ਅਕਾਲੀ-ਭਾਜਪਾ ਗੱਠਜੋੜ ਟੁੱਟਣ ਕੰਢੇ, ਰਸਮੀ ਐਲਾਨ ਹੋਣਾ ਬਾਕੀ

ਆਈ ਟੀ ਸੈਲ ਨੇ ਬਾਦਲ ਟੱਬਰ ਵਿਰੁੱਧ ਸ਼ੋਸ਼ਲ ਮੀਡੀਆ ਉਤੇ ਵਿੱਢੀ ਭੰਡੀ ਪ੍ਰਚਾਰ ਮੁਹਿੰਮ

ਪਰਮੇਸ਼ਰ ਸਿੰਘ ਬੇਰਕਲਾਂ

ਲੁਧਿਆਣਾ, 22 ਸਤੰਬਰ: ਦੇਸ਼ ਵਿਦੇਸ਼ ਵਿਚ ਵਸਦੇ ਹਜ਼ਾਰਾਂ ਪੰਥ ਦਰਦੀਆਂ ਵੱਲੋਂ ਮੁੱਢ ਤੋਂ ਹੀ ਸਿੱਖ ਕੌਮ ਲਈ ਘਾਤਕ ਦੱਸੇ ਜਾਂਦੇ ਅਕਾਲੀ-ਭਾਜਪਾ ਗੱਠਜੋੜ ਵਿਚ ਆਈਆਂ ਤ੍ਰੇੜਾਂ ਹੁਣ ਵੱਡੀ ਖਾਈ ਦਾ ਰੂਪ ਲੈ ਰਹੀਆਂ ਨੇ ਅਤੇ ਪਿਛਲੇ 24 ਸਾਲ ਤੋਂ ਲਗਾਤਾਰ ਚੱਲ ਰਹੇ ਇਸ ਬੇਅਸੂਲੇ ਗੱਠਜੋੜ ਦੇ ਤੋੜ ਵਿਛੋੜੇ ਦਾ ਰਸਮੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ।

ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਕਸੂਤੇ ਫਸੇ ਬਾਦਲ ਟੱਬਰ ਲਈ ਆਉਣ ਵਾਲ਼ੇ ਦਿਨ ਇਕ ਵਾਰ ਮੁੜ ਤੋਂ ਬੇਹੱਦ ਸਖਤ ਚੁਣੌਤੀ ਭਰੇ ਸਾਬਤ ਹੋਣਗੇ ਕਿਉਂਕਿ ਨਹੁੰ-ਮਾਸ ਅਤੇ ਪਤੀ-ਪਤਨੀ ਵਾਲ਼ੇ ਰਿਸ਼ਤੇ ਵਾਲ਼ਿਆਂ ਨੇ ਬਾਦਲ ਟੱਬਰ ਨੂੰ ਜਲੀਲ ਕਰਕੇ ਗੱਠਜੋੜ ‘ਚੋਂ ਭਜਾਉਣ ਦੀ ਮੁਹਿੰਮ ਬਾਕਾਇਦਾ ਸ਼ੋਸ਼ਲ ਮੀਡੀਆ ਉਤੇ ਵਿੱਢ ਦਿੱਤੀ ਹੈ। ਬੀਤੇ ਦਿਨ ਤੋਂ ਸ਼ੋਸ਼ਲ ਮੀਡੀਆ ਉਪਰ ਵਿੱਢੀ ਗਈ ਇਸ ਮੁਹਿੰਮ ਵਿਚ ਬਾਦਲ ਟੱਬਰ ਨੂੰ ਉਸੇ ਤਰਾਂ ਭੰਡਿਆ ਤੇ ਜਲੀਲ ਕੀਤਾ ਜਾ ਰਿਹਾ ਹੈ ਜਿਵੇਂ ਆਈ ਟੀ ਸੈਲ ਵਾਲ਼ੇ ਹੁਣ ਤੱਕ ਕਾਂਗਰਸ ਜਾਂ ਹੋਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭੰਡਦੇ ਰਹੇ ਹਨ। 

ਦੱਸਣਯੋਗ ਹੈ ਕਿ ਖੇਤੀ ਨਾਲ਼ ਸਬੰਧਿਤ ਨਵੇਂ ਕਾਨੂੰਨਾਂ ਦੇ ਮੁੱਦੇ ਉਤੇ ਲਗਾਤਾਰ ਸਾਢੇ ਤਿੰਨ ਮਹੀਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਡਟ ਕੇ ਪੱਖ ਪੂਰਨ ਤੋਂ ਬਾਅਦ ਕਿਸਾਨਾਂ ਦੇ ਬੇਮਿਸਾਲ ਰੋਹ ਨੂੰ ਵੇਖਦਿਆਂ ਬਾਦਲ ਟੱਬਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਨੇ ਕੇਂਦਰੀ ਵਜਾਰਤ ਤੋਂ ਭਾਵੇਂ ਅਸਤੀਫਾ ਦੇ ਦਿੱਤਾ ਸੀ। ਪਰ ਕਿਸਾਨਾਂ ਦੇ ਹਿਤੈਸ਼ੀ ਬਣਨ ਦਾ ਢੌਂਗ ਰਚਣ ਦੇ ਨਾਲ਼ ਨਾਲ਼ ਭਾਜਪਾ ਨਾਲ਼ ਸਾਂਝ ਭਿਆਲ਼ੀ ਕਾਇਮ ਰੱਖਣ ਦੀ ਆਸ ਨਾਲ ਚਾਰ ਸਫਿਆਂ ਦੇ ਅਸਤੀਫੇ ਵਿਚ ਤਿੰਨ ਸਫਿਆਂ ਉਤੇ ਭਾਜਪਾ ਅਤੇ ਖਾਸਕਰ ਨਰਿੰਦਰ ਮੋਦੀ ਦੀਆਂ ਰੱਜ ਕੇ ਸਿਫਤਾਂ ਕੀਤੀਆਂ ਸਨ। ਪਰ ਤਾਜਾ ਹਾਲਾਤ ਨੂੰ ਵੇਖਦਿਆਂ ਲਗਦਾ ਹੈ ਕਿ ਹੁਣ ਇਹ ਤਾਰੀਫ਼ਾਂ ਵੀ ਕਿਸੇ ਕੰਮ ਨਹੀਂ ਆ ਸਕਣੀਆਂ। ਆਈ ਟੀ ਸੈਲ ਵੱਲੋਂ ਟਵਿੱਟਰ ਅਤੇ ਫੇਸਬੁੱਕ ਤੋਂ ਇਲਾਵਾ ਵਟਸਐਪ ਰਾਹੀਂ ਵੀ ਅਜਿਹਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਵਿਚ ਬਾਦਲ ਪਰਿਵਾਰ ਨੂੰ ਕਿਸਾਨਾਂ ਦਾ ਵੱਡਾ ਦੁਸ਼ਮਣ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਅਤੇ ”ਮੋਦੀ ਹੈ ਤੋ ਮੁਮਕਿਨ ਹੈ” ਦੇ ਨਾਹਰੇ ਨਾਲ਼ ਇਹ ਦਰਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਾਂ ਖੇਤੀ ਕਾਨੂੰਨਾਂ ਰਾਹੀਂ ਇਨ੍ਹਾਂ ਵੱਡੇ ਧਨਾਢਾਂ ਦੀ ਲੁੱਟ ਤੋਂ ਮਿਹਨਤਕਸ਼ ਤੇ ਛੋਟੇ ਕਿਸਾਨਾਂ ਨੂੰ ਬਚਾਉਣ ਦਾ ਪ੍ਰਬੰਧ ਕੀਤਾ ਹੈ। ਇਸ ਵਿਚ ਸਭ ਤੋਂ ਵੱਡੀ ਮੁਸ਼ਕਿਲ ਬਾਦਲ ਟੱਬਰ ਦੇ ਉਨ੍ਹਾਂ ਹਿਮਾਇਤੀਆਂ ਨੂੰ ਪੇਸ਼ ਆ ਰਹੀ ਹੈ ਜਿਹੜੇ ਹੁਣ ਤੱਕ ਆਈ ਟੀ ਸੈਲ ਵੱਲੋਂ ਹੀ ਤਿਆਰ ਕਰਕੇ ਭੇਜੇ ਜੁਮਲੇ ਅਤੇ ਹੋਰ ਜਾਣਕਾਰੀਆਂ ਨੂੰ ਹੀ ਇੰਨ ਬਿੰਨ ਪ੍ਰਚਾਰ ਕੇ ਮੋਦੀ ਦੇ ਗੁਣ ਗਾਉਂਦੇ ਨਹੀਂ ਸੀ ਥੱਕਦੇ। ਆਈ ਟੀ ਸੈਲ ਵੱਲੋਂ ਬਾਦਲ ਟੱਬਰ ਅਤੇ ਐਨ ਸੀ ਪੀ ਦੇ ਸ਼ਰਦ ਪਵਾਰ ਦੀ ਤੁਲਨਾ ਕਰਕੇ ਕਿਹਾ ਗਿਆ ਹੈ ਕਿ ਇਹ ਦੋਵੇਂ ਟੱਬਰ ਪੰਜਾਬ ਅਤੇ ਮਹਾਂਰਾਸ਼ਟਰ ਵਿਚ ਕਿਸਾਨੀ ਦੀ ਆੜ ਵਿਚ ਅਰਬਾਂ ਰੁਪਏ ਦੀ ਕਮਾਈ ਕਰ ਰਹੇ ਹਨ। ਨਵੇਂ ਖੇਤੀ ਕਾਨੂੰਨਾਂ ਰਾਹੀਂ ਮੋਦੀ ਨੇ ਇਨ੍ਹਾਂ ਦੀ ਉਸੇ ਮੋਟੀ ਕਮਾਈ ਉਪਰ ਸੱਟ ਮਾਰੀ ਹੈ ਇਸੇ ਕਰਕੇ ਬੀਬੀ ਬਾਦਲ ਨੇ ਅਸਤੀਫਾ ਦੇ ਦਿੱਤਾ ਹੈ।

ਸਾਡਾ ਫੇਸਬੁੱਕ ਪੰਨਾ ਵੇਖਣ ਲਈ ਕਲਿਕ ਕਰੋ

ਦੂਜੇ ਪਾਸੇ ਬਾਦਲ ਟੱਬਰ ਦੇ ਹਿਮਾਇਤੀਆਂ ਵੱਲੋਂ ਵੀ ਮਲ਼ਵੀਂ ਜਿਹੀ ਜੀਭ ਨਾਲ਼ ਤੇ ਗੋਲ਼-ਮੋਲ਼ ਜਿਹੇ ਲਫ਼ਜਾਂ ਰਾਹੀਂ ਭਾਜਪਾ ਦੇ ਵਿਰੁੱਧ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਪਰ ਅਜੇ ਹਾਈਕਮਾਂਡ ਦਾ ਇਸ਼ਾਰਾ ਨਾ ਹੋਣ ਕਾਰਨ ਆਈ ਟੀ ਸੈਲ ਵਾਂਗ ਧੂੰਆਂ ਧਾਰ ਢੰਗ ਨਾਲ਼ ਵਿਰੋਧ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਜਾਪ ਰਿਹਾ ਹੈ ਕਿ ਬਾਦਲ ਟੱਬਰ ਵੱਲੋਂ ਰਾਜਸੀ ਹਿੱਤਾਂ ਨੂੰ ਵੇਖਦਿਆਂ ਅਚਾਨਕ ਪਲਟੀ ਮਾਰ ਕੇ ਦਿੱਤੇ ਅਸਤੀਫੇ ਵਾਂਗ ਹੀ ਇਸ ਗੱਠਜੋੜ ਨੂੰ ਖਤਮ ਕਰਨ ਦਾ ਐਲਾਨ ਵੀ ਅਗਲੇ ਕੁੱਝ ਦਿਨਾਂ ਵਿਚ ਕੀਤਾ ਜਾ ਸਕਦਾ ਹੈ। 

Be the first to comment

Leave a Reply

Your email address will not be published.


*