦਾਂ ਨਾਲੋਂ ਹਰ ਖੇਤਰ ‘ਚ ਪਿੱਛੇ

ਵਿਸ਼ਵ ਬੈਂਕ ਵੱਲੋਂ ਦੁਨੀਆਂ ਭਰ ਵਿਚ ਵਿਕਾਸ, ਨੌਕਰੀਆਂ ਅਤੇ ਆਧੁਨਿਕ ਸੁੱਖ ਸਹੂਲਤਾਂ ਦੀ ਮਰਦਾਂ ਤੇ ਔਰਤਾਂ ਤੱਕ ਪਹੁੰਚ ਤੇ ਦੋਵਾਂ ਵਿਚਾਲੇ ਫ਼ਰਕ ਬਾਰੇ ਕੀਤੇ ਗਏ ਸਰਵੇਖਣ ਦੇ ਅੰਕੜਿਆਂ ਤੋਂ ਇਕ ਵਾਰ ਮੁੜ ਇਹ ਸਾਬਤ ਹੋ ਗਿਆ ਹੈ ਕਿ ਬਰਾਬਰਤਾ ਦੇ ਰੌਲੇ-ਰੱਪੇ ਦੇ ਬਾਵਜੂਦ ਅਜੇ ਵੀ ਵਿਸ਼ਵ ਭਰ ‘ਚ ਖਾਸ ਕਰ ਏਸ਼ੀਆ ਤੇ ਦੱਖਣੀ ਅਫ਼ਰੀਕਾ ਵਰਗੇ ਮੁਲਕਾਂ ‘ਚ ਮਰਦਾਂ ਦੇ ਮੁਕਾਬਲੇ ਔਰਤਾਂ ਕਾਫ਼ੀ ਪਿੱਛੇ ਹਨ। ਵਿਸ਼ਵ ਦੇ ਕੁੱਲ ਘਰੇਲੂ ਕਾਮਿਆਂ ਵਿਚੋਂ 83 ਫੀਸਦੀ ਸਿਰਫ਼ ਔਰਤਾਂ ਹਨ ਤੇ ਬਿਨਾਂ ਤਨਖਾਹ ਤੋਂ ਕੰਮ ਕਰਨਾ ਵੀ ਔਰਤਾਂ ਦੇ ਹੀ ਜਿੰਮੇ ਹੈ। ਦੁਨੀਆਂ ਭਰ ਵਿਚ ਔਸਤ 47 ਫੀਸਦੀ ਔਰਤਾਂ ਹੀ ਅਜਿਹੀਆਂ ਹਨ ਜਿਨ੍ਹਾਂ ਦਾ ਕਿਸੇ ਬੈਂਕ ਵਿਚ ਖਾਤਾ ਹੈ।

25 ਫੀਸਦੀ ਔਰਤਾਂ ਘਰੇਲੂ ਕਾਰੋਬਾਰਾਂ ‘ਚ ਵੀ ਮੁਫ਼ਤ ਕਰਦੀਆਂ ਨੇ ਕੰਮ

ਇਸ ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਵਿਕਸਤ ਤੇ ਅਮੀਰ ਮੁਲਕਾਂ ਸਮੇਤ ਦੁਨੀਆਂ ਭਰ ਵਿਚ 25 ਫੀਸਦੀ ਔਰਤਾਂ ਘਰਾਂ ‘ਚ ਜਾਂ ਪਰਿਵਾਰ ਦੇ ਕਾਰੋਬਾਰਾਂ ਵਿਚ ਬਿਨਾਂ ਤਨਖਾਹ ਤੋਂ ਕੰਮ ਕਰਦੀਆਂ ਹਨ ਤੇ ਉਨ੍ਹਾਂ ਨੂੰ ਪਰਿਵਾਰਕ ਕਾਰੋਬਾਰ (Family Business) ‘ਚ ਭਾਈਵਾਲ ਵੀ ਨਹੀਂ ਬਣਾਇਆ ਜਾਂਦਾ। ਦੁਨੀਆਂ ਭਰ ਵਿਚ ਕਿਤੇ ਵੀ ਜਦੋਂ ਨੌਕਰੀਆਂ ‘ਚੋਂ ਛਾਂਟੀ ਹੁੰਦੀ ਹੈ ਤਾਂ ਔਰਤਾਂ ਨੂੰ ਹੀ ਪਹਿਲਾਂ ਨੌਕਰੀ ਤੋਂ ਛੁੱਟੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੱਚੇ ਪੈਦਾ ਹੋਣ ‘ਤੇ ਵੀ 30 ਸਾਲ ਤੋਂ ਘੱਟ ਉਮਰ ਦੀਆਂ 71 ਫੀਸਦੀ ਔਰਤਾਂ ਦੀਆਂ ਨੌਕਰੀਆਂ ਛੁੱਟ ਜਾਂਦੀਆਂ ਹਨ। ਦੁਨੀਆਂ ਦੇ ਦੋ ਦਰਜਨ ਮੁਲਕਾਂ ਵਿਚ ਅਜੇ ਵੀ ਔਰਤਾਂ ਨੂੰ ਕੋਈ ਨੌਕਰੀ ਜਾਂ ਕਾਰੋਬਾਰ ਕਰਨ ਲਈ ਆਪਣੇ ਪਤੀ ਦੀ ਮਨਜ਼ੂਰੀ ਲੈਣੀ ਪੈਂਦੀ ਹੈ।

ਮਰਦਾਂ ਦੇ ਮੁਕਾਬਲੇ ਔਰਤਾਂ ਨੂੰ 10 ਤੋਂ 30 ਫੀਸਦੀ ਘੱਟ ਤਨਖਾਹ, ਕਿਵੇਂ ਹੋਵੇਗੀ ਔਰਤ-ਮਰਦ ਬਰਾਬਰਤਾ ?

ਰਿਪੋਰਟ ਵਿਚ ਇਹ ਵੀ ਦੱਸਿਆ ਗਿਐ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਮੋਬਾਈਲ ਫੋਨ (Mobile Phone) ਵਰਤਣ ਦੇ ਮਾਮਲੇ ‘ਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ 21 ਫੀਸਦੀ ਘੱਟ ਹੈ ਤੇ ਕੰਮਕਾਜੀ ਔਰਤਾਂ (Working women) ਨੂੰ ਮਰਦਾਂ ਦੇ ਮੁਕਾਬਲੇ 10 ਤੋਂ 30 ਫੀਸਦੀ ਤੱਕ ਘੱਟ ਤਨਖਾਹ ‘ਤੇ ਕੰਮ ਕਰਨਾ ਪੈਂਦੈ। ਇਸ ਤੋਂ ਇਲਵਾ ਪੂਰਾ ਸਮਾਂ ਨੌਕਰੀ ਕਰਨ ਦੇ ਮਾਮਲੇ ‘ਚ ਵੀ ਔਰਤਾਂ ਮਰਦਾਂ ਤੋਂ ਕਾਫ਼ੀ ਪਿੱਛੇ ਹਨ ਕਿਉਂਕਿ ਉਨ੍ਹਾਂ ਨੂੰ ਬਹੁਤੀ ਥਾਈਂ ਪਾਰਟ ਟਾਈਮ ਕੰਮ ਹੀ ਮਿਲਦੈ। ਸਿਰਫ਼ ਯੂਰਪ (European-Union) ਤੇ ਕੇਂਦਰੀ ਏਸ਼ੀਆ ਦੇ ਕੁੱਝ ਮੁਲਕਾਂ ਵਿਚ ਹੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਫੁੱਲ ਟਾਈਮ ਨੌਕਰੀਆਂ ਮਿਲਦੀਆਂ ਨੇ। ਦੁਨੀਆਂ ਦੇ 128 ਮੁਲਕਾਂ ਵਿਚ ਘੱਟੋ ਘੱਟ ਇਕ ਅਤੇ 54 ਮੁਲਕਾਂ ਵਿਚ ਘੱਟੋ-ਘੱਟ 5 ਥਾਵਾਂ ਅਜਿਹੀਆਂ ਹਨ ਜਿਥੇ ਸਿਰਫ਼ ਮਰਦਾਂ ਨੂੰ ਹੀ ਕੰਮ ਮਿਲਦੈ।

ਸਿਰਫ਼ 10 ਮੁਲਕਾਂ ’ਚ ਹਨ ਔਰਤ-ਮਰਦ ਬਰਾਬਰਤਾ ਦੇ ਹੱਕ 

ਵਿਸ਼ਵ ਵਿਚ ਕੇਵਲ ਕੋਲੰਬੀਆ, ਫਿਜ਼ੀ, ਜਮਾਇਕਾ, ਲੀਸੋਥੋ ਅਤੇ ਫਿਲੀਪੀਨਜ਼ ਹੀ ਪੰਜ ਐਸੇ ਮੁਲਕ ਹਨ ਜਿੱਥੇ ਵਿਧਾਇਕ, ਸੀਨੀਅਰ ਅਫ਼ਸਰ ਤੇ ਮੈਨੇਜਰ ਵਰਗੇ ਰੁਤਬਿਆਂ ‘ਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਬਰਾਬਰ ਜਾਂ ਕੁੱਝ ਥਾਵਾਂ ‘ਤੇ ਵੱਧ ਵੀ ਹੈ। ਦੱਖਣੀ ਅਮਰੀਕਾ ਦੇ ਮੁਲਕਾਂ ਵਿਚ ਜਿਹੜੀਆਂ ਔਰਤਾਂ ਨੇ ਕੋਈ ਕਾਰੋਬਾਰ ਚਲਾਇਆ ਹੁੰਦੈ ਉਨ੍ਹਾਂ ਵਿਚੋਂ 50 ਫੀਸਦੀ ਔਰਤਾਂ ਆਪਣੇ ਨਾਲ਼ ਕੋਈ ਹੋਰ ਕਾਮਾ ਰੱਖਣ ਦੀ ਬਜਾਏ ਖੁਦ ਹੀ ਕੰਮ ਕਰਦੀਆਂ ਨੇ ਜਦਕਿ ਮਰਦਾਂ ਵਿਚੋਂ ਸਿਰਫ਼ 38 ਫੀਸਦੀ ਹੀ ਅਜਿਹਾ ਕਰਦੇ ਨੇ। ਦੱਖਣੀ ਅਫ਼ਰੀਕਾ ਤੇ ਬਰਾਜ਼ੀਲ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਜ਼ੁਰਗ ਔਰਤਾਂ ਨੂੰ ਪੈਨਸ਼ਨ ਮਿਲਣ ਕਾਰਨ ਲੜਕੀਆਂ ਦੀ ਜਨਮ ਦਰ ਵਧ ਗਈ ਹੈ।
ਇਕ ਸਾਲ (2019 ਤੋਂ 2020) ਦੌਰਾਨ 27 ਮੁਲਕਾਂ ਨੇ ਲਾਗੂ ਕੀਤੇ ਔਰਤ-ਮਰਦ ਬਰਾਬਰਤਾ ਲਈ 36 ਕਾਨੂੰਨ:
ਵਿਸ਼ਵ ਬੈਂਕ ਮੁਤਾਬਕ ਸਤੰਬਰ 2019 ਤੋਂ ਅਕਤੂਬਰ 2020 ਵਿਚਾਲ਼ੇ ਦੁਨੀਆਂ ਦੇ 27 ਮੁਲਕਾਂ ਦੀਆਂ ਸਰਕਾਰਾਂ ਵੱਲੋਂ ਔਰਤ-ਮਰਦ ਵਿਚਾਲ਼ੇ ਭੇਦਭਾਵ ਤੇ ਵਿਤਕਰਾ (discrimination between men & women) ਖਤਮ ਕਰਨ ਲਈ ਵੱਖ ਵੱਖ ਮੁੱਦਿਆਂ ਨਾਲ਼ ਸਬੰਧਿਤ 36 ਕਾਨੂੰਨ ਲਾਗੂ ਕੀਤੇ ਗਏ ਹਨ। ਇਨ੍ਹਾਂ ਵਿਚ ਮਰਦਾਂ ਦੇ ਬਰਾਬਰ ਤਨਖਾਹ-ਭੱਤੇ, ਮਰਜੀ ਨਾਲ਼ ਵਿਆਹ ਕਰਨ ਦਾ ਹੱਕ, ਘੁੰਮਣ ਫਿਰਨ ਦੀ ਆਜ਼ਾਦੀ, ਬੱਚੇ ਪੈਦਾ ਹੋਣ ਤੋਂ ਬਾਅਦ ਨੌਕਰੀ ਦੇ ਬਦਲੇ ਹਾਲਾਤਾਂ ਤੋਂ ਇਲਾਵਾ ਪੈਨਸ਼ਨ (Pension) ਵਰਗੇ ਮੁੱਦੇ ਵੀ ਸ਼ਾਮਿਲ ਹਨ।

 
 

 

 

 

 

Be the first to comment

Leave a Reply

Your email address will not be published.


*