ਭਾਰਤ ਵਿਚ ਸਥਿਤੀ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 5 ਸਤੰਬਰ: ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੀ ਸਿਹਤ ਬਾਰੇ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਵਿਚ ਆਲਮੀ ਮਹਾਂਮਾਰੀ ਕਰੋਨਾ ਵਾਇਰਸ ਨਾਲ਼ ਇਸ ਸਾਲ ਦੇ ਅਖੀਰ ਤੱਕ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ 4,10,000 ਤੋਂ ਵੀ ਵਧ ਸਕਦੀ ਹੈ। ਇਸ ਦੇ ਨਾਲ਼ ਹੀ ਰੋਜ਼ਾਨਾ ਹੋਣ ਵਾਲ਼ੀਆਂ ਮੌਤਾਂ ਦਾ ਅੰਕੜਾ ਵੀ ਦਸੰਬਰ ਮਹੀਨੇ ਤੱਕ ਵਧ ਕੇ 3000 ਰੋਜ਼ਾਨਾ ਤੱਕ ਪਹੁੰਚ ਸਕਦਾ ਹੈ।
ਇਸ ਚਿਤਾਵਨੀ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਆਉਂਦੇ 4 ਮਹੀਨਿਆਂ ਵਿਚ 225,000 ਦੇ ਕਰੀਬ ਹੋਰ ਲੋਕ ਇਸ ਜਾਨਲੇਵਾ ਮਹਾਂਮਾਰੀ ਦਾ ਸ਼ਿਕਾਰ ਹੋ ਜਾਣਗੇ ਜਦਕਿ ਅਮਰੀਕਾ ਵਿਚ ਜਨਵਰੀ ਮਹੀਨੇ ਸ਼ੁਰੂ ਹੋਈਆਂ ਮੌਤਾਂ ਤੋਂ ਬਾਅਦ ਹੁਣ ਤੱਕ 7 ਮਹੀਨਿਆਂ ਵਿਚ ਮੌਤਾਂ ਦੀ ਗਿਣਤੀ 2 ਲੱਖ ਤੱਕ ਅੱਪੜੀ ਹੈ। ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਮਹਾਂਮਾਰੀ ਬਾਰੇ ਅਮਰੀਕੀ ਅਤੇ ਦੁਨੀਆਂ ਦੇ ਹੋਰ ਮੁਲਕਾਂ ਦੇ ਸਿਹਤ ਮਾਹਿਰਾਂ ਦੀ ਰਾਏ ਮੁਤਾਬਕ ਅਮਰੀਕੀ ਲੋਕ ਚਿਹਰੇ ‘ਤੇ ਮਾਸਕ ਪਹਿਨਣਾ ਸ਼ੁਰੂ ਕਰ ਦੇਣ ਤਾਂ ਇਨ੍ਹਾਂ ਮੌਤਾਂ ਨੂੰ 30 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਦਾ ਸਿੱਧਾ ਭਾਵ ਹੈ ਕਿ 120,000 ਲੋਕਾਂ ਦੀ ਜਿੰਦਗੀ ਸਿਰਫ਼ ਮਾਸਕ ਪਹਿਨ ਕੇ ਬਚਾਈ ਜਾ ਸਕਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਅਮਰੀਕੀ ਲੋਕਾਂ ਵੱਲੋਂ ਸਿਹਤ ਮਾਹਿਰਾਂ ਦੀ ਸਲਾਹ ਦੇ ਉਲਟ ਸਗੋਂ ਮਾਸਕ ਪਹਿਨਣ ਦਾ ਰੁਝਾਨ ਘਟਦਾ ਜਾ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਮਾਸਕ ਪਹਿਨਣ ਤੋਂ ਟਾਲ਼ਾ ਵੱਟਣ ਅਤੇ ਰਿਪਬਲਿਕਨ ਪਾਰਟੀ ਦੇ ਬਹੁਗਿਣਤੀ ਆਗੂਆਂ ਤੇ ਵਰਕਰਾਂ ਵੱਲੋਂ ਵੀ ਟਰੰਪ ਵਾਂਗ ਹੀ ਮਾਸਕ ਪਹਿਨਣ ਤੋਂ ਨਾਂਹ ਕਰਨਾ ਵੀ ਇਸ ਘਟ ਰਹੇ ਰੁਝਾਨ ਦਾ ਇਕ ਵੱਡਾ ਕਾਰਨ ਹੈ।
ਆਈ ਐਚ ਐਮ ਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਦਸੰਬਰ ਦੇ ਅਖੀਰ ਤੱਕ 3 ਲੱਖ 17 ਹਜ਼ਾਰ ਲੋਕਾਂ ਦੀ ਮੌਤ ਹੋਣ ਦਾ ਅਨੁਮਾਨ ਲਾਇਆ ਗਿਆ ਸੀ ਪਰ ਤਾਜਾ ਹਾਲਾਤਾਂ ਮੁਤਾਬਕ ਇਹ ਹੁਣ ਸਵਾ ਚਾਰ ਲੱਖ ਦੇ ਨੇੜੇ ਪਹੁੰਚਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਦੇ ਨਾਲ਼ ਹੀ ਪੂਰੀ ਦੁਨੀਆਂ ਵਿਚ ਵੀ ਮੌਤਾਂ ਦੀ ਗਿਣਤੀ ਤਾਜਾ ਅੰਕੜਿਆਂ ਤੋਂ ਤਿੰਨ ਗੁਣਾ ਵਧ ਕੇ 28 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਵਿਖਾਈ ਦੇ ਰਹੀ ਹੈ। ਹਾਲਾਂਕਿ ਅਮਰੀਕਾ ਵਿਚ ਜੁਲਾਈ ਮਹੀਨੇ ਦੇ ਆਖਰੀ ਹਫ਼ਤੇ ਵਿਚ ਰੋਜ਼ਾਨਾ 70,000 ਨਵੇਂ ਕੇਸਾਂ ਦੇ ਮੁਕਾਬਲੇ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਇਹ ਗਿਣਤੀ ਘਟ ਕੇ 45,000 ਰੋਜ਼ਾਨਾ ਤੱਕ ਹੇਠਾਂ ਆ ਗਈ ਹੈ ਪਰ ਸਿਹਤ ਮਾਹਿਰਾਂ ਨੇ ਆਉਂਦੇ ਠੰਢ ਦੇ ਮੌਸਮ ਦੌਰਾਨ ਇਸ ਦੇ ਮੁੜ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਹੈ।
ਅਮਰੀਕਾ ਦੀ ਇਸ ਸਥਿਤੀ ਤੇ ਸਿਹਤ ਮਾਹਿਰਾਂ ਦੀ ਚਿਤਾਵਨੀ ਨੂੰ ਵੇਖਦਿਆਂ ਭਾਰਤੀ ਲੋਕਾਂ ਦੀ ਚਿੰਤਾ ਵਧਣੀ ਵੀ ਸੁਭਾਵਿਕ ਹੈ ਕਿਉਂਕਿ ਭਾਰਤ ਵਿਚ ਇਸ ਵੇਲ਼ੇ ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਭਾਰਤ ਵਿਚ ਰੋਜ਼ਾਨਾ 75000 ਤੋਂ ਵੀ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਰੋਜ਼ਾਨਾ 1000 ਦੇ ਅੰਕੜੇ ਤੋਂ ਟੱਪ ਚੁੱਕੀ ਹੈ। ਦੂਜਾ ਵੱਡਾ ਡਰ ਇਹ ਵੀ ਹੈ ਕਿ ਭਾਰਤ ਵਿਚ ਪੀੜਤਾਂ ਲਈ ਹਸਪਤਾਲਾਂ ਵਿਚ ਸਾਂਭ ਸੰਭਾਲ ਦਾ ਜਿੰਨਾ ਕੁ ਪ੍ਰਬੰਧ ਸੀ ਉਹ ਹੁਣ ਤੱਕ ਸਾਹਮਣੇ ਆਏ ਕੇਸਾਂ ਨਾਲ਼ ਲਗਪਗ ਸਾਰਾ ਵਰਤੋਂ ਵਿਚ ਆ ਚੁੱਕਿਆ ਹੈ ਅਤੇ ਹੁਣ ਨਵੇਂ ਸਾਹਮਣੇ ਆ ਰਹੇ ਗੰਭੀਰ ਕੇਸਾਂ ਨੂੰ ਸਾਂਭਣ ਲਈ ਭਾਰਤ ਦੇ ਹਸਪਤਾਲਾਂ ਵਿਚ ਲੋੜੀਂਦੇ ਪ੍ਰਬੰਧ ਨਹੀਂ ਹਨ।
Leave a Reply