ਏਦਾਂ ਹੋਈ ਸੀ ਪੁਲਿਸ ਵੱਲੋਂ ਲਾਪਤਾ ਕੀਤੇ ਲੋਕਾਂ ਨੂੰ ਖਾਲੜਾ ਵੱਲੋਂ ਲੱਭਣ ਦੀ ਸ਼ੁਰੂਆਤ

ਰਿਬੈਰੋ ਨੇ ਸ਼ੁਰੂ ਕੀਤੀ ਸੀ ਪੁਲਿਸ ਕੈਟ ਬਣਾਉਣ ਦੀ ਮੁਹਿੰਮ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 7 ਅਗਸਤ: ਪੰਜਾਬ ਵਿਚ 12-13 ਸਾਲ ਦੇ ਕਰੀਬ ਚੱਲੇ ਖਾੜਕੂਵਾਦ ਦੇ ਦੌਰ ਵਿਚ ਖਾੜਕੂ ਨੌਜਵਾਨਾਂ ਤੋਂ ਇਲਾਵਾ ਉਨ੍ਹਾਂ ਦੇ ਟੱਬਰਾਂ ਅਤੇ ਜਾਣਕਾਰਾਂ ਉਪਰ ਤਸ਼ੱਦਦ ਦਾ ਸਿਲਸਿਲਾ ਮਹਾਂਰਾਸ਼ਟਰ ਦੇ ਚਰਚਿਤ ਪੁਲਿਸ ਅਧਿਕਾਰੀ ਜੂਲੀਓ ਫਰਾਂਸਿਸ ਰਿਬੈਰੋ ਦੀ ਅਗਵਾਈ ਹੇਠ ਸ਼ੁਰੂ ਹੋਇਆ ਸੀ ਜੋ ਕਿ ਉਸ ਤੋਂ ਬਾਅਦ ਕੇ. ਪੀ. ਐਸ. ਗਿੱਲ ਦੀ ਅਗਵਾਈ ਹੇਠ ਵੀ ਕਰੀਬ 7-8 ਸਾਲ ਜਾਰੀ ਰਿਹਾ।

ਦਰਅਸਲ 1985 ਵਿਚ ਰਾਜੀਵ ਗਾਂਧੀ ਦੀ ਪ੍ਰਵਾਨਗੀ ਨਾਲ਼ ਸੁਰਜੀਤ ਸਿੰਘ ਬਰਨਾਲ਼ਾ ਦੀ ਅਗਵਾਈ ਹੇਠ ਅਖੌਤੀ ਪੰਥਕ ਸਰਕਾਰ ਬਣੀ। ਬਰਨਾਲ਼ੇ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਉਪਰ ‘ਪੁਲਿਸ ਮੁਕਾਬਲਿਆਂ ਦੇ ਮਾਹਿਰ’ ਮੰਨੇ ਜਾਂਦੇ ਮੁੰਬਈ ਦੇ ਚਰਚਿਤ ਪੁਲਿਸ ਕਮਿਸ਼ਨਰ ਜੂਲੀਓ ਫਰਾਂਸਿਸ ਰਿਬੈਰੋ ਨੂੰ ਪੰਜਾਬ ਪੁਲਿਸ ਦੀ ਕਮਾਨ ਸੌਂਪੀ ਸੀ। ਰਿਬੈਰੋ ਨੇ ਪੰਜਾਬ ਦੇ ਖਾੜਕੂ ਨੌਜਵਾਨਾਂ ਨੂੰ ਵੀ ਮੁੰਬਈ ਦੇ ‘ਅੰਡਰ-ਵਰਲਡ’ ਵਾਲ਼ੇ ਗੁੰਡਾ ਗਿਰੋਹਾਂ ਵਾਂਗ ਪੁਲਿਸ ਮੁਕਾਬਲਿਆਂ ਰਾਹੀਂ ਖਤਮ ਕਰਨ ਦੀ ਮਨਸ਼ਾ ਨਾਲ਼ ‘ਗੋਲ਼ੀ ਬਦਲੇ ਗੋਲ਼ੀ’ ਦੀ ਨੀਤੀ ਪੰਜਾਬ ਵਿਚ ਵੀ ਲਾਗੂ ਕੀਤੀ। ਰਿਬੈਰੋ ਨੇ ਨੌਜਵਾਨਾਂ ਨੂੰ ਮਾਰਨ ਵਾਲ਼ੇ ਪੁਲਿਸ ਅਧਿਕਾਰੀਆਂ ਲਈ ਸਮੇਂ ਤੋਂ ਪਹਿਲਾਂ ਤਰੱਕੀ ਅਤੇ ਨਕਦ ਇਨਾਮ ਦੇਣ ਦੀ ਵੀ ਮੁਹਿੰਮ ਵੀ ਵਿੱਢੀ। ਇਹ ਨਕਦ ਇਨਾਮ ਕੇਂਦਰ ਸਰਕਾਰ ਵੱਲੋਂ ਖੁੱਲ੍ਹੇ ਦਿਲ ਨਾਲ਼ ਰਾਜਪਾਲ ਨੂੰ ਭੇਜੀਆਂ ਜਾਂਦੀਆਂ ਰਕਮਾਂ ਵਿਚੋਂ ਦਿੱਤੇ ਜਾਂਦੇ ਸਨ। ਇਸ ਦੇ ਨਾਲ਼ ਹੀ ਰਿਬੈਰੋ ਦੀਆਂ ਹਿਦਾਇਤਾਂ ਉਤੇ ਖਾੜਕੂ ਨੌਜਵਾਨਾਂ ਵਿਚੋਂ ਗ੍ਰਿਫ਼ਤਾਰ ਕੀਤੇ ਕੁੱਝ ਪੰਥਕ ਜ਼ਜਬੇ ਤੋਂ ਵਿਹੂਣੇ ਨੌਜਵਾਨਾਂ ਨੂੰ ‘ਪੁਲਿਸ ਕੈਟ’ ਵਜੋਂ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਕਰਨਾ ਸ਼ੁਰੂ ਕੀਤਾ ਗਿਆ। ਗੁਰਮੀਤ ਪਿੰਕੀ ਅਤੇ ਇਸ ਤਰਾਂ ਦੇ ਦਰਜਨਾਂ ਹੋਰ ਨੌਜਵਾਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਪੁਲਿਸ ਵਿਚ ਭਰਤੀ ਕਰਕੇ ਇਨ੍ਹਾਂ ਨੂੰ ਖਾੜਕੂ ਨੌਜਵਾਨਾਂ ਦੇ ਸਫਾਏ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ। ਖਾੜਕੂ ਸਫ਼ਾਂ ਵਿਚ ਵਿਚਰਦੇ ਰਹੇ ਇਨ੍ਹਾਂ ਕੈਟਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਦੀਆਂ ਟੋਲੀਆਂ ਨੇ ਧੜਾ ਧੜ ਨੌਜਵਾਨਾਂ ਨੂੰ ਚੁੱਕ ਕੇ ਥਾਣਿਆਂ ਵਿਚ ਤਸ਼ੱਦਦ ਦਾ ਦੌਰ ਸ਼ੁਰੂ ਕੀਤਾ ਤਾਂ ਕਈ ਅੱਲ੍ਹੜ ਉਮਰ ਦੇ ਨੌਜਵਾਨ ਅਣਮਨੁੱਖੀ ਤਸੀਹੇ ਨਾ ਸਹਾਰਦੇ ਹੋਏ ਮੌਤ ਦੇ ਮੂੰਹ ਜਾ ਪਏ। ਇਨ੍ਹਾਂ ਹਿਰਾਸਤੀ ਮੌਤਾਂ ਉਤੇ ਪਰਦਾ ਪਾਉਣ ਅਤੇ ਸਮੇਂ ਤੋਂ ਪਹਿਲਾਂ ਤਰੱਕੀਆਂ ਲੈਣ ਖਾਤਰ ਕੁੱਝ ਜ਼ਾਲਿਮ ਬਿਰਤੀ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਮੁਕਾਬਲੇ ਵਿਚ ਮਾਰੇ ਵਿਖਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰ ਵਿਚ ਸੁਮੇਧ ਸੈਣੀ ਵਰਗਿਆਂ ਨੇ ਪ੍ਰੋ: ਰਜਿੰਦਰਪਾਲ ਸਿੰਘ ਬੁਲਾਰਾ ਅਤੇ ਦਰਜਨਾਂ ਹੋਰ ਨੌਜਵਾਨਾਂ ਨੂੰ ਕੈਟਾਂ ਰਾਹੀਂ ਗ੍ਰਿਫ਼ਤਾਰ ਕੀਤਾ ਪਰ ਕੇਸ ਦਰਜ ਕਰਨ ਦੀ ਬਜਾਏ ਝੂਠੇ ਮੁਕਾਬਲਿਆਂ ਵਿਚ ਮਾਰ ਮੁਕਾਇਆ। ਇਸੇ ਦੌਰਾਨ 1992 ਵਿਚ 6 ਫੀਸਦੀ ਵੋਟਾਂ ਨਾਲ਼ ਬਣੀ ਬੇਅੰਤ ਸਰਕਾਰ ਦੇ ਥਾਪੜੇ ਉਤੇ ਭੂਤਰੇ ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਦੀਆਂ ਹਦਾਇਤਾਂ ਉਪਰ ਫਰਾਰ ਨੌਜਵਾਨਾਂ ਦੇ ਟੱਬਰ ਦੇ ਜੀਆਂ ਇਥੋਂ ਤੱਕ ਕਿ ਔਰਤਾਂ ਨੂੰ ਵੀ ਨਾਜਾਇਜ ਹਿਰਾਸਤਾਂ ਵਿਚ ਰੱਖ ਕੇ ਅਣਮਨੁੱਖੀ ਤਸੀਹਿਆਂ ਦਾ ਦੌਰ ਵੀ ਵੱਡੀ ਪੱਧਰ ਉਤੇ ਸ਼ੁਰੂ ਹੋਇਆ। ਏਹੀ ਉਹ ਦੌਰ ਸੀ ਜਦੋਂ ਕਾਰ ਸੇਵਾ ਵਾਲ਼ੇ ਬਾਬਾ ਚਰਨ ਸਿੰਘ ਵਰਗਿਆਂ ਨੂੰ ਦੋ ਜੀਪਾਂ ਨਾਲ਼ ਬੰਨ੍ਹ ਕੇ ਸਰੀਰ ਦੋਫਾੜ ਕਰਨ, ਰੋਪੜ ਦੇ ਵਕੀਲ ਕੁਲਵੰਤ ਸਿੰਘ ਨੂੰ ਪਤਨੀ ਅਤੇ 2-3 ਸਾਲ ਦੇ ਮਾਸੂਮ ਬੱਚੇ ਸਮੇਤ ਮਾਰ ਕੇ ਭਾਖੜਾ ਨਹਿਰ ਵਿਚ ਰੋੜ੍ਹ ਦੇਣ ਅਤੇ ਬਲਵਿੰਦਰ ਸਿੰਘ ਜਟਾਣਾ ਦੇ ਟੱਬਰ ਨੂੰ ਘਰ ਵਿਚ ਹੀ ਜਿਓਂਦੇ ਸਾੜ ਕੇ ਮਾਰਨ ਸਮੇਤ ਅਨੇਕਾਂ ਹੋਰ ਖਾੜਕੂ ਨੌਜਵਾਨਾਂ ਦੇ ਟੱਬਰਾਂ ਦੇ ਬੇਕਸੂਰ ਮਰਦ ਔਰਤਾਂ ਨੂੰ ਥਾਣਿਆਂ ਵਿਚ ਲਿਆ ਕੇ ਅੰਨ੍ਹਾ ਤਸ਼ੱਦਦ ਕਰਕੇ ਮਾਰ ਖਪਾਉਣ ਦੀਆਂ ਘਟਨਾਵਾਂ ਵਾਪਰੀਆਂ।

ਆਮ ਸ਼ਰਧਾਵਾਨ ਸਿੱਖਾਂ ਵਾਂਗ ਹੀ ਸ: ਜਸਵੰਤ ਸਿੰਘ ਖਾਲੜਾ ਦੇ ਮਨ ਉਤੇ ਵੀ ਜੂਨ 84 ਦੇ ਫੌਜੀ ਹਮਲੇ ਦਾ ਡੂੰਘਾ ਅਸਰ ਹੋਇਆ ਸੀ ਅਤੇ ਉਨ੍ਹਾਂ ਬੇਕਸੂਰ ਲੋਕਾਂ ਉਤੇ ਇਸ ਅੰਨ੍ਹੇ ਤਸ਼ੱਦਦ ਵਿਰੁੱਧ ਅਕਾਲੀ ਦਲ ਦੇ ਆਗੂਆਂ ਨਾਲ਼ ਮਿਲ ਕੇ ਸਰਕਾਰੀ ਜ਼ਬਰ ਵਿਰੁੱਧ ਆਵਾਜ ਬੁਲੰਦ ਕਰਨੀ ਸ਼ੁਰੂ ਕੀਤੀ ਸੀ। ਸਹਿਕਾਰੀ ਬੈਂਕ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਣ ਵਾਲ਼ੇ ਸ: ਖਾਲੜਾ ਨੇ ਜਦੋਂ ਮਨੁੱਖੀ ਅਧਿਕਾਰਾਂ ਦੀ ਆਵਾਜ ਉਠਾਉਣੀ ਸ਼ੁਰੂ ਕੀਤੀ ਤਾਂ ਉਸ ਦੀਆਂ ਤਕਰੀਰਾਂ ਸੁਣ ਕੇ ਸੈਂਕੜੇ ਲੋਕ ਉਨ੍ਹਾਂ ਕੋਲ਼ ਪਹੁੰਚਣ ਲੱਗੇ ਕਿ ਪੁਲਿਸ ਨੇ ਉਨ੍ਹਾਂ ਦੇ ਨੌਜਵਾਨ ਪੁੱਤਰਾਂ ਤੇ ਕਈ ਮਾਮਲਿਆਂ ਵਿਚ ਟੱਬਰਾਂ ਦੇ ਵੱਡੀ ਉਮਰ ਦੇ ਜੀਆਂ ਨੂੰ ਵੀ ਘਰਾਂ ਤੋਂ ਚੁੱਕ ਕੇ ਖਪਾ ਦਿੱਤਾ ਹੈ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

ਇਸੇ ਦੌਰਾਨ ਸ: ਖਾਲੜਾ ਦੇ ਨਾਲ਼ ਸਹਿਕਾਰੀ ਬੈਂਕ ਵਿਚ ਕੰਮ ਕਰਦੇ ਇਕ ਸਾਥੀ ਅਤੇ ਉਸ ਦੇ ਨਜਦੀਕੀ ਰਿਸ਼ਤੇਦਾਰ 60-62 ਸਾਲ ਦੇ ਪਿਆਰਾ ਸਿੰਘ ਸੁਲਤਾਨਵਿੰਡ ਨੂੰ ਪੰਜਾਬ ਪੁਲਿਸ ਉਤਰ ਪ੍ਰਦੇਸ਼ ਤੋਂ ਚੁੱਕ ਲਿਆਈ। ਕੁੱਝ ਦਿਨ ਤਸ਼ੱਦਦ ਕਰਨ ਤੋਂ ਬਾਅਦ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਪਰ ਸਿਤਮਜ਼ਰੀਫ਼ੀ ਇਹ ਸੀ ਕਿ ਇਸ ਬਜ਼ੁਰਗ ਨੂੰ ਮਾਰਨ ਤੋਂ ਬਾਅਦ ਪੁਲਿਸ ਨੇ ਲਾਸ ਵਾਰਸਾਂ ਹਵਾਲੇ ਕਰਨ ਦੀ ਬਜਾਏ ਲਾਵਾਰਿਸ ਦੱਸ ਕੇ ਉਸ ਦਾ ਸਸਕਾਰ ਕਰ ਦਿੱਤਾ। ਜਦੋਂ ਪਿਆਰਾ ਸਿੰਘ ਦੇ ਟੱਬਰ ਦੇ ਕਹਿਣ ਉਪਰ ਸ: ਖਾਲੜਾ ਨੇ ਉਸ ਦਾ ਥਹੁ-ਪਤਾ ਲਾਉਣ ਲਈ ਸਾਥੀਆਂ ਨਾਲ਼ ਮਿਲ ਕੇ ਘੋਖ ਪੜਤਾਲ਼ ਸ਼ੁਰੂ ਕੀਤੀ ਤਾਂ ਪੁਲਿਸ ਦੇ ਹੀ ਕੁੱਝ ਸੁਹਿਰਦ ਮੁਲਾਜ਼ਮਾਂ ਨੇ ਇਹ ਜਾਣਕਾਰੀ ਦਿੱਤੀ ਕਿ ਤੁਹਾਡੇ ਬੰਦੇ ਨੂੰ ਮਾਰ ਕੇ ਉਸ ਦਾ ਦੁਰਗਿਆਣਾ ਮੰਦਿਰ ਨੇੜਲੇ ਸਮਸ਼ਾਨਘਾਟ ਵਿਖੇ ਸਸਕਾਰ ਵੀ ਕਰ ਦਿੱਤਾ ਗਿਆ ਹੈ। ਸ: ਖਾਲੜਾ ਮੁਲਾਜ਼ਮ ਯੂਨੀਅਨਾਂ ਦੇ ਖੱਬੇ ਪੱਖੀ ਆਗੂਆਂ ਦੇ ਸੰਪਰਕ ਵਿਚ ਰਹੇ ਹੋਣ ਕਾਰਨ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਅਜਿਹੀਆਂ ਲਾਸ਼ਾਂ ਦਾ ਸਸਕਾਰ ਕਰਨ ਲਈ ਪੁਲਿਸ ਨੂੰ ਬਾਲਣ (ਲੱਕੜਾਂ) ਆਦਿ ਸ਼ਹਿਰਾਂ ਦੀਆਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਵੱਲੋਂ ਬਾਕਾਇਦਾ ਰਿਕਾਰਡ ਵਿਚ ਦਰਜ ਕਰਕੇ ਮੁਹਈਆ ਕਰਵਾਈਆਂ ਜਾਂਦੀਆਂ ਨੇ। ਜਦੋਂ ਸ: ਖਾਲੜਾ ਅਤੇ ਸਾਥੀਆਂ ਨੇ ਪੁਲਿਸ ਵੱਲੋਂ ਪਿਛਲੇ ਕੁੱਝ ਮਹੀਨਿਆਂ ਦੌਰਾਨ ਲਾਵਾਰਿਸ ਲਾਸਾਂ ਦੇ ਸਸਕਾਰ ਦੀ ਜਾਣਕਾਰੀ ਹਾਸਲ ਕਰਨ ਲਈ ਅੰਮ੍ਰਿਤਸਰ ਨਗਰ ਨਿਗਮ ਦੇ ਰਿਕਾਰਡ ਦੀ ਘੋਖ ਪੜਤਾਲ਼ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਇਹ ਵੇਖ ਕੇ ਜ਼ਮੀਨ ਖਿਸਕ ਗਈ ਕਿ ਇਕੱਲੇ ਦੁਰਗਿਆਣਾ ਮੰਦਿਰ ਦੇ ਸਮਸ਼ਾਨਘਾਟ ਵਿਖੇ ਹੀ ਰੋਜ਼ਾਨਾ 8-10 ਨੌਜਵਾਨਾਂ ਦਾ ਲਾਵਾਰਿਸ ਦੱਸ ਕੇ ਸਸਕਾਰ ਕੀਤਾ ਜਾਂਦਾ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਸਮਸ਼ਾਨਘਾਟ ਦੇ ਰਿਕਾਰਡ ਵਿਚ ਪਿਆਰਾ ਸਿੰਘ ਨਾਂਅ ਦੇ ਬਜ਼ੁਰਗ ਦਾ ਪੂਰਾ ਨਾਂਅ, ਪਿੰਡ ਦਾ ਵੇਰਵਾ ਤੇ ਲਾਸ਼ ਲਿਆਉਣ ਵਾਲ਼ੇ ਥਾਣੇਦਾਰ ਦਾ ਨਾਂਅ ਵੀ ਦਰਜ ਸੀ। ਇਨ੍ਹਾਂ ਲਾਵਾਰਿਸ ਦੱਸ ਕੇ ਫੂਕੇ ਲਗਪਗ ਸਾਰਿਆਂ ਦੇ ਨਾਂਅ ਪਤੇ ਬਾਕਾਇਦਾ ਨਗਰ ਨਿਗਮ ਅਤੇ ਸ਼ਮਸ਼ਾਨਘਾਟ ਦੇ ਰਜਿਸਟਰਾਂ ਵਿਚ ਦਰਜ ਹੁੰਦੇ ਸਨ, ਪਰ ਪੁਲਿਸ ਇਨ੍ਹਾਂ ਨੂੰ ਲਾਵਾਰਿਸ ਦੱਸਦੀ ਸੀ। ਇਹ ਇਸ ਕਰਕੇ ਕੀਤਾ ਜਾਂਦਾ ਸੀ ਕਿ ਇਕ ਤਾਂ ਪੁਲਿਸ ਮੌਕੇ ਉਤੇ ਟੱਬਰ ਦੇ ਪ੍ਰਤੀਕਰਮ ਤੋਂ ਬਚੀ ਰਹੇ ਤੇ ਦੂਜਾ ਪੁਲਿਸ ਅਧਿਕਾਰੀ ਇਨ੍ਹਾਂ ਵਿਚੋਂ ਬਹੁਤਿਆਂ ਦੇ ਸਿਰ ਉਤੇ ਐਲਾਨੇ ਹੋਏ ਇਨਾਮ ਹਾਸਲ ਕਰ ਸਕਣ। ਜਦੋਂ ਇਕੱਲੇ ਦੁਰਗਿਆਣਾ ਮੰਦਿਰ ਦੇ ਸਮਸ਼ਾਨਘਾਟ ਵਿਚੋਂ ਹੀ ਪੁਲਿਸ ਵੱਲੋਂ ‘ਲਾਵਾਰਿਸ’ ਐਲਾਨ ਕੇ ਫੂਕੇ ਅਜਿਹੇ 2000 ਤੋਂ ਵੀ ਵੱਧ ਲੋਕਾਂ ਦੀ ਜਾਣਕਾਰੀ ਸਬੂਤਾਂ ਸਹਿਤ ਮਿਲ ਗਈ ਤਾਂ ਸ: ਖਾਲੜਾ ਤੇ ਸਾਥੀਆਂ ਨੇ ਪੱਟੀ ਅਤੇ ਤਰਨਤਾਰਨ ਨਗਰ ਕੌਂਸਲਾਂ ਦਾ ਰਿਕਾਰਡ ਵੀ ਘੋਖਿਆ। ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਵੀ 5-6 ਹਜ਼ਾਰ ਅਜਿਹੇ ਲਾਵਾਰਿਸ ਦੱਸੇ ਗਏ ਲੋਕਾਂ ਦਾ ਵੇਰਵਾ ਮਿਲ ਗਿਆ। ਇਨ੍ਹਾਂ ਤਿੰਨਾਂ ਸ਼ਹਿਰਾਂ ਤੋਂ ਮਿਲੇ ਵੇਰਵਿਆਂ ਦੀ ਪੂਰੀ ਸੂਚੀ ਬਣਾ ਕੇ ਸ: ਖਾਲੜਾ ਨੇ ਮੀਡੀਆ ਦੇ ਸਾਹਮਣੇ ਪੁਲਿਸ ਦੇ ਝੂਠੇ ਮੁਕਾਬਲਿਆਂ ਅਤੇ ਅਣਮਨੁੱਖੀ ਤਸ਼ੱਦਦ ਦੀ ਵਹਿਸ਼ੀ ਕਹਾਣੀ ਦਾ ਕੱਚਾ ਚਿੱਠਾ ਬਿਆਨ ਕੀਤਾ। ਇਸ ਪਰਦਾਫਾਸ਼ ਤੋਂ ਗਿੱਲ ਪੂਰੀ ਤਰਾਂ ਤਿਲਮਿਲਾ ਉਠਿਆ ਅਤੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਖਾਲੜਾ ਤੇ ਉਸ ਦੇ ਸਾਥੀਆਂ ਨੂੰ ਪਾਕਿਸਤਾਨ ਦੀ ਆਈ ਐਸ ਆਈ ਦੇ ਏਜੰਟ ਦੱਸਦਿਆਂ ਦਾਅਵਾ ਕੀਤਾ ਕਿ ਲਾਪਤਾ ਹੋਏ ਨੌਜਵਾਨ ਪੁਲਿਸ ਨੇ ਨਹੀਂ ਮਾਰੇ ਬਲਕਿ ਉਹ ਟੱਬਰਾਂ ਵੱਲੋਂ ਵਿਦੇਸ਼ ਭੇਜ ਦਿੱਤੇ ਗਏ ਨੇ ਤੇ ਉਥੇ ਦਿਹਾੜੀਆਂ ਕਰ ਰਹੇ ਨੇ। ਪਰ ਸ: ਖਾਲੜਾ ਨੇ ਸ਼ਮਸ਼ਾਨਘਾਟਾਂ ਅਤੇ ਨਗਰ ਨਿਗਮਾਂ ਤੋਂ ਮਿਲੇ ਸਰਕਾਰੀ ਰਿਕਾਰਡ ਦੇ ਅਧਾਰ ਉਪਰ ਪੰਜਾਬ ਹਰਿਆਣਾ ਹਾਈਕੋਰਟ ਵਿਚ ਜ਼ਾਲਿਮ ਪੁਲਿਸ ਅਧਿਕਾਰੀਆਂ ਵਿਰੁੱਧ ਲੋਕ ਹਿੱਤ ਪਟੀਸ਼ਨ ਦਾਇਰ ਕਰ ਦਿੱਤੀ।

ਬਾਕੀ ਅਗਲੀ ਕਿਸ਼ਤ ਵਿਚ 

Be the first to comment

Leave a Reply

Your email address will not be published.


*