ਅਕਾਲੀ ਦਲ ਦੇ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ ਅਕਾਲੀਆਂ ਦੀ ਨਵੀਂ ਪੀੜ੍ਹੀ

ਅਕਾਲੀ ਦਲ ਦੇ ਇਤਿਹਾਸ ‘ਚ 4 ਅਪ੍ਰੈਲ 1983 ਦਾ ਖਾਸ ਮਹੱਤਵ
ਕਾਂਗਰਸ ਸਰਕਾਰ ਨੇ ਇਸ ਦਿਨ ਗੋਲ਼ੀਆਂ ਨਾਲ਼ ਸ਼ਹੀਦ ਕਰ ਦਿੱਤੇ ਸਨ 24 ਅਕਾਲੀ ਵਰਕਰ
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 4 ਅਪ੍ਰੈਲ: ਅਕਾਲੀ ਦਲ ਦੇ ਇਤਿਹਾਸ (history of Akali dal) ਵਿਚ 4 ਅਪ੍ਰੈਲ 1983 ਦਾ ਦਿਨ ਖਾਸ ਮਹੱਤਤਾ ਰਖਦਾ ਹੈ ਕਿਉਂਕਿ ਇਸ ਦਿਨ ਸ਼ਾਂਤਮਈ ਢੰਗ ਨਾਲ਼ ਧਰਨੇ ਲਾ ਕੇ ਬੈਠੇ ਅਕਾਲੀ ਵਰਕਰਾਂ ਉਪਰ ਮੌਕੇ ਦੀ ਕਾਂਗਰਸ ਸਰਕਾਰ ਵੱਲੋਂ ਬਿਨਾ ਕਾਰਨ ਗੋਲ਼ੀਆਂ ਚਲਾ ਕੇ 24-25 ਅਕਾਲੀ ਵਰਕਰਾਂ ਨੂੰ ਸ਼ਹੀਦ ਕਰ ਦਿੱਤਾ ਸੀ। ਗੋਲ਼ੀਆਂ ਤੋਂ ਇਲਾਵਾ ਇਨ੍ਹਾਂ ਸ਼ਾਂਤਮਈ ਧਰਨਾਕਾਰੀਆਂ ਉਪਰ ਅੰਨ੍ਹੇਵਾਹ ਲਾਠੀਚਾਰਜ ਵੀ ਕੀਤਾ ਗਿਆ ਸੀ ਜਿਸ ਵਿਚ ਸੈਂਕੜੇ ਅਕਾਲੀ ਯੋਧੇ ਗੰਭੀਰ ਜ਼ਖਮੀ ਵੀ ਹੋਏ ਸਨ।
ਮੇਰੇ ਚੇਤਿਆਂ ਵਿਚ ਇਹ ਦਿਨ ਇਸ ਲਈ ਵੀ ਉਕਰਿਆ ਗਿਆ ਸੀ ਕਿਉਂਕਿ ਮੈਂ ਆਪਣੇ ਦੋ ਹੋਰ ਹਾਣੀਆਂ ਨਾਲ਼ ‘ਪੰਜਾਬ ਬੰਦ ਦਾ ਮਾਹੌਲ’ ਵੇਖਣ ਲਈ ਸਾਈਕਲ ਉਤੇ ਲੁਧਿਆਣੇ ਸ਼ਹਿਰ ਦਾ ਗੇੜਾ ਲਾਉਣ ਨਿੱਕਲਿਆ ਸਾਂ ਤਾਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਇਲਾਵਾ ਅੱਧੇ ਰਾਜਸਥਾਨ ਸਮੇਤ ਉਤਰੀ ਭਾਰਤ ਵਿਚ ਸਭ ਤੋਂ ਵੱਧ ਭੀੜ ਭੜੱਕੇ ਵਾਲ਼ੇ ਇਸ ਸਨਅਤੀ ਸ਼ਹਿਰ ਦੀਆਂ ਮੁੱਖ ਸੜਕਾਂ ਤਾਂ ਕੀ ਅੰਦਰੂਨੀ ਇਲਾਕੇ ਦੀਆਂ ਤੰਗ ਗਲ਼ੀਆਂ ਵੀ ਸੁੰਨ ਮਸਾਨ ਪਈਆਂ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਭੁੱਲ ਰਹੀ ਨਵੀਂ ਪੀੜ੍ਹੀ
1980 ਜਾਂ ਉਸ ਤੋਂ ਬਾਅਦ ਜਨਮੇ ਬੱਚੇ ਤਾਂ ਇਸ ਇਤਿਹਾਸਕ ਦਿਨ ਬਾਰੇ ਸ਼ਾਇਦ ਹੀ ਕੋਈ ਜਾਣਕਾਰੀ ਰਖਦੇ ਹੋਣ ਕਿਉਂਕਿ ਹੁਣ ਤਾਂ ਇਸ ਦਿਨ ਨੂੰ ਇਤਿਹਾਸਕ ਦਰਜਾ ਦਿਵਾਉਣ ਵਾਲ਼ੇ ਵੀ ਇਸ ਦਿਨ ਨੂੰ ਭੁੱਲਦੇ ਜਾ ਰਹੇ ਹਨ। ਦਰਅਸਲ ਉਸ ਵੇਲ਼ੇ ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ, ਦਰਿਆਈ ਪਾਣੀਆਂ (River water) ਦੀ ਧੱਕੇਸ਼ਾਹੀ ਨਾਲ਼ ਕੀਤੀ ਜਾ ਰਹੀ ਲੁੱਟ ਦੇ ਵਿਰੋਧ ਅਤੇ ਪੰਜਾਬ ਦੀਆਂ ਕੁੱਝ ਅਹਿਮ ਮੰਗਾਂ ਦੀ ਪ੍ਰਵਾਨਗੀ ਲਈ 1982 ਵਿਚ ਧਰਮ ਯੁੱਧ (Dharamyudh Morcha) ਨਾਂਅ ਦਾ ਮੋਰਚਾ ਸ਼ੁਰੂ ਕੀਤਾ ਸੀ।
ਇਸ ਮੋਰਚੇ ਵਿਚ ਲੱਖਾਂ ਪੰਜਾਬੀਆਂ ਵੱਲੋਂ ਅਕਾਲੀ ਦਲ ਦੀ ਅਗਵਾਈ ਹੇਠ ਪਹਿਲਾਂ ਜੇਲ੍ਹ ਭਰੋ ਮੁਹਿੰਮ ਵਿੱਢੀ ਗਈ ਸੀ। ਜਦੋਂ ਸਰਕਾਰ ਦੇ ਗ੍ਰਿਫ਼ਤਾਰੀਆਂ ਤੋਂ ਹੱਥ ਖੜ੍ਹੇ ਹੋ ਗਏ ਤਾਂ ਸਰਕਾਰ ਉਤੇ ਦਬਾਅ ਪਾਉਣ ਲਈ ਹੀ ਅਕਾਲੀ ਦਲ ਨੇ ਸਮੂਹ ਪੰਜਾਬ ਵਾਸੀਆਂ ਨੂੰ 4 ਅਪ੍ਰੈਲ 1983 ਦੇ ਦਿਨ ”ਰਸਤਾ ਰੋਕੋ” (Rasta-Roko-Andolan) ਦੇ ਨਾਹਰੇ ਹੇਠ ਪੰਜਾਬ ਬੰਦ ਦਾ ਸੱਦਾ ਦੇ ਕੇ ਹਰ ਤਰਾਂ ਦੇ ਕਾਰੋਬਾਰ ਤੇ ਆਵਾਜਾਈ ਦੇ ਸਾਧਨਾਂ ਨੂੰ ਠੱਪ ਕਰਨ ਦਾ ਐਲਾਨ ਕੀਤਾ ਗਿਆ ਸੀ। 80 ਫੀਸਦੀ ਕਾਰੋਬਾਰੀਆਂ ਨੇ ਤਾਂ ਖੁਦ-ਬ-ਖੁਦ ਹੀ ਅਕਾਲੀ ਦਲ ਦੇ ਇਸ ਸੱਦੇ ਨੂੰ ਪ੍ਰਵਾਨ ਕਰਦਿਆਂ ਆਪਣੇ ਕਾਰੋਬਾਰ ਇਕ ਦਿਨ ਲਈ ਬੰਦ ਰੱਖਣ ਦਾ ਫੈਸਲਾ ਕਰ ਲਿਆ ਸੀ। ਜਿਹੜੇ ਬਾਕੀ ਸਨ ਉਨ੍ਹਾਂ ਨੂੰ ਬੰਦ ਕਰਾਉਣ ਲਈ ਅਕਾਲੀ ਦਲ ਦੇ ਆਗੂ ਤੇ ਵਰਕਰ ਲੁਧਿਆਣਾ ਸ਼ਹਿਰ ਦੇ ਹਰ ਗਲੀ ਚੌਰਾਹੇ ਵਿਚ ਪਹੁੰਚ ਗਏ ਸਨ। ਥੋੜ੍ਹੀ ਬਹੁਤੀ ਦਲੀਲਬਾਜ਼ੀ ਉਪਰੰਤ ਬਾਕੀ ਦੁਕਾਨਦਾਰ ਵੀ ਆਪਣੇ ਕਾਰੋਬਾਰ ਬੰਦ ਕਰਕੇ ਘਰੋ-ਘਰੀ ਚਲੇ ਗਏ ਸਨ।

ਮੁੱਖ ਮੰਤਰੀ ਦਰਬਾਰਾ ਸਿੰਘ ਦੀ ਅਕਾਲੀ ਦਲ ਪ੍ਰਤੀ ਹੈਂਕੜਬਾਜ਼ੀ

ਆਵਾਜਾਈ ਦੇ ਸਾਰੇ ਸਾਧਨ ਰੇਲ ਗੱਡੀਆਂ, ਬਸਾਂ, ਟਰੱਕ, ਟੈਂਪੂ, ਕਾਰਾਂ ਆਦਿ ਏਥੋਂ ਤੱਕ ਕਿ ਸਕੂਟਰ (ਮੋਟਰ ਸਾਈਕਲ ਉਦੋਂ ਟਾਵਾਂ-ਟਾਵਾਂ ਹੀ ਹੁੰਦਾ ਸੀ) ਆਦਿ ਵੀ ਨਹੀਂ ਸੀ ਚੱਲ ਰਹੇ। ਮੁੱਖ ਸੜਕਾਂ ਭਾਂਅ-ਭਾਂਅ ਕਰ ਰਹੀਆਂ ਸਨ, ਹਰ ਵੱਡੀ ਸੜਕ ਉਤੇ ਅਕਾਲੀ ਦਲ ਦੇ ਸੈਂਕੜੇ ਜੁਝਾਰੂ ਵਰਕਰ ਸਥਾਨਕ ਆਗੂਆਂ ਦੀ ਅਗਵਾਈ ਹੇਠ ਧਰਨੇ ਲਾਈ ਬੈਠੇ ਸਨ। ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਪੂਰੇ ਅਮਨ-ਅਮਾਨ ਨਾਲ਼ ਬਿਨਾ ਕਿਸੇ ਭੰਨ-ਤੋੜ ਜਾਂ ਹਮਲੇ ਦੇ ਸਭ ਕੁੱਝ ਠੱਪ ਹੋ ਗਿਆ ਸੀ। ਪਰ ਦੂਜੇ ਪਾਸੇ ਵੱਡੀਆਂ ਰਾਜਸੀ ਇੱਛਾਵਾਂ ਵਾਲ਼ੇ ”ਛੋਟੇ ਕੱਦ” ਦੇ ਆਗੂ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਹਮਣੇ ਆਪਣੇ ਨੰਬਰ ਬਣਾਉਣ ਦੀ ਮਨਸ਼ਾ ਨਾਲ਼ ਵੱਖਰੀ ਵਿਓਂਤਵੰਦੀ ਕਰ ਲਈ ਸੀ। ਦਰਬਾਰਾ ਸਿੰਘ ਦੀਆਂ ਹਿਦਾਇਤਾਂ ਉਤੇ ਹੇਠਲੇ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਨੇ ਵੱਖ ਵੱਖ ਸ਼ਹਿਰਾਂ ਵਿਚੋਂ ਸੈਂਕੜੇ ਮਜ਼ਦੂਰਾਂ ਨੂੰ ਕੁੱਝ ਰੁਪਈਏ ਦੇਣ ਦਾ ਲਾਲਚ ਦੇ ਕੇ ਬੁਲਾ ਲਿਆ। ਇਨ੍ਹਾਂ ਮਜ਼ਦੂਰਾਂ ਨੂੰ ਆਪਣੇ ਕੁੱਝ ਹਿਮਾਇਤੀ ਕਾਂਗਰਸੀ ਟਰਾਂਸਪੋਰਟਰਾਂ ਅਤੇ ਸਰਕਾਰ ਦੀਆਂ ਰੋਡਵੇਜ ਤੇ ਪੈਪਸੂ ਦੀਆਂ ਬਸਾਂ ਵਿਚ ਬਿਠਾ ਕੇ ਇਨ੍ਹਾਂ ਬਸਾਂ ਨੂੰ ਮੁੱਖ ਸੜਕਾਂ ਦੇ ਲੰਮੇ ਰੂਟਾਂ ਉਤੇ ਰਵਾਨਾ ਕਰ ਦਿੱਤਾ ਗਿਆ।

ਸਰਕਾਰੀ ਸ਼ਹਿ ‘ਤੇ ਪੁਲਿਸ ਵੱਲੋਂ ਅਕਾਲੀ ਦਲ ਵਰਕਰਾਂ ‘ਤੇ ਅੰਨ੍ਹੇਵਾਹ ਗੋਲ਼ੀਬਾਰੀ

ਧਰਨਾ ਦੇ ਰਹੇ ਅਕਾਲੀ ਜਥਿਆਂ ਨੇ ਇਨ੍ਹਾਂ ਬਸਾਂ ਨੂੰ ਘੇਰ ਕੇ ਰੋਕ ਲਿਆ। ਇਸ ਤੋਂ ਤੁਰੰਤ ਬਾਅਦ ‘ਲੋਕਾਂ ਦੀ ਸਹੂਲਤ ਲਈ’ ਰਸਤਾ ਖੁਲ੍ਹਵਾਉਣ ਦੇ ਨਾਂਅ ਹੇਠ ਵੱਡੀ ਗਿਣਤੀ ਪੁਲਿਸ ਮੌਕੇ ਉਤੇ ਭੇਜ ਦਿੱਤੀ ਗਈ। ਪੁਲਿਸ ਨੇ ਅਕਾਲੀ ਵਰਕਰਾਂ ਉਤੇ ਅੰਨ੍ਹੇ-ਵਾਹ ਲਾਠੀਚਾਰਜ ਕੀਤਾ। ਸ਼ਾਂਤਮਈ ਢੰਗ ਨਾਲ਼ ਧਰਨਾ ਦੇ ਕੇ ਗੁਰਬਾਣੀ ਦਾ ਜਾਪ ਕਰ ਰਹੇ ਜਾਂ ਢਾਡੀ ਵਾਰਾਂ ਸੁਣ ਰਹੇ ਅਕਾਲੀ ਵਰਕਰਾਂ ਨੂੰ ਵਹਿਸ਼ੀ ਢੰਗ ਨਾਲ਼ ਡਾਂਗਾਂ ਮਾਰ-ਮਾਰ ਛੱਲੀਆਂ ਵਾਂਗ ਭੰਨ ਸੁੱਟਿਆ। 10-12 ਥਾਵਾਂ ਉਤੇ ਤਾਂ ਭੂਤਰੇ ਪੁਲਿਸ ਅਧਿਕਾਰੀਆਂ ਵੱਲੋਂ ਗੋਲ਼ੀ ਵੀ ਚਲਾ ਦਿੱਤੀ ਗਈ। ਗੋਲ਼ੀ ਚਲਾਉਣ ਦੀਆਂ ਇਨ੍ਹਾਂ ਘਟਨਾਵਾਂ ਵਿਚੋਂ ਸਭ ਤੋਂ ਵੱਧ ਮੌਤਾਂ ਸੰਗਰੂਰ ਜ਼ਿਲ੍ਹੇ ਵਿਚ ਹੋਈਆਂ ਜਿਥੇ ਕੁੱਪ ਕਲਾਂ (Kup Kalan) ਵਿਖੇ 6, ਮਲੇਰਕੋਟਲੇ (Malerkotla)-5 ਅਤੇ ਮੁਬਾਰਕਪੁਰ ਚੁੰਘਾਂ ਵਿਖੇ 2 ਅਕਾਲੀ ਵਰਕਰ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਡੇਰਾ ਬਸੀ (Dera Basi) ਨੇੜੇ (ਸ਼ਾਇਦ ਭਾਂਖਰਪੁਰ) 3, ਭੁੱਚੋ ਮੰਡੀ (Bhucho) 2 ਜਦਕਿ ਰਾਜਪੁਰਾ (Rajpura), ਫਗਵਾੜਾ (Phagwara), ਪਟਿਆਲਾ (Patiala) ਅਤੇ ਫਿਰੋਜ਼ਪੁਰ (Firozpur) ਵਿਚ 1-1 ਅਕਾਲੀ ਵਰਕਰ ਪੁਲਿਸ ਗੋਲ਼ੀ ਨਾਲ਼ ਸ਼ਹੀਦ ਹੋਇਆ। ਦਰਜ਼ਨਾਂ ਹੋਰ ਜ਼ਖਮੀ ਵੀ ਹੋਏ ਜਿਨ੍ਹਾਂ ਵਿਚੋਂ ਕਈਆਂ ਦੀ ਬਾਅਦ ਵਿਚ ਮੌਤ ਹੋ ਗਈ ਅਤੇ ਕੁੱਝ ਜਿੰਦਗੀ ਭਰ ਲਈ ਅਪਾਹਜ ਹੋ ਗਏ।
 
ਅੰਗਰੇਜ਼ ਹਕੂਮਤ (British rule) ਵੇਲ਼ੇ ਅਕਾਲੀ ਦਲ ਵੱਲੋਂ ਲਾਏ ਗੁਰੂ ਕਾ ਬਾਗ (Guru ka Bag) ਅਤੇ ਹੋਰ ਮੋਰਚਿਆਂ ਤੋਂ ਬਾਅਦ ਸ਼ਾਇਦ ਮੌਕੇ ਦੀ ਕਾਂਗਰਸੀ ਹਕੂਮਤ ਵੱਲੋਂ ਅਕਾਲੀ ਵਰਕਰਾਂ ਉਪਰ ਅੰਨ੍ਹੇ ਤਸ਼ੱਦਦ ਦੀ ਇਹ ਦੂਜੀ ਵੱਡੀ ਘਟਨਾ ਸੀ। ਹਾਲਾਂਕਿ ਪੰਜਾਬੀ ਸੂਬਾ ਮੋਰਚੇ ਵੇਲ਼ੇ ਵੀ ਕਾਂਗਰਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ (Partap Singh Kairon) ਦੀ ਸਰਕਾਰ ਨੇ ਵੀ ਅਕਾਲੀ ਵਰਕਰਾਂ ਉਪਰ ਤਸ਼ੱਦਦ ਢਾਹਿਆ ਸੀ, ਪਰ ਏਨੀ ਵੱਡੀ ਗਿਣਤੀ ਸ਼ਹੀਦੀਆਂ ਨਹੀਂ ਸਨ ਹੋਈਆਂ।

ਰਾਜੀਵ-ਲੌਂਗੋਵਾਲ਼ ਸਮਝੌਤੇ ਤਹਿਤ ਬਣੀ ਅਕਾਲੀ ਦਲ ਦੀ ਬਰਨਾਲ਼ਾ ਸਰਕਾਰ

ਅਕਾਲੀ ਦਲ ਵੱਲੋਂ ਰਸਤਾ ਰੋਕੋ (Rasta-Roko) ਦੇ ਦਿਨ ਪੁਲਿਸ ਵੱਲੋਂ ਕੀਤੀ ਘਿਨਾਉਣੀ ਕਾਰਵਾਈ ਲਈ ਮੁੱਖ ਮੰਤਰੀ ਦਰਬਾਰਾ ਸਿੰਘ (ਦਰਬਾਰਾ ਸਿੰਘ) ਨੂੰ ਜ਼ਕਰੀਆ ਖਾਂ ਦੇ ਲਕਬ ਨਾਲ਼ ਸੰਬੋਧਿਤ ਕਰਦਿਆਂ, ਇਨ੍ਹਾਂ ਸ਼ਹੀਦੀਆਂ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਅਕਾਲੀ ਦਲ ਨੇ ਇਨ੍ਹਾਂ ਸ਼ਹੀਦ ਅਕਾਲੀ ਵਰਕਰਾਂ ਨੂੰ ਕੌਮ ਦੇ ਹੀਰੇ ਦੱਸਦਿਆਂ ਇਨ੍ਹਾਂ ਦੇ ਟੱਬਰਾਂ ਦੀ ਹਰ ਤਰਾਂ ਨਾਲ਼ ਮੱਦਦ ਕਰਨ ਅਤੇ ਅਕਾਲੀ ਸਰਕਾਰ ਬਣਨ ’ਤੇ ਪੂਰਾ ਮਾਣ ਸਤਿਕਾਰ ਦੇਣ ਦੇ ਐਲਾਨ ਕੀਤੇ। ਦੋ ਸਾਲ ਬਾਅਦ ਹੀ 1985 ਵਿਚ ਰਾਜੀਵ-ਲੌਂਗੋਵਾਲ ਸਮਝੌਤੇ (Rajiv-Longowal_Accord) ਤਹਿਤ ਵੱਡੇ ਬਹੁਮੱਤ ਨਾਲ਼ ਹੋਂਦ ਵਿਚ ਆਈ ਸੁਰਜੀਤ ਸਿੰਘ ਬਰਨਾਲ਼ਾ ਦੀ ਸਰਕਾਰ ਨੇ ਇਨ੍ਹਾਂ ਸ਼ਹੀਦ ਅਕਾਲੀ ਵਰਕਰਾਂ ਅਤੇ ਜ਼ਖਮੀਆਂ ਦੇ ਟੱਬਰਾਂ ਵਿਚੋਂ ਕੁੱਝ ਪਹੁੰਚ ਵਾਲ਼ੇ ਟੱਬਰਾਂ ਦੇ ਜੀਆਂ ਨੂੰ ਸਰਕਾਰੀ ਨੌਕਰੀਆਂ ਦੇ ਵੀ ਦਿੱਤੀਆਂ। ਪਰ ਬਹੁਗਿਣਤੀ ਟੱਬਰ ਲਾਰੇ ਲੱਪਿਆਂ ਕਾਰਨ ਨਿਰਾਸ਼ ਹੋ ਕੇ ਘਰ ਬੈਠ ਗਏ। 1984 ਤੋਂ 1996 ਤੱਕ ਲਗਾਤਾਰ 12 ਸਾਲ ਇਨ੍ਹਾਂ ਜੁਝਾਰੂ ਅਕਾਲੀ ਵਰਕਰਾਂ ਦੀ ਯਾਦ ਵਿਚ ਕੁੱਪ ਕਲਾਂ, ਮਲੇਰਕੋਟਲਾ ਅਤੇ ਕੁੱਝ ਹੋਰ ਥਾਵਾਂ ਉਤੇ ਸ਼ਹੀਦੀ ਸਾਮਗਮ ਹੁੰਦੇ ਰਹੇ। ਇਨ੍ਹਾਂ ਸਮਾਗਮਾਂ ਵਿਚ ਬਰਾਨਾਲ਼ਾ (Surjit Singh Barnala), ਢੀਂਡਸਾ (Sukhdev Singh Dhindsa), ਕੈਪਟਨ ਕੰਵਲਜੀਤ ਸਿੰਘ (Captain Kanwaljit Singh) ਅਤੇ ਹੋਰ ਸੀਨੀਅਰ ਅਕਾਲੀ ਆਗੂ ਵੀ ਸ਼ਾਮਲ ਹੁੰਦੇ ਸਨ। ਪਰ 1997 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਆਕਲੀ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਸ਼ਹੀਦ ਹੋਏ ਅਕਾਲੀ ਵਰਕਰਾਂ ਨੂੰ ਕਿਸੇ ਨੇ ਯਾਦ ਨਹੀਂ ਕੀਤਾ। ਪਿਛਲੇ 24 ਸਾਲਾਂ ਦੌਰਾਨ ਮੀਡੀਆ ਵੱਲੋਂ ਵਾਰ-ਵਾਰ ਯਾਦ ਕਰਵਾਏ ਜਾਣ ਦੇ ਬਾਵਜੂਦ ਵੀ ਇਸ ਤਰਾਂ ਦੇ ਅਕਾਲੀ ਯੋਧਿਆਂ ਜਾਂ ਹੋਰ ਇਤਿਹਾਸਕ ਘਟਨਾਵਾਂ ਦੀ ਯਾਦ ਮਨਾਉਣ ਤੋਂ ਅਕਾਲੀ ਦਲ ਟਾਲ਼ਾ ਵੱਟਦਾ ਆ ਰਿਹਾ ਹੈ। ਆਗੂਆਂ ਦੀ ਏਸੇ ਬੇਰੁਖੀ ਕਾਰਨ ਹੀ ਅਕਸਰ ਸਿੱਖਾਂ ਨੂੰ ਇਹ ਮਿਹਣਾ ਸੁਣਨਾ ਪੈਂਦਾ ਹੈ ਕਿ ਸਿੱਖ ਕੌਮ ਇਤਿਹਾਸ ਸਿਰਜਣਾ ਤਾਂ ਬਹੁਤ ਬਾਖੂਬੀ ਜਾਣਦੀ ਹੈ ਪਰ ਇਨ੍ਹਾਂ ਪਾਸੋਂ ਇਤਿਹਾਸ ਸੰਭਾਲਿਆ ਨਹੀਂ ਜਾਂਦਾ ਜਾਂ ਸਾਂਭਣਾ ਨਹੀਂ ਆਉਂਦਾ।

4 ਅਪ੍ਰੈਲ ਦਾ ਸਿੱਖ ਕੌਮ ਲਈ ਦੂਜਾ ਮਹੱਤਵ ਇਹ ਹੈ ਕਿ ਇਸ ਦਿਨ ਹਰਜਿੰਦਰ ਸਿੰਘ ਜਿੰਦਾ ਨਾਂਅ ਦੇ ਉਸ ਜੁਝਾਰੂ ਸੂਰਮੇ ਦਾ ਜਨਮ ਹੋਇਆ, ਜਿਸ ਨੇ ਆਪਣੇ ਸਾਥੀ ਨਾਲ਼ ਮਿਲ ਕੇ, ਦਰਬਾਰ ਸਾਹਿਬ ਉਤੇ ਹਮਲੇ ਦੀ ਅਗਵਾਈ ਕਰਨ ਵਾਲ਼ੇ ਜਨਰਲ ਏ ਐਸ ਵੈਦਿਆ ਦਾ ਸੋਧਾ ਲਾਇਆ। 

 

1 Trackback / Pingback

  1. Punjab Assembly Elections-2022-ਸੁਖਬੀਰ ਵੱਲੋਂ ਦਲ-ਬਦਲੂਆਂ ਨੂੰ ਗੱਫੇ, ਕੁੱਝ ਨਵੇਂ ਚਿਹਰੇ ਵੀ ਸ਼ਾਮਿਲ

Leave a Reply

Your email address will not be published.


*